EDITORIAL

ਹੁਸ਼ਿਆਰ ! ਇਕ ਹੋਰ ‘ਮਹਾਂਮਾਰੀ’ ਦਾ ਖ਼ਤਰਾ

ਅਮਰਜੀਤ ਸਿੰਘ ਵੜੈਚ

(94178-01988)

ਪ੍ਰਸਿਧ ਕਾਰਟੂਨਿਸਟ ਸਤੀਸ਼ ਅਚਾਰੀਆ ਦਾ ਇਕ ਕਾਰਟੂਨ ਅੱਜ ਕੱਲ ਬੜਾ ਚਰਚਿਤ ਹੈ; ਇਸ ਵਿੱਚ ਇਕ ਬੰਦਾ ਅਲਫ ਨੰਗਾ ਆਪਣੇ ਹੱਥਾਂ ਨਾਲ਼ ਨੰਗੇਜ਼ ਲੁਕਾਉਣ ਦੀ ਕੋਸ਼ਿਸ਼ ਕਰਦਾ ਸਕੂਟਰ ਵਿੱਚ ਪੈਟਰੌਲ ਪਵਾਉਣ ਲਈ ਪੰਪ ‘ਤੇ ਖੜਾ ਹੈ । ਅਚਾਨਕ ਉਸ ਨੂੰ ਪਤਾ ਲਗਦਾ ਹੈ ਕਿ ਸਰਕਾਰ ਨੇ ਪੈਟਰੋਲ ਦੀ ਕੀਮਤ ਵਿੱਚ ਦਸ ਰੁਪਏ ਘਟਾਉਣ ਦਾ ਫੈਸਲਾ ਕੀਤਾ ਹੈ ; ਉਸ ਦੀ ਖੁਸ਼ੀ ਦੀ ਹੱਦ ਵੇਖੋ ਦਸ ਰੁਪਏ ਘਟਣ ਦੀ ਖੁਸ਼ੀ ਵਿੱਚ ਉਹ ਆਪਣਾ ਸਕੂਟਰ ਵੀ ਭੁੱਲ ਜਾਂਦਾ ਹੈ ਅਤੇ ਦਸ ਰੁਪਏ ਨਾਲ਼ ਆਪਣਾ ਨੰਗੇਜ਼ ਲੁਕਾਉਂਦਾ ‘ ਵਾਹ ! ਮੋਦੀ ਜੀ ਵਾਹ !’ ਦੇ ਨਆਰੇ ਲਾਉਂਦਾ ਖੁਸ਼ ਹੋਇਆ ਫਿਰਦਾ ਹੈ ।

ਨਵੰਬਰ 2021 ਮਗਰੋਂ ਇਸ ਵਰ੍ਹੇ ਮਾਰਚ ਮਹੀਨੇ ਵਿੱਚ ਪੰਜ ਰਾਜਾਂ ਦੀਆਂ ਚੋਣਾਂ ਤੱਕ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਅਤੇ ਚੋਣਾਂ ਖਤਮ ਹੋਣ ਮਗਰੋਂ ਕੁਝ ਦਿਨਾਂ ਮਗਰੋਂ ਹੀ ਰੋਜ਼ ਇਨ੍ਹਾਂ ਦੀਆਂ ਕੀਮਤਾਂ 50-50 ਪੈਸੇ ਕਰਕੇ ਵਧੀਆਂ ਅਤੇ ਇਕ ਮਹੀਨੇ ਦੇ ਅੰਦਰ ਹੀ ਇਹ ਦੋਵੇ ਤੇਲ ਨਵੰਬਰ 2021 ਤੋਂ ਪਹਿਲਾਂ ਵਾਲ਼ੀ ਸਥਿਤੀ ਪਾਰ ਕਰ ਗਏ । ਸਰਕਾਰ ਨੇ ਦਸ ਰੁਪਏ ਤੋਂ ਵੱਧ ਤੇਲ ਵਧਾ ਕਿ ਫਿਰ 10 ਰੁਪਏ ਘੱਟ ਕਰਨ ਦਾ ਐਲਾਨ ਕੀਤਾ । ਇਸ ਨਾਲ ਮਹਿੰਗਾਈ ‘ਤੇ ਕੋਈ ਫ਼ਰਕ ਨਹੀਂ ਪੈਣਾ ਕਿਉਂਕਿ ਰੇਟ ਫਿਰ ਵਧਣ ਲੱਗ ਪਏ ਹਨ ਅਤੇ ਵਪਾਰੀਆਂ ਨੇ ਚੀਜ਼ਾਂ ਦੇ ਰੇਟ ਘੱਟ ਹੀ ਨਹੀਂ ਕੀਤੇ ।

