D5 specialOpinion

ਸਰਕਾਰਾਂ ਨਾਲੋਂ ਸਮਾਜਿਕ ਪ੍ਰਬੰਧ ਬਦਲਣ ਦੀ ਕਿਤੇ ਜਿਆਦਾ ਲੋੜ !

ਸੁਬੇਗ ਸਿੰਘ, ਸੰਗਰੂਰ

ਇਸ ਗੱਲ ‘ਚ ਦੋ ਰਾਵਾਂ ਨਹੀਂ ਹਨ ਕਿ ਮੌਜੂਦਾ ਦੌਰ ਦੀਆਂ ਸਰਕਾਰਾਂ ਦੇ ਬਦਲਣ ਦੇ ਨਾਲ ਜਾਂ ਫਿਰ ਵੱਖ 2 ਰਾਜਨੀਤਿਕ ਪਾਰਟੀਆਂ ਦੀ ਬਦਲਵੀਂ ਸਰਕਾਰ ਦੇ ਨਾਲ ਲੋਕਾਂ ਦਾ ਭਲਾ ਹੋਣ ਵਾਲਾ ਨਹੀਂ ਹੈ। ਕਿਉਂਕਿ ਜਿਸ ਤਰ੍ਹਾਂ ਇੱਕ ਕਹਾਵਤ ਹੈ ਕਿ ਚੋਰ 2 ਮਸੇਰੇ ਭਾਈ ਹੁੰਦੇ ਹਨ ਜਾਂ ਫਿਰ ਹਮਾਮ ਚ ਸਾਰੇ ਹੀ ਨੰਗੇ ਹੁੰਦੇ ਹਨ। ਇਹ ਗੱਲ ਬਿਲਕੁਲ ਹੀ ਸੱਚ ਸਾਬਤ ਹੈ ਰਹੀ ਹੈ। ਵੈਸੇ ਵੀ ਲੋਕਤੰਤਰਿਕ ਪ੍ਰਣਾਲੀ ਨੂੰ ਛੱਡਕੇ,ਕੋਈ ਵੀ ਸਰਕਾਰ,ਲੋਕਾਂ ਦੀ ਵਫਾਦਾਰ ਨਹੀਂ ਹੋ ਸਕਦੀ।ਅਗਰ ਕੋਈ ਥੋੜ੍ਹੀ ਬਹੁਤ ਗੁਜਾਇੰਸ਼ ਕਿਸੇ ਸਰਕਾਰ ਵਿੱਚ ਹੁੰਦੀ ਹੈ,ਤਾਂ ਇਹ ਲੋਕਤੰੰਤਰਿਕ ਸਰਕਾਰਾਂ ਦੇ ਰਾਹੀ ਹੀ ਉਮੀਦ ਕੀਤੀ ਜਾ ਸਕਦੀ ਹੈ।ਪਰ ਅਫਸੋਸ,ਕਿ ਅਜੋਕੇ ਦੌਰ ਦੀ ਚੋਣ ਪ੍ਰਣਾਲੀ ਅਤੇ ਰਾਜਨੀਤਕ ਪਾਰਟੀਆਂ ਦਾ ਖਾਸਾ ਐਨਾ ਭ੍ਰਿਸ਼ਟ ਹੋ ਚੁੱਕਿਆ ਹੈ,ਕਿ ਹਰ ਵਿਅਕਤੀ ਅਤੇ ਹਰ ਰਾਜਨੀਤਕ ਪਾਰਟੀ ਦਾ ਸਿਰਫ ਤੇ ਸਿਰਫ ਇੱਕੋ ਹੀ ਉਦੇਸ਼ ਹੁੰਦਾ ਹੈ,ਕਿ ਉਹ ਰਾਜਸੱਤਾ ਤੇ ਕਾਬਜ਼ ਹੋ ਕੇ ਆਪਣੇ,ਆਪਣੇ ਪਰਿਵਾਰ ਤੇ ਇੱਥੋਂ ਤੱਕ ਕਿ ਆਪਣੀਆਂ ਆਉਣ ਵਾਲੀਆਂ ਕਈਆਂ ਪੀੜ੍ਹੀਆਂ ਲਈ ਹੀ ਧਨ ਦੌਲਤ ਇਕੱਠੀ ਕਰਨਾ ਹੁੰਦਾ ਹੈ।

