EDITORIAL

14 ਮੌਤਾਂ ਤੇ 13 ਕਰੋੜ ਖਰਚਾ, ਲੀਡਰਾਂ ਲਈ ਸ਼ਾਮਿਆਨੇ ਲੋਕਾਂ ਲਈ ਸੱਥਰ

ਅਮਰਜੀਤ ਸਿੰਘ ਵੜੈਚ (94178-01988)

ਅਪ੍ਰੈਲ 16,ਐਤਵਾਰ, ਮਹਾਂਰਾਸ਼ਟਰ ਦਾ ਖਾਰਘਰ ,ਜ਼ਿਲ੍ਹਾ ਰਾਏਗੜ੍ਹ, ਨਵੀਂ ਮੁੰਬਈ, 37 ਡਿਗਰੀ ਸੈਲਸੀਅਸ ਪਾਰਾ , ਸਮੁੰਦਰ ਦਾ ਹੁੰਮਸ ..ਕੜਕਦੇ ਸੂਰਜ ਹੇਠਾਂ ਨੰਗੇ ਸਿਰ 21 ਲੱਖ ਲੋਕਾਂ ਦਾ ਇਕੱਠ.. ਪਰ ਸਟੇਜ ‘ਤੇ ਲੀਡਰਾਂ ਲਈ ਖੂਬਸੂਰਤ ਟੈਂਟਾਂ ਦੀ ਛਾਂ, ਵਧੀਆ ਕੂਲਰ/ਏਸੀ… ਤੇ ਸਟੇਜ ਉਪਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਏਕ ਨਾਥ ਛਿੰਦੇ ਤੇ ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ! ਅਮਿਤ ਸ਼ਾਹ ਜੀ ਨੇ ਮਹਾਂਰਾਸ਼ਟਰ ਦੇ ਵੱਡੇ ਕੱਦ ਵਾਲ਼ੇ ਸਮਾਜ ਸੇਵਕ ਦਾਤਰਿਆ ਨਾਰਾਇਣ ਉਰਫ਼ ਆਪਾਸਾਹਿਬ ਧਰਮ ਅਧਿਕਾਰੀ ਨੂੰ ਮਹਾਂਰਾਸ਼ਟਰ ਦੇ ਸੱਭ ਤੋਂ ਵੱਡੇ ਇਨਾਮ ‘ਮਹਾਂਰਾਸ਼ਟਰ ਭੂਸ਼ਣ’ ਨਾਲ਼ 25 ਲੱਖ ਦਾ ਚੈੱਕ ਦੇ ਕੇ ,10 ਫ਼ੁੱਟ ਦਾ ਹਾਰ ਤੇ ਸ਼ਾਲ ਪਾਕੇ ਸਨਮਾਨਿਤ ਕੀਤਾ ..ਮਹਾਂਰਾਸ਼ਟਰ ਸਰਕਾਰ ਨੂੰ ਇਸ ਸਮਾਗਮ ਲਈ ਮੁਬਾਰਕਾਂ !..ਪਰ …

ਸਰਕਾਰੀ ਪ੍ਰਬੰਧਕਾਂ ਦੀ ਅਕਲ ਦਾ ਹਾਲ ਦੇਖੋ …ਸਮਾਗਮ ‘ਚ ਕੜਕਦੀ ਧੁੱਪ ਹੇਠ 21 ਲੱਖ ਦੀ ਗਿਣਤੀ ‘ਚ ਬੈਠੇ ਆਪਾਸਾਹਿਬ ਦੇ ਸ਼ਰਧਾਲਆਂ ਚੋਂ ਵੱਡੀ ਗਿਣਤੀ ਨੂੰ ਲੂ ਲੱਗ ਗਈ ਜਿਨ੍ਹਾ ‘ਚੋਂ 14 ਲੋਕਾਂ ਦੀ ਜਾਨ ਚਲੀ ਗਈ ਤੇ ਕਈਆਂ ਦੀ ਹਾਲਤ ਵਿਗੜ ਗਈ : ਸੱਚਾਈ ਜੋ ਮੀਡੀਆ ‘ਚ ਆ ਰਹੀ ਹੈ ਕਿ ਸਮਾਗਮ ਤਹਿ ਸਮੇਂ ਨਾਲ਼ੋਂ ਪੰਜ ਘੰਟੇ ਲੇਟ ਆਰੰਭ ਹੋਇਆ । ਲੋਕ ਤਿਖੜ ਦੁਪਿਹਰੇ ਕੜਕਦੀ ਧੁੱਪ ‘ਚ ਭੁੱਖੇ-ਪਿਆਸੇ ਬੈਠੇ ਰਹੇ । ਇਨ੍ਹਾਂ ਵਿੱਚ ਵੱਡੀ ਗਿਣਤੀ ਆਪਾ ਸਾਹਿਬ ਦੇ ਸ਼ਰਧਾਲੂਆਂ ਦੀ ਸੀ ।


ਮਹਾਂਰਾਸ਼ਟਰ ਸਰਕਾਰ ਦੀ ਕੀ ਮਜਬੂਰੀ ਸੀ ਕਿ ਉਸ ਨੇ ਸਰਕਾਰੀ ਖ਼ਜ਼ਾਨੇ ‘ਚੋਂ ਲੋਕਾਂ ਦੇ ਟੈਕਸ ਦੇ 13 ਕਰੋੜ ਰੁ: ਖਰਚ ਕੇ ਐਡਾ ਵੱਡਾ ਸਮਾਗਮ ਕਰਾਇਆ ਜੋ 14 ਲੋਕਾਂ ਦੀ ਜਾਨ ਲੈ ਨਿਬੜਿਆ । ਪੋਸਟਮਾਰਟਮ ਦੀਆਂ ਰਿਪੋਟਾਂ ‘ਚੋਂ ਪਤਾ ਲੱਗਾ ਹੈ ਕਿ ਮਰਨ ਵਾਲ਼ਿਆਂ ‘ਚੋਂ 12 ਲੋਕਾਂ ਨੇ ਕਈ ਘੰਟਿਆਂ ਤੋਂ ਨਾ ਕੁਝ ਖਾਦਾ ਸੀ ਤੇ ਨਾ ਹੀ ਪਾਣੀ ਪੀਤਾ ਸੀ । ਇਹ ਰਿਪੋਟਾਂ ਆ ਰਹੀਆਂ ਹਨ ਕਿ ਪੀਣ ਵਾਲ਼ੇ ਪਾਣੀ ਦਾ ਪ੍ਰਬੰਧ ਪੰਡਾਲ ਤੋਂ ਦੂਰ ਸੀ । ਇਕੀ ਲੱਖ ਦੇ ਇਕੱਠ ‘ਚ ਬੈਠੇ ਲੋਕਾਂ ਲਈ ਕੀ ਇਹ ਸੰਭਵ ਹੈ ਕਿ ਉਹ ਲੂਹੰਦੀ ਗਰਮੀ ‘ਚ ਵਾਰ ਵਾਰ ਉੱਠ ਕੇ ਪਾਣੀ ਪੀਣ ਜਾਣ । ਸਰਕਾਰ ਵੱਲੋਂ ਕੀਤੇ ਡਾਕਟਰੀ ਤੇ ਸਿਵਲ ਪ੍ਰਬੰਧ ਫ਼ੇਲ ਹੋ ਗਏ ।

ਬੜੇ ਅਫ਼ਸੋਸ ਨਾਲ਼ ਲਿਖਣਾ ਪੈ ਰਿਹਾ ਹੈ ਕਿ ਸਟੇਜ ਤੇ ਲੀਡਰਾਂ ਲਈ ਵਧੀਆ ਸ਼ਾਮਿਆਨਾ,ਏਸੀ,ਕੂਲਰ,ਠੰਡਾ ਪਾਣੀ, ਸ਼ਿਕੰਜਵੀ,ਸੌਫਟ ਡਰਿੰਕ,ਕਾਜੂ ਆਦਿ ਸਭ ਕੁਝ ਸੀ ਪਰ ਆਪਣੇ ‘ਚਹੇਤੇ’ ਲੀਡਰਾਂ ਨੂੰ ਸੁਣ ਲਈ ਆਏ 21 ਲੱਖ ਲੋਕਾਂ ਲਈ ਖੁੱਲ੍ਹੀ ਨੀਲੀ ਛੱਤ ਤੇ ਕੜਕਦਾ ਸੂਰਜ ! ਕੀ ਇਹ ਸਨਮਾਨ ਸਮਾਰੋਹ ਸੀ ਜਾਂ ਸ਼ਕਤੀ ਪ੍ਰਦਰਸ਼ਨ ਸਮਾਰੋਹ ਸੀ ? ਪਿਛਲੇ ਵਰ੍ਹੇ ਹੀ ਏਕ ਨਾਥ ਛਿੰਦੇ ਨੇ ਉਧਵ ਠਾਕਰੇ ਦੀ ਸ਼ਿਵਸੈਨਾ ਤੋਂ ਅਲੱਗ ਹੋਕੇ ਬੀਜੇਪੀ ਦੀ ਸਰਪ੍ਰਸਤੀ ਨਾਲ ਮਹਾਂਰਾਸ਼ਟਰ ‘ਚ ਸਰਕਾਰ ਬਣਾਈ ਸੀ । ਮਗਰੋਂ ਚੋਣ ਕਮਿਸ਼ਨ ਨੇ ਏਕ ਨਾਥ ਛਿੰਦੇ ਨੂੰ ਹੀ ਅਸਲੀ ਸ਼ਿਵ ਸੈਨਾ ਐਲਾਨ ਦਿਤਾ ਸੀ । ਮਹਾਂਰਾਸ਼ਟਰ ‘ਚ ਅਕਤੂਬਰ 2024 ‘ਚ ਚੋਣਾਂ ਹੋਣਗੀਆਂ ।

ਇਸ ਬਦ-ਇੰਤਜ਼ਾਮੀ ਕਾਰਨ 14 ਮੌਤਾਂ ਲਈ ਕੋਣ ਜ਼ਿਮਮੇਵਾਰ ਹੈ ? ਦੋਸ਼ੀਆਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ? ਸਿਰਫ਼ ਪੰਜ-ਪੰਜ ਲੱਖ ਰੁ: ਦੀ ਮਦਦ ਹੀ ਕਾਫ਼ੀ ਹੈ ? ਉਨ੍ਹਾਂ ਦੇ ਪਿਛੇ ਬਚੇ ਪਰਿਵਾਰਾਂ ਨਾਲ਼ ਕੀ ਬੀਤੇਗੀ ? ਇਸ ਮੁਲਕ ‘ਚ ਗਰੀਬ ਦੀ ਹੋਣੀ ਅਨਪੜ੍ਹਤਾ, ਭੁੱਖਮਰੀ,ਬਿਮਾਰੀ,ਪੁਲਿਸ-ਪ੍ਰਸਾਸ਼ਨ ਤੇ ਸਿਆਸਤ ਹੱਥੋਂ ਖੱਜਲ਼-ਖੁਆਰੀ ਹੀ ਰਹਿ ਗਈ ਹੈ । ਕਿਨਾ ਅਫਸੋਸ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਨਾਲ਼ ਇਕ ਆਟੋ ਡਰਾਇਵਰ ਏਕ ਨਾਥ ਛਿੰਦੇ ਮਹਾਂਰਾਸ਼ਟਰ ਦਾ ਮੁੱਖ ਮੰਤਰੀ ਬਣ ਗਿਆ , ਓਸੇ ਹੀ ਲੀਡਰ ਦੀ ਸਭਾ ‘ਚ ਓਸੇ ਦੇ ਹੀ ਵੋਟਰ ਸਾਰਾ ਦਿਨ ਭੁੱਖੇ-ਪਿਆਸੇ ਬੈਠੇ ਰਹੇ ਤੇ ਅੰਤ ਉਨ੍ਹਾਂ ‘ਚੋਂ 14 ਮੌਤ ਦੇ ਮੂੰਹ ‘ਚ ਜਾ ਡਿਗੇ ।

ਸਰਕਾਰਾਂ ਤੇ ਸਿਆਸਤ ਨੂੰ ਲੋਕਾਂ ਨਾਲ਼ ਇਸ ਤਰ੍ਹਾਂ ਦੇ ਕੋਝੇ ਮਖੌਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਇਹੋ ਜਿਹੀਆਂ ਸਥਿਤੀਆਂ ‘ਚ ਸਮਾਗਮ ਕਰਾਉਣ ਨਾਲ਼ੋ ਚੰਗਾ ਹੁੰਦਾ ਇਸ ਦਾ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ‘ਤੇ ਲਾਈਵ ਪ੍ਰਸਾਰਨ ਕਰ ਦਿੰਦੇ ਤੇ ਸਮਾਗਮ ਸ਼ਹਿਰ ਦੇ ਕਿਸੇ ਛੋਟੇ ਜਿਹੇ ਆਡੀਟੋਰੀਅਮ ਵਿੱਚ ਕਰ ਲੈਂਦੇ । ਲੋਕ ਵੀ ਨਾ ਮਰਦੇ ਤੇ 13 ਕਰੋੜ ਰੁਪਈਆ ਵੀ ਬਚ ਜਾਂਦਾ ਜੋ ਲੋਕਾਂ ਦੇ ਵਿਕਾਸ ਕਾਰਜਾਂ ਲਈ ਲਾਇਆ ਜਾ ਸਕਦਾ ਸੀ ।

ਜਿਸ ਸ਼ਖ਼ਸੀਅਤ ਆਪਾਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਉਹ ਲੋਕਾਂ ਲਈ ਰੁੱਖ ਤੇ ਖੂਨ ਦਾਨ ਕੈਂਪ ਲਾਉਂਦਾ ਹੈ ਕਬਾਇਲੀ ਲੋਕਾਂ ਨੂੰ ਨਸ਼ਿਆਂ ‘ਚੋਂ ਬਾਹਰ ਕੱਢਦਾ ਹੈ ਪਰ ਉਸ ਨੂੰ ਸਨਮਾਨਿਤ ਕਰਨ ਵਾਲ਼ੇ ਸਮਾਗਮ ‘ਚ ਉਸ ਦੇ ਸੇਵਕਾਂ ਦੀਆਂ ਹੀ ਜਾਨਾ ਚਲੀਆਂ ਗਈਆਂ । ਹੁਣ ਭਾਵੇ ਕੁਝ ਨਹੀਂ ਹੋ ਸਕਦਾ ਕਿਉਂਕਿ ਅਜਾਂਈਂ ਗਈਆਂ ਜਾਨਾਂ ਨੂੰ ਮੋੜਕੇ ਨਹੀਂ ਲਿਆਂਦਾ ਜਾ ਸਕਦਾ ਪਰ ਘੱਟੋ-ਘੱਟ ਭਵਿਖ ‘ਚ ਅਜਿਹੀਆਂ ਤਰਾਸਦੀਆਂ ਤੋਂ ਬਚਣ ਲਈ ਇਸ ਦੁਰਘਟਨਾਂ ਤੋਂ ਪੂਰੇ ਦੇਸ਼ ਨੂੰ ਸਬਕ ਲੈ ਲੈਣੇ ਚਾਹੀਦੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button