Breaking NewsD5 specialIndiaNewsPoliticsPunjab

ਵਿਰੋਧੀਆਂ ਨੇ ਚਾੜਿਆਂ ਹੈ ਅਸਲ ਚੰਨ, ਕਲੰਕ ਕੈਪਟਨ ਦੇ ਚੰਨੀ ‘ਤੇ!

– ਕੁਲਵੰਤ ਸਿੰਘ

ਪਟਿਆਲਾ : ਪਿਛਲੇ ਕੁਝ ਦਿਨ ਤੋਂ ਦੇਸ਼ ਦੀ ਸਿਆਸਤ ਤੇ ਜਿਹੜਾ ਮੁੱਦਾ ਸਭ ਤੋਂ ਭਾਰੂ ਹੈ ਉਹ ਹੈ ‘ਮੀ ਟੂ’। ਹੁਣ ਤੱਕ ਇਸ ਮੁੱਦੇ ਨੇ ਕਈਆਂ ਦੀ ਸਿਆਸੀ ਬਲੀ ਲਈ ਤੇ ਕਈਆਂ ਦੀ ਸਮਾਜਿਕ। ਇੱਥੋਂ ਤੱਕ ਕਿ ਇਸ ਮੁੱਦੇ ਤਹਿਤ ਅੱਜ ਕਈ ਬਲੀ ਦਾ ਬਕਰਾ ਬਣਨ ਦੀ ਕਤਾਰ ਵਿੱਚ ਖੜ੍ਹੇ ਹਨ। ਹੋਰਨਾਂ ਤੋਂ ਇਲਾਵਾ ਸੂਬਾ ਪੰਜਾਬ ਵੀ ਮੀ ਟੂ ਰੂਪੀ ਇਸ ਕੌਡੇ ਰਾਖਸ਼ਸ ਤੋਂ ਬੱਚ ਨਹੀਂ ਸਕਿਆ। ਇਸ ਵੇਲੇ ਇਹ ਮੁੱਦਾ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਿੱਛੇ ਪੈ ਕੇ ਉਨ੍ਹਾਂ ਨੂੰ ਵੀ ਡਰਾ ਰਿਹਾ ਹੈ। ਭਾਵੇਂ ਕਿ ਪੰਜਾਬ ਦੀ ਇੱਕ ਮਹਿਲਾ ਆਈ.ਏ.ਐਸ. ਅਧਿਕਾਰੀ ਨੇ ਮੁੱਖ ਮੰਤਰੀ ਨੂੰ ਕੁਝ ਦਿਨ ਪਹਿਲਾਂ ਇਹ ਸ਼ਿਕਾਇਤ ਕੀਤੀ ਸੀ ਕਿ ਕੈਬਨਿਟ ਮੰਤਰੀ ਚਰਨਜੀਤ ਚੰਨੀ ਉਨ੍ਹਾਂ ਨੂੰ ਇਤਰਾਜਯੋਗ ਮੈਸੇਜ ਭੇਜ ਰਹੇ ਹਨ ਜਿਸ ਤੋਂ ਬਾਅਦ ਇਹ ਮੁੱਦਾ ਉਸ ਵੇਲੇ ਤਾਂ ਸ਼ਾਂਤ ਹੋ ਗਿਆ ਪਰ ਇੱਕ ਅੰਗਰੇਜ਼ੀ ਅਖਬਾਰ ਵਲੋਂ ‘ਮੀ ਟੂ’ ਮੁਹਿੰਮ ਤਹਿਤ ਛਾਪੀ ਗਈ ਇਸ ਖਬਰ ਨੂੰ ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਨੇ ਪੈਰ ਥਲੇ ਆਈ ਬਟੇਰ ਵਾਂਗ ਲੈ ਲਿਆ ਤੇ ਅੱਜ ਹਾਲਾਤ ਇਹ ਹਨ ਕਿ ਸਾਰੇ ਜਨਤਕ ਮੁੱਦਿਆਂ ਨੂੰ ਪਿੱਛੇ ਛੱਡ, ਅਕਾਲੀ ਦਲ ਸਿਰਫ਼ ਇਸ ਮੁੱਦੇ ਦਾ ਝੰਡਾ ਚੁੱਕੀ ਚਰਨਜੀਤ ਚੰਨੀ ਨੂੰ ਮਨਿਸਟਰੀ ਤੋਂ ਲੁਹਾ ਕੇ ਜੇਲ੍ਹ ਵਿੱਚ ਤੁੰਨਣਾ ਚਾਹੁੰਦਾ ਹੈ। ਇਸ ਸਾਰੇ ਰੇੜ੍ਹਕੇ ਵਿੱਚ ਸੁਆਲ ਇਹ ਉੱਠਦਾ ਹੈ ਕਿ ਸੰਦੇਸ਼ ਭੇਜਿਆ ਚੰਨੀ ਨੇ, ਮਿਲਿਆ ਮਹਿਲਾ ਅਧਿਕਾਰੀ ਨੂੰ ਤੇ ਸ਼ਿਕਾਇਤ ਦਾ ਨਿਪਟਾਰਾ ਕੀਤਾ ਮੁੱਖ ਮੰਤਰੀ ਨੇ।

Read Also ਅਕਾਲੀ ਦਲ ਦੀ ਜਬਰ ਵਿਰੋਧੀ ਰੈਲੀ

ਜੇਕਰ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਵੀ ਸਾਹਮਣੇ ਆ ਕੇ ਇਹ ਦੱਸਣ ਨੂੰ ਤਿਆਰ ਨਹੀਂ ਹੈ ਕਿ ਉਨ੍ਹਾਂ ਸੰਦੇਸ਼ਾਂ ਵਿੱਚ ਕੀ ਸੀ? ਤੇ ਨਾ ਹੀ ਇਸ ਸਬੰਧੀ ਕੋਈ ਮੁੜ ਤੋਂ ਕੋਈ ਸ਼ਿਕਾਇਤ ਕਰ ਰਿਹਾ ਹੈ, ਫਿਰ ਵਿਰੋਧੀ ਧਿਰਾਂ ਕਿਨ੍ਹਾਂ ਸੰਦੇਸ਼ਾਂ ਦੇ ਆਧਾਰ ’ਤੇ ਚੰਨੀ ਦੀ ਮਨਿਸਟਰੀ ਵਾਲੀ ਝੰਡੀ ਲੁਹਾਉਣ ਨੂੰ ਫਿਰਦੀਆਂ ਨੇ? ਪਹਿਲਾਂ ਇਹ ਜਾਣੋ ਕੀ ਚੰਨੀ ਦੇ ਮਾਮਲੇ ਦਾ ਪੂਰਾ ਰੇੜ੍ਹਕਾ ਕੀ ਹੈ? ਬੀਤੇ ਦਿਨੀਂ ਇੱਕ ਅੰਗਰੇਜ਼ੀ ਅਖਬਾਰ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਮਹਿਲ ਆਈ.ਏ.ਐਸ. ਅਧਿਕਾਰੀ ਨੂੰ ਇਤਰਾਜਯੋਗ ਸੰਦੇਸ਼ ਭੇਜੇ ਸਨ ਜਿਸਦੀ ਸ਼ਿਕਾਇਤ ਉਸ ਅਧਿਕਾਰੀ ਨੇ ਮੁੱਖ ਮੰਤਰੀ ਪੰਜਾਬ ਨੂੰ ਕੀਤੀ ਸੀ ਜੋ ਕਿ ‘ਮੀ ਟੂ’ ਦੇ ਦਾਇਰੇ ਵਿੱਚ ਆਉਂਦੀ ਹੈ। ਜਿਉਂ ਹੀ ਇਹ ਖਬਰ ਵਾਇਰਲ ਹੋਈ ਇਜ਼ਰਾਈਲ ਦੌਰੇ ’ਤੇ ਗਏ ਕੈਪਟਨ ਅਮਰਿੰਦਰ ਸਿੰਘ ਦੇ ਫੋਨ ਦੀਆਂ ਘੰਟੀਆਂ ਵੀ ਖੜਕਣੀਆਂ ਸ਼ੁਰੂ ਹੋ ਗਈਆਂ ਤੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਇਹ ਮਾਮਲਾ ਕੁਝ ਹਫਤੇ ਪਹਿਲੇ ਦਾ ਹੈ ਤੇ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੰਤਰੀ ਨੂੰ ਮਹਿਲਾ ਅਧਿਕਾਰੀ ਤੋਂ ਮਾਫ਼ੀ ਮੰਗਣ ਅਤੇ ਅਧਿਕਾਰੀ ਨੂੰ ਇਹ ਮਾਮਲਾ ਨਿਪਟਾਏ ਜਾਣ ਨੂੰ ਕਿਹਾ ਸੀ। ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਸੀ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਮੰਤਰੀ ਵਲੋਂ ਮਾਫ਼ੀ ਮੰਗ ਲਏ ਜਾਣ ਤੋਂ ਬਾਅਦ ਇਹ ਝਗੜਾ ਸੁਲਝਾ ਲਿਆ ਗਿਆ ਹੈ।

ਹੁਣ ਤੱਕ ਤਾਂ ਇਹ ਸਭ ਕੁਝ ਇੱਕ ਅਖਬਾਰ ’ਚ ਛਪੀ ਖਬਰ ਅਤੇ ਮੁੱਖ ਮੰਤਰੀ ਵਲੋਂ ਦਿੱਤਾ ਗਿਆ ਸਪਸ਼ਟੀਕਰਨ ਮਾਤਰ ਮੰਨਿਆ ਜਾ ਰਿਹਾ ਸੀ। ਪਰ ਜਿਉਂ ਹੀ ਇਹ ਸਪਸ਼ਟੀਕਰਨ ਵਾਇਰਲ ਹੋਇਆ ਤਾਂ ਸਰਕਾਰ ਦੀਆਂ ਵਿਰੋਧੀ ਧਿਰਾਂ ਤੂੰ ਕੌਣ ਮੈਂ ਖਾਹਮਖਾਂ ਵਾਲੇ ਡੰਡੇ ਵਿੱਚ ‘ਹਾਏ ਹਾਏ’ ਦਾ ਝੰਡਾ ਪਾ ਕੇ ਸੜਕਾਂ ਤੇ ਉਤਰ ਆਈਆਂ ਤੇ ਅੱਖਾਂ ਬੰਦ ਕਰਕੇ ਜ਼ੋਰ ਜ਼ੋਰ ਦੀ ‘ਚੰਨੀ ਹਟਾਓ, ਜੇਲ੍ਹ ਪਹੁੰਚਾਓ’ ਦੇ ਨਾਅਰੇ ਲਾਉਂਦੀਆਂ ਮੁੱਖ ਮੰਤਰੀ ਦੀ ਖਾਲੀ ਕੋਠੀ ਵੱਲ ਵੱਧ ਤੁਰੀਆਂ ਤੇ ਸ਼ਾਮ ਤੱਕ ਆਪਣੇ ਕੱਪੜੇ ਗਿੱਲੇ ਕਰਾ ਕੇ ਵਾਪਸ ਮੁੜ ਆਈਆਂ। ਭਲਾਂ ਇਨ੍ਹਾਂ ਨੂੰ ਕੋਈ ਪੁੱਛੇ ਬਈ ‘ਹਾਏ ਹਾਏ’ ਦਾ ਰੌਲਾ ਪਾਉਣ ਤੋਂ ਪਹਿਲਾਂ ਉਹ ਮਹਿਲਾ ਅਧਿਕਾਰੀ ਤਾਂ ਲੱਭ ਲਓ ਜਿਹੜੀ ਕਿ ਚੰਨੀ ਪੀੜਤ ਦੱਸੀ ਜਾ ਰਹੀ ਹੈ ਤੇ ਲੱਭਣ ਤੋਂ ਬਾਅਦ ਉਸਨੂੰ ਪੁੱਛੋ ਕਿ ਭਲੀਏ ਲੋਕੇ! ਤੇਰੇ ਨਾਲ ਕੀ ਹੋਇਆ ਸੀ? ਤੇ ਜੇਕਰ ਉਹ ਆਪਣੀ ਸਾਰੀ ਗਾਥਾ ਆਪਣੇ ਮੂੰਹੋਂ ਸੁਣਾਵੇ ਤੇ ਲਿਖਤੀ ਸ਼ਿਕਾਇਤ ਵਾਲਾ ਪੱਤਰ ਉਨ੍ਹਾਂ ਲੋਕਾਂ ਦੇ ਹਵਾਲੇ ਕਰੇ ਜਿਹੜੇ ਕਿ ਅੱਜ ਚੰਨੀ ਹਟਾਓ ਮੁਹਿੰਮ ਤੇ ਲੱਗੇ ਹੋਏ ਹਨ ਤਾਂ ਜਾ ਕੇ ਉਨ੍ਹਾਂ ਵੱਲੋਂ ਚੁੱਕਿਆ ਗਿਆ ਇਹ ਮੁੱਦਾ ਤਰਕਸੰਗਤ ਮੰਨਿਆ ਜਾਵੇਗਾ।

ਪਰ ਜਿਸ ਤਰ੍ਹਾਂ ਅੱਜ ਕੀ ਅਕਾਲੀ ਦਲ ਤੇ ਕੀ ਆਮ ਆਦਮੀ ਪਾਰਟੀ ਵਾਲੇ ਲੋਕ ਇਸ ਗੱਲ ਨੂੰ ਲੈ ਕੇ ‘ਹੋ ਹੱਲਾ’ ਮਚਾ ਰਹੇ ਨੇ ਉਸਨੂੰ ਦੇਖਦਿਆਂ ਸੂਝਵਾਨ ਤੇ ਬੁੱਧੀਜੀਵੀ ਲੋਕ ਇਸ ਹੋ ਹੱਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਲੋਕਾਂ ਦਾ ਧਿਆਨ ਹੋਰ ਪਾਸੇ ਭਟਕਾਉਣਾ ਕਰਾਰ ਦੇ ਰਹੇ ਹਨ। ਇਨ੍ਹਾਂ ਬੁੱਧੀਜੀਵੀਆਂ ਦਾ ਤਰਕ ਹੈ ਕਿ ਜੇਕਰ ਹੋ ਹੱਲਾ ਮਚਾਉਣ ਵਾਲੇ ਇਹ ਲੋਕ (ਖਾਸ ਕਰ ਅਕਾਲੀ) ਚੰਨੀ ਵਾਲੇ ਮੁੱਦੇ ਤੇ ਰੌਲਾ ਨਹੀਂ ਪਾਉਂਦੇ ਤਾਂ ਸ਼ਾਂਤੀ ਦੇ ਮਾਹੌਲ ਵਿੱਚ ਲੋਕਾਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਕਾਂਡ ਦੀਆਂ ਘਟਨਾਵਾਂ ਤੋਂ ਇਲਾਵਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਵਿਧਾਨ ਸਭਾ ਦੀ ਬਹਿਸ ਯਾਦ ਆਉਣ ਲੱਗ ਪਵੇਗੀ ਜਿਸਨੂੰ ਯਾਦ ਕਰਕੇ ਲੋਕ ਇੱਕ ਵਾਰ ਫਿਰ ਅਕਾਲੀ ਦਲ ਦੇ ਦੁਆਲੇ ਹੋ ਜਾਣਗੇ ਜੋ ਕਿ ਅਕਾਲੀ ਦਲ ਕਿਸੇ ਹਾਲਤ ਵਿੱਚ ਵੀ ਨਹੀਂ ਚਾਹੁੰਦਾ।

ਰਹੀ ਗੱਲ ਆਮ ਆਦਮੀ ਪਾਰਟੀ ਦੀ। ਤਾਂ ਇਸ ਵੇਲੇ ਇਸ ਮੁੱਦੇ ਨੂੰ ਸਭ ਤੋਂ ਜ਼ੋਰ ਸ਼ੋਰ ਨਾਲ ਚੁੱਕ ਰਹੇ ਹਨ ਸੁਖਪਾਲ ਖਹਿਰਾ। ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਕੇਜਰੀਵਾਲ ਧੜ੍ਹੇ ਨਾਲੋਂ ਵੱਖ ਹੋਣ ਤੋਂ ਬਾਅਦ ਖਹਿਰਾ ਪੰਜਾਬ ਵਿੱਚ ਆਪਣੀ ਵੱਖਰੀ ਹੋਂਦ ਕਾਇਮ ਕਰਨਾ ਚਾਹੁੰਦੇ ਹਨ ਜਿਸ ਤਹਿਤ ਖਹਿਰਾ ਵਲੋਂ ਕੀਤੀਆਂ ਗਈਆਂ ਰੈਲੀਆਂ ਤੋਂ ਇਲਾਵਾ ਬਰਗਾੜੀ ਸ਼ਰਧਾਂਜਲੀ ਸਮਾਗਮ ਤੇ ਕੋਟਕਪੁਰਾ ਰੋਸ ਮਾਰਚ ਵਿੱਚ ਹੋਏ ਭਾਰੀ ਇਕੱਠ ਨੇ ਉਨ੍ਹਾਂ ਦਾ ਸਿਆਸੀ ਕੱਦ ਵੱਡਾ ਵੀ ਕੀਤਾ ਹੈ ਤੇ ਇਹ ਕੱਦ ਹੋਰ ਵੱਡਾ ਹੁੰਦਾ ਰਹੇ ਤੇ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦੇ ਸਾਹਮਣੇ ਸਿਰ ਨਾ ਚੁੱਕ ਸਕਣ। ਇਸ ਲਈ ਉਹ ਕਈ ਅਜਿਹੇ ਮੁੱਦੇ ਵੀ ਚੱਕੀ ਜਾ ਰਹੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਆਪ ਵੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਹੈ।

ਬੁੱਧੀਜੀਵੀਆਂ ਅਨੁਸਾਰ ਚਾਹੀਦਾ ਤਾਂ ਇਹ ਸੀ ਕਿ ਚੰਨੀ ਦੇ ਖਿਲਾਫ਼ ਰੌਲਾ ਪਾਉਣ ਵਾਲੀਆਂ ਧਿਰਾਂ ਪਹਿਲਾਂ ਉਸ ਮਹਿਲਾ ਆਈ.ਏ.ਐਸ. ਅਧਿਕਾਰੀ ਨੂੰ ਲੱਭਦੀਆਂ, ਉਸ ਦਾ ਦੁਖੜਾ ਸੁਣਦੀਆਂ, ਪਤਾ ਕਰਦੀਆਂ ਕਿ ਚੰਨੀ ਨੇ ਉਸਨੂੰ ਕਿਹੜੇ ਸੰਦੇਸ਼ ਭੇਜੇ ਸਨ ਤੇ ਉਨ੍ਹਾਂ ਸੰਦੇਸ਼ਾਂ ਦਾ ਕਾਨੂੰਨੀ ਪੱਖ ਪਤਾ ਕਰਨ ਤੋਂ