
ਬੁਲੰਦਪੁਰੀ ਸਾਹਿਬ, 16 ਨਵੰਬਰ, ਪੰਜਾਬ: ਬੁਲੰਦਪੁਰੀ ਸਾਹਿਬ ਵਿਖੇ 8ਵੀਂ ਅੰਤਰਰਾਸ਼ਟਰੀ HKL (Humility, Kindness and Love) ਗਲੋਬਲ ਮੂਵਮੈਂਟ ਕਾਨਫਰੰਸ ਦਾ ਸ਼ਾਨਦਾਰ ਆਗਾਜ਼ 116 ਦੇਸ਼ਾਂ ਦੇ ਝੰਡੇ ਲਹਿਰਾਉਣ ਦੀ ਵਿਸ਼ੇਸ਼ ਰਸਮ ਨਾਲ ਹੋਇਆ। ਮਹਿਜ਼ ਦੋ ਸਾਲਾਂ ਵਿੱਚ 116 ਦੇਸ਼ਾਂ ਤੱਕ ਪਹੁੰਚੀ ਇਸ ਲਹਿਰ ਦੀ ਕਾਨਫਰੰਸ ਵਿੱਚ 51 ਦੇਸ਼ਾਂ ਤੋਂ ਵਿਦਵਾਨਾਂ, ਬੁਲਾਰਿਆਂ ਅਤੇ ਭਾਗੀਦਾਰਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪੰਜਾਬ ਦੇ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ HKL ਦੀ ਸ਼ਲਾਘਾ ਕਰਦਿਆਂ ਕਿਹਾ, “ਅੱਜ ਦੁਨੀਆ ਈਰਖਾ, ਨਫ਼ਰਤ ਅਤੇ ਆਪਸੀ ਟਕਰਾਅ ਵਿੱਚ ਘਿਰੀ ਹੋਈ ਹੈ। ਅਜਿਹੇ ਸਮੇਂ ਵਿੱਚ ਹਲੀਮੀ, ਹਮਦਰਦੀ ਅਤੇ ਮੁਹੱਬਤ ਦਾ ਸੰਦੇਸ਼ ਸਮੁੱਚੇ ਵਿਸ਼ਵ ਦੀ ਲੋੜ ਹੈ। ਭਾਰਤ ਦੀ ਧਰਤੀ ਤੋਂ ਸ਼ੁਰੂ ਹੋਈ ਇਹ ਲਹਿਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਣਾ ਸਾਡੇ ਲਈ ਮਾਣ ਵਾਲੀ ਗੱਲ ਹੈ।” ਉਨ੍ਹਾਂ ਵੱਖ-ਵੱਖ ਦੇਸ਼ਾਂ ਤੋਂ ਆਏ ਮਹਿਮਾਨਾਂ ਦਾ ਸਵਾਗਤ ਵੀ ਕੀਤਾ।
ਇਸ ਮੌਕੇ ਸੰਸਥਾਪਕ ਸੰਤ ਬਾਬਾ ਬਲਦੇਵ ਸਿੰਘ ਨੇ ਕਿਹਾ, “HKL ਗਲੋਬਲ ਮੂਵਮੈਂਟ ਦਾ ਸਮੁੱਚੇ ਸੰਸਾਰ ਲਈ ਇਹ ਸੰਦੇਸ਼ ਹੈ ਕਿ ਮੈਡੀਟੇਸ਼ਨ ਰਾਹੀਂ ਅਸੀਂ ਆਪਣੇ ਅੰਦਰ ‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ’ ਵਾਲੇ ਰੂਹਾਨੀ ਗੁਣਾਂ ਨੂੰ ਜਗਾ ਸਕਦੇ ਹਾਂ ਅਤੇ ਇਨ੍ਹਾਂ ਗੁਣਾਂ ਰਾਹੀਂ ਆਪਣੇ ਆਪ ਨੂੰ, ਆਪਣੇ ਘਰਾਂ ਨੂੰ ਅਤੇ ਪੂਰੇ ਸੰਸਾਰ ਨੂੰ ਬੇਹੱਦ ਖੂਬਸੂਰਤ ਬਣਾ ਸਕਦੇ ਹਾਂ।”
