ਸਕਾਟਲੈਂਡ ਵਿਚ ਹੱਤਿਆਵਾਂ ਦੀ ਗਿਣਤੀ 19 ਫ਼ੀਸਦੀ ਵਧੀ, ਇਕ ਸਾਲ ਵਿਚ 56 ਮੌਤਾਂ

ਸਕਾਟਲੈਂਡ ਵਿਚ ਹੱਤਿਆਵਾਂ ਦੀ ਗਿਣਤੀ ਪਿਛਲੇ ਸਾਲ ਦੇ ਰਿਕਾਰਡ ਹੇਠਲੇ ਪੱਧਰ ਤੋਂ ਵਧ ਗਈ ਹੈ। ਸਕਾਟਿਸ਼ ਸਰਕਾਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ 2025–26 ਦੌਰਾਨ 56 ਵਿਅਕਤੀਆਂ ਦੀ ਹੱਤਿਆ ਹੋਈ, ਜਦਕਿ 2024–25 ਵਿੱਚ ਇਹ ਗਿਣਤੀ 47 ਸੀ। ਇਸ ਤਰ੍ਹਾਂ ਇਕ ਸਾਲ ਵਿੱਚ ਨੌਂ ਮੌਤਾਂ, ਭਾਵ ਲਗਭਗ 19 ਫ਼ੀਸਦੀ ਵਾਧਾ ਦਰਜ ਹੋਇਆ ਹੈ। ਹੱਤਿਆ ਦਾ ਸ਼ਿਕਾਰ ਹੋਏ ਵਿਅਕਤੀਆਂ ਵਿੱਚ 41 ਪੁਰਸ਼ ਅਤੇ 15 ਔਰਤਾਂ ਸ਼ਾਮਲ ਸਨ। ਔਰਤਾਂ ਵਿੱਚੋਂ 10 ਨੂੰ ਉਨ੍ਹਾਂ ਦੇ ਮੌਜੂਦਾ ਜਾਂ ਸਾਬਕਾ ਸਾਥੀ ਨੇ ਮਾਰਿਆ, ਜਦਕਿ 27 ਪੁਰਸ਼ਾਂ ਦੀ ਹੱਤਿਆ ਕਿਸੇ ਜਾਣਕਾਰ ਨੇ ਕੀਤੀ।
ਇਹ ਅੰਕੜੇ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੀ ਗੰਭੀਰਤਾ ਵੀ ਦਰਸਾਉਂਦੇ ਹਨ। ਚਾਕੂਆਂ ਅਤੇ ਹੋਰ ਤਿੱਖੇ ਹਥਿਆਰਾਂ ਨਾਲ 29 ਵਿਅਕਤੀਆਂ ਦੀ ਜਾਨ ਲਈ ਗਈ, ਜੋ ਕੁੱਲ ਗਿਣਤੀ ਦਾ 52 ਫ਼ੀਸਦੀ ਹੈ। ਇਨ੍ਹਾਂ ਮਾਮਲਿਆਂ ਵਿੱਚ 81 ਵਿਅਕਤੀ ਮੁਲਜ਼ਮ ਬਣਾਏ ਗਏ, ਜਿਨ੍ਹਾਂ ਵਿੱਚ 75 ਪੁਰਸ਼ ਅਤੇ ਛੇ ਔਰਤਾਂ ਸਨ। ਅਧਿਕਾਰਤ ਰਿਪੋਰਟ ਮੁਤਾਬਕ ਸਾਰੇ 56 ਪੀੜਤਾਂ ਨਾਲ ਸਬੰਧਤ ਮਾਮਲੇ ਪੁਲਿਸ ਨੇ ਸੁਲਝਾ ਲਏ ਹਨ। ਨਿਆਂ ਮੰਤਰੀ ਨੀਲ ਗ੍ਰੇਅ ਨੇ ਕਿਹਾ ਕਿ ਹਰ ਮੌਤ ਪਿੱਛੇ ਪਰਿਵਾਰ ਲਈ ਡੂੰਘਾ ਦੁੱਖ ਹੈ।
ਉਨ੍ਹਾਂ ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਰੋਕਣ, ਪੀੜਤਾਂ ਦੀ ਸਹਾਇਤਾ ਕਰਨ ਅਤੇ ਹਿੰਸਕ ਵਿਅਕਤੀਆਂ ਨੂੰ ਜਵਾਬਦੇਹ ਬਣਾਉਣ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਅਨੁਸਾਰ ਇਸ ਸਾਲ ਅਪ੍ਰੈਲ ਤੋਂ ਘਰੇਲੂ ਹਿੰਸਾ ਨਾਲ ਜੁੜੀਆਂ ਜਾਂ ਸ਼ੱਕੀ ਮੌਤਾਂ ਤੋਂ ਸਬਕ ਸਿੱਖਣ ਲਈ ਕੌਮੀ ਸਮੀਖਿਆ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਲੰਬੇ ਸਮੇਂ ਦੇ ਅੰਕੜਿਆਂ ਵਿੱਚ ਹੱਤਿਆਵਾਂ ਦਾ ਰੁਝਾਨ ਘਟਿਆ ਹੈ। ਨੌਜਵਾਨਾਂ ਵਿੱਚ ਇਹ ਕਮੀ ਖ਼ਾਸ ਤੌਰ ’ਤੇ ਸਾਹਮਣੇ ਆਈ ਹੈ। 2006–07 ਤੋਂ 2010–11 ਦੇ ਪੰਜ ਸਾਲਾਂ ਵਿਚ 16 ਤੋਂ 24 ਸਾਲ ਉਮਰ ਦੇ 113 ਵਿਅਕਤੀ ਹੱਤਿਆ ਦਾ ਸ਼ਿਕਾਰ ਹੋਏ ਸਨ, ਜਦਕਿ 2021–22 ਤੋਂ 2025–26 ਦੌਰਾਨ ਇਹ ਗਿਣਤੀ 28 ਰਹੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