ਇਸ ਤੋਂ ਇਲਾਵਾ,ਹੋਰ ਕੋਈ,ਅਕਾਲੀ ਦਲ ਬਾਦਲ ਦੇ ਨਾਅਰੇ,ਰਾਜ ਨਹੀਂ ਸੇਵਾ,ਦੇ ਵਾਂਗ ਕਿਸੇ ਵਿਅਕਤੀ ਜਾਂ ਕਿਸੇ ਰਾਜਨੀਤਕ ਪਾਰਟੀ ਦਾ ਏਜੰਡਾ ਲੋਕਾਂ ਦੀ ਸੇਵਾ ਕਰਨਾ ਨਹੀਂ ਹੁੰਦਾ।ਬੱਸ,ਆਪਣੀਆਂ ਜੇਬਾਂ ਅਤੇ ਤਿਜੌਰੀਆਂ ਭਰਨ ਤੱਕ ਹੀ ਤਾਂ ਇੰਨ੍ਹਾਂ ਰਾਜਨੀਤਕ ਲੀਡਰਾਂ ਤੇ ਪਾਰਟੀਆਂ ਦਾ ਏਜੰਡਾ ਸੀਮਤ ਹੈ ਕੇ ਰਹਿ ਗਿਆ ਹੈ।ਵੋਟਾਂ ਦੇ ਵਕਤ ਵੱਡੇ 2 ਨਾਅਰੇ ਅਤੇ ਦਮਗਜੇ ਮਾਰਕੇ ਲੋਕਾਂ ਨੂੰ ਭਰਮਾਉਣਾ ਅਤੇ ਮੂਰਖ ਬਨਾਉਣਾ ਵੱਖਰੀ ਗੱਲ ਹੈ। ਇਸ ਗੱਲ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ,ਕਿ ਅਜੋਕੇ ਦੌਰ ਚ,ਇੰਨ੍ਹਾਂ ਰਾਜਨੀਤਕ ਲੀਡਰਾਂ ਦਾ ਬੇੜਾ ਤਾਂ,ਇੱਥੋਂ ਤੱਕ ਗਰਕ ਗਿਆ ਹੈ,ਕਿ ਚੋਣਾਂ ਚ ਜਿੱਤਿਆ ਹੋਇਆ ਕੋਈ ਨੁਮਾਇੰਦਾ,ਸਵੇਰੇ ਕਿਸੇ ਹੋਰ ਪਾਰਟੀ ਚ ਹੁੰਦਾ ਹੈ,ਦੁਪਿਹਰੇ ਕਿਸੇ ਹੋਰ ਪਾਰਟੀ ਚ ਚਲਿਆ ਜਾਂਦਾ ਹੈ ਅਤੇ ਸ਼ਾਮ ਨੂੰ ਕਿਸੇ ਹੋਰ ਪਾਰਟੀ ਦੀ ਮੱਦਦ ਕਰ ਰਿਹਾ ਹੁੰਦਾ ਹੈ।ਕਿਉਂਕਿ ਲੋਕਾਂ ਨੇ,ਪੈਸੇ ਦੀ ਖਾਤਰ ਆਪਣੀ ਜਮੀਰ ਨੂੰ ਗਹਿਣੇ ਹੀ ਨਹੀਂ,ਸਗੋਂ ਵੇਚ ਹੀ ਦਿੱਤਾ ਹੈ,ਤਾਂ ਕਿ ਹਰ ਹੀਲੇ,ਵੱਧ ਤੋਂ ਵੱਧ ਧਨ ਦੌਲਤ ਤੇ ਪੈਸਾ ਇਕੱਠਾ ਕੀਤਾ ਜਾ ਸਕੇ।