ਇਸ ਮੌਕੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਕਿਹਾ, “ਸੰਤ ਬਾਬਾ ਬਲਦੇਵ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਹਲੀਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦੀ ਲਹਿਰ ਅੱਜ ਸਮੁੱਚੇ ਵਿਸ਼ਵ ਦੀ ਲੋੜ”
ਕਾਨਫਰੰਸ ਵਿੱਚ ਅਜਮੇਰ ਸ਼ਰੀਫ਼ ਤੋਂ ਹਾਜੀ ਸਈਅਦ ਸਲਮਾਨ ਚਿਸ਼ਤੀ, ਬ੍ਰਹਮਾ ਕੁਮਾਰੀ ਹੁਸੈਨ ਦੀਦੀ, ਰੈਵਰੈਂਡ ਡੇਵਿਡ ਬੇਡੂਜ਼ਾ, ਸਾਬਕਾ NHL ਖਿਡਾਰੀ ਕਰਟਿਸ ਗੈਬਰੀਅਲ, ਸਮਾਜ ਸੇਵੀ ਅਨਮੋਲ ਕਵਾਤਰਾ, ਪਰਮਿਤਾ ਸਰਮਾ ਅਤੇ ਬੈਨ ਬੌਲਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਦੀ ਸ਼ਮੂਲੀਅਤ ਨੇ ਮਨੁੱਖਤਾ ਦੀ ਏਕਤਾ ਦਾ ਸੰਦੇਸ਼ ਦਿੱਤਾ।
ਜ਼ਿਕਰਯੋਗ ਹੈ ਕਿ ਕਾਨਫਰੰਸ ਤੋਂ ਪਹਿਲਾਂ ਦੋ ਮਹੀਨਿਆਂ ਵਿੱਚ ਦੁਨੀਆ ਭਰ ਵਿੱਚ 200 ਤੋਂ ਵੱਧ HKL Walks ਕਰਵਾਈਆਂ ਗਈਆਂ। ਇਸ ਤੋਂ ਪਹਿਲਾਂ ਕੈਨੇਡਾ, ਆਸਟ੍ਰੇਲੀਆ, ਇਟਲੀ, ਇੰਗਲੈਂਡ ਅਤੇ ਭਾਰਤ ਵਿੱਚ ਵੀ ਅੰਤਰਰਾਸ਼ਟਰੀ ਕਾਨਫਰੰਸਾਂ ਹੋ ਚੁੱਕੀਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਉਪਦੇਸ਼ “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” ਤੋਂ ਪ੍ਰੇਰਿਤ HKL ਦਾ ਉਦੇਸ਼ ਮੈਡੀਟੇਸ਼ਨ ਰਾਹੀਂ ਹਰ ਮਨੁੱਖ ਦੇ ਅੰਦਰ ਪਰਮਾਤਮਾ ਵੱਲੋਂ ਬਖ਼ਸ਼ੇ ਹਲੀਮੀ, ਹਮਦਰਦੀ ਅਤੇ ਮੁਹੱਬਤ ਦੇ ਗੁਣਾਂ ਨੂੰ ਜਗਾਉਣਾ ਹੈ। ਇਹ ਲਹਿਰ ਧਰਮ, ਜਾਤ, ਨਸਲ ਅਤੇ ਦੇਸ਼ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਵਿਸ਼ਵ ਸ਼ਾਂਤੀ, ਭਾਈਚਾਰਕ ਸਾਂਝ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਰਹੀ ਹੈ।
HKL ਗਲੋਬਲ ਮੂਵਮੈਂਟ ਬਾਰੇ ਹੋਰ ਜਾਣਕਾਰੀ ਲਈ https://hkl.org/ ’ਤੇ ਜਾਓ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




