D5 specialOpinion

ਸਾਹਿਤ ਦੇ ‘ਚਵਲ’

ਬੁੱਧ ਚਿੰਤਨ – ਵਿਅੰਗ
ਬੁੱਧ ਸਿੰਘ ਨੀਲੋਂ

ਸਾਹਿਤ ਤੇ ਸ਼ਹਿਦ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ । ਇਹ ਦੋਵੇਂ ਤਪੱਸਿਆ ਤੇ ਸਬਰ ਨਾਲ ਮਿਲਦੇ ਹਨ । ਗਿਆਨ ਛੋਲੇ ਦੇ ਕੇ ਨਹੀਂ ਅਧਿਅਨ ਕਰਕੇ ਆਉਂਦਾ ਹੈ । ਅਕਲ ਧੁੱਪੇ ਬਹਿ ਕੇ ਨਹੀਂ ਧੱਕੇ ਖਾ ਕੇ ਆਉਦੀ ਹੈ। ਉਮਰ ਤੇ ਅਕਲ ਦਾ ਕੋਈ ਸਬੰਧ ਨਹੀਂ । ਜਾਗਦੇ ਤੇ ਸੁੱਤੇ ਵਿੱਚ ਫਰਕ ਹੁੰਦਾ । ਜਾਗਦਾ ਜੇ ਚੁੱਪ ਹੈ ਤਾਂ ਬਹੁਤ ਦੁੱਖ ਹੈ ਪਰ ਜੇ ਕੋਈ ਸੁੱਤਾ ਹੈ..ਤਾਂ ਕੋਈ ਫਰਕ ਨਹੀਂ ਪੈਦਾ। ਜੇ ਜਾਗਦਾ ਵੀ ਚੁਪ …..ਗੱਲ ਇਹ ਹੈ ਕਿ ਜਦੋਂ ਜਾਗੋ.ਉਦੋਂ ਸਵੇਰਾ ਹੋ ਸਕਦਾ ਹੈ। ਹੁਣ ਬਹੁਗਿਣਤੀ ਆਪਣੇ ਆਪ ਨੂੰ ਪੜ੍ਹੇ.ਲਿਖੇ ਸਮਝਦੀ ਹੈ ਪਰ ਜਾਗਦੇ ਕਿੰਨੇ ਕੁ ਹਨ…? ਆਟੇ ਵਿੱਚ ਲੂਣ ਬਰਾਬਰ ਵੀ ਨਹੀਂ । ਅਸੀਂ ਸੱਤਾ ਦੇ ਗੁਲਾਮ ਹਾਂ । ਉਪਰੋ ਹੁਕਮ ਆਉਂਦਾ ਹੈ ਥੱਲੇ ਲਾਗੂ ਹੁੰਦਾ ਹੈ । ਗਰੀਬ ਨੂੰ ਹੇਠਾਂ ਤੱਕ ਲਤੜਦਾ ਹੈ। ਧਰਨਿਆਂ ਮੁਹਜਾਰਿਆਂ ਤੇ ਲਾਠੀਚਾਰਜ ਕੌਣ ਕਰਵਾਉਂਦਾ ਹੈ ਤੇ ਕਰਨ ਵਾਲੇ ਕੌਣ ਹਨ ?… ਸਾਡੇ ਹੀ ਧੀਆਂ ਤੇ ਪੁੱਤ।

ਪਰ ਉਹ ਗੁਲਾਮ ਹਨ ਹੁਕਮ ਦੇ..ਹੁਕਮਰਾਨ ਹੁਕਮ ਕਰਦਾ ਉਹ ਭੁੱਲ ਜਾਂਦੇ ਹਨ..ਕਿ ਇਹ ਸਾਡੇ ਹੀ ਭੈਣ ਭਰਾ ਹਨ। ਉਹ ਰਾਖਸ਼ ਕਿਉ ਬਣ ਜਾਂਦੇ ਹਨ…ਉਹਨਾਂ ਦੇ ਅੰਦਰਲਾ ਮਨੁੱਖ ਕਿਉ ਮਰ ਜਾਂਦਾ ? ਕੀ ਨੌਕਰੀ ਹੀ ਵੱਡੀ ਹੈ, ਕਿ ਲੋਕ ਵੱਡੇ ਹਨ ? ਇਸ ਦੀ ਸਮਝ ਦਾ ਗਿਆਨ ਦੇਣਾ ਸੀ ਸਾਹਿਤਕਾਰ ਤੇ ਸਿਖਿਆ ਸਾਸ਼ਤਰੀਆਂ ਨੇ.ਪਰ ਹੋਇਆ ਕੀ ਜਾ ਰਿਹਾ ਹੈ…ਤੇ ਲਿਖਿਆ ਕੀ ਜਾ ਰਿਹਾ ਹੈ ? ਵੇਚਿਆ ਤੇ ਪ੍ਰਚਾਰਿਆ ਕੀ ਜਾ ਰਿਹਾ । ਗਿਆਨਹੀਣ ਤੇ ਤਰਕਹੀਣ । ਮਨੁੱਖ ਨੂੰ ਨਰਕ ਤੇ ਗਰਕਣ ਦੇ ਰਾਹ ਤੋਰਨ ਵਾਲਾ ਗਿਆਨ ਤੇ ਸਾਹਿਤ ਲਿਖਿਆ ਜਾ ਰਿਹਾ ਹੈ । ਸਾਹਿਤ ਦਾ ਮਕਸਦ ” ਸੱਤਿਅਮ, ਸ਼ਿਵਮ ਤੇ ਸੁੰਦਰਮ ” ਹੁੰਦਾ ਹੈ। ਸਾਹਿਤ ਜੇ ਜਨ ਦਾ ਕਲਿਆਣ ਨਹੀਂ ਕਰਦਾ ਤਾਂ ਉਹ ਸਾਹਿਤ ਨਹੀਂ । ਸਾਹਿਤਕਾਰ ਦੀ ਸਮਾਜ ਪ੍ਰਤੀ ਜੇ ਪ੍ਰਤੀਵੱਧਤਾ ਨਹੀਂ,ਉਹ ਸਮਾਜ ਪ੍ਰਤੀ ਸੁਹਿਰਦ ਨਹੀਂ ਤੇ ਕੋਈ ਸਰੋਕਾਰ ਨਹੀਂ ਤਾਂ ਉਹ ਸਾਹਿਤਕਾਰ ਨਹੀਂ । ਕਲਮਘਸੀਟ ਹੋ ਸਕਦਾ ਹੈ…।

ਬਹੁਤੇ ਹੁਣ ਤੱਕ ਜਿਹੜੇ ਸਰੀਫ ਬਣੇ ਹੋਏ ਸੀ ਸਭ ਹਮਾਮ ਵਿੱਚ ਨੰਗੇ ਹੋ ਗਏ ਹਨ। ਸਾਹਿਤ ਦੇ ਵਿੱਚ ਖੁੰਭਾਂ ਵਾਂਗੂੰ ਉਗੇ ਲੇਖਕ / ਕਵੀ / ਨਾਵਲਕਾਰ / ਕਹਾਣੀਕਾਰ ਤੇ ਅਲੋਚਕ ਸਾਹਿਤ ਦੇ ਵਿੱਚ ਕੀ ਕਰ ਰਹੇ ਹਨ। ਉਹ ਕਿਸ ਦੇ ਲਈ ਤੇ ਕਿਸ ਦੇ ਬਾਰੇ .ਕੀ ਤੇ ਕਿਉ ਲਿਖਦੇ ਹਨ ? ਲਿਖਣ ਦੇ ਜਿਹੜੇ ਪੰਜ ਕੱਕੇ ਹੁੰਦੇ ਹਨ. ਕੀ, ਕਿਉਂ , ਕਿਵੇਂ , ਕਿਸ ਲਈ ਤੇ ਕਿਹੋ ਜਿਹਾ ਲਿਖਣਾ ਹੈ । ਕੀ ਇਹ ਲੇਖਕਾਂ ਤੇ ਕਵੀਆਂ ਨੂੰ ਯਾਦ ਹਨ? ਨਵਿਆਂ ਲੇਖਕਾਂ ਨੂੰ ਗਿਆਨ ਨਹੀਂ ਤੇ ਵੱਡਿਆਂ ਦਾ ਧਿਆਨ ਨਹੀਂ । ਮਾਮਲਾ ਗੜਬੜ ਹੋ ਰਿਹਾ ਹੈ। ਕੱਚਾ ਸਾਹਿਤ ਤੇ ਕੱਚਘਰੜ ਕਵੀ ਧੜਾਧੜ ਛਪ ਰਹੇ ਹਨ । ਉਹਨਾਂ ਨੂੰ ਸਮਝਾਉਣ ਵਾਲੇ ਖੁਦ ਦਿਸ਼ਾਹੀਣ ਹੋ ਗਏ ਹਨ। ਵੱਡੇ ਵੱਡੇ ਲੇਖਕਾਂ ਦੀ ਦਸ਼ਾ ਤੇ ਦਿਸ਼ਾ ਦਾ ਨਿਸ਼ਾਨਾ ਹੋਰ ਹੈ! ਚੰਗੇ ਤੇ ਪ੍ਰਤੀਵੱਧ ਲੇਖਕ ਹਾਸ਼ੀਏ’ ਤੇ ਹਨ..ਜੁਗਾੜੀ ਤੇ ਮੱਠਾਂ ਦੇ ਮਹੰਤ ਹਰ ਪਾਸੇ ਚੌਧਰੀ ਹਨ…ਉਹ ਤਿੰਨਾਂ ਵਿੱਚ ਵੀ ਤੇਰਾਂ ਵਿੱਚ ਪ੍ਰਧਾਨ ਹਨ ।

ਇਨਾਮ ਤੇ ਪੁਰਸਕਾਰ ਦੀ ਭੇਲੀ ਵੰਡ ਦਾ ਅੰਦਰਲਾ ਸੱਚ ਜਦੋਂ ਦਾ ਬਾਹਰ ਆਇਆ ਸਭ ਚੁੱਪ ਹਨ । ਲੇਖਕ ਮੀਸਣੇ ਨਹੀਂ ਹੁੰਦੇ ਮੌਕਪ੍ਰਸਤ ਨਹੀਂ ਹੁੰਦੇ…ਪਰ ਜੋ ਹੁੰਦਾ ਰਿਹਾ ਹੈ…ਕੀ ਕਿਸੇ ਦੇ ਕੋਲ ਕੋਈ ਤਰਕ ਦੇ ਨਾਲ ਜਵਾਬ ਦੇਣ ਲਈ ਕੋਈ ਜ਼ਮੀਰ ਹੈ? ਇਹ ਮੱਠਧਾਰੀ ਤੇ ਲਿਖਾਰੀ ਬਣੇ ਵਪਾਰੀ ਤੇ ਅਧਿਕਾਰੀ ਇਹਨਾਂ ਦੀ ਨਾਲ ਕੁਰਸੀ ਦੇ ਯਾਰੀ । ਇਹ ਮਰ ਚੁੱਕੀਆਂ ਜ਼ਮੀਰਾਂ ਵਾਲੇ ਕੌਣ ਹਨ ? ਉਹਨਾਂ ਦਾ ਸਾਹਿਤ ਲਿਖਣ ਦਾ ਮਨੋਰਥ ਤੇ ਪ੍ਰਯੋਜਨ ਕੀ ਹੈ..? ਪੌੜੀ ਸਾਹਿਤ ਤੇ ਸਾਹਿਤਕਾਰ ਕਿਉਂ ਫਲ ਰਹੇ ਹਨ? ਪਰ ਇਹ ਪੌੜੀਵਾਦ ਦਾ ਵੱਧ ਰਹੀ ਬੀਮਾਰੀ ਸਮਾਜ ਲਈ ਖਤਰਨਾਕ ਹੈ। ਹੁਣੇ ਹੀ ਬਖਸ਼ਿੰਦਰ ਦਾ ਨਾਵਲ ਆਇਆ..”.ਵਿਗੜੀ ਹੋਈ ਕੁੜੀ .. ਕਦੇ ਬੂਟਾ ਸਿੰਘ ਸ਼ਾਦ ਦੇ ਉਪਰ ਦੋਸ਼ ਲੱਗਦਾ ਸੀ ਕਿ ਉਹ ਨੀਲੇ ਰੰਗ ਦਾ ਸਾਹਿਤ ਲਿਖਦਾ ਹੈ…ਪਰ ਉਸ ਨੇ ਮਾਲਵੇ ਦੇ ਪੇਂਡੂ ਸੱਭਿਆਚਾਰ ਨੂੰ ਜਿਵੇਂ ਆਪਣੇ ਨਾਵਲ ਵਿੱਚ ਉਧੇੜਿਆ ਹੈ…ਰਿੜਕਿਆ ਹੈ..ਉਹ ਵਿਗੜੀ ਕੁੜੀ ਦੇ ਵਿੱਚ ਨਹੀਂ ! ਕੁੜੀ ਦੀ ਥਾਂ ਮੁੰਡਾ ਨੀ ਹੋ ਸਕਦਾ..?