ਅੱਜ ਕੱਲ ਇਹ ਗੱਲ ਆਮ ਹੀ ਸੁਣੀ ਤੇ ਪੜ੍ਹੀ ਜਾ ਰਹੀ ਹੈ,ਕਿ ਰਾਜਨੀਤਕ ਪਾਰਟੀਆਂ ਕਰੋੜਾਂ ਰੁਪਏ ਲੈ ਕੇ ਟਿਕਟਾਂ ਦੀ ਵੰਡ ਕਰਦੀਆਂ ਹਨ।ਹੋਰ ਤਾਂ ਹੋਰ,ਆਪਣੇ ਆਪਨੂੰ ਆਮ ਪਾਰਟੀ ਕਹਾਉਣ ਵਾਲੀ,ਅਰਵਿੰਦ ਕੇਜਰੀਵਾਲ ਦੀ ਪਾਰਟੀ ਅਤੇ ਕਿਸਾਨਾਂ ਦੇ ਹਿੱਤਾਂ ਦੀ ਤਰਜਮਾਨੀ ਕਰਨ ਵਾਲੇ, ਸੰਯੁਕਤ ਸਮਾਜ ਮੋਰਚੇ ਤੇ ਵੀ ਟਿਕਟਾਂ ਵੇਚਣ ਦੇ ਦੋਸ਼ ਆਮ ਹੀ ਲੱਗ ਰਹੇ ਹਨ।ਇਸ ਲਈ,ਇੱਕ ਗੱਲ ਬੜੀ ਹੀ ਸੋਚਣ ਤੇ ਸਮਝਣ ਵਾਲੀ ਇਹ ਹੈ,ਕਿ ਅਗਰ ਕੋਈ ਨੁਮਾਇੰਦਾ ਕਰੋੜਾਂ ਰੁਪਏ ਖਰਚ ਕਰਕੇ ਟਿਕਟ ਖਰੀਦੇਗਾ ਅਤੇ ਉਸਤੋਂ ਬਾਅਦ ਚ,ਫਿਰ ਕਰੋੜਾਂ ਰੁਪਿਆ ਖਰਚ ਕਰਕੇ ਚੋਣਾਂ ਜਿੱਤੇਗਾ,ਤਾਂ ਫਿਰ ਤੁਸੀਂ ਇਸ ਗੱਲ ਦਾ ਅੰਦਾਜ਼ਾ ਬੜੀ ਆਸਾਨੀ ਨਾਲ ਹੀ ਲਗਾ ਸਕਦੇ ਹੋ,ਕਿ ਉਹ ਵਿਅਕਤੀ ਆਪਣਾ ਖਰਚ ਹੋਇਆ ਪੈਸਾ ਜਿੱਤਣ ਤੋਂ ਬਾਅਦ ਪੁੱਠੇ ਸਿੱਧੇ ਤਰੀਕੇ ਨਾਲ ਜਨਤਾ ਤੋਂ ਕਿਉਂ ਨਹੀਂ ਵਸੂਲੇਗਾ। ਇਹ ਗੱਲ ਤਾਂ ਬੜੀ ਸਪੱਸ਼ਟ ਹੈ,ਕਿ ਅਜਿਹਾ ਵਿਅਕਤੀ ਤਾਂ ਸਗੋਂ ਰੱਜਕੇ ਭ੍ਰਿਸ਼ਟਾਚਾਰ ਕਰੇਗਾ।

ਕਿਉਂਕਿ ਉਸਨੂੰ ਪਤਾ ਹੁੰਦਾ ਹੈ,ਕਿ ਅਗਲੀ ਵਾਰ,ਪਤਾ ਨਹੀਂ ਉਹ ਚੋਣ ਜਿੱਤ ਵੀ ਸਕੇਗਾ ਜਾਂ ਫਿਰ ਨਹੀਂ ਜਿੱਤ ਸਕੇਗਾ।ਇਸ ਲਈ,ਹਰ ਹੀਲੇ ਪੈਸਾ ਇਕੱਠਾ ਕਰਨਾ,ਉਹ ਆਪਣਾ ਫਰਜ ਸਮਝਦਾ ਹੈ।ਅਸਲ ਵਿੱਚ,ਅਜੋਕੇ ਦੌਰ ਚ,ਇਹੋ ਤਾਂ ਚੋਣਾਂ ਦਾ ਮੁੱਖ ਮਕਸਦ ਬਣਕੇ ਰਹਿ ਗਿਆ ਹੈ। ਸੋ ਅਜਿਹੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ,ਅਗਰ ਦੇਸ਼ ਦੀ ਜਨਤਾ ਇੰਨ੍ਹਾਂ ਭ੍ਰਿਸ਼ਟ ਨੇਤਾਵਾਂ ਤੇ,ਇਉਂ ਹੀ ਆਸ ਲਗਾ ਕੇ ਰੱਖੇਗੀ,ਤਾਂ ਉਨ੍ਹਾਂ ਦੀ ਇਹ ਆਸ ਊਠ ਦੇ ਬੁੱਲ੍ਹ ਡਿੱਗਣ ਦੇ ਵਾਂਗ ਕਦੇ ਵੀ ਪੂਰੀ ਨਹੀਂ ਹੋਵੇਗੀ।ਕਿਉਂਕਿ ਨਾ ਹੀ,ਨੌਂ ਮਣ ਤੇਲ ਹੋਵੇਗਾ ਅਤੇ ਨਾ ਹੀ ਰਾਧਾ ਨੱਚੇਗੀ।ਸੋ,ਆਵਾਮ ਨੂੰ ਅਜਿਹੀ ਝਾਕ ਛੱਡਕੇ,ਆਪਣੇ ਸਮਾਜੀ ਪ੍ਰਬੰਧ ਨੂੰ ਬਦਲਣ ਦੀ ਤਿਆਰੀ ਚ ਜੁੱਟ ਜਾਣਾ ਚਾਹੀਦਾ ਹੈ,ਤਾਂ ਹੀ ਜਨਤਾ ਦਾ ਕੋਈ ਭਲਾ ਹੋ ਸਕਦਾ ਹੈ।

ਦੂਸਰਾ ਲੋਕਾਂ ਨੂੰ ਆਪਣੀ ਵੋਟ ਦੀ ਸਹੀ ਕੀਮਤ ਨੂੰ ਪਹਿਚਾਣ ਕੇ,ਸਹੀ ਪਾਰਟੀ ਜਾਂ ਸਹੀ ਬੰਦੇ ਨੂੰ ਹੀ ਆਪਣੀ ਵੋਟ ਦਾ ਸਹੀ ਇਸਤੇਮਾਲ ਹੀ ਕਰਨਾ ਚਾਹੀਦਾ ਹੈ।ਕਿਉਂਕਿ,ਅਜੋਕੇ ਦੌਰ ਦਾ ਖਾਸਾ,ਸਰਮਾਏਦਾਰੀ ਸਿਸਟਮ ਨਾਲ ਬੱਝਿਆ ਹੋਇਆ ਹੈ।ਇਹੋ ਕਾਰਨ ਹੈ,ਕਿ ਹੁਣ ਕਿਸੇ ਸੂਬੇ ਜਾਂ ਦੇਸ਼ ਦੀਆਂ ਸਰਕਾਰਾਂ,ਨਿਰਪੱਖ ਤੌਰਤੇ ਆਜਾਦ ਕੰਮ ਨਹੀਂ ਕਰ ਸਕਦੀਆਂ।ਸਗੋਂ ਇੰਨ੍ਹਾਂ ਸਰਕਾਰਾਂ ਦੇ ਤਾਂ ਹੱਥ ਬੰਨ੍ਹੇ ਹੋਏ ਹੁੰਦੇ ਹਨ।ਕਿਉਂਕਿ ਚੋਣਾਂ ਦਾ ਮਹਿੰਗਾ ਸਿਸਟਮ ਹੋਣ ਦੇ ਕਾਰਨ,ਦੇਸ਼ ਦਾ ਸ਼ਰਮਾਏਦਾਰ ਤੇ ਕਾਰਪੋਰੇਟ ਘਰਾਣੇ,ਅਜਿਹੀਆਂ ਸਰਕਾਰਾਂ ਨੂੰ ਆਪਣੀ ਜੇਬ ਚ ਰੱਖਦੀਆਂ ਹਨ। ਇਹੋ ਕਾਰਨ ਹੈ,ਕਿ ਇੰਨ੍ਹਾਂ ਸਰਕਾਰਾਂ ਤੇ ਕਾਰਪੋਰੇਟ ਘਰਾਣਿਆਂ ਦਾ ਨਹੁੰ ਮਾਸ ਦਾ ਰਿਸ਼ਤਾ ਹਮੇਸ਼ਾ ਲਈ ਬਣਿਆ ਰਹਿੰਦਾ ਹੈ ਅਤੇ ਇਹ ਹਮੇਸ਼ਾ ਹੀ ਬਣਿਆ ਰਹੇਗਾ।ਕਹਿਣ ਤੋਂ ਭਾਵ ਇਹ ਹੈ,ਕਿ ਇੰਨ੍ਹਾਂ ਸਰਕਾਰਾਂ ਤੇ ਕਾਰਪੋਰੇਟ ਘਰਾਣਿਆਂ ਦਾ,ਇੱਕ ਹੱਥ ਦੇ ਅਤੇ ਦੂਸਰੇ ਹੱਥ ਲੈ ਵਾਲੀ ਗੱਲ ਹੁੰਦੀ ਹੈ।

ਇਹਦਾ ਇੱਕ ਮੁੱਖ ਕਾਰਨ ਇਹ ਹੈ,ਕਿ ਕਾਰਪੋਰੇਟ ਘਰਾਣੇ ਤੇ ਸਰਮਾਏਦਾਰ ਤਬਕਾ,ਚੋਣਾਂ ਦੇ ਵਕਤ ਖੁੱਲ੍ਹਕੇ ਰਾਜਨੀਤਕ ਪਾਰਟੀਆਂ ਦੀ ਚੋਣ ਫੰਡ ਦੇ ਰੂਪ ਚ ਮੱਦਦ ਕਰਦੀਆਂ ਹਨ।ਜਿਸਦੇ ਇਵਜਾਨੇ ਵਜੋ,ਸਰਕਾਰਾਂ ਉਨ੍ਹਾਂ ਦੇ ਹਿੱਤਾਂ ਨੂੰ ਪੂਰਨ ਵਾਲੇ ਇੰਨ੍ਹਾਂ ਲੋਕਾਂ ਦੇ ਹੱਕ ਚ ਕਾਨੂੰਨ ਬਣਾਉਂਦੀਆਂ ਹਨ।ਇਉਂ ਇਹ,ਸਿਸਟਮ,ਇੱਕ ਦੂਜੇ ਦੇ ਪੂਰਕ ਬਣਕੇ ਲਗਾਤਾਰ ਚੱਲੀ ਜਾ ਰਿਹਾ ਹੈ ਪਰ ਜਿੰਨਾ ਚਿਰ,ਦੇਸ਼ ਦੀ ਜਨਤਾ,ਆਪਣੇ ਛੋਟੇ 2 ਲਾਭਾਂ ਅਤੇ ਆਪਸੀ ਮੱਤਭੇਦਾਂ ਨੂੰ ਦਰਕਿਨਾਰ ਕਰਕੇ,ਸਮੁੱਚੇ ਆਵਾਮ ਵਾਰੇ ਨਹੀਂ ਸੋਚਦੀ ਅਤੇ ਉਨ੍ਹਾਂ ਦੀ ਆਵਾਜ਼ ਨਹੀਂ ਬਣਦੀ,ਤਾਂ ਇਹ ਲੁੱਟ ਖਸੁੱਟ ਦਾ ਦੌਰ ਇਉਂ ਹੀ ਚੱਲਦਾ ਰਹੇਗਾ।ਜਿਹੜਾ ਕਿ ਦੇਸ਼ ਦੀ ਜਨਤਾ ਦੇ ਲਈ ਬੜਾ ਹੀ ਘਾਟੇ ਦਾ ਸੌਦਾ ਹੋਵੇਗਾ।ਇਹਦੇ ਲਈ,ਅਸੀਂ ਸਾਰੇ ਹੀ ਜਿੰਮੇਵਾਰ ਹਾਂ।ਪਰ ਦੇਸ਼ ਦਾ ਪੜ੍ਹਿਆ ਲਿਖਿਆ ਤੇ ਸੂਝਵਾਨ ਵਰਗ ਇਹਦੇ ਲਈ ਸਭ ਤੋਂ ਜਿਆਦਾ ਜਿੰਮੇਵਾਰ ਹੈ।ਅਗਰ, ਇਸ ਪੜ੍ਹੇ ਲਿਖੇ ਵਰਗ ਨੇ ਆਪਣੀ ਜਿੰਮੇਵਾਰੀ ਨੂੰ ਨਾ ਸਮਝਿਆ,ਤਾਂ ਆਉ ਵਾਲੀਆਂ ਪੀੜ੍ਹੀਆਂ ਬਰਬਾਦ ਹੋ ਜਾਣਗੀਆਂ ਅਤੇ ਇਤਿਹਾਸ ਇਸ ਵਰਗ ਨੂੰ ,ਉਨ੍ਹਾਂ ਦੀ ਇਸ ਭੁੱਲ ਲਈ ਕਦੇ ਵੀ ਮੁਆਫ ਨਹੀਂ ਕਰੇਗਾ।
93169 10402

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button