
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ ਕਰਦਿਆਂ 8 ਆਈਪੀਐਸ (IPS) ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਫੇਰਬਦਲ ‘ਚ ਬਾਰਡਰ ਰੇਂਜ ਅੰਮ੍ਰਿਤਸਰ ਦੇ ਆਈਜੀਪੀ ਤੋਂ ਲੈ ਕੇ ਕਈ ਜ਼ਿਲ੍ਹਿਆਂ ਦੇ ਐਸਐਸਪੀ ਪੱਧਰ ਦੇ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਬਦਲੀਆਂ ਗਈਆਂ ਹਨ। ਤਬਾਦਲਾ ਹੁਕਮਾਂ ਅਨੁਸਾਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈਜੀਪੀ ਬਾਰਡਰ ਰੇਂਜ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਉਹ ਫਿਲਹਾਲ ਨਵੀਂ ਤੈਨਾਤੀ ਦੀ ਉਡੀਕ ‘ਚ ਸਨ। ਉਹ ਹਰਮਨਬੀਰ ਸਿੰਘ ਦੀ ਜਗ੍ਹਾ ਲੈਣਗੇ। ਹਰਮਨਬੀਰ ਸਿੰਘ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਇਸ ਤੋਂ ਪਹਿਲਾਂ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦੇ ਨਾਲ-ਨਾਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਵਾਧੂ ਚਾਰਜ ਸੰਭਾਲ ਰਹੇ ਸਨ।
ਭਾਗੀਰਥ ਸਿੰਘ ਮੀਨਾ ਨੂੰ ਐਸਐਸਪੀ ਮਾਨਸਾ ਦੇ ਅਹੁਦੇ ਤੋਂ ਹਟਾ ਕੇ ਏਆਈਜੀ ਪਰਸੋਨਲ-1, ਸੀ.ਪੀ.ਓ. ਪੰਜਾਬ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਪਟਿਆਲਾ ‘ਚ ਐਸਪੀ ਹੈੱਡਕੁਆਰਟਰ ਦੇ ਅਹੁਦੇ ‘ਤੇ ਤੈਨਾਤ ਵੈਭਵ ਚੌਧਰੀ ਨੂੰ ਐਸਐਸਪੀ ਮਾਨਸਾ ਬਣਾਇਆ ਗਿਆ ਹੈ। ਇਸੇ ਤਰ੍ਹਾਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਐਸਐਸਪੀ ਮੋਹਾਲੀ (ਐਸ.ਏ.ਐਸ. ਨਗਰ) ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਐਸ.ਐਸ.ਪੀ. ਮੋਹਾਲੀ ਹਰਮਨਦੀਪ ਸਿੰਘ ਹੰਸ ਹੁਣ ਐਸਐਸਪੀ ਪਟਿਆਲਾ ਦੀ ਜ਼ਿੰਮੇਵਾਰੀ ਸੰਭਾਲਣਗੇ। ਦੋਵਾਂ ਅਧਿਕਾਰੀਆਂ ਦੀ ਤੈਨਾਤੀ ਆਪਸ ਵਿੱਚ ਬਦਲੀ ਗਈ ਹੈ।
ਸੁਹੈਲ ਕਾਸਿਮ ਮੀਰ ਜੋ ਏਆਈਜੀ ਪਰਸੋਨਲ-1, ਸੀ.ਪੀ.ਓ. ਪੰਜਾਬ ਦੇ ਅਹੁਦੇ ‘ਤੇ ਤੈਨਾਤ ਸਨ, ਨੂੰ ਐਸਐਸਪੀ ਬਠਿੰਡਾ ਨਿਯੁਕਤ ਕੀਤਾ ਗਿਆ ਹੈ। ਉਹ ਜੋਤੀ ਯਾਦਵ ਦੀ ਜਗ੍ਹਾ ਲੈਣਗੇ। ਜੋਤੀ ਯਾਦਵ ਨੂੰ 82ਵੀਂ ਬਟਾਲੀਅਨ ਪੀਏਪੀ, ਚੰਡੀਗੜ੍ਹ ਦੀ ਕਮਾਂਡੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੁਲਿਸ ਵਿਭਾਗ ‘ਚ ਕੀਤੇ ਗਏ ਇਸ ਫੇਰਬਦਲ ਤਹਿਤ ਵੱਖ-ਵੱਖ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਨਾਲ ਜ਼ਿਲ੍ਹਿਆਂ ਅਤੇ ਪੁਲਿਸ ਰੇਂਜਾਂ ਵਿੱਚ ਪ੍ਰਸ਼ਾਸਨਿਕ ਵਿਵਸਥਾ ‘ਚ ਬਦਲਾਅ ਆਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




