Breaking NewsD5 specialIndiaNewsPoliticsPunjab

ਸ਼੍ਰੋਮਣੀ ਅਕਾਲੀ ਦਲ ਦੀ ਅੰਦਰਲੀ ਕਾਲੀ ਦਾਲ ਹੁਣ ਰੜਕ ਰੜਕ ਕੇ ਬਾਹਰ ਆਉਣੀ ਸ਼ੁਰੂ

ਅੰਮ੍ਰਿਤਸਰ : ਲਓ ਬਈ ਪੈ ਗਿਆ ਪਟਾਕਾ! ਸ਼੍ਰੋਮਣੀ ਅਕਾਲੀ ਦਲ ਅੰਦਰਲੀ ਕਾਲੀ ਦਾਲ ਹੁਣ ਰੜਕ ਰੜਕ ਕੇ ਬਾਹਰ ਆਉਣੀ ਸ਼ੁਰੂ ਹੋ ਗਈ ਹੈ। ਜੇ ਨਹੀਂ ਸਮਝੇ ਤਾਂ ਵਿਸਥਾਰ ’ਚ ਸੁਣੋ। ਪਹਿਲਾਂ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਸਤੀਫਾ ਦਿੱਤਾ ਜਾਣਾ ਅਤੇ ਉਸ ਤੋਂ ਹੀ ਅਗਲੇ ਹੀ ਦਿਨ ਅੱਜ ਹੋਰ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮਕਾਜ ਤੇ ਸਵਾਲ ਉਠਾਉਣਾ ਤੇ ਉੱਤੋ ਸ਼ਮਲਾ ਇਹ ਕਿ ਇਸ ਮੌਕੇ ਕੀਤੇ ਗਏ ਪੱਤਰਕਾਰ ਸੰਮੇਲਨ ਵਿਚ ਅਕਾਲੀ ਦਲ ਦੇ ਮਾਝੇ ਦਾ ਜਰਨੈਲ ਕਹੇ ਜਾਣ ਵਾਲੇ ਬਿਕਰਮ ਸਿੰਘ ਮਜੀਠੀਆ ਨੂੰ ਨਾ ਸੱਦਿਆ ਜਾਣਾ। ਹੋ ਗਈ ਨਾ ਕਾਲੀ ਦਾਲ? ਸੋ ਉਮੀਦ ਹੈ ਕਿ ਤੁਹਾਡੇ ਦਿਮਾਗ ਦੇ ਕਿਸੇ ਖਾਨੇ ਨੇ ਅੰਦਰੋਂ ਦਰਵਾਜ਼ਾ ਖੋਲ੍ਹ ਕੇ ਇਸ ਪਾਸੇ ਵੱਲ ਝਾਤੀ ਮਾਰਨੀ ਸ਼ੁਰੂ ਕਰ ਦਿੱਤੀ ਹੋਵੇਗੀ। ਹੁਣ ਸੁਣੋ ਵਿਸਥਾਰ।

Read Also ਸੁਖਬੀਰ ਬਾਦਲ ਨੂੰ ਕਾਨੂੰਨੀ ਨੋਟਿਸ, ਜੇਲ੍ਹ ਦੀ ਤਿਆਰੀ?

ਅੱਜ ਕੀਤੇ ਗਏ ਇਸ ਪੱਤਰਕਾਰ ਸੰਮੇਲਨ ਦੌਰਾਨ ਇਨ੍ਹਾਂ ਤਿੰਨਾਂ ਬਜ਼ੁਰਗ ਟਕਸਾਲੀ ਆਗੂਆਂ ਨੇ ਭਾਵੇਂ ਹੌਲੀ ਹੌਲੀ ਹੀ ਸਹੀ ਪਰ ਬਾਦਲਾਂ ਵਲੋਂ ਲਏ ਗਏ ਫੈਸਲਿਆਂ ਉੱਤੇ ਕੰਬਦੀਆਂ ਕੰਬਦੀਆਂ ਉਂਗਲੀਆਂ ਚੁੱਕ ਹੀ ਦਿੱਤੀਆਂ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਭ ਠੀਕ ਠਾਕ ਨਹੀਂ ਚੱਲ ਰਿਹਾ ਅਤੇ ਇਹ ਮੁੱਦਾ ਉਹ ਪਾਰਟੀ ਦੀ ਕੌਰ ਕਮੇਟੀ ਕੋਲ ਚੁੱਕ ਕੇ ਹਰ ਹਾਲ ਵਿਚ ਠੀਕ ਕਰਾਉਣਗੇ। ਸਿਆਸਤ ਵਿੱਚ ਆਪਣੀਆਂ ਉਮਰਾਂ ਲੰਘਾਂ ਚੁੱਕੇ ਇਨ੍ਹਾਂ ਆਗੂਆਂ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਸੌਦਾ ਸਾਧ ਨੂੰ ਮਾਫ਼ੀ ਦੇਣਾ ਅਤੇ ਉਸ ਤੋਂ ਬਾਅਦ ਉਸ ਮਾਫ਼ੀ ਨੂੰ ਵਾਪਸ ਲੈਣਾ ਦੋਵੇਂ ਫੈਸਲੇ ਗਲਤ ਸਨ। ਇਸ ਤੋਂ ਇਲਾਵਾ ਇਨ੍ਹਾਂ ਆਗੂਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਬੇਅਦਬੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਨਿਰਦੋਸ਼ ਲੋਕਾਂ ਉੱਤੇ ਅਕਾਲੀ ਸਰਕਾਰ ਦੌਰਾਨ ਚਲਾਈ ਗਈ ਗੋਲੀ ਬਿਲਕੁਲ ਗਲਤ ਸੀ ਜਿਸ ਲਈ ਕਸੂਰਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

 

ਤੁਸੀ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇੱਥੋਂ ਲਗਾ ਸਕਦੇ ਹੋ ਕਿ ਭਾਵੇਂ ਕਿ ਇਨ੍ਹਾਂ ਤਿੰਨਾਂ ਆਗੂਆਂ ਨੇ ਬਾਦਲਾਂ ਦਾ ਨਾਮ ਤਾਂ ਨਹੀਂ ਲਿਆ ਪਰ ਇਹ ਜਰੂਰ ਕਹਿ ਗਏ ਕਿ ਜਦੋਂ ਕਿਸੇ ਸੰਸਥਾ ਦੀ ਕਮਾਨ ਛੋਟੇ ਬੰਦਿਆਂ ਦੇ ਹੱਥ ਆਉਂਦੀ ਹੈ ਤਾਂ ਗਲਤ ਹੁੰਦਾ ਹੀ ਹੈ। ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਉਹ ਆਉਂਦੇ ਹਫ਼ਤੇ ਜਲਦ ਹੀ ਕੋਈ ਰਣਨੀਤੀ ਬਣਾਉਣ ਲਈ ਮੀਟਿੰਗ ਕਰਨਗੇ। ਆਗੂਆਂ ਅਨੁਸਾਰ ਉਹ ਇਨ੍ਹਾਂ ਹਾਲਾਤਾਂ ਵਿੱਚ ਖੁਦ ਪਾਰਟੀ ਨਾ ਛੱਡ ਕੇ ਜਿਨ੍ਹਾਂ ਗਲਤ ਲੋਕਾਂ ਕਾਰਨ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਨੂੰ ਬਾਹਰ ਕੀਤੇ ਜਾਣ ਲਈ ਆਵਾਜ਼ ਬੁਲੰਦ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button