22 ਵਿਦਿਆਰਥੀ ਪੀ. ਏ. ਯੂ. ਦੇ ਪਾਰਕਰ ਹਾਊਸ ‘ਚ ਹਨ ਇਕਾਂਤਵਾਸ
ਲੁਧਿਆਣਾ : ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਯਾਤਰੀਆਂ, ਲੋਕਾਂ ਅਤੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਅਤ ਤਰੀਕੇ ਨਾਲ ਪੰਜਾਬ ਵਿੱਚ ਲਿਆਂਦਾ ਗਿਆ ਹੈ। ਇਸ ਤੋਂ ਉਪਰੰਤ ਇਨ੍ਹਾਂ ਨੂੰ ਆਈਸੋਲੇਸ਼ਨਾਂ ਸੈਂਟਰਾਂ ਅਤੇ ਇਕਾਂਤਵਾਸ ਕੇਂਦਰਾਂ ਵਿੱਚ ਰੱਖਿਆ ਗਿਆ ਹੈ ਤਾਂ ਜੋ ਇਹ ਆਪਣੇ ਪਰਿਵਾਰਕ ਅਤੇ ਹੋਰ ਲੋਕਾਂ ਦੇ ਸੰਪਰਕ ਵਿੱਚ ਨਾ ਆਉਣ। ਇੱਕ ਪਾਸੇ ਜਿੱਥੇ ਕੁਝ ਲੋਕਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਇਨਕਾਰੀ ਹੁੰਦਿਆਂ ਛੋਟੀਆਂ ਮੋਟੀਆਂ ਕਮੀਆਂ ਪੇਸ਼ੀਆਂ ਨੂੰ ਗਲਤ ਤਰੀਕਿਆਂ ਨਾਲ ਉਭਾਰਿਆ ਜਾ ਰਿਹਾ ਹੈ।ਉਥੇ ਹੀ ਕੋਟਾ (ਰਾਜਸਥਾਨ) ਤੋਂ ਲਿਆਂਦੇ ਗਏ ਬੱਚੇ (ਵਿਦਿਆਰਥੀ) ਆਪਣਾ ਇਕਾਂਤਵਾਸ ਦਾ ਸਮਾਂ ਉਸਾਰੂ ਗਤੀਵਿਧੀਆਂ ਅਤੇ ਪੜਨ ਲਿਖਣ ਦਾ ਸ਼ੌਂਕ ਪੂਰਾ ਕਰਕੇ ਬਤੀਤ ਕਰ ਰਹੇ ਹਨ। ਇਹੀ ਨਜ਼ਾਰਾ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਰਕਰ ਹਾਊਸ ਵਿਖੇ ਦੇਖਣ ਨੂੰ ਮਿਲਿਆ।
ਦੱਸਣਯੋਗ ਹੈ ਕਿ ਕੋਟਾ ਤੋਂ ਲਿਆਂਦੇ ਜ਼ਿਲ੍ਹਾ ਲੁਧਿਆਣਾ ਦੇ 22 ਬੱਚੇ ਇਥੇ ਅਲੱਗ-ਅਲੱਗ ਕਮਰਿਆਂ ਵਿੱਚ ਰੱਖੇ ਗਏ ਹਨ। ਜਿਨ੍ਹਾਂ ਵਿੱਚ 8 ਕੁੜੀਆਂ ਅਤੇ 14 ਮੁੰਡੇ ਹਨ। ਇਹ ਪਿਛਲੇ 10 ਕੁ ਦਿਨਾਂ ਤੋਂ ਇਥੇ ਰੁਕੇ ਹੋਏ ਹਨ। ਇਨ੍ਹਾਂ ਬੱਚਿਆਂ ਨੇ ਕਿਹਾ ਕਿ ਉਹ ਆਪਣੇ ਇਸ ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੁੰਦੇ ਹਨ। ਕਿਉਂਕਿ ਉਹ ਕਿਤੇ ਬਾਹਰ ਤਾਂ ਜਾ ਨਹੀਂ ਸਕਦੇ ਅਤੇ ਨਾ ਹੀ ਆਪਣੇ ਮਾਪਿਆਂ ਨੂੰ ਮਿਲ ਸਕਦੇ ਹਨ, ਇਸ ਲਈ ਉਹ ਆਪਣਾ ਸਾਰਾ ਸਮਾਂ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਹੋਰ ਚੰਗਾ ਮਟੀਰੀਅਲ ਪੜਨ ਵਿੱਚ ਲਗਾ ਰਹੇ ਹਨ। ਇੱਕ ਵਿਦਿਆਰਥੀ ਅਸ਼ੀਸ਼ ਰਾਣਾ ਨੇ ਕਿਹਾ ਕਿ ਪਹਿਲਾਂ ਉਹ ਆਪਣਾ ਸਾਰਾ ਸਮਾਂ ਪੜਾਈ ਕਰਨ ‘ਤੇ ਹੀ ਲਗਾਉਂਦਾ ਸੀ ਪਰ ਹੁਣ ਉਸ ਕੋਲ ਕਾਫੀ ਸਮਾਂ ਹੁੰਦਾ ਹੈ। ਜਿਸ ਕਾਰਨ ਉਹ ਪਵਿੱਤਰ ਭਗਵਤ ਗੀਤਾ ਗ੍ਰੰਥ ਨੂੰ ਪੜ ਰਿਹਾ ਹੈ। ਜਿਸ ਨੂੰ ਪੜ੍ਹ ਕੇ ਉਸ ਨੂੰ ਮਾਨਸਿਕ ਸ਼ਾਂਤੀ ਮਿਲ ਰਹੀ ਹੈ।
ਸਾਰੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਇਥੇ ਲਿਆਉਣ ਅਤੇ ਏਨੇ ਵਧੀਆ ਘਰ ਅਤੇ ਹੋਸਟਲ ਵਾਲੇ ਮਾਹੌਲ ਵਿੱਚ ਰੱਖਣ ਲਈ ਧੰਨਵਾਦ ਕੀਤਾ। ਉਨ੍ਹਾਂ ਹੋਰਾਂ ਲੋਕਾਂ (ਜੋ ਇਕਾਂਤਵਾਸ ਵਿੱਚ ਹਨ) ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਇਹ ਸਮਾਂ ਹਾਂ-ਪੱਖੀ ਸੋਚ ਨਾਲ ਬਿਤਾਉਣ ਨੂੰ ਤਰਜੀਹ ਦੇਣ। ਇਸ ਮੌਕੇ ਹਾਜ਼ਰ ਇਸ ਇਕਾਂਤਵਾਸ ਸੈਂਟਰ ਦੇ ਨੋਡਲ ਅਫ਼ਸਰ-ਕਮ-ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰ. ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਬੱਚੇ ਇਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਤੋਂ ਕਾਫੀ ਖੁਸ਼ ਹਨ। ਇਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰੋਜ਼ਾਨਾ ਤਿੰਨ ਵਾਰ ਵਧੀਆ ਖਾਣਾ ਦੇਣ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਮੇਂ-ਸਮੇਂ ‘ਤੇ ਇਨ੍ਹਾਂ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 2-3 ਬੱਚਿਆਂ ਦੇ ਮਾਪੇ ਮਿਲਣ ਲਈ ਆਏ ਸਨ ਪਰ ਉਨ੍ਹਾਂ ਨੂੰ ਅਗਾਂਉ ਸਾਵਧਾਨੀ ਦੇ ਚੱਲਦਿਆਂ ਮਿਲਣ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਬੱਚੇ ਜਿਆਦਾਤਰ ਸਮਾਂ ਪੜਨ ਲਿਖਣ ਵਿੱਚ ਬਤੀਤ ਕਰਦੇ ਹਨ। ਇਨ੍ਹਾਂ ਵੱਲੋਂ ਕੁਝ ਕਿਤਾਬਾਂ ਦੀ ਵੀ ਮੰਗ ਕੀਤੀ ਗਈ ਹੈ, ਜੋ ਕਿ ਪੂਰੀ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.