ਅਸੀਂ ਸਨਸਨੀਖੇਜ ਤੇ ਅੱਖਾਂ ਨੂੰ ਤੱਤਾ ਲੱਗਣ ਵਾਲਾ ਸਾਹਿਤ ਲਿਖਣਾ ਤੇ ਪੜ੍ਹਨਾ ਪਸੰਦ ਕਰਦੇ ਹਾਂ । ਸਾਡੇ ਇਹ ਸੁਆਦ ਕਿਸ ਨੇ ਇਹੋ ਜਿਹੇ ਬਣਾਏ ਹਨ?.. ਟੀਵੀ ਨੇ…ਜਾਂ ਲੇਖਕ ਨੇ ? ਹਰ ਸਤਰ ਦਾ ਜੋ ਕਿਤਾਬ ਜਾਂ ਟੀਵੀ ਤੇ ਬੋਲੀ ਜਾਂਦੀ ਹੈ…ਉਸਦਾ ਕੋਈ ਨਾ ਕੋਈ ਲੇਖਕ ਹੁੰਦਾ ਹੈ…ਹਰ ਲੇਖਕ ਨਹੀਂ …ਕੁੱਝ ਕੁ ਲੇਖਕਾਂ ਦੇ ਪਿੱਛੇ ਕਾਰਪੋਰੇਟ ਜੁੰਡਲੀ ਹੈ। ਜੋ ਤੁਹਾਨੂੰ ਆਪਣੀ ਮਰਜ਼ੀ ਦਾ ਖਾਣ ਪੀਣ..ਕੱਪੜਾ ..ਬੂਟ…ਤੇ ਬਿਉਟੀ ਪਾਰਲਰ ਦਾ ਸਮਾਨ ਵੇਚਦੀ ਹੈ। ਅਸੀਂ ਆਪਣੀ ਮਰਜ਼ੀ ਦਾ ਕੁੱਝ ਨਹੀਂ ਕਰਦੇ। ਸਾਨੂੰ ਮੀਡੀਆ ਤੇ ਟੀਵੀ ਦੱਸਦਾ ਹੈ..ਕੀ ਖਾਣਾ ਪੀਣਾ ਤੇ ਕਿਵੇਂ ਜੀਣਾ ਹੈ। ਸਾਡੀ ਸੋਚ ਮਰ ਗਈ ਹੈ ? ਸਾਡੇ ਪੁਰਖਿਆਂ ਨੇ ਕਾਮ ਕਰੋਧ.ਲੋਭ.ਮੋਹ ਤੇ ਹੰਕਾਰ ਇਹ ਪੰਜ ਮਨੁੱਖ ਮਿੱਤਰ ਤੇ ਦੁਸ਼ਮਣ ਮੰਨੇ ਹਨ। ਇਹ ਪੰਜ ਹੀ ਸਾਡੇ ਉਪਰ ਭਾਰ ਹੋ ਗਏ ਹਨ… ! ਪਰ ਹਰ ਕੰਮ ਵਿੱਚ ਕਾਮ….ਦਾਮ ਦਾ ਬੋਲਬਾਲਾ ਏਨਾ ਵੱਧ ਗਿਆ ਹੈ ਕਿ..ਮਨੁੱਖ ਪਸ਼ੂ ਵੀ ਨਹੀਂ ਰਿਹਾ । ਪਸ਼ੂਆਂ, ਜਾਨਵਰਾਂ ਤੇ ਪੰਛੀਆਂ ਦਾ ਇਕ ਸੁਭਾਅ ਹੈ..ਨਿਯਮ ਹੈ..ਪਰ ਅਸੀਂ ਤੇ ਗੋਲੇ ਕਬੂਤਰ ਤੇ ਕਦੇ ਤੋਤੋ ਬਣ ਜਾਂਦੇ ਹਾਂ !