ਮਹਿੰਗਾਈ ਪਿਛਲੇ ਵੀਹ ਸਾਲਾਂ ਦੇ ਰਿਕਾਰਡ ਤੋੜ ਚੁੱਕੀ ਹੈ ਅਤੇ ਹਾਲੇ ਕਿਤੇ ਰੁਕਣ ਦਾ ਕੋਈ ਸੰਕੇਤ ਨਹੀਂ । ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਮਹਿੰਗਈ ‘ਤੇ ਸਿਧਾ ਅਸਰ ਪਾਉਂਦੀਆਂ ਹਨ ਕਿਉਂਕਿ ਦੇਸ਼ ਵਿੱਚ ਆਵਾਜਾਈ ਅਤੇ ਵਸਤੂਆਂ ਦੀ ਢੋਹ-ਢੁਆਈ ਲਈ ਇਹ ਦੋਵੇਂ ਤੇਲ ਸੱਭ ਤੋਂ ਵੱਧ ਵਰਤੇ ਜਾਂਦੇ ਹਨ । ਹਵਾਈ ਅਤੇ ਸਮੁੰਦਰੀ ਜਹਾਜ਼ਾਂ,ਰੇਲਾਂ ,ਬੱਸਾਂ,ਟਰੱਕ,ਕਾਰਾਂ,ਖੇਤੀ ਆਦਿ ਇਨ੍ਹਾਂ ‘ਤੇ ਹੀ ਚਲਦੇ ਹਨ । ਦਿੱਲੀ ਵਿੱਚ ਸਿਤੰਬਰ 2000 ‘ਚ ਪੈਟਰੋਲ ਤਕਰੀਬਨ 29 ਅਤੇ ਡੀਜ਼ਲ 17 ਰੁ: ਪ੍ਰਤੀ ਲੀਟਰ ਅਤੇ ਐੱਲਪੀਜੀ ਪ੍ਰਤੀ ਸਿਲੰਡਰ 232 ਰੁਪਏ ਸੀ ।

ਅੱਜ 29 ਮਈ ਨੂੰ ਦਿੱਲੀ ‘ਚ ਪੈਟਰੋਲ 106ਅਤੇ ਡੀਜ਼ਲ 97 ਰੁ: ਪ੍ਰਤੀ ਲੀਟਰ ਅਤੇ ਐੱਲਪੀਜੀ ਪ੍ਰਤੀ ਸਿਲੰਡਰ 1003 ਰੁਪਏ ਹੋ ਗਏ ਹਨ । ਇਸ ਮਹਿੰਗਾਈ ਦੀ ਸੱਭ ਤੋਂ ਵੱਧ ਮਾਰ ਗਰੀਬ ਮਜ਼ਦੂਰ , ਘੱਟ ਆਮਦਨ ਅਤੇ ਮੱਧ ਵਰਗ ਨੂੰ ਪੈਂਦੀ ਹੈ । ਭਾਰਤ ਸਰਕਾਰ, ਸਿਤੰਬਰ ਤੱਕ, ਗਰੀਬਾਂ ਨੂੰ ਮੁੱਫ਼ਤ ਰਾਸ਼ਨ ਦੀ ਸਕੀਮ ਵਧਾਉਣ ਦਾ ਐਲਾਨ ਕਰ ਚੱਕੀ ਹੈ ਪਰ ਇਸ ਸਕੀਮ ਵਿੱਚ ਸਭ ਕੁਝ ਨਹੀਂ ਮਿਲ਼ਦਾ । ਖਾਣੇ ਤੋਂ ਇਲਾਵਾ ਹੋਰ ਵੀ ਬਹੁਤ ਖਰਚੇ ਹੁੰਦੇ ਹਨ । ਗਰੀਬ ਵਿਚਾਰਾ ਆਲੂ/ਚੌਲ਼ਾਂ ‘ਤੇ ਹੀ ਗੁਜ਼ਾਰਾ ਕਰਦਾ ਹੈ ਪਰ ਹੁਣ ਤਾਂ ਇਹ ਵੀ ਕਈ ਵਾਰ

ਗਰੀਬਾਂ ਦ‌ੀ ਪਹੁੰਚ ਤੋਂ ਬਾਹਰ ਹੋ ਜਾਂਦੇ ਹਨ । ਸੈਂਟਰ ਫਾਰ ਮੌਨੇਟਰਿੰਗ ਇੰਡੀਅਨ ਇਕਾਨੋਮੀ (CMIE) ਅਨੁਸਾਰ ਮਹਾਂਮਾਰੀ ਦੀ ਪਹਿਲੀ ਮਾਰ ‘ਚ ਤਕਰੀਬਨ ਢਾਈ ਕਰੋੜ ਅਤੇ ਦੂਜੀ ਮਾਰ ‘ਚ ਇਕ ਕਰੋੜ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਤੋਂ ਜਵਾਬ ਮਿਲ਼ੇ ਸਨ । ਦੂਜੀ ਮਾਰ ਦੌਰਾਨ 97 ਫ਼ੀਸਦ ਲੋਕਾਂ ਦੀ ਆਮਦਨ ਹੇਠਾਂ ਆਈ ਹੈ । ਇਸੇ ਦੌਰਾਨ ਭਾਰਤ ਵਿੱਚ ਆਰਥਿਕ ਮਾਰ ਨੇ ਵਧੇਰੇ ਲੋਕਾਂ ਨੂੰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਹੈ । ਉਪਰੋਕਤ ਸਥਿਤੀਆਂ ਵਿੱਚ ਆਮ ਭਾਰਤੀ ਦਾ ਕਚੂਮਰ ਨਿਕਲ਼ਿਆ ਪਿਆ ਹੈ ਪਰ ਕੇਂਦਰ ਸਰਕਾਰ ਚੁੱਪ ਹੈ ।

ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਕਣਕ ਦੀ ਬਰਾਮਦ ਦੀ ਇਜਾਜ਼ਤ ਦੇ ਕੇ ਸਰਕਾਰ ਨੇ ਭਵਿਖ ਵਿੱਚ ਮਹਿੰਗਾਈ ਵਧਣ ਦੇ ਸੰਕੇਤ ਦੇ ਦਿਤੇ ਹਨ ਕਿਉਂਕਿ ਇਸ ਵਾਰ ਕਣਕ ਦੀ ਵੱਡੀ ਪੱਧਰ ‘ਤੇ ਖਰੀਦ ਵਪਾਰੀਆਂ ਨੇ ਕੀਤ‌ੀ ਹੈ । ਯੂਪੀ ਨੇ ਤਾਂ ਮੁਫ਼ਤ ਰਾਸ਼ਨ ਸਕੀਮ ਵਿੱਚ ਕਣਕ ਦ‌ੀ ਥਾਂ ਚੌਲ਼ ਦੇਣੇ ਸ਼ੁਰੂ ਕਰ ਦਿਤੇ ਹਨ । ਮਹਿੰਗਈ ਦਾ ਤੁਫ਼ਾਨ ਆਪਣਾ ਦਾਇਰਾ ਵਧਾਉਂਦਾ ਹੀ ਜਾ ਰਿਹਾ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਸਮੁੱਚੇ ਪੱਧਰ ‘ਤੇ ਮਹਿੰਗਾਈ ਨੂੰ ਨੱਥ ਪਾਉਣ ਲਈ ਕਾਰਵਾਈ ਕਰੇ ਨਾ ਕੇ ਸਿਰਫ਼ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਘਟਾਕੇ ਹੀ ਸਾਰ ਦਿਤਾ ਜਾਵੇ ।

ਇਹ ਨਾ ਹੋਵੇ ਕਿ ਹੁਣ ਮਹਿੰਗਾਈ ਦੀ ਮਹਾਂਮਾਰੀ ਫੈਲ ਜਾਵੇ । ਸੰਯੁਕਤ ਰਾਸ਼ਟਰ ਇਸੇ ਮਹੀਨੇ ਹੀ ਚਿਤਾਵਨੀ ਦੇ ਚੁੱਕਿਆ ਹੈ ਕਿ ਵਾਤਾਵਰਣ ਦੀ ਖਰਾਬੀ, ਮਹਾਂਮਾਰੀ ਦੇ ਅਸਰ ਅਤੇ ਰੂਸ ਦੇ ਯੂਕਰੇਨ ‘ਤੇ ਹਮਲੇ ਕਾਰਨ 23 ਮੁਲਕਾਂ ਦੇ ਤਕਰੀਬਨ ਇਕ ਅਰਬ ਲੋਕ ਖੁਰਾਕ ਦੀ ਥੁੜ ਕਾਰਨ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button