ਸ਼ਬਦ ਸਿਰਜਣਹਾਰੇ-2 ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵਿ ਸੰਗ੍ਰਹਿ
ਉਜਾਗਰ ਸਿੰਘ
ਸਕੇਪ ਸਾਹਿਤਕ ਸੰਸਥਾ ਦਾ ਉਭਰਦੇ ਕਵੀਆਂ ਦੀਆਂ ਰਚਨਾਵਾਂ ਦਾ ਕਾਵਿ ਸੰਗ੍ਰਹਿ ‘ਸ਼ਬਦ ਸਿਰਜਣਹਾਰੇ-2’ ਚੰਗਾ ਉਦਮ ਹੈ। ਆਮ
ਤੌਰ ਤੇ ਸਥਾਪਤ ਕਵੀਆਂ ਲਈ ਪੁਸਤਕ ਪ੍ਰਕਾਸ਼ਤ ਕਰਨਾ ਕਰਾਉਣਾ ਕੋਈ ਮੁਸ਼ਕਲ ਨਹੀਂ ਹੁੰਦਾ ਪ੍ਰੰਤੂ ਸਾਹਿਤਕ ਖੇਤਰ ਵਿੱਚ ਉਭਰਦੇ
ਕਵੀਆਂ ਲਈ ਇਕੱਲਿਆਂ ਪੁਸਤਕ ਪ੍ਰਕਾਸ਼ਤ ਕਰਵਾਉਣਾ ਸੌਖਾ ਕਾਰਜ ਨਹੀਂ। ਰਵਿੰਦਰ ਸਿੰਘ ਚੋਟ ਅਤੇ ਪਰਵਿੰਦਰ ਜੀਤ ਸਿੰਘ ਨੇ ਇਸ
ਸਾਹਿਤਕ ਸੰਸਥਾ ਦੇ 20 ਕਵੀਆਂ ਦੀਆਂ ਰਚਨਾਵਾਂ ਸਾਂਝਾ ਕਾਵਿ ਸੰਗ੍ਰਹਿ ਸੰਪਾਦਿਤ/ਪ੍ਰਕਾਸ਼ਤ ਕਰਕੇ ਨਵੀਂ ਪਿਰਤ ਪਾਈ ਹੈ। ਇਨ੍ਹਾਂ
ਕਵੀਆਂ ਵਿੱਚ ਕੁਝ ਕੁ ਤਾਂ ਸਥਾਪਤ ਕਵੀ ਹਨ, ਜਿਨ੍ਹਾਂ ਨੇ ਸਾਰੀ ਉਮਰ ਸਾਹਿਤਕ ਖੇਤਰ ਵਿੱਚ ਪੰਜਾਬੀ ਭਾਸ਼ਾ ਦੀ ਸੇਵਾ ਕੀਤੀ ਹੈ। ਕਾਵਿ
ਸੰਗ੍ਰਹਿ ਦੇ ਸਾਰੇ ਕਵੀਆਂ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਵਾਲੀਆਂ ਹਨ।
ਬਹੁਤੇ ਕਵੀਆਂ ਦੇ ਕਵਿਤਾਵਾਂ ਅਤੇ ਗ਼ਜ਼ਲਾਂ ਦੇ ਵਿਸ਼ੇ ਲਗਭਗ ਇਕ ਦੂਜੇ ਨਾਲ ਮਿਲਦੇ ਜੁਲਦੇ ਹਨ ਕਿਉੀਕਿ ਸਮਾਜਿਕ ਸਰੋਕਾਰਾਂ ਵਿੱਚ ਲੋਕ ਹਿਤਾਂ ਦੇ ਵਿਸ਼ੇ ਸ਼ਾਮਲ ਹੁੰਦੇ ਹਨ। ਸਮਾਜ ਵਿੱਚ ਜੋ ਕੁਝ ਵਾਪਰ ਰਿਹਾ ਹੇ, ਕੁਦਰਤੀ ਹੈ ਕਿ ਕਵੀਆਂ ਦੇ ਮਨਾਂ ਤੇ ਉਸਦਾ ਡੂੰਘਾ ਅਸਰ ਪੈਂਦਾ ਹੈ। ਫਿਰ ਵੁਹ ਆਪਣੀਆਂ ਕਵਿਤਾਵਾਂ ਵਿੰਚ ਉਨ੍ਹਾਂ ਦਾ ਪ੍ਰਗਟਾਵਾ ਕਰਦੇ ਹਨ। ਇਸ ਪੁਸਤਕ ਵਿੱਚ ਸਭ ਤੋਂ ਪਹਿਲੇ ਕਵੀ ਗੁਰਮੀਤ ਸਿੰਘ ਪਲਾਹੀ ਦੀਆਂ ਤਿੰਨ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ‘ਉਹ ਮੁੜ ਨਹੀਂ ਪਰਤਿਆ’ ਸਿਰਲੇਖ ਵਾਲੀ ਕਵਿਤਾ ਪਰਵਾਸ ਵਿੱਚ ਗਏ ਨੌਜਵਾਨ ਪੁੱਤਰ ਨਾਲ ਜੁੜੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਹ ਕਵਿਤਾ ਮਾਪਿਆਂ ਅਤੇ ਪੁੱਤਰ ਦੀ ਵੇਦਨਾ ਹੈ। ਦੂਜੀ ਕਵਿਤਾ ‘ਬਥੇਰਾ ਕੁਫਰ ਤੋਲ ਲਿਆ’ ਪੰਜਾਬ ਦੀ ਵਰਤਮਾਨ ਸਥਿਤੀ ਦੀ ਮੂੰਹ ਬੋਲਦੀ ਤਸਵੀਰ ਹੈ। ਤੀਜੀ ਕਵਿਤਾ ‘ਸਮਾਂ ਤੁਰਦਾ ਰਿਹਾ, ਮੈਂ ਖੜ੍ਹਾ ਰਿਹਾ’ ਵੀ ਇਨਸਾਨ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਤ੍ਰਾਸਦੀ ਹੈ। ਬਲਦੇਵ ਰਾਜ ਕੋਮਲ ਦੀਆਂ 9 ਗ਼ਜ਼ਲਾਂ ਹਨ, ਜਿਨ੍ਹਾਂ ਵਿੱਚ ਇਸ਼ਕ ਮੁਸ਼ਕ, ਮਜ਼ਬੀ ਵਾਤਾਵਰਨ, ਬੱਚਿਆਂ ਦੇ ਪਾਲਣ ਪੋਸ਼ਣ, ਸਾਹਿਤਕ ਚੋਰੀ, ਜ਼ਿੰਦਗੀ ਦੀ ਜਦੋਜਹਿਦ ਅਤੇ ਹੋਰ ਕਈ ਵਿਸ਼ਿਆਂ ਬਾਰੇ ਲਿਖਿਆ ਹੈ। ਕੋਮਲ ਦੀਆਂ ਗ਼ਜ਼ਲਾਂ ਬਾਕਮਾਲ ਹਨ ਪ੍ਰੰਤੂ ਗ਼ਜ਼ਲਾਂ ਦੇ ਸਿਰਲੇਖ ਵਿੱਚ ਸਪੈÇਲੰਗ ਗ਼ਲਤ ਹਨ, ਸ਼ਾਇਦ ਪ੍ਰੂਫ ਰੀਡਿੰਗ ਦੀ ਗ਼ਲਤੀ ਹੋਵੇ। ਗ਼ਜ਼ਲ ਲਿਖਣ ਦੀ ਥਾਂ ਗਜ਼ਲ ਲਿਖਿਆ ਹੋਇਆ ਹੈ।
ਗ਼ਜ਼ਲਾਂ, ਗ਼ਜ਼ਲ ਮਾਪ ਦੰਡ ਤੇ ਪੂਰੀਆਂ ਉਤਰਦੀਆਂ ਹਨ। ਸੀਤਲ ਰਾਮ ਬੰਗਾ ਨੇ 7 ਕਵਿਤਾਵਾਂ ਵਿੱਚ ਬੜੇ ਮਹੱਤਵਪੂਰਨ ਵਿਸ਼ਿਆਂ ਨੂੰ ਛੋਂਹਦਿਆਂ ਹਾਕਮਾਂ ਦੇ ਧੋਖੇ, ਫਰੇਬ, ਹੈਵਾਨੀਅਤ, ਕੁਦਰਤ, ਵਾਤਾਵਰਨ, ਦੋਸਤੀ ਦੇ ਮਖੌਟੇ, ਜ਼ੋਰ ਜ਼ਬਰਦਸਤੀ, ਕਿਸਾਨ ਅੰਦੋਲਨ, ਇਨਸਾਨ ਇਨਸਾਨ ਦਾ ਦੁਸ਼ਮਣ ਅਤੇ ਬਚਪਨ ਬਾਰੇ ਲਿਖਿਆ ਹੈ। ਇੰਦਰਜੀਤ ਸਿੰਘ ਵਾਸੂ ਸੁਲਝੇ ਹੋਏ ਵਿਦਿਆ ਸ਼ਾਸਤਰੀ ਹਨ। ਉਨ੍ਹਾਂ ਦੀਆਂ 7 ਕਵਿਤਾਵਾਂ ਜ਼ਿੰਦਗੀ ਦੇ ਤਜਰਬਿਆਂ ਦਾ ਪ੍ਰਗਟਾਵਾ ਹਨ। ਉਨ੍ਹਾਂ ਦੇ ਵਿਸ਼ੇ ਕਾਮ ਕਰੋਧ, ਇਨਸਾਨੀ ਕਮਜ਼ੋਰੀਆਂ, ਭਰਿਸ਼ਟਾਚਾਰ, ਦਲ ਬਦਲੀ, ਧਰਮ, ਊਚ ਨੀਚ, ਕਿਸਾਨ ਅੰਦੋਲਨ ਅਤੇ ਉਸ ਵਿੱਚ ਬੀਬੀਆਂ ਦਾ ਯੋਗਦਾਨ ਆਦਿ ਹਨ। ਚਰਨਜੀਤ ਸਿੰਘ ਪੰਨੂੰ ਦੀਆਂ 5 ਕਵਿਤਾਵਾਂ ਇਨਸਾਨੀਅਤ, ਵਿਰਸਾ, ਸਿਆਸਤ, ਨਸ਼ੇ, ਬੇਰੋਜ਼ਗਾਰੀ, ਧੋਖੇ, ਮਾਫ਼ੀਏ ਅਤੇ ਕੁਦਰਤੀ ਆਫ਼ਤਾਂ ਦੇ ਵਿਸ਼ਿਆਂ ਵਾਲੀਆਂ ਹਨ, ਜਿਹੜੀਆਂ ਇਨਸਾਨੀ ਮਾਨਸਿਕਤਾ ਨੂੰ ਟੁੰਬਦੀਆਂ ਹਨ।
ਲਾਲੀ ਕਰਤਾਰਪੁਰੀ ਦੀਆਂ ਚਾਰ ਕਵਿਤਾਵਾਂ, ਦੋ ਗੀਤ ਅਤੇ ਇਕ ਗ਼ਜ਼ਲ ਹੈ, ਜਿਨ੍ਹਾਂ ਵਿੱਚ ਵਰਤਮਾਨ ਸਮਾਜਿਕ ਤਾਣੇ ਬਾਣੇ ਵਿੱਚ ਰਹਿੰਦਿਆਂ ਪੈਸੇ ਦੀ ਅਹਿਮੀਅਤ, ਪਰਵਾਸ ਦਾ ਸੰਤਾਪ ਅਤੇ ਨਸ਼ੇ ਹਨ। ਆਰ ਐਸ ਭੱਟੀ ਦੀਆਂ 5 ਕਵਿਤਾਵਾਂ ਜਿਨ੍ਹਾਂ ਵਿੱਚ ਵਿਰਾਸਤ ਨਾਲੋਂ ਟੱਟਣਾ, ਮਜ਼ਹਬੀ ਝਗੜੇ-ਝੇੜੇ, ਲਾਲਚ, ਧੋਖਾ, ਧਰਮ ਅਤੇ ਵਿਦਿਆ ਦੀ ਮਹੱਤਤਾ ਨਾਲ ਸੰਬੰਧਤ ਕਵਿਤਾਵਾਂ ਹਨ। ਕਮਲੇਸ਼ ਸੰਧੂ ਦੀਆ 5 ਕਵਿਤਾਵਾਂ, 2 ਗੀਤ ਅਤੇ ਰੁਬਾਇਆਂ ਹਨ। ਕਵਿਤਰੀ ਨੇ ਭਖਦੇ ਮਸਲਿਆਂ ਜਿਨ੍ਹਾਂ ਵਿੱਚ ਇਨਸਾਨੀਅਤ, ਫਿਰਕਾਪ੍ਰਸਤੀ, ਸਾਂਝੀਵਾਲਤਾ, ਹੱਕ, ਸੱਚ, ਫਰਜਾਂ, ਬਗ਼ਾਬਤ, ਸਿਖਿਆ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦਿਆਂ, ਉਨ੍ਹਾਂ ਬਾਰੇ ਕਵਿਤਾਵਾਂ ਲਿਖੀਆਂ ਹਨ। ਰਵਿੰਦਰ ਸਿੰਘ ਰਾਏ ਦੀਆਂ 6 ਗ਼ਜ਼ਲਾਂ ਅਤੇ 3 ਕਵਿਤਾਵਾਂ ਹਨ।
ਉਨ੍ਹਾਂ ਦੀ ਗ਼ਜ਼ਲ ਨਫਰਤ, ਬਾਰੂਦ, ਦੁਸ਼ਮਣੀ, ਲੜਾਈ ਝਗੜੇ, ਧਰਮ, ਗੁੱਸਾ, ਰਿਸ਼ਤੇ, ਇਨਸਾਫ, ਜ਼ਾਤ ਪਾਤ, ਧੋਖੇ ਫਰੇਬ ਨੂੰ ਵਿਸ਼ੇ ਬਣਾਕੇ ਕਮਾਲ ਕੀਤੀ ਹੈ। ਕਵਿਤਾਵਾ ਵਿੱਚ ਵੀ ਨਸ਼ੇ, ਸ਼ਾਂਤੀ ਅਤੇ ਖੇੜਿਆਂ ਦੀ ਗੱਲ ਕੀਤੀ ਹੈ। ਸੁਖਦੇਵ ਸਿੰਘ ਦੀਆਂ 9 ਛੋਟੀਆਂ ਕਵਿਤਾਵਾਂ ਹਨ ਜਿਨ੍ਹਾਂ ਦੇ ਅਰਥ ਵੱਡੇ ਹਨ। ਜ਼ਾਤ ਪਾਤ, ਮੰਦਿਰ ਮਸਜਿਦ, ਧਰਮ ਕਟੜਤਾ, ਕੁਦਰਤ ਦਾ ਘਾਣ, ਪਰਵਾਸ, ਆਦਿ ਬਾਰੇ ਬਿਹਤਰੀਨ ਢੰਗ ਨਾਲ ਕਵਿਤਾਵਾਂ ਲਿਖੀਆਂ ਹਨ। ਕਰਮਜੀਤ ਸਿੰਘ ਸੰਧੂ ਦੀਆਂ 8 ਕਵਿਤਾਵਾਂ ਹਨ ਜਿਹੜੀਆਂ ਦਾਜ, ਖੁਦਕਸ਼ੀਆਂ, ਨਸ਼ੇ, ਕਿਸਾਨੀ ਕਰਜ਼ਾ, ਗ਼ਮ, ਭਰਿਸ਼ਟਾਚਾਰ, ਸੌੜੀ ਰਾਜਨੀਤੀ, ਸੂਬਿਆਂ ਦੇ ਸੰਬੰਧਾਂ, ਇਨਸਾਨੀਅਤ, ਬਾਬਿਆਂ ਦੇ ਡੇਰੇ ਆਦਿ ਬਾਰੇ ਵਿਲੱਖਣ ਕਵਿਤਾਵਾਂ ਹਨ। ਦਰਸ਼ਨ ਸਿੰਘ ਨੰਦਰਾ ਦੀਆਂ 10 ਕਵਿਤਾਵਾਂ ਨਾਰੀ ਚੇਤਨਾ, ਭੂਣ ਹੱਤਿਆ, ਬਲਾਤਕਾਰ, ਝੂਠ, ਪਾਪ, ਜ਼ਾਤ ਪਾਤ, ਗ਼ਰੀਬੀ, ਲਾਰੇ ਲੱਪੇ, ਧਰਮ, ਨਸਲ, ਪਿਆਰ ਮੁਹੱਬਤ, ਇਨਸਾਨੀਅਤ ਅਤੇ ਈਰਖਾ ਵਰਗੇ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਕੇ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕੀਤੀ ਹੈ।
ਉਰਮਲਜੀਤ ਸਿੰਘ ਦੀਆਂ 8 ਕਵਿਤਾਵਾਂ ਧਾਰਮਿਕ, ਸਮਾਜਿਕ ਸਭਿਆਚਾਰ, ਕਿਸਾਨੀ ਸੰਘਰਸ਼, ਬੁਰੀ ਸੰਗਤ, ਸਿਹਤ, ਫਰਜਾਂ-ਅਧਿਕਾਰਾਂ, ਸਾਂਝੀਵਾਲਤਾ ਆਦਿ ਨੂੰ ਵਿਸ਼ੇ ਬਣਾਇਆ ਹੈ। ਸੁਖਦੇਵ ਸਿੰਘ ਗੰਢਵਾਂ ਨੇ ਆਪਣੀਆਂ 7 ਕਵਿਤਾਵਾਂ ਨਸ਼ੇ, ਪੁਰਾਤਨ ਰਿਵਾਜ਼, ਭਰੂਣ ਹੱਤਿਆ, ਵਾਤਾਵਰਨ, ਪਾਣੀ ਦੀ ਸੰਭਾਲ ਨਸ਼ੇ ਵਰਗੇ ਚਲੰਤ ਮਸਲਿਆਂ ਤੇ ਕਵਿਤਾਵਾਂ ਲਿਖਕੇ ਲੋਕਾਈ ਨੂੰ ਜਾਗ੍ਰਤ ਕਰਨ ਵਿੱਚ ਯੋਗਦਾਨ ਪਾਇਆ ਹੈ। ਅਮਨਦੀਪ ਸਿੰਘ ਦੀਆਂ ਤਿੰਨ ਕਵਿਤਾਵਾਂ, ਦੋ ਗੀਤ, ਟੱਪੇ ਅਤੇ ਇਕ ਗ਼ਜ਼ਲ ਇਸ ਸੰਗ੍ਰਹਿ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਨਵੀਂ ਸਵੇਰ ਦੀ ਕਾਮਨਾ, ਭਟਕੇ ਲੋਕਾਂ, ਜ਼ਿੰਦਗੀ ਦੀ ਜਦੋਜਹਿਦ ਨੂੰ ਵਿਸ਼ੇ ਬਣਾਇਆ ਹੈ। ਬਚਨਾ ਰਾਮ ਦੀਆਂ 6 ਕਵਿਤਾਵਾਂ ਜਿਨ੍ਹਾਂ ਵਿੱਚ ਕਰੋਨਾ ਦਾ ਵੁਹਾਨਾ ਤੋਂ ਆਏ ਕਹਿਰ, ਰੁੱਖਾਂ ਦੀ ਕਟਾਈ, ਮਜ਼ਦੂਰਾਂ ਤੇ ਗ਼ਰੀਬਾਂ ਦੇ ਮਸੀਹਾ, ਨਫ਼ਰਤ, ਦੇਸ਼ ਭਗਤੀ ਅਤੇ ਮਾਪਿਆਂ ਦੀ ਅਣਵੇਖੀ ਨਾਲ ਸੰਬੰਧਤ ਕਵਿਤਾਵਾਂ ਹਨ।
ਗੁਰਨਾਮ ਬਾਵਾ ਦੀਆਂ 7 ਛੋਟੀਆਂ ਕਵਿਤਾਵਾਂ ਦੇ ਸੰਦੇਸ਼ ਵੱਡੇ ਹਨ, ਜਿਨ੍ਹਾਂ ਵਿੱਚ ਧੋਖੇਬਾਜ਼ਾਂ, ਮਿਲਵਰਤਨ ਅਤੇ ਤਿੰਨ ਪਿਆਰ ਨਾਲ ਸੰਬੰਧਤ ਕਵਿਤਾਵਾਂ ਹਨ। ਲਸ਼ਕਰ ਢੰਡਵਾੜਵੀ ਦੀਆਂ 8 ਰਚਨਾਵਾਂ ਹਨ, ਜਿਨ੍ਹਾਂ ਵਿੱਚ ਦੋ ਕਿਸਾਨੀ ਬਾਰੇ, 5 ਗੀਤ ਅਤੇ ਇਕ ਨਸ਼ੇ, ਪਰਵਾਸ, ਭਰਿਸ਼ਟਾਚਾਰ ਅਤੇ ਲੜਕੀਆਂ ਨਾਲ ਦੁਰਵਿਵਹਾਰ ਨਾਲ ਸੰਬੰਧਤ ਕਵਿਤਾ ਹੈ। ਸੁਰਜੀਤ ਸਿੰਘ ਬਲਾੜ੍ਹੀ ਕਲਾਂ ਦੀਆਂ 6 ਕਵਿਤਾਵਾਂ ਜਿਨ੍ਹਾਂ ਵਿੱਚ 3 ਰੁੱਖਾਂ ਦੀ ਕਟਾਈ, ਇਕ ਕਿਸਾਨੀ, ਇਕ ਨਸ਼ਿਆਂ ਅਤੇ ਇਕ ਜੋਤਸ਼ ਦੇ ਪਖੰਡ ਬਾਰੇ ਹੈ। ਸੰਪਾਦਕ ਰਵਿੰਦਰ ਚੋਟ ਦੀਆਂ 7 ਕਵਿਤਾਵਾਂ ਮਿਹਨਤ ਮਜ਼ਦੂਰੀ, ਸੱਚ ਤੇ ਹੱਕ, ਧਰਮ ਨਿਰਪੱਖਤਾ, ਝੂਠ-ਫਰੇਬ, ਕੁਦਰਤੀ ਆਫਤਾਂ ਅਤੇ ਮੋਮੋ ਠਗਣੇ ਲੋਕਾਂ ਦੀਆਂ ਕਰਤੂਤਾਂ ਬਾਰੇ ਹਨ।
ਅਖ਼ੀਰ ਵਿੱਚ ਇੰਦੂ ਮਹਿਤਾ ਦੀਆਂ 9 ਵੱਖ-ਵੱਖ ਵਿਸ਼ਿਆਂ ਤੇ ਕਵਿਤਾਵਾਂ ਜਿਨ੍ਹਾਂ ਵਿੱਚ ਹਿੰਮਤ, ਦਰਦ, ਉਮੀਦ, ਨਫ਼ਰਤ, ਅਸੰਤੁਸ਼ਟਤਾ, ਇਸਤਰੀ ਦੀ ਤ੍ਰਾਸਦੀ ਅਤੇ ਪਿਆਰ ਨਾਲ ਸੰਬੰਧਤ ਕਵਿਤਾਵਾਂ ਹਨ। 220 ਪੰਨਿਆਂ, 250 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਰਵਿੰਦਰ ਸਿੰਘ ਚੋਟ ਅਤੇ ਪਰਵਿੰਦਰ ਜੀਤ ਸਿੰਘ ਨੇ ਪੰਜਾਬੀ ਵਿਰਸਾ ਟਰੱਸਟ ਫਗਵਾੜਾ ਤੋਂ ਪ੍ਰਕਾਸ਼ਤ ਕਰਵਾਇਆ ਹੈ। ਉਨ੍ਹਾਂ ਦਾ ਇਹ ਉਦਮ ਉਭਰਦੇ ਸਾਹਿਤਕਾਰਾਂ ਲਈ ਵਰਦਾਨ ਸਾਬਤ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.