
ਬੀਤੇ ਦਿਨ ਦਿੱਲੀ ‘ਚ ਹੋਈ ਕਾਂਗਰਸ ਵਰਕਿੰਗ ਕਮੇਟੀ (CWC) ਦੀ ਮੀਟਿੰਗ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਸ਼ਾਮਲ ਨਹੀਂ ਹੋਏ। ਉਨ੍ਹਾਂ ਦੇ ਮੀਟਿੰਗ ਤੋਂ ਦੂਰ ਰਹਿਣ ਦੀ ਵਜ੍ਹਾ ਵੀ ਸਾਹਮਣੇ ਆਈ ਸੀ ਕਿ ਉਹ ਇਸ ਸਮੇਂ ਪੰਜਾਬ ਯੂਨੀਵਰਸਿਟੀ ‘ਚ ਆਪਣੀ ਪੜ੍ਹਾਈ ਤੇ ਆਉਣ ਵਾਲੀ ਪ੍ਰੀਖਿਆ ਦੀ ਤਿਆਰੀ ‘ਚ ਰੁੱਝੇ ਹੋਏ ਹਨ। ਇਸ ਵਿਚਕਾਰ ਅੱਜ ਉਨ੍ਹਾਂ ਦੀ ਇੱਕ ਦਿਲਚਸਪ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਉਹ ਪ੍ਰੀਖਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਚਰਨਜੀਤ ਸਿੰਘ ਚੰਨੀ ਲੋਕ ਪ੍ਰਸ਼ਾਸਨ (ਪਬਲਿਕ ਐਡਮਨਿਸਟਰੇਸ਼ਨ) ‘ਚ ਮਾਸਟਰ ਡਿਗਰੀ ਕਰ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਇਰਾਦਾ ਪਬਲਿਕ ਪਾਲਿਸੀ ਰਿਫੋਰਮ ਦੇ ਖੇਤਰ ‘ਚ ਇੱਕ ਹੋਰ ਪੀਐਚਡੀ ਕਰਨ ਦਾ ਹੈ। ਉਹ ਪਹਿਲਾਂ ਹੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਰਾਜਨੀਤੀ ਵਿਗਿਆਨ ‘ਚ ਪੀਐਚਡੀ ਕਰ ਚੁੱਕੇ ਹਨ।ਬੀਤੇ ਦਿਨ ਚਰਨਜੀਤ ਸਿੰਘ ਚੰਨੀ ਨੇ ਜ਼ਰੂਰੀ ਕੰਮ ਦਾ ਹਵਾਲਾ ਦਿੰਦੇ ਹੋਏ, ਕਾਂਗਰਸ ਵਰਕਿੰਗ ਕਮੇਟੀ ‘ਚ ਮੀਟਿੰਗ ਗੈਰ-ਹਾਜ਼ਰ ਰਹਿਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਇਸ ਘਟਨਾਕ੍ਰਮ ਨੂੰ ਪੰਜਾਬ ਕਾਂਗਰਸ ਦੇ ਕਲੇਸ਼ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਹਾਲਾਂਕਿ, ਬੀਤੇ ਦਿਨ ਹੀ ਉਨ੍ਹਾਂ ਦੀ ਪੀਯੂ ਪ੍ਰੀਖਿਆ ਬਾਰੇ ਵੀ ਜਾਣਕਾਰੀ ਮਿਲੀ ਸੀ।
ਪੰਜਾਬ ਕਾਂਗਰਸ ‘ਚ ਅੰਦਰੂਨੀ ਖਿੱਚਤਾਣ ਵੀ ਲਗਾਤਾਰ ਚਰਚਾ ‘ਚ ਹੈ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਚੰਨੀ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਸਿਆਸੀ ਦੂਰੀ ਦੇਖਣ ਨੂੰ ਮਿਲ ਰਹੀ ਹੈ। ਵੜਿੰਗ ਤੇ ਚੰਨੀ ਦੇ ਸਮਰਥਕਾਂ ਵਿਚਾਲੇ ਵੀ ਕਈ ਮੌਕਿਆਂ ਤੇ ਤਕਰਾਰ ਸਾਹਮਣੇ ਆ ਚੁੱਕੀ ਹੈ। ਦੋਵੇਂ ਆਗੂਆਂ ਦੇ ਸਮਰਥਕਾਂ ਨੇ ਇੱਕ-ਦੂਜੇ ਖਿਲਾਫ਼ ਪੋਸਟਰ ਵੀ ਲਗਾਏ ਸਨ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਖ਼ਿਲਾਫ਼ ਪੋਸਟਰ ਲੱਗਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