ਇਹਨਾਂ ਗੋਲਿਆਂ, ਕਬੂਤਰਾਂ ਤੇ ਤੋਤਿਆਂ ਦਾ ਸਾਰੇ ਹੀ ਪਾਸੇ ਦਬਦਬਾ ਵੱਧ ਰਿਹਾ ਹੈ… ਕੀ ਕਾਰਨ ਹੋ ਸਕਦਾ ਹੈ..ਕਿ ਅਸੀਂ ਜੰਗਲ ਵੱਲ ਤੁਰ ਪਏ ਹਾਂ …ਕਿਉਂ ਸਾਡੇ ਚੇਤਨਾ ਦੇ ਵਿੱਚ ਜੰਗਲ ਆ ਗਿਆ ਹੈ…ਕੌਣ ਹੈ ਜੋ ਸਾਨੂੰ ਜੰਗਲ ਵੱਲ ਲਈ ਜਾ ਰਿਹਾ ਹੈ? ਕੌਣ ਹਨ ਉਹ ਚਵਲ…? ਕੌਣ ਹਨ ਉਹਨਾਂ ਦੇ ਸਰਪ੍ਰਸਤ ? ਕਿਉਂ ਹੋ ਰਿਹਾ ਚਵਲ ਸਾਹਿਤ ਦਾ ਵਾਧਾ…? ਤੁਹਾਡੇ ਆਲੇ ਦੁਆਲੇ ਕਿਹੜੇ ਕਿਹੜੇ ਚਵਲ ਹਨ ? ਜੇ ਹਨ ਤਾਂ ਉਹਨਾਂ ਨੂੰ ਜਰੂਰ ਪੁੱਛੋ ਕਿ ਸਾਹਿਤ ਦਾ ਪ੍ਰਯੋਜਨ ਕੀ ਹੈ ਤੇ ਉਹ ਕੀ ਕਰਦੇ ਹਨ..ਤੇ ਕਿਉਂ ਕਰਦੇ ਹਨ ? ਸਾਹਿਤ ਚਵਲ ਨਹੀਂ ਹੁੰਦਾ ਲੇਖਕ / ਕਵੀ / ਵਿਦਵਾਨ ਚਵਲ ਹੋ ਸਕਦਾ ਹੈ ਜਿਵੇਂ ਬੰਦਾ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਉਸਦੀਆਂ ਕਰਤੂਤਾਂ ਮਾੜੀਆਂ ਹੁੰਦੀਆਂ ਹਨ..! ਆਓ ਇਹ ਚਵਲਾਂ ਦੀ ਸ਼ਨਾਖ਼ਤ ਕਰੀਏ !

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button