UncategorizedBreaking NewsIndiaNewsPunjab

ਹੋਰ ਸ਼ਹਿਰਾਂ ਵਿੱਚ ਵੀ ਬੰਬ ਬਲਾਸਟ ਕਰ ਸਕਦੀਆਂ ਨੇ ਦੇਸ਼ ਵਿਰੋਧੀ ਤਾਕਤਾਂ : ਡੀਜੀਪੀ

ਅੰਮ੍ਰਿਤਸਰ : ਰਾਜਾਸਾਂਸੀ ਹਵਾਈ ਅੱਡੇ ਤੋਂ ਦੋ ਕਿਲੋਮੀਟਰ ਨਜ਼ਦੀਕ ਪੈਂਦੇ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਸਤਸੰਗ ਭਵਨ ਉੱਤੇ ਗਰਨੇਡ ਨਾਲ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਦਾ ਸਕੈਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ ਹਨ ਭਾਵੇਂ ਕਿ ਇਸ ਸਬੰਧ ਵਿਚ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਪਰਮਪਾਲ ਸਿੰਘ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਪੁਲਿਸ ਨੇ ਅਜਿਹੇ ਕੋਈ ਸਕੈਚ ਜਾਰੀ ਕੀਤੇ ਹਨ ਪਰ ਇਸਦੇ ਬਾਵਜੂਦ ਦੋ ਵਿਅਕਤੀਆਂ ਦੇ ਸਕੈਚ ਸੋਸ਼ਲ ਮੀਡੀਆ ਤੇ ਘੁੰਮਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਵਿੱਚ ਵਾਪਰੀ ਇਸ ਮੰਦਭਾਗੀ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਨਾਸਿਰਫ਼ ਐਨ.ਆਈ.ਏ. ਵਰਗੀ ਆਧੁਨਿਕ ਤਕਨੀਕ ਨਾਲ ਲੈਸ ਇਸ ਟੀਮ ਨੂੰ ਇਸ ਸਬੰਧੀ ਜਾਂਚ ਕਰਨ ਲਈ ਘਟਨਾ ਸਥਲ ਤੇ ਭੇਜਿਆ ਹੈ ਬਲਕਿ ਇਹ ਐਲਾਨ ਕੀਤਾ ਹੈ ਕਿ ਜੋ ਕੋਈ ਵੀ ਇਨ੍ਹਾਂ ਹਮਲਾਵਰਾਂ ਬਾਰੇ ਪੁਲਿਸ ਨੂੰ ਸੂਚਿਤ ਕਰੇਗਾ ਉਸਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

Read Also ਮੁੱਖ ਮੰਤਰੀ ਵੱਲੋਂ ਡੀਜੀਪੀ ਨੂੰ ਅਖੌਤੀ ਗੁੰਡਾ ਟੈਕਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ

ਇੱਧਰ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ ਅਤੇ ਕਈ ਹੋਰ ਪੁਲਿਸ ਅਧਿਕਾਰੀਆਂ ਨਾਲ ਸਥਾਨਕ ਪੁਲਿਸ ਲਾਈਨ ਵਿੱਚ ਮੀਟਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰਾ ਕੰਮ ਕੁਝ ਦੇਸ਼ ਵਿਰੋਧੀ ਤਾਕਤਾਂ ਦਾ ਹੈ ਜਿਹੜੀਆਂ ਪੰਜਾਬ ਅੰਦਰ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਬੰਬ ਧਮਾਕੇ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ ਪਰ ਪੁਲਿਸ ਹਰ ਤਰ੍ਹਾਂ ਦੇ ਹਾਲਾਤ ਨਾਲ ਨਿਬੜਨ ਲਈ ਤਿਆਰ ਹੈ। ਇਸ ਕੇਸ ਸਬੰਧੀ ਚੱਲ ਰਹੀ ਜਾਂਚ ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਹਲੇ ਤੱਕ ਮੁਢਲੇ ਤੌਰ ਤੇ ਇਨ੍ਹਾਂ ਹਮਲਾਵਰਾਂ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਉਹ ਇੰਨਾ ਜਰੂਰ ਦੱਸਣਾ ਚਾਹੁੰਦੇ ਹਨ ਕਿ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਛਗਿਛ ਕੀਤੀ ਹੈ ਤੇ ਇੱਕ ਵਿਸ਼ੇਸ਼ ਥਿਊਰੀ ਤੇ ਕੰਮ ਕਰਦਿਆਂ ਜਿਹੜੇ ਸ਼ੱਕੀ ਲੋਕ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹਾਂ ਵਿੱਚੋਂ ਬਾਹਰ ਲਿਆ ਕੇ ਪੁਛਗਿਛ ਕੀਤੀ ਜਾਵੇਗੀ।

 

ਉਨ੍ਹਾਂ ਫਿਰ ਕਿਹਾ ਕਿ ਅਜੇ ਕਿਸੇ ਕਿਸਮ ਦਾ ਕੋਈ ਵੀ ਖੁਲਾਸਾ ਕਰਨਾ ਜਲਦਬਾਜੀ ਹੋਵੇਗਾ ਪਰ ਉਹ ਇੰਨਾ ਯਕੀਨ ਦਿਵਾਉਂਦੇ ਹਨ ਕਿ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਬਹੁਤ ਜਲਦ ਫੜ ਕੇ ਇਨਸਾਫ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ। ਉਧਰ ਅੰਮ੍ਰਿਤਸਰ ਵਿੱਚ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਰੰਕਾਰੀ ਭਾਈਚਾਰੇ ਦੇ ਜ਼ਿਲ੍ਹਾ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਇਹ ਕੌਣ ਲੋਕ ਹਨ ਜਿਨ੍ਹਾਂ ਨੇ ਹਮਲਾ ਕੀਤਾ ਹੈ। ਜ਼ਿਲ੍ਹਾ ਇੰਚਾਰਜ ਅਨੁਸਾਰ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਪੀੜਤਾਂ ਨੂੰ ਬਹੁਤ ਜਲਦ ਇਨਸਾਫ਼ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਭਾਈਚਾਰੇ ਦਾ ਮਿਸ਼ਨ ਹੀ ਪਿਆਰ ਅਤੇ ਸ਼ਾਂਤੀ ਹੈ ਤੇ ਇਹੋ ਉਨ੍ਹਾਂ ਦੇ ਸਤਿਗੁਰ ਦੀ ਸਿਖਲਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button