D5 specialOpinion

1984-37 ਸਾਲਾਂ ਬਾਅਦ

ਟਾਈਮ ਮੈਗਜ਼ੀਨ ਨੇ ਛਾਪਿਆ, ‘‘ਭਾਰਤ ਵਿਚ 1984 ਵਿਚ ਕੁੱਝ ਦਿਨਾਂ ਵਿਚ ਏਨੇ ਸਿੱਖ ਮਾਰੇ ਗਏ ਸਨ ਜਿੰਨੇ ਚਿੱਲੀ ਵਿਚ 17 ਸਾਲ ਦੇ ਜਨਰਲ ਅਗਸਤੋ ਦੇ ਮਿਲਟਰੀ ਰਾਜ ਵਿਚ ਉੱਥੋਂ ਦੇ ਲੋਕ ਮਾਰੇ ਗਏ ਸਨ। ਫ਼ਰਕ ਸਿਰਫ਼ ਏਨਾ ਸੀ ਕਿ ਚਿੱਲੀ ਵਿਚ 1973 ਤੋਂ 1990 ਤੱਕ ਇਹ ਮੌਤਾਂ ਹੋਈਆਂ ਸਨ ਜਦ ਕਿ ਭਾਰਤ ਵਿਚ 5000 ਤੋਂ ਵੱਧ ਸਿੱਖ, ਯਾਨੀ ਹਰ ਮਿੰਟ ਵਿਚ ਇੱਕ ਸਿੱਖ ਦੇ ਹਿਸਾਬ ਨਾਲ ਸਾੜ ਕੇ, ਵੱਢ ਟੁੱਕ ਕੇ, ਨਾਲੀਆਂ ਅਤੇ ਸੜਕਾਂ ਉੱਤੇ ਕੁੱਤਿਆਂ ਵੱਲੋਂ ਪਾੜੇ ਜਾਣ ਲਈ ਲਾਸ਼ਾਂ ਬਣਾ ਕੇ ਸੁੱਟ ਦਿੱਤੇ ਗਏ ਸਨ।
ਨਸਲਕੁਸ਼ੀ, ਬੁਰਛਾਗਰਦੀ, ਦਰਿੰਦਗੀ ਦੇ ਨਾਚ ਸਿਰਫ਼ ਭਾਰਤ ਵਿਚ ਹੀ ਨਹੀਂ, ਅਰਜਨਟੀਨਾ, ਰਵਾਂਡਾ, ਸਾਊਥ ਅਫਰੀਕਾ ਤੇ ਚਿੱਲੀ ਵਿਚ ਵੀ ਹੋਏ ਹਨ।

ਫ਼ਰਕ ਸਿਰਫ਼ ਏਨਾ ਹੈ ਕਿ ਉਨਾਂ ਥਾਵਾਂ ਉੱਤੇ ਕੀਤੀ ਦਰਿੰਦਗੀ ਨੂੰ ਭਿਆਨਕ ਮੰਨ ਲਿਆ ਗਿਆ, ਪਰ ਭਾਰਤ ਵਿਚ ਹੋਈ ਹਿੰਸਾ ਨੂੰ ਤਿੰਨ ਦਹਾਕਿਆਂ ਤੋਂ ਵੱਧ ਲੰਘ ਜਾਣ ਉੱਤੇ ਵੀ ਹਾਲੇ ਤੱਕ ‘ਦੰਗੇ’ ਦਾ ਨਾਂ ਨਹੀਂ ਦਿੱਤਾ ਜਾ ਰਿਹਾ। ਨਿਰੋਲ ਨਸਲਕੁਸ਼ੀ ਕਰਨ ਦੇ ਸਰਕਾਰੀ ਹੁਕਮਾਂ ਨੂੰ ਜਾਇਜ਼ ਠਹਿਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦਿਆਂ ਹਾਲੇ ਤੱਕ ਉਸ ਸਮੇਂ ਦੇ ਕੁਰਸੀ ਧਾਰੀ ਤੇ ਹਿੰਸਕ ਭੀੜ ਦੀ ਅਗਵਾਈ ਕਰਨ ਵਾਲਿਆਂ ਨੂੰ ਖੁੱਲੀ ਛੁੱਟ ਦਿੱਤੀ ਹੋਈ ਹੈ!

ਇਨਾਂ ਜ਼ਖ਼ਮਾਂ ਨੂੰ ਸਿਰਫ਼ ਉਦੋਂ ਹੀ ਕੁਰੇਦਿਆ ਜਾਂਦਾ ਹੈ ਜਦੋਂ ਸਿਆਸੀ ਲੋਕਾਂ ਦੀ ਪਾਰੀ ਖੇਡਣ ਦਾ ਸਮਾਂ ਆਉਂਦਾ ਹੈ। ਇਹ ਸਾਰਾ ਮਸਲਾ ਆਖ਼ਰ ਸ਼ੁਰੂ ਕਿੱਥੋਂ ਹੋਇਆ ਤੇ ਕੌਣ ਸੂਤਰਧਾਰ ਸੀ, ਸਭ ਜਾਣਦੇ ਹਨ। ਇਸ ਸਾਰੇ ਵਰਤਾਰੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਢਾਹੁਣਾ ਸਿੱਖ ਕੌਮ ਦੇ ਮਨਾਂ ਅੰਦਰ ਬਹੁਤ ਡੂੰਘੀ ਸੱਟ ਮਾਰ ਗਿਆ। ਸਮਝਣ ਦੀ ਕੋਸ਼ਿਸ਼ ਕਰੀਏ ਕਿ ਧਰਮ ਮਨੁੱਖੀ ਜੀਵਨ ਉੱਤੇ ਕੀ ਪ੍ਰਭਾਵ ਪਾਉਂਦਾ ਹੈ? ਮੰਨੀ ਪ੍ਰਮੰਨੀ ਗੱਲ ਹੈ ਕਿ ਧਰਮ ਅਫ਼ੀਮ ਵਾਂਗ ਦਿਮਾਗ਼ ਦੇ ਸੋਚਣ ਸਮਝਣ ਦੇ ਸੈਂਟਰ ਨੂੰ ਜੱਫਾ ਮਾਰ ਲੈਂਦਾ ਹੈ। ਇਹੀ ਕਾਰਨ ਹੈ ਕਿ ਬਹੁਗਿਣਤੀ ਲੋਕ ਧਰਮ ਦੇ ਪ੍ਰਭਾਵ ਹੇਠ ਦੂਜੇ ਧਰਮ ਦੇ ਲੋਕਾਂ ਪ੍ਰਤੀ ਮਨਾਂ ਵਿਚ ਪਾੜ ਬਣਾ ਲੈਂਦੇ ਹਨ। ਇਹ ਪਾੜ ਹੇਠਲੀ ਪੱਧਰ ਉੱਤੇ ਰੋਜ਼ਮਰਾ ਦੇ ਕੰਮ ਕਾਰ ਕਰਦਿਆਂ ਸਾਹਮਣੇ ਨਹੀਂ ਆਉਂਦਾ। ਮਿਸਾਲ ਵਜੋਂ ਦੁੱਧ ਲੈਣ ਵਾਲਾ, ਜੁੱਤੀ ਗੰਢਣ ਵਾਲਾ, ਸਬਜ਼ੀ ਵੇਚਣ ਵਾਲਾ ਆਦਿ।

ਜਦੋਂ ਕਿਸੇ ਧਰਮ ਦਾ ਮੋਢੀ ਇਸ਼ਾਰਾ ਕਰਦਾ ਹੈ ਜਾਂ ਉਕਸਾਉਂਦਾ ਹੈ ਤਾਂ ਉੱਪਰੋਂ ਹੇਠਾਂ ਤੱਕ ਹਰ ਜਣਾ ਧਾਰਮਿਕ ਦੰਗਿਆਂ ਉੱਤੇ ਉਤਾਰੂ ਹੋ ਜਾਂਦਾ ਹੈ। ਉਦੋਂ ਉਹੀ ਦੁੱਧ ਵਾਲਾ ਜਾਂ ਉਹੀ ਜੁੱਤੀਆਂ ਗੰਢਣ ਵਾਲਾ ਸਭ ਤੋਂ ਵੱਡਾ ਵੈਰੀ ਬਣ ਕੇ ਉਭਰ ਆਉਂਦਾ ਹੈ ਤੇ ਸੌਖਾ ਸ਼ਿਕਾਰ ਬਣ ਜਾਂਦਾ ਹੈ। ਧਿਆਨ ਕਰੀਏ ਇੰਗਲੈਂਡ ਦੀ ਪੁਲਿਸ ਦੇ ਅੰਕੜਿਆਂ ਵੱਲ,ਜਿਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੰਨ 2016-17 ਤੋਂ ਸੰਨ 2017-18 ਵਿਚ ਧਰਮ ਆਧਾਰਿਤ ਨਫ਼ਰਤ ਸਦਕਾ ਜੁਰਮ ਵਿਚ 40 ਫੀਸਦੀ ਵਾਧਾ ਰਿਕਾਰਡ ਕੀਤਾ ਗਿਆ। ਜਿੰਨੇ ਵੀ ਧਰਮ ਆਧਾਰਿਤ ਜੁਰਮ ਹੋਏ, ਉਨਾਂ ਵਿੱਚੋਂ 52 ਫੀਸਦੀ ਮੁਸਲਮਾਨਾਂ ਵਿਰੁੱਧ ਹੋਏ! ਕਾਰਨ? ਈਸਾਈ ਧਰਮ ਦੇ ਲੋਕਾਂ ਨੂੰ ਇਹ ਸਮਝਾਇਆ ਗਿਆ ਕਿ ਹਰ ਮੁਸਲਮਾਨ ਏਥੇ ਉਨਾਂ ਦੀ ਨੌਕਰੀ, ਕਾਰੋਬਾਰ, ਘਰ ਬਾਰ ਨੂੰ ਹਥਿਆਉਣ ਤੇ ਉਨਾਂ ਦੀਆਂ ਧੀਆਂ ਨੂੰ ਵਰਗਲਾਉਣ ਲਈ ਹੀ ਡਟਿਆ ਹੋਇਆ ਹੈ।

ਕੁੱਝ ਗਿਣੇ ਚੁਣੇ ਲੋਕਾਂ ਵੱਲੋਂ ਕੀਤੇ ਜੁਰਮਾਂ ਨੂੰ ਵਾਰ-ਵਾਰ ਉਭਾਰਿਆ ਗਿਆ ਤਾਂ ਜੋ ਲੋਕ ਵੱਡੀ ਪੱਧਰ ਉੱਤੇ ਭੜਕ ਜਾਣ ਤੇ ਹਰ ਮੁਸਲਮਾਨ ਵਿਰੁੱਧ ਮਨ ਵਿਚ ਜ਼ਹਿਰ ਭਰ ਲੈਣ। ਚੁਫ਼ੇਰਿਓਂ ਇਸ ਤਰਾਂ ਦੀ ਨਫ਼ਰਤ ਭਰੀ ਭਾਵਨਾ ਨਾਲ ਵੱਡੀ ਪੱਧਰ ਉੱਤੇ ਮੁਸਲਮਾਨ ਵੀ ਆਹਤ ਹੋਣੇ ਸਨ। ਨਤੀਜਾ, ਦਿਨੋਂ ਦਿਨ ਵਧਦੀ ਮਾਰ ਧਾੜ ਤੇ ਲੁੱਟ ਖਸੁੱਟ! ਕੁੱਝ ਇਹੋ ਜਿਹਾ ਹੀ ਸਿੱਖੀ ਸੋਚ ਨਾਲ ਜੁੜੇ ਲੋਕਾਂ ਨਾਲ ਵਾਪਰਿਆ। ਇਤਿਹਾਸ ਵਿਚ ਝਾਤ ਮਾਰਿਆਂ ਸਮਝ ਆ ਜਾਂਦੀ ਹੈ ਕਿ ਸਿੱਖਾਂ ਦੀ ਬਹਾਦਰੀ ਅਤੇ ਸੇਵਾ ਭਾਵਨਾ ਸਦਕਾ ਲੋਕਾਂ ਵਿਚ ਬਣਦੀ ਚੰਗੀ ਸਾਖ਼ ਨੂੰ ਢਾਹ ਲਾਉਣ ਲਈ ਹਰ ਸਦੀ ਦੇ ਹੁਕਮਰਾਨਾਂ ਵੱਲੋਂ ਸਿੱਖਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ।

ਕਿਸੇ ਵੀ ਧਰਮ ਜਾਂ ਮਤ ਨੂੰ ਮੰਨਣ ਵਾਲਿਆਂ ਨੂੰ ਸਭ ਤੋਂ ਡੂੰਘੀ ਮਾਰ ਦੋ ਤਰਾਂ ਹੀ ਵੱਜਦੀ ਹੈ :-
-ਧਾਰਮਿਕ ਥਾਵਾਂ ਦੀ ਬੇਅਦਬੀ ਜਾਂ ਉਨਾਂ ਦਾ ਢਾਹੁਣਾ
-ਉਸ ਧਰਮ ਦੀਆਂ ਔਰਤਾਂ ਦੀ ਬੇਪਤੀ
ਮਿਸਾਲ ਵਜੋਂ, ਕੋਈ ਮੱਕੇ ਮਦੀਨੇ ਉੱਤੇ ਹੱਲਾ ਬੋਲੇ ਤਾਂ ਦੁਨੀਆ ਭਰ ਦੇ 99 ਫੀਸਦੀ ਮੁਸਲਮਾਨ ਵੱਧ ਜਾਂ ਘੱਟ ਪੀੜਤ ਜ਼ਰੂਰ ਮਹਿਸੂਸ ਕਰਨਗੇ। ਇਹੋ ਕੁੱਝ ਮੰਦਰ, ਮਸਜਿਦ, ਗੁਰਦੁਆਰਾ, ਈਦਗਾਹ, ਗਿਰਜਾਘਰ ਨਾਲ ਵਾਪਰਦਾ ਹੈ। ਇਹੋ ਜਿਹੇ ਧਾਰਮਿਕ ਦੰਗੇ ਸਿਰਫ਼ ਅਤੇ ਸਿਰਫ਼ ਹੁਕਮਰਾਨਾਂ ਵੱਲੋਂ ਰਚੀ ਸਾਜ਼ਿਸ਼ ਹੁੰਦੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਆਹਰੇ ਲਾ ਕੇ ਆਪ ਸੁਰਖ਼ਰੂ ਹੋ ਕੇ ਰਾਜ ਪਾਟ ਸਾਂਭੀ ਰੱਖਣ। ਅਜਿਹੇ ਧਾਰਮਿਕ ਦੰਗਿਆਂ ਵਿਚ ਹਮੇਸ਼ਾ ਹੁਕਮਰਾਨਾਂ ਤੇ ਉਨਾਂ ਦੇ ਰਿਸ਼ਤੇਦਾਰਾਂ, ਦੋਸਤਾਂ ਨੂੰ ਹੀ ਫ਼ਾਇਦਾ ਮਿਲਦਾ ਰਿਹਾ ਹੈ। ਦੰਗੇ ਸ਼ੁਰੂ ਕਰਵਾਉਣ ਵਾਲਿਆਂ ਨੂੰ ਹਮੇਸ਼ਾ ਉੱਚੀ ਪਦਵੀ ਦੇ ਕੇ, ਵੱਡਾ ਇਨਾਮ ਦੇ ਕੇ ਜਾਂ ਉਨਾਂ ਦੇ ਪੁੱਤਰਾਂ ਧੀਆ ਨੂੰ ਸਰਕਾਰੀ ਨੌਕਰੀਆਂ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈ।

ਸਿੱਖਾਂ ਵੱਲੋਂ ਕਿੰਨੀ ਹੀ ਸਮਾਜ ਸੇਵਾ ਕੀਤੀ ਜਾਂਦੀ ਰਹੀ ਹੋਵੇ ਜਾਂ ਆਪਣੀ ਮਿਹਨਤ ਨਾਲ ਆਪਣਾ ਰੁਤਬਾ ਜਾਂ ਕਾਰੋਬਾਰ ਹਾਸਲ ਕੀਤਾ ਹੋਵੇ, ਵਿਸ਼ਵ ਭਰ ਵਿਚ ਵੱਖੋ ਵੱਖਰੇ ਮੁਲਕਾਂ ਵਿਚ ਉਨਾਂ ਵਿਰੁੱਧ ਨਸਲੀ ਹਿੰਸਾ ਜਾਰੀ ਹੈ। ਬਿਲਕੁਲ ਏਸੇ ਤਰਾਂ ਧਰਮ ਨੂੰ ਆਧਾਰ ਬਣਾ ਕੇ, ਸਿੱਖਾਂ ਨੂੰ ‘ਅੱਤਵਾਦੀ’ ਦਾ ਦਰਜਾ ਦੇ ਕੇ ਭਾਰਤ ਅੰਦਰ ਵੀ ਇਕੱਲੇ ਇਕੱਲੇ ਸਿੱਖ ਨੂੰ ਫੜ ਕੇ ਮਾਰਨਾ ਕੁੱਟਣਾ ਲਗਾਤਾਰ ਜਾਰੀ ਹੈ। ਜੇ ਗੱਲ ਕਰੀਏ ਸੰਨ 1984 ਦੀ, ਤਾਂ ਉਸ ਸਮੇਂ ਬੇਦੋਸੇ ਮੁੱਛ ਫੁੱਟ ਦਸਤਾਰਧਾਰੀ ਗਭਰੂਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ। ਕੂੜੇ ਦੇ ਭਰੇ ਟਰੱਕਾਂ ਵਿਚ ਅਧਮੋਇਆਂ ਨੂੰ ਲੱਦ ਕੇ ਇਕੱਠੇ ਇੱਕੋ ਥਾਂ ਢੇਰ ਲਾ ਕੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਸਵਾਲ ਵੱਡਾ ਇਹ ਉੱਠਦਾ ਹੈ ਕਿ ਬੇਦੋਸਿਆਂ ਉਤੇ ਜ਼ੁਲਮ ਕਿਉਂ ਢਾਹਿਆ ਗਿਆ? ਕੀ ਉਹ ਮਾਵਾਂ, ਧੀਆਂ, ਭੈਣਾਂ, ਜਿਨਾਂ ਦੇ ਘਰ ਵਿੱਚੋਂ ਇੱਕ ਬੇਦੋਸਾ ਲਾਲ ਮਾਰ ਮੁਕਾਇਆ ਗਿਆ ਹੋਵੇ, ਕਦੇ ਵੀ ਆਪਣੇ ਜ਼ਖ਼ਮ ਭਰ ਸਕਦੀਆਂ ਹਨ? ਇਹ ਪੀੜ ਪੁਸ਼ਤ-ਦਰ-ਪੁਸ਼ਤ ਚੱਲਦੀ ਹੈ! ਉਸ ਤੋਂ ਵੀ ਉੱਤੇ, ਉਨਾਂ ਮਾਵਾਂ ਧੀਆਂ ਭੈਣਾਂ ਦੀਆਂ ਅੱਖਾਂ ਸਾਹਮਣੇ ਟਾਇਰ ਪਾ ਕੇ ਸਿਰਾਂ ਦੇ ਸਾਈਂ ਜਾਂ ਪੁੱਤਰ, ਪਿਤਾ ਸਾੜ ਕੇ ਕੁੱਤਿਆਂ ਅੱਗੇ ਚੂੰਢੇ ਜਾਣ ਲਈ ਸੁੱਟ ਦਿੱਤੇ ਜਾਣ ਅਤੇ ਘਰ ਵਿਚਲੀ ਹਰ ਔਰਤ ਨੂੰ ਸਮੂਹਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਜਾਵੇ, ਤਾਂ ਕੀ ਇਹ ਦੰਗੇ ਕਦੇ ਭੁਲਾਏ ਜਾ ਸਕਦੇ ਹਨ?

ਜੇ ਇਸ ਤੋਂ ਵੀ ਹੋਰ ਉੱਚਾ ਕਦਮ ਚੁੱਕਿਆ ਗਿਆ ਹੋਵੇ ਕਿ ਇੱਕ ਧਰਮ ਨਾਲ ਜੁੜਿਆਂ ਦੀ ਨਸਲਕੁਸ਼ੀ ਕਰਨ ਉੱਤੇ ਹੀ ਹੁਕਮਰਾਨ ਉਤਾਰੂ ਹੋ ਜਾਣ ਪਰ ਨਾਂ ‘ਦੁਪਾਸੀ ਹਿੰਸਾ’ ਦੇ ਦਿੱਤਾ ਜਾਵੇ ਤਾਂ ਸੌਖਿਆਂ ਹੀ ਸਮਝ ਆ ਸਕਦੀ ਹੈ ਕਿ ਪੀੜ ਸਦੀਵੀ ਰਹਿਣ ਵਾਲੀ ਹੈ। ਇਸ ਤਰਾਂ ਦੀ ਪੀੜ ਨਾਸੂਰ ਬਣ ਕੇ ਹਮੇਸ਼ਾ ਵਿਰੋਧ ਜਾਂ ਬਗ਼ਾਵਤ ਹੀ ਪੈਦਾ ਕਰਦੀ ਹੈ।

ਰਤਾ 1984 ਦੇ ਧਰਮੀ ਫੌਜੀਆਂ ਦੀ ਗੱਲ ਕਰੀਏ।
12 ਜੂਨ ਸੰਨ 1984 ਵਿਚ ਵਾਸ਼ਿੰਗਟਨ ਪੋਸਟ ਅਖ਼ਬਾਰ ਵਿਚ ਖ਼ਬਰ ਛਪੀ- ‘‘ਭਾਰਤੀ ਫੌਜ ਵਿਚਲੇ 500 ਤੋਂ 600 ਸਿੱਖ ਫੌਜੀ ਜੋ ਭਗੌੜੇ ਹੋਏ, ਉਨਾਂ ਨੂੰ ਤਿੰਨ ਥਾਵਾਂ ਤੋਂ ਕੈਦ ਕਰ ਲਿਆ ਗਿਆ ਹੈ। ਇਨਾਂ ਵਿੱਚੋਂ 26 ‘ਅੱਤਵਾਦੀ ਫੌਜੀ’ ਭਾਰਤੀ ਫੌਜ ਨੇ ਗੋਲੀਆਂ ਨਾਲ ਵਿੰਨ ਸੁੱਟੇ।’’ ਇਹ ਖ਼ਬਰ ‘ਭਾਰਤੀ ਨਿਊਜ਼ ਏਜੰਸੀ’ ਦੇ ਹਵਾਲੇ ਨਾਲ ਛਾਪੀ ਗਈ ਸੀ।
‘‘ਕੁੱਝ ਹੋਰ ਥਾਵਾਂ ਤੋਂ ਵੀ, ਜਿਵੇਂ ਦਿੱਲੀ, ਬੰਬਈ, ਰਾਮਗੜ ਤੋਂ 574 ਭਗੌੜੇ ਸਿੱਖ ਅੱਤਵਾਦੀ ਫੌਜੀ ਫੜ ਲਏ ਗਏ।’’ ਇਹ ਖ਼ਬਰ ਪ੍ਰੈੱਸ ਟਰਸਟ ਆਫ਼ ਇੰਡੀਆ ਵੱਲੋਂ ਜਾਰੀ ਕੀਤੀ ਗਈ।

ਇਸ ਤੋਂ ਅੱਗੇ ਵਾਸ਼ਿੰਗਟਨ ਪੋਸਟ ਵਿਚ ਲਿਖਿਆ ਗਿਆ- ‘‘ਇਹ ਖ਼ਬਰਾਂ ਭਾਰਤੀ ਮੀਡੀਆ ਰਾਹੀਂ ਬਾਹਰ ਭੇਜੀਆਂ ਜਾ ਰਹੀਆਂ ਹਨ। ਅਸਲ ਵਿਚ ਹੋਇਆ ਕੀ ਸੀ? ਸਿੱਖਾਂ ਦੇ ਗੁਰਦੁਆਰੇ, ਜਿਸ ਨੂੰ ਉਹ ਬਹੁਤ ਪਵਿੱਤਰ ਅਤੇ ਮੁਕੱਦਸ ਮੰਨਦੇ ਹਨ, ਨੂੰ ਬਹੁਤ ਬੁਰੀ ਤਰਾਂ ਤੋਪਾਂ ਨਾਲ ਢਾਹ ਦਿੱਤਾ ਗਿਆ ਹੈ। ਭਾਰਤ ਵਿਚ ਅਨੇਕ ਧਰਮਾਂ ਦੇ ਲੋਕ ਵੱਸਦੇ ਹਨ ਅਤੇ ਅਨੇਕ ਜ਼ਬਾਨਾਂ ਬੋਲੀਆਂ ਜਾਂਦੀਆਂ ਹਨ। ਧਰਮ ਦੇ ਆਧਾਰ ਉੱਤੇ ਹੀ ਵੰਡੀਆਂ ਪਾਉਣੀਆਂ, ਉੱਥੇ ਆਮ ਗੱਲ ਹੈ। ਉਸ ਧਾਰਮਿਕ ਥਾਂ ਦੇ ਨੁਕਸਾਨ ਨਾਲ ਸਿੱਖਾਂ ਦੇ ਮਨ ਨੂੰ ਅਥਾਹ ਠੇਸ ਪਹੁੰਚੀ ਜਿਸ ਸਦਕਾ ਵੱਡੀ ਗਿਣਤੀ ਸਿੱਖਾਂ ਨੇ ਇਸ ਨੂੰ ਆਪਣੇ ਗੁਰੂ ਉੱਤੇ ਹੱਲਾ ਮੰਨਦਿਆਂ ਆਪੋ ਆਪਣੇ ਢੰਗ ਨਾਲ ਵਿਰੋਧ ਕੀਤਾ। ਉਨਾਂ ਵਿੱਚੋਂ ਹੀ ਸਨ ਭਾਰਤੀ ਫੌਜ ਵਿਚਲੇ ਜਵਾਨ ਸਿੱਖ ਜਿਨਾਂ ਕੋਲੋਂ ਇਹ ਪੀੜ ਬਰਦਾਸ਼ਤ ਨਹੀਂ ਹੋਈ।’’

ਰਤਾ ਵੇਖੀਏ, ਕਿਸ ਤਰਾਂ ਦੀ ਖ਼ਬਰ ਉਨਾਂ ਜਵਾਨ ਫੌਜੀਆਂ ਕੋਲ ਪਹੁੰਚੀ ਸੀ :-
‘‘ਸ੍ਰੀ ਦਰਬਾਰ ਸਾਹਿਬ ਦੇ ਗੁੰਬਦ ਉੱਤੇ ਸਾਢੇ ਤਿੰਨ ਸੌ ਗੋਲੀਆਂ ਲੱਗੀਆਂ, ਬਥੇਰੀਆਂ ਅੰਦਰ ਵੀ ਲੱਗੀਆਂ। ਇੱਕ ਗੋਲੀ ਸਾਡੇ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 82 ਅੰਗ ਪਾੜ ਕੇ ਅੰਦਰ ਲੰਘ ਗਈ। ਭਾਈ ਅਮਰੀਕ ਸਿੰਘ ਰਾਗੀ, ਜੋ ਕੀਰਤਨ ਕਰ ਕੇ ਬਾਹਰ ਨਿਕਲੇ ਤਾਂ ਉਡਾ ਦਿੱਤੇ ਗਏ। ਵੱਡੀ ਬੀੜ ਸਾਹਿਬ ਦੇ ਤਾਬਿਆ ਬੈਠੇ ਸੁਖ-ਆਸਨ ਕਰਦੇ ਗਿਆਨੀ ਭਾਈ ਰਾਮ ਸਿੰਘ ਜੀ ਨੂੰ ਵੀ ਗੋਲੀ ਲੱਗੀ ਤੇ ਉਹ ਲਹੂ ਲੁਹਾਨ ਹੋ ਗਏ। ਭਾਰਤੀ ਟੈਕਾਂ ਨੇ ਅਤੇ ਭਾਰਤੀ ਸੇਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪੂਰਾ ਢਾਅ ਦਿੱਤਾ ਹੈ ਤੇ ਸਿਰਫ਼ ਖੰਡਰ ਬਚੇ ਹਨ। ਦਰਸ਼ਨੀ ਡਿਉੜੀ ਬੰਬਾਂ ਨਾਲ ਤਬਾਹ ਕਰ ਦਿੱਤੀ ਗਈ ਹੈ। ਤੋਸ਼ਾਖ਼ਾਨਾ ਪੂਰਾ ਖ਼ਤਮ ਹੋ ਚੁੱਕਿਆ ਹੈ। ਸੋਨੇ ਚਾਂਦੀ ਦੀਆਂ ਪਾਲਕੀਆਂ, ਅਣਮੋਲ ਚਾਨਣੀਆਂ, ਰੁਮਾਲੇ, ਪੰਥ ਦਾ ਅਣਮੋਲ ਖ਼ਜ਼ਾਨਾ, ਪੁਰਾਤਨ ਬੀੜਾਂ, ਰੈਫ਼ਰੈਂਸ ਲਾਇਬ੍ਰੇਰੀ, ਭਾਈ ਗੁਰਦਾਸ ਜੀ ਵਾਲੀ ਬੀੜ, ਕਲਗੀਧਰ ਪਾਤਿਸ਼ਾਹ ਜੀ ਦੇ ਆਪਣੇ ਤੀਰ, ਸਾਰਾ ਪੁਰਾਣਾ ਸਿੱਖ ਪੰਥ ਦਾ ਰਿਕਾਰਡ ਆਦਿ, ਕੁੱਝ ਵੀ ਨਹੀਂ ਬਚਿਆ।

ਸ੍ਰੀ ਗੁਰੂ ਰਾਮ ਦਾਸ ਜੀ ਦੇ ਆਪਣੇ ਕਰ ਕਮਲਾਂ ਨਾਲ ਉਸਾਰਿਆ ਦਰਬਾਰ ਸਾਹਿਬ ਤਹਿਸ ਨਹਿਸ ਹੋ ਚੁੱਕਿਆ ਹੈ। ਚੁਫ਼ੇਰੇ ਲਾਸ਼ਾਂ ਹੀ ਲਾਸ਼ਾਂ ਹਨ। ਸਰੋਵਰ ਲਹੂ ਨਾਲ ਲਾਲ ਹੋ ਚੁੱਕਿਆ ਹੈ। ਬੇਦੋਸੇ ਆਏ ਸ਼ਰਧਾਲੂਆਂ ਨੂੰ ਨਿਰਵਸਤਰ ਕਰ ਕੇ ਬਾਹਰ ਕੱਢ ਕੇ, ਬਾਹਵਾਂ ਬੰਨ ਕੇ ਛਾਤੀ ਵਿਚ ਗੋਲੀਆਂ ਮਾਰ ਕੇ ਵਿੰਨ ਦਿੱਤਾ ਗਿਆ। ਜਿਹੜੇ ਬਚ ਗਏ, ਉਨਾਂ ਨੂੰ ਬੰਨ ਕੇ ਗਰਮੀ ਵਿਚ ਬਿਨਾਂ ਪਾਣੀ ਤੋਂ ਸਹਿਕਦੇ ਮਰਨ ਲਈ ਛੱਡ ਦਿੱਤਾ ਗਿਆ। ਬੱਚਾ, ਔਰਤ, ਬੁੱਢਾ, ਜਵਾਨ, ਕੋਈ ਵੀ ਨਹੀਂ ਛੱਡਿਆ ਗਿਆ। ਹਰ ਕਿਸੇ ਨਾਲ ਪਸ਼ੂਆਂ ਤੋਂ ਵੀ ਭੈੜਾ ਵਰਤਾਰਾ ਕੀਤਾ ਗਿਆ। ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਸੋਹਣ ਸਿੰਘ ਜੀ ਨੂੰ ਪ੍ਰਵਾਰ ਸਮੇਤ ਬਾਹਵਾਂ ਬੰਨ ਕੇ ਬੇਤਹਾਸ਼ਾ ਕੁੱਟ ਕੁੱਟ ਕੇ ਅਧਮੋਇਆ ਕਰ ਕੇ, ਪਾਣੀ ਨੂੰ ਤਰਸਦੇ ਮਰਨ ਲਈ ਛੱਡ ਦਿੱਤਾ ਗਿਆ। ਪ੍ਰਕਰਮਾ ਵਿਚ ਸਿਰਫ਼ ਕੇਸ, ਲਾਸ਼ਾਂ ਦੇ ਟੋਟੇ ਤੇ ਲਹੂ ਹੀ ਲਹੂ ਹੈ ਜਾਂ ਗੋਲੀਆਂ ਬੰਬਾਂ ਦੇ ਹਿੱਸੇ! ਇਹ ਸਾਰੀ ਘਿਨਾਉਣੀ ਕਾਰਵਾਈ ਹਿੰਦੁਸਤਾਨੀ ਸਰਕਾਰ ਵੱਲੋਂ ਭਾਰਤੀ ਫੌਜ ਰਾਹੀਂ ਕੀਤੀ ਗਈ ਹੈ! ਇਸ ਤੋਂ ਬਾਅਦ ਅਨੇਕ ਥਾਈਂ ਲੱਡੂ ਵੰਡੇ ਗਏ ਤੇ ਭੰਗੜੇ ਵੀ ਪਾਏ ਗਏ। ਅੰਦਰ ਮਿਲੀਆਂ ਲਾਸ਼ਾਂ ਨੂੰ ਫੌਜੀਆਂ ਨੇ ਠੁੱਡੇ ਮਾਰ ਕੇ ਅਤੇ ਉਨਾਂ ਉੱਪਰ ਆਪਣੇ ਬੂਟ ਰੱਖ ਕੇ ਸੰਗੀਨਾਂ ਫੜ ਕੇ ਖਿੜਖਿੜਾ ਕੇ ਹੱਸਦਿਆਂ ਤਸਵੀਰਾਂ ਖਿਚਵਾਈਆਂ!’’

ਇਹ ਖ਼ਬਰ ਕਿਸ ਨੂੰ ਬੇਚੈਨ ਨਹੀਂ ਕਰੇਗੀ? ਇਸ ਦੌਰਾਨ ਜਾਣ ਬੁੱਝ ਕੇ ਸਾਰੇ ਸਿੱਖ ਫੌਜੀਆਂ ਨੂੰ ਦੱਖਣੀ ਭਾਰਤ ਤੇ ਫਿਰ ਉੱਤਰੀ ਭਾਰਤ ਵੱਲ ਭੇਜ ਦਿੱਤਾ ਗਿਆ ਤੇ ਸਾਰੀਆਂ ਤਰਾਂ ਦੀਆਂ ਖ਼ਬਰਾਂ ਉੱਤੇ ਰੋਕ ਲਾ ਦਿੱਤੀ ਗਈ। ਜਦੋਂ ਸਿੱਖ ਫੌਜੀ ਗੱਡੀਆਂ ਰਾਹੀਂ ਭੱਜੇ ਕਿ ਦਰਬਾਰ ਸਾਹਿਬ ਪਹੁੰਚ ਸਕਣ ਤਾਂ ਉਹ ਰਾਹ ਵਿਚ ਮਾਰ ਮੁਕਾ ਦਿੱਤੇ ਗਏ। ਜਿਹੜੇ ਮੋਟਰਾਂ ਰਾਹੀਂ ਤੁਰੇ, ਉਨਾਂ ਨੂੰ ਪੈਟਰੋਲ ਡੀਜ਼ਲ ਦੇਣਾ ਬੰਦ ਕਰਵਾ ਦਿੱਤਾ ਗਿਆ। ਵੱਡੀ ਗਿਣਤੀ ਪੁਲਿਸ ਤੇ ਫੌਜ ਉਨਾਂ ਨਾਲ ਮੁਕਾਬਲਾ ਕਰਨ ਭੇਜ ਦਿੱਤੀ ਗਈ। ਬਥੇਰਿਆਂ ਦੇ ਘਰ ਵਾਲਿਆਂ ਨੂੰ ਤਸ਼ੱਦਦ ਸਹਿਣਾ ਪਿਆ। ਉਨਾਂ ਦੇ ਘਰ-ਬਾਰ, ਜ਼ਮੀਨਾਂ ਲੁੱਟ ਲਈਆਂ ਗਈਆਂ।

ਇਸ ਸਾਰੇ ਵਰਤਾਰੇ ਵਿੱਚੋਂ ਸਿਆਸੀ ਲਾਹਾ ਲੈਣ ਵਾਲਿਆਂ ਨੇ ਰਾਮਬਾਣ ਛੱਡ ਦਿੱਤਾ। ਪੂਰੇ ਧੜੱਲੇ ਨਾਲ ਫੌਜੀਆਂ ਨੂੰ ਹਵਾ ਦਿੱਤੀ ਗਈ- ‘‘ਆ ਜਾਓ ਬਾਹਰ, ਅਸੀਂ ਸਾਂਭਾਂਗੇ।’’
ਭਾਵਨਾਵਾਂ ਵਿਚ ਜਕੜੇ ਨੌਜਵਾਨ ਫੌਜੀ ਵੇਖ ਨਹੀਂ ਸਕੇ ਕਿ ਕਾਰਾ ਕਰਵਾਉਣ ਵਾਲਿਆਂ ਵਿਚ ਬਥੇਰੇ ਦੋਖੀ ਇਨਾਂ ਸਿਆਸਤਦਾਨਾਂ ਦੇ ਹੀ ਰਿਸ਼ਤੇਦਾਰ ਸਨ ਜਿਨਾਂ 15 ਸਾਲ ਰਾਜ ਕਰਨ ਬਾਅਦ ਵੀ ਉਨਾਂ ਦੀ ਬਾਂਹ ਨਹੀਂ ਫੜੀ। 37 ਸਾਲ ਬਾਅਦ ਵੀ ਹਰ ਪੰਜ ਸਾਲਾਂ ਬਾਅਦ ਇਹ ਮੁੱਦਾ ਸਿਆਸੀ ਲੋਕਾਂ ਲਈ ਰੋਟੀਆਂ ਸੇਕਣ ਵਾਸਤੇ ਬਹੁਤ ਵਧੀਆ ਸਾਬਤ ਹੁੰਦਾ ਰਿਹਾ ਹੈ ਤੇ ਹੁੰਦਾ ਰਹੇਗਾ। ਅਨੇਕ ਸੰਸਥਾਵਾਂ ਨੇ ਲੋਕਾਂ ਵੱਲੋਂ ਭੇਜੇ ਪੈਸਿਆਂ ਨਾਲ ਝੋਲੀਆਂ ਭਰ ਕੇ ਆਪਣੇ ਮਹਿਲ ਮਾੜੀਆਂ ਉਸਾਰ ਲਏ ਪਰ ਉਹ ਧਰਮੀ ਫੌਜੀ ਦਿਹਾੜੀਆਂ ਕਰਨ ਉੱਤੇ ਮਜਬੂਰ ਹਾਲੇ ਤੱਕ ਦੋ ਵੇਲੇ ਦੀਆਂ ਰੋਟੀਆਂ ਨੂੰ ਤਰਸਦੇ ਬੈਠੇ ਹਨ। ਬਥੇਰੇ ਮਰ ਖੱਪ ਗਏ ਤੇ ਬਥੇਰੇ ਤੁਰ ਜਾਣ ਨੂੰ ਤਿਆਰ ਬੈਠੇ ਹਨ!

ਸਿਰਫ਼ ਏਨਾ ਹੀ ਕਹਿਣਾ ਬਾਕੀ ਰਹਿ ਗਿਆ ਕਿ ਸਿੱਖ ਕੌਮ ਨੇ ਵਿੱਤੋਂ ਬਾਹਰ ਜਾ ਕੇ ਵੀ ਦੁਨੀਆ ਭਰ ਵਿਚ ਲੋੜਵੰਦਾਂ ਦੀ ਮਦਦ ਕੀਤੀ ਹੈ। ਖ਼ਰਬਾਂ ਰੁਪੈ ਧਾਰਮਿਕ ਥਾਵਾਂ ਉੱਤੇ ਵੀ ਦਾਨ ਕੀਤੇ ਹਨ। ਇਹ ਥੋੜੀ ਗਿਣਤੀ ਭਾਵਨਾਤਮਕ ਪੱਖੋਂ ਧਰਮ ਨਾਲ ਜੁੜਿਆਂ ਦੀ ਮਦਦ ਕਰਨੋਂ ਵੀ ਪਿਛਾਂਹ ਨਹੀਂ ਰਹੇ ਪਰ ਫਿਰ ਵੀ ਮਾਇਆ ਉਨਾਂ ਤੱਕ ਪਹੁੰਚੀ ਨਹੀਂ ਕਿਉਂਕਿ ਰਾਹ ਵਿਚ ਹੀ ਹਜ਼ਮ ਹੋ ਗਈ। ਇੱਕ ਸੰਸਥਾ ਜੋ ਸਿਰਫ਼ ਇਨਾਂ ਧਰਮੀ ਫੌਜੀਆਂ ਤੇ ਉਨਾਂ ਦੇ ਟੱਬਰਾਂ ਦੀ ਸਾਂਭ ਸੰਭਾਲ, ਉਨਾਂ ਲਈ ਰਹਿਣ ਦੀ ਥਾਂ, ਇਲਾਜ ਦਾ ਖ਼ਰਚਾ ਤੇ ਕਮਾਈ ਦੇ ਸਾਧਨ ਜੁਟਾਉਣ ਲਈ ਸਰਗਰਮ ਹੋਵੇ, ਦੀ ਸਖ਼ਤ ਲੋੜ ਹੈ। ਜੇਲਾਂ ਵਿਚ ਡੱਕੇ ਪਇਆਂ ਨੂੰ ਛੁਡਾਉਣਾ ਪਹਿਲਾ ਕੰਮ ਹੋਣਾ ਚਾਹੀਦਾ ਹੈ। ਇਨਾਂ ਲੋੜਵੰਦਾਂ ਦੇ ਖਾਤਿਆਂ ਵਿਚ ਸਿੱਧੀ ਰਕਮ ਭੇਜਣੀ ਹੀ ਠੀਕ ਰਹੇਗੀ।
ਅਸਲ ਮੁੱਦਾ ਇਹ ਹੈ ਕਿ ਆਖ਼ਰ ਕਦੋਂ ਤੱਕ ਅਸੀਂ ਸਿਆਸੀ ਖਿਡਾਰੀਆਂ ਹੱਥੋਂ ਪਸਤ ਹੁੰਦੇ ਰਹਾਂਗੇ? ਕਦੇ ਤਾਂ ਜਾਗੀਏ ਤੇ ਸਮਝੀਏ ਕਿ ਕਿਹੜੀਆ ਤਾਕਤਾਂ ਸਾਨੂੰ ਲੜਾ ਕੇ ਆਪ ਰਾਜ ਪਾਟ ਸਾਂਭਦੀਆ ਰਹੀਆਂ ਹਨ?
ਅੱਗੋਂ ਤੋਂ ਧਾਰਮਿਕ ਆਧਾਰ ਉੱਤੇ ਛੇਤੀ ਵਿਚਲਿਤ ਹੋਣ ਤੋਂ ਬਚਣ ਅਤੇ ਸੋਚਣ ਸਮਝਣ ਦੀ ਸ਼ਕਤੀ ਬਰਕਰਾਰ ਰੱਖਣ ਲਈ ਇਨਾਂ ਤੁਕਾਂ ਦਾ ਅਰਥ ਸਮਝਣ ਦੀ ਲੋੜ ਹੈ :-
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ
ਕੋਈ ਸੇਵੈ ਗੁਸਈਆ ਕੋਈ ਅਲਾਹਿ॥

(ਅੰਗ 885)
ਰੱਬ ਇੱਕੋ ਹੀ ਹੈ। ਸਿਰਫ਼ ਅਸੀਂ ਹੀ ਆਪਣੀਆਂ ਧਰਮ ਪੁਸਤਕਾਂ ਦੀ ਬੋਲੀ ਅਨੁਸਾਰ ਰੱਬ ਦੇ ਵੱਖੋ-ਵੱਖ ਨਾਂ ਰੱਖ ਲਏ ਹਨ। ਕੋਈ ਨਾਮ ਉਚਾਰਦਾ ਹੈ, ਕੋਈ ਭਗਤੀ ਕਰਦਾ ਹੈ ਤੇ ਕੋਈ ਬੰਦਗੀ, ਕੋਈ ਮੂਰਤੀ ਪੂਜਾ, ਕੋਈ ਨਮਾਜ਼ ਅਤੇ ਕੋਈ ਤੀਰਥ ਉੱਤੇ ਇਸ਼ਨਾਨ ਕਰਦਾ ਹੈ।
ਹਰ ਧਰਮ ਦਾ ਹੀ ਬੰਦਾ ਰੱਬ ਕੋਲੋਂ ਸੁਰਗ ਜਾਂ ਬਹਿਸ਼ਤ ਮੰਗਦਾ ਹੈ ਪਰ ਅਸਲ ਵਿਚ ਜਿਸ ਮਨੁੱਖ ਨੇ ਰੱਬ ਦਾ ਹੁਕਮ ਪਛਾਣ ਲਿਆ ਹੈ, ਉਹੀ ਰੱਬ ਦਾ ਭੇਤ ਪਾ ਸਕਿਆ ਹੈ।
ਏਨੀ ਕੁ ਸਮਝ ਹੀ ਸਾਡੇ ਮਨਾਂ ਵਿਚਲੇ ਪਾੜ ਭਰ ਸਕਦੀ ਹੈ ਅਤੇ ਅਸੀਂ ਇਕਜੁੱਟ ਹੋ ਕੇ ਵੰਡੀਆਂ ਪਾਉਣ ਵਾਲਿਆਂ ਨਾਲ ਜੰਗ ਵਿੱਢ ਸਕਦੇ ਹਾਂ। ਧਿਆਨ ਰਹੇ, ਧਰਮੀ ਫੌਜੀਆਂ ਨੂੰ ਹਾਲੇ ਵੀ ਸਾਡੀ ਸਖ਼ਤ ਲੋੜ ਹੈ। ਜੇਲਾਂ ਵਿੱਚੋਂ ਕੱਢਣਾ, ਪਹਿਲ ਕਦਮੀ ਉੱਤੇ ਕਰਨ ਵਾਲਾ ਕੰਮ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button