ਸਿੱਖ ਨੌਜਵਾਨ ਨੇ ਬਦਲਿਆ ਕੈਨੇਡਾ ਦਾ ਕਾਨੂੰਨ ! ਸੁਪਰੀਮ ਕੋਰਟ ‘ਚ King Charles ਦੀ ਸਹੁੰ ਨਾ ਚੁੱਕਣ ਦੀ ਲੜਾਈ ਜਿੱਤੀ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਨਾਲ ਸੰਬੰਧਿਤ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੇ ਆਪਣੀ ਸਿੱਖੀ ਸਿਦਕ ਅਤੇ ਅਡਿੱਗ ਸੋਚ ਨਾਲ ਕੈਨੇਡਾ ਦੇ ਕਾਨੂੰਨੀ ਇਤਿਹਾਸ ਵਿੱਚ ਨਵਾਂ ਅਧਿਆਇ ਲਿਖ ਦਿੱਤਾ ਹੈ। ਸਿੱਖੀ ਮਰਿਆਦਾ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰਦੇ ਹੋਏ ਇਸ ਨੌਜਵਾਨ ਨੇ ਅਦਾਲਤੀ ਲੜਾਈ ਲੜੀ ਅਤੇ ਆਖਿਰਕਾਰ ਕਾਨੂੰਨ ਬਦਲਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਬਲਕਿ ਧਾਰਮਿਕ ਆਜ਼ਾਦੀ ਅਤੇ ਵਿਅਕਤੀਗਤ ਅਧਿਕਾਰਾਂ ਦੀ ਵੱਡੀ ਜਿੱਤ ਬਣ ਕੇ ਸਾਹਮਣੇ ਆਇਆ ਹੈ। ਇਸ ਫੈਸਲੇ ਤੋਂ ਬਾਅਦ ਨਾ ਸਿਰਫ਼ ਸਿੱਖ ਸਮੁਦਾਏ ਵਿੱਚ, ਸਗੋਂ ਪੂਰੇ ਕੈਨੇਡਾ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।
ਦੱਸ ਦਈਏ ਕਿ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਨਾਲ ਸੰਬੰਧਿਤ ਪ੍ਰਭਜੋਤ ਸਿੰਘ, ਜੋ ਕਿ ਸਾਲ 1987 ਵਿੱਚ ਕੈਨੇਡਾ ਵਿੱਚ ਜਨਮੇ ਸਨ, ਨੇ ਹਾਲ ਹੀ ਵਿੱਚ ਵਕਾਲਤ ਦੀ ਡਿਗਰੀ ਪ੍ਰਾਪਤ ਕੀਤੀ। ਕੈਨੇਡਾ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰਨ ਤੋਂ ਬਾਅਦ ਵਕਾਲਤ ਕਰਨ ਲਈ ਕਾਨੂੰਨੀ ਤੌਰ ’ਤੇ ਰਾਜੇ ਕਿੰਗ ਚਾਰਲਸ ਪ੍ਰਤੀ ਸਹੁੰ ਚੁੱਕਣੀ ਲਾਜ਼ਮੀ ਸੀ। ਪਰ ਪ੍ਰਭਜੋਤ ਸਿੰਘ ਨੇ ਇਹ ਕਹਿ ਕੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਨ ਅਤੇ ਆਪਣੇ ਗੁਰੂ ਤੋਂ ਉੱਪਰ ਕਿਸੇ ਹੋਰ ਨੂੰ ਨਹੀਂ ਮੰਨ ਸਕਦੇ। ਉਨ੍ਹਾਂ ਦਾ ਸਪਸ਼ਟ ਕਹਿਣਾ ਸੀ ਕਿ ਉਹ ਵਕਾਲਤ ਤਾਂ ਕਰਨਗੇ, ਪਰ ਆਪਣੀ ਸਿੱਖੀ ਸਿਦਕ ਦੇ ਖ਼ਿਲਾਫ਼ ਜਾ ਕੇ ਸਹੁੰ ਨਹੀਂ ਚੁੱਕਣਗੇ। ਇਸ ਮਾਮਲੇ ਨੂੰ ਲੈ ਕੇ ਪ੍ਰਭਜੋਤ ਸਿੰਘ ਨੇ ਪਹਿਲਾਂ ਸਾਲ ਹੇਠਲੀ ਅਦਾਲਤ ਵਿੱਚ ਅਪੀਲ ਕੀਤੀ, ਪਰ ਉੱਥੇ ਸਾਲ 2023 ਵਿੱਚ ਉਨ੍ਹਾਂ ਦੀ ਅਪੀਲ ਖ਼ਾਰਜ ਕਰ ਦਿੱਤੀ ਗਈ।
ਇਸ ਤੋਂ ਬਾਅਦ ਪ੍ਰਭਜੋਤ ਸਿੰਘ ਨੇ Supreme Court of Canada ਦਾ ਰੁਖ ਕੀਤਾ ਅਤੇ ਆਪਣੇ ਧਾਰਮਿਕ ਅਧਿਕਾਰਾਂ ਸਬੰਧੀ ਦਲੀਲਾਂ ਪੇਸ਼ ਕੀਤੀਆਂ। ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਮਾਣਯੋਗ ਅਦਾਲਤ ਨੇ ਸੁਣਵਾਈ ਦੌਰਾਨ 1912 ਤੋਂ ਚਲਦਾ ਆ ਰਿਹਾ ਉਸ ਕਾਨੂੰਨ ਨੂੰ ਹੀ ਬਦਲ ਦਿੱਤਾ, ਜਿਸ ਅਧੀਨ ਕਿਸੇ ਵੀ ਅਹੁਦੇ ’ਤੇ ਜਾਣ ਲਈ ਰਾਜੇ ਪ੍ਰਤੀ ਸਹੁੰ ਲਾਜ਼ਮੀ ਸੀ। ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਹੁਣ ਕਿਸੇ ਵੀ ਵਿਅਕਤੀ ਨੂੰ ਕਿਸੇ ਅਹੁਦੇ ਜਾਂ ਪੇਸ਼ੇ ਲਈ King Charles ਰਾਜੇ ਦੀ ਸਹੁੰ ਚੁੱਕਣ ਲਈ ਮਜਬੂਰ ਨਹੀਂ ਕੀਤਾ ਜਾ ਸਕੇਗਾ।
ਇਸ ਇਤਿਹਾਸਕ ਫੈਸਲੇ ਨਾਲ ਜਿੱਥੇ ਪ੍ਰਭਜੋਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ, ਉੱਥੇ ਹੋਰਨਾਂ ਧਾਰਮਿਕ ਭਾਈਚਾਰਿਆਂ ਅਤੇ ਆਮ ਲੋਕਾਂ ਨੂੰ ਵੀ ਆਪਣੇ ਅਧਿਕਾਰਾਂ ਲਈ ਇੱਕ ਨਵਾਂ ਰਾਹ ਮਿਲਿਆ ਹੈ। ਇਸ ਮੌਕੇ ਜਦੋਂ ਪਿੰਡ ਵੜਿੰਗ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੱਕ ਸਿੱਖ ਨੌਜਵਾਨ ਨੇ ਪਿੰਡ, ਪੰਜਾਬ ਅਤੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਬਚਪਨ ਤੋਂ ਹੀ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਦਾ ਪੂਰਾ ਪਰਿਵਾਰ ਗੁਰਸਿੱਖ ਪਰਿਵਾਰ ਹੈ, ਜੋ ਹਮੇਸ਼ਾ ਸਿੱਖੀ ਅਸੂਲਾਂ ’ਤੇ ਡਟ ਕੇ ਖੜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




