Breaking NewsD5 specialNewsPoliticsPunjabTop News

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ

ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ 30 ਮਾਰਚ ਨੂੰ ਹੋਵੇਗਾ-ਬੀਬੀ ਜਗੀਰ ਕੌਰ
ਸ਼੍ਰੋਮਣੀ ਕਮੇਟੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਵਿਖੇ ਸ਼ੈੱਡ ਤੇ ਪੱਖਿਆਂ ਦੀ ਸਹੂਲਤ ਦੇਵੇਗੀ
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 15 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਤੋਂ ਦਿੱਲੀ ਲਈ ਸਜਾਇਆ ਜਾਵੇਗਾ ਨਗਰ ਕੀਰਤਨ
ਨੌਵੇਂ ਪਾਤਸ਼ਾਹ ਜੀ ਦੀ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਹਰਿਆਵਲ ਲਹਿਰ ਸਿਰਜਣ ਦਾ ਫੈਸਲਾ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ 30 ਮਾਰਚ ਨੂੰ ਹੋਵੇਗਾ, ਜਿਸ ਵਿਚ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ, ਟਰੱਸਟ ਫੰਡਜ਼, ਪ੍ਰੈੱਸਾਂ, ਜਨਰਲ ਬੋਰਡ ਫੰਡ, ਸਿੱਖ ਇਤਿਹਾਸ ਰੀਸਰਚ ਬੋਰਡ ਅਤੇ ਵਿਦਿਅਕ ਅਦਾਰਿਆਂ ਸਮੇਤ ਗੁਰਦੁਆਰਾ ਸਾਹਿਬਾਨ ਦਾ ਬਜਟ ਪੇਸ਼ ਕੀਤਾ ਜਾਵੇਗਾ। ਅੱਜ ਇਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਜਟ ਇਜਲਾਸ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗਾ ਅਤੇ ਬਜਟ ਦੀ ਤੈਅ ਤਾਰੀਕ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਬਜਟ ਦੀਆਂ ਕਾਪੀਆਂ ਭੇਜੀਆਂ ਜਾਣਗੀਆਂ। ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਦਾ ਵਿਸਥਾਰ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਟੀਨ ਦੇ ਸ਼ੈੱਡ ਤਿਆਰ ਕਰਵਾ ਕੇ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ੈੱਡਾਂ ਵਿਚ ਗਰਮੀ ਤੋਂ ਬਚਾਅ ਲਈ ਪੱਖਿਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਕਿਸਾਨ ਸੰਘਰਸ਼ ਦੌਰਾਨ ਲੰਗਰਾਂ ਅਤੇ ਪਾਖਾਨਿਆਂ ਆਦਿ ਦੀਆਂ ਸੇਵਾਵਾਂ ਵੀ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਲੀ ਲਈ ਵੀ ਇਕ ਅਹਿਮ ਫੈਸਲਾ ਕੀਤਾ ਹੈ, ਜਿਸ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡੀ ਗਿਣਤੀ ਵਿਚ ਬੂਟੇ ਲਗਾਏ ਜਾਣਗੇ। ਇਸ ਦੇ ਨਾਲ ਹੀ ਇਸ ਇਤਿਹਾਸਕ ਦਿਹਾੜੇ ਨੂੰ ਵਿਸ਼ਾਲ ਪੱਧਰ ’ਤੇ ਮਨਾਉਣ ਲਈ ਵੱਖ-ਵੱਖ ਸਮਾਗਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ 15 ਮਾਰਚ ਨੂੰ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ, ਜੋ ਦਿੱਲੀ ਵਿਖੇ ਸੰਪੂਰਨ ਹੋਵੇਗਾ। ਮੁੱਖ ਸਮਾਗਮ 1 ਮਈ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗਾ, ਜਿਸ ਵਿਚ ਦੇਸ਼ ਦੁਨੀਆਂ ਦੀ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪੰਥ ਦੇ ਪ੍ਰਤੀਨਿਧ ਆਗੂ ਸ਼ਮੂਲੀਅਤ ਕਰਨਗੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼ਤਾਬਦੀ ਸਬੰਧੀ ਵੱਖ-ਵੱਖ ਸਮਾਗਮ ਆਰੰਭ ਕੀਤੇ ਜਾ ਚੁੱਕੇ ਹਨ।
ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਤੋਂ ਪਹਿਲਾਂ ਪਹਿਲਾਂ ਦੇਸ਼ ਭਰ ਵਿਚ ਸਮਾਗਮਾਂ ਦੀ ਲੜੀ ਸੰਪੂਰਨ ਕੀਤੀ ਜਾਵੇਗੀ। ਇਹ ਸਮਾਗਮ ਬੰਗਲਾ ਦੇਸ਼, ਪਟਨਾ ਸਾਹਿਬ, ਨਾਨਕਮਤਾ ਸਾਹਿਬ, ਧਮਧਾਨ ਸਾਹਿਬ, ਹਰਿਆਣਾ, ਕਾਨ੍ਹਪੁਰ, ਅਤੇ ਦੇਸ਼ ਦੇ ਹੋਰ ਭਾਗਾਂ ਦੇ ਨਾਲ-ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਬਾਬਾ ਬਕਾਲਾ ਸਾਹਿਬ, ਸ੍ਰੀ ਅੰਮ੍ਰਿਤਸਰ ਆਦਿ ਥਾਵਾਂ ’ਤੇ ਹੋਣਗੇ। ਉਨ੍ਹਾਂ ਕਿਹਾ ਕਿ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਬੈਠਕਾਂ ਕੀਤੀਆਂ ਜਾਣਗੀਆਂ, ਜੋ ਅੱਗੋਂ ਆਪੋ-ਆਪਣੇ ਹਲਕੇ ਵਿਚ ਸੰਗਤਾਂ ਨਾਲ ਰਾਬਤਾ ਕਾਇਮ ਕਰਨਗੇ।  ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਸਰਕਾਰ ਨੂੰ ਲਿਖੇ ਗਏ ਪੱਤਰ ਦੇ ਜਵਾਬ ਵਿਚ ਸਰਕਾਰ ਨੇ ਚਾਰ ਸੌ ਸਾਲਾ ਪ੍ਰਕਾਸ਼ ਸ਼ਤਾਬਦੀ ਸਬੰਧੀ ਯਾਦਗਾਰੀ ਸਿੱਕੇ, ਡਾਕ ਟਿਕਟ ਅਤੇ ਚਿੱਠੀ ਪੱਤਰ ਲਿਫਾਫੇ ਜਾਰੀ ਕਰਨ ਬਾਰੇ ਸ਼੍ਰੋਮਣੀ ਕਮੇਟੀ ਦੀ ਰਾਇ ਮੰਗੀ ਗਈ ਹੈ, ਜਿਸ ਸਬੰਧੀ ਸਬ-ਕਮੇਟੀ ਫੈਸਲਾ ਲਵੇਗੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਬਾਰੇ ਗੁਰੂ ਸਾਹਿਬ ਦੀ ਬਾਣੀ ਅਤੇ ਉਨ੍ਹਾਂ ਦੇ ਜੀਵਨ ਇਤਿਹਾਸ ਦੀ ਰੌਸ਼ਨੀ ਵਿਚ ਭਾਰਤ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਖੋਲ੍ਹਣ ਨੂੰ ਲੈ ਕੇ ਸਿੱਖਾਂ ਦੀਆਂ ਭਾਵਨਾਵਾਂ ’ਤੇ ਸੱਟ ਨਹੀਂ ਮਾਰਨੀ ਚਾਹੀਦੀ। ਪਹਿਲੇ ਪਾਤਸ਼ਾਹ ਦੇ ਇਸ ਪਾਵਨ ਅਸਥਾਨ ਦਾ ਲਾਂਘਾ ਖੋਲ੍ਹਣ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਸਬੰਧੀ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਜਾਰੀ ਹੈ ਅਤੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦਾ ਕੋਰੋਨਾ ਟੀਕਾਕਰਣ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ ਪਾਕਿਸਤਾਨ ਜਾਣਾ ਚਾਹੁੰਦੇ ਹਨ, ਉਹ ਆਪਣਾ ਟੀਕਾਕਰਣ ਸਮੇਂ ਸਿਰ ਕਰਵਾਉਣ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ. ਨਵਤੇਜ ਸਿੰਘ ਕਾਉਣੀ, ਸ. ਬਲਦੇਵ ਸਿੰਘ ਚੂੰਘਾਂ, ਸ. ਸਤਵਿੰਦਰ ਸਿੰਘ ਟੌਹੜਾ, ਸ. ਅਜਮੇਰ ਸਿੰਘ ਖੇੜਾ, ਸ. ਭੁਪਿੰਦਰ ਸਿੰਘ ਭਲਵਾਨ, ਸ. ਹਰਭਜਨ ਸਿੰਘ ਮਸਾਣਾਂ, ਬੀਬੀ ਮਲਕੀਤ ਕੌਰ ਕਮਾਲਪੁਰ, ਸ. ਮਿੱਠੂ ਸਿੰਘ ਕਾਹਨੇਕੇ, ਸ. ਅਮਰੀਕ ਸਿੰਘ ਸ਼ਾਹਪੁਰ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਤੇਜਿੰਦਰ ਸਿੰਘ ਪੱਡਾ, ਸ. ਸੁਲੱਖਣ ਸਿੰਘ ਭੰਗਾਲੀ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸ. ਸਤਬੀਰ ਸਿੰਘ ਧਾਮੀ ਤੇ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਹਾਜ਼ਰ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button