ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਦੀ ਮੁਲਾਕਾਤ
ਲੁਧਿਆਣਾ : ਅੱਜ ਇੱਥੇ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਸ. ਪ੍ਰਿਤਪਾਲ ਸਿੰਘ ਦੇ ਦਫ਼ਤਰ ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਨੇ ਪੰਜਾਬ ਦੇ ਮੁਸਲਮਾਨਾਂ ਵੱਲੋਂ ਇੱਕ ਮੰਗ ਪੱਤਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦਿੱਤਾ ਅਤੇ ਦੱਸਿਆ ਕਿ ਗੁਰਦਾਸਪੁਰ ਕਾਦਿਆਨ ਨਾਲ ਸਬੰਧਿਤ ਜਮਾਤ-ਏ-ਕਾਦਿਆਨ ਦਾ ਇਸਲਾਮ ਧਰਮ ਨਾਲ ਕੋਈ ਸਬੰਧ ਨਹੀਂ ਹੈ। ਨਾਇਬ ਸ਼ਾਹੀ ਇਮਾਮ ਨੇ ਦੱਸਿਆ ਕਿ ਇਸਲਾਮ ਧਰਮ ‘ਚ ਇਹ ਹੁਕਮ ਹੈ ਕਿ ਪੈਗੰਬਰ ਹਜਰਤ ਮੁਹੰਮਦ ਸਾਹਿਬ ਸਲੱਲਲਾਹੂ ਅਲੈਹੀਵਸੱਲਮ ਤੋਂ ਬਾਅਦ ਹੁਣ ਕੋਈ ਪੈਗੰਬਰ ਨਹੀਂ ਆਵੇਗਾ। ਸਾਰੇ ਮੁਸਲਮਾਨਾਂ ਨੂੰ ਕੁਰਆਨ ਅਤੇ ਹਦੀਸ ਦੇ ਮੁਤਾਬਿਕ ਚਲਣਾ ਪਵੇਗਾ। ਪ੍ਰੰਤੂ ਕਾਦਿਆਨੀ ਜਮਾਤ ਨੇ ਅੰਗ੍ਰੇਜੀ ਹਕੂਮਤ ਦੇ ਦੌਰਾਨ ਮਿਰਜਾ ਗੁਲਾਮ ਨੂੰ ਨਬੀ ਬਣਾ ਕੇ ਇਸਲਾਮ ਦੇ ਮੂਲ ਰੂਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਪਿੱਛੇ ਅੰਗ੍ਰੇਜੀ ਹਕੂਮਤ ਦੀ ਸਾਜਿਸ਼ ਸੀ ਕਿ ਮੁਸਲਮਾਨਾਂ ਦਾ ਧਿਆਨ ਜੰਗ-ਏ-ਆਜਾਦੀ ਤੋਂ ਹਟਾ ਦਿੱਤਾ ਜਾਵੇ।
Read Also ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੰਭਾਲੀ ਸੇਵਾ
1882 ‘ਚ ਲੁਧਿਆਣਾ ਦੇ ਪ੍ਰਸਿੱਧ ਵਿਦਵਾਨ ਮੌਲਾਨਾ ਸ਼ਾਹ ਮੁਹੰਮਦ ਲੁਧਿਆਣਵੀਂ ( ਸ਼ਾਹੀ ਇਮਾਮ ਪੰਜਾਬ ਦੇ ਪੜਦਾਦਾ ਦੇ ਪਿਤਾ ਜੀ) ਨੇ ਮਿਰਜਾ ਗੁਲਾਮ ਕਾਦਿਆਨੀ ਦੇ ਖਿਲਾਫ ਫਤਵਾ ਜਾਰੀ ਕੀਤਾ ਸੀ। ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਸਿੰਘ ਸਾਹਿਬ ਨੂੰ ਦੱਸਿਆ ਕਿ ਹੁਣ ਕਾਦਿਆਨੀ ਜਮਾਤ ਦਾ ਹੈਡ ਕੁਆਟਰ ਲੰਡਨ ‘ਚ ਹੈ ਅਤੇ ਉਹ ਅੱਜ ਵੀ ਪੰਜਾਬ ਸਹਿਤ ਪੂਰੇ ਭਾਰਤ ‘ਚ ਪੈਸੇ ਦੇ ਕੇ ਧਰਮ ਪਰਿਵਰਤਣ ਕਰਵਾਉਣ ‘ਚ ਲੱਗੇ ਹੋਏ ਹਨ ਤੇ ਉਹ ਹਰ ਸਾਲ ਕਾਦਿਆਨ ‘ਚ ਆਪਣੇ ਸਾਲਾਨਾ ਪ੍ਰੋਗਰਾਮ ‘ਚ ਸਰਵ ਧਰਮ ਦੇ ਨਾਂਅ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬ ਨੂੰ ਬੁਲਾਉਣ ਦੀ ਫਿਰਾਕ ‘ਚ ਹਨ। ਮੌਲਾਨਾ ਉਸਮਾਨ ਨੇ ਕਿਹਾ ਕਿ ਪੰਜਾਬ ਭਰ ਦੇ ਮੁਸਲਮਾਨ ਸਿੰਘ ਸਾਹਿਬਾਨ ਨੂੰ ਗੁਜਾਰਿਸ਼ ਕਰਦੇ ਹਨ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਦਿਆਨ ਜਮਾਤ ਦੇ ਪ੍ਰੋਗਰਾਮ ‘ਚ ਸ਼ਾਮਿਲ ਹੋਣ ਤੋਂ ਸਿੱਖ ਜੱਥੇਬੰਧੀਆ ਨੂੰ ਰੋਕਿਆ ਜਾਵੇ, ਕਿਉਂਕਿ ਉਹਨਾਂ ਦੇ ਜਲਸੇ ‘ਚ ਜਾਣ ਨਾਲ ਕਾਦਿਆਨੀ ਜਮਾਤ ਦੇ ਝੂਠੇ ਪ੍ਰਚਾਰ ਨੂੰ ਬਲ ਮਿਲ ਸਕਦਾ ਹੈ।
ਉਹਨਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਵੀ ਕਾਦਿਆਨ ਬੁਲਾਇਆ ਗਿਆ ਸੀ ਪਰਤੂੰ ਸਮਾਂ ਰਹਿੰਦੇ ਸ਼ਾਹੀ ਇਮਾਮ ਪੰਜਾਬ ਵੱਲੋਂ ਹਕੀਕਤ ਦੱਸਣ ‘ਤੇ ਉਹਨਾਂ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ। ਨਾਇਬ ਸ਼ਾਹੀ ਇਮਾਮ ਦੀ ਗੱਲ ਸੁਣ ਕੇ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਪਵਿੱਤਰ ਕੁਰਆਨ ਸ਼ਰੀਫ ਦਾ ਪੰਜਾਬੀ ‘ਚ ਅਨੁਵਾਦ ਕਰ ਚੁੱਕਾ ਹਾਂ ਅਤੇ ਇਸਲਾਮੀ ਸ਼ਰੀਅਤ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਮੁਸਲਮਾਨ ਬੇਫਿਕਰ ਰਹਿਣ ਕਿ ਸਿੱਖ ਸਮਾਜ ਕਦੇ ਵੀ ਕਿਸੇ ਅਜਿਹੇ ਵਿਅਕਤੀ ਅਤੇ ਜੱਥੇਬੰਦੀ ਦੀ ਹਿਮਾਇਤ ਨਹੀਂ ਕਰਦਾ ਜੋ ਕਿਸੇ ਧਰਮ ਦੀ ਮੂਲ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਹੋਵੇ। ਉਹਨਾਂ ਭਰੋਸਾ ਦਲਾਇਆ ਕਿ ਉਹ ਕਾਦਿਆਨੀ ਜਮਾਤ ਦੇ ਪ੍ਰੋਗਰਾਮ ‘ਚ ਕਦੇ ਵੀ ਸ਼ਾਮਿਲ ਨਹੀਂ ਹੋਣਗੇ। ਇਸ ਮੌਕੇ ‘ਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ, ਸਰਦਾਰ ਗੁਰਪ੍ਰੀਤ ਸਿੰਘ ਵਿੰਕਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.