
“
ਬੇਰੁਜ਼ਗਾਰ ਲਾਈਨਮੈਨਾਂ ‘ਤੇ ਲਾਠੀਚਾਰਜ ਅਤੇ ਪੁਲਿਸ ਦਾ ਵਤੀਰਾ ਬੇਹੱਦ ਸ਼ਰਮਨਾਕ, ਭਗਵੰਤ ਮਾਨ ਸਰਕਾਰ ਦੱਸੇ ਕੀ ਇਹੀ ਹੈ ਤੁਹਾਡਾ ‘ਬਦਲਾਅ’? — ਜੈ ਇੰਦਰ ਕੌਰ
ਭਾਜਪਾ ਆਗੂ ਜੈ ਇੰਦਰ ਕੌਰ ਨੇ ਟਾਵਰ ‘ਤੇ ਚੜ੍ਹੇ ਨੌਜਵਾਨਾਂ ਨਾਲ ਕੀਤੀ ਮੁਲਾਕਾਤ; ਕਿਹਾ— ਜੇਕਰ ਕੋਈ ਜਾਨੀ ਨੁਕਸਾਨ ਹੋਇਆ ਤਾਂ ਮੁੱਖ ਮੰਤਰੀ ਹੋਣਗੇ ਜ਼ਿੰਮੇਵਾਰ।
ਪਟਿਆਲਾ 10 ਜੂਨ 2026
ਪਟਿਆਲਾ ਵਿਖੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਬਾਹਰ ਆਪਣੇ ਹੱਕਾਂ ਅਤੇ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ITI ਪਾਸ ਨੌਜਵਾਨਾਂ ‘ਤੇ ਪੁਲਿਸ ਵੱਲੋਂ ਕੀਤੇ ਗਏ ਬੇਰਹਿਮ ਲਾਠੀਚਾਰਜ ਦੀ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ “2600 ਲਾਈਨਮੈਨ ਅਪ੍ਰੈਂਟਿਸਸ਼ਿਪ ਆਲ ਪੰਜਾਬ ਯੂਨੀਅਨ” ਵੱਲੋਂ ਸ਼ੁਰੂ ਕੀਤੇ ਗਏ ‘ਟਾਵਰ ਮੋਰਚੇ’ ਦੌਰਾਨ ਜੈ ਇੰਦਰ ਕੌਰ ਅੱਜ ਆਪਣੇ ਸਾਥੀਆਂ ਸਮੇਤ ਬਿਜਲੀ ਦੇ ਉੱਚੇ ਖੰਭਿਆਂ ‘ਤੇ ਚੜ੍ਹੇ ਨੌਜਵਾਨਾਂ ਦਾ ਹਾਲ-ਚਾਲ ਪੁੱਛਣ ਅਤੇ ਉਹਨਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਪਹੁੰਚੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨ ‘ਤੇ ਤਿੱਖੇ ਨਿਸ਼ਾਨੇ ਸਾਧੇ ਉਨ੍ਹਾਂ ਕਿਹਾ,”ਇਹ ਬੇਹੱਦ ਸ਼ਰਮਨਾਕ ਗੱਲ ਹੈ ਕਿ ਪਹਿਲਾਂ ਪਟਿਆਲਾ ਵਿਖੇ ਪੜ੍ਹੇ-ਲਿਖੇ ਨੌਜਵਾਨਾਂ ‘ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਹੁਣ ਸਮਾਣਾ ਦੇ ਐੱਸ.ਐੱਚ.ਓ. ਵੱਲੋਂ ਇਹਨਾਂ ਹੱਕ ਮੰਗਦੇ ਨੌਜਵਾਨਾਂ ਨੂੰ ‘ਮੰਡੀਰ ਅਤੇ ਮਲੰਗ’ ਕਹਿ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।”
ਉਨ੍ਹਾਂ ਸਵਾਲ ਚੁੱਕਿਆ ਕਿ ਐਨੀ ਭਿਆਨਕ ਗਰਮੀ ਵਿੱਚ ਨੌਜਵਾਨ ਟਾਵਰਾਂ ‘ਤੇ ਚੜ੍ਹੇ ਹੋਏ ਹਨ, ਪਰ ਹਾਲੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਇਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਜੈ ਇੰਦਰ ਕੌਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸੰਘਰਸ਼ ਦੌਰਾਨ ਕਿਸੇ ਵੀ ਨੌਜਵਾਨ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਬਿਜਲੀ ਬੋਰਡ ਦਾ ਮੈਨੇਜਮੈਂਟ ਹੋਵੇਗਾ।
ਨੌਜਵਾਨਾਂ ਨੂੰ ਭਰੋਸਾ ਦਵਾਉਂਦਿਆਂ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੰਭੀਰ ਮੁੱਦੇ ‘ਤੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਹੈ। ਪਾਰਟੀ ਹਾਈਕਮਾਂਡ ਨੇ ਵਿਸ਼ਵਾਸ ਦਿਵਾਇਆ ਹੈ ਕਿ ਸਾਲ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ‘ਤੇ ਇਹਨਾਂ ਸਾਰੇ ਨੌਜਵਾਨਾਂ ਨੂੰ ਮੁਕੰਮਲ ਤੌਰ ‘ਤੇ ਪੱਕਾ ਕੀਤਾ ਜਾਵੇਗਾ।
“ਇੱਕ ਪਾਸੇ ਪੰਜਾਬ ਦਾ ਨੌਜਵਾਨ ਆਪਣੇ ਸੁਹਿਰਦ ਭਵਿੱਖ ਲਈ ਸੜਕਾਂ ‘ਤੇ ਹੈ, ਦੂਜੇ ਪਾਸੇ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਝੂਠੇ ਪਰਚੇ ਦਰਜ ਕਰ ਰਹੀ ਹੈ ਅਤੇ ਲਾਠੀਆਂ ਵਰ੍ਹਾ ਰਹੀ ਹੈ। ਭਗਵੰਤ ਮਾਨ ਜੀ, ਕੀ ਇਹੀ ਤੁਹਾਡਾ ‘ਬਦਲਾਅ’ ਹੈ? ਇਹ ਨੌਜਵਾਨ ਕੋਈ ਅਪਰਾਧੀ ਨਹੀਂ ਹਨ, ਇਹ ਆਪਣੇ ਹੱਕ ਅਤੇ ਰੁਜ਼ਗਾਰ ਮੰਗ ਰਹੇ ਹਨ। ਇਹ ਵੀ ਕਿਸੇ ਮਾਂ ਦੇ ਪੁੱਤ, ਕਿਸੇ ਭੈਣ ਦੇ ਵੀਰ ਅਤੇ ਕਿਸੇ ਗ਼ਰੀਬ ਪਰਿਵਾਰ ਦੀਆਂ ਉਮੀਦਾਂ ਹਨ।”
ਅੰਤ ਵਿੱਚ, ਜੈ ਇੰਦਰ ਕੌਰ ਅਤੇ ਸਮੁੱਚੀ ਭਾਜਪਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਅਤੇ ਡਰਾਉਣ-ਧਮਕਾਉਣ ਦੀ ਬਜਾਏ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਸੁਣਿਆ ਅਤੇ ਹੱਲ ਕੀਤਾ ਜਾਵੇ, ਕਿਉਂਕਿ ਇਹ ਸੰਘਰਸ਼ ਕੋਈ ਸਿਆਸਤ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਅਤੇ ਹੱਕਾਂ ਦੀ ਲੜਾਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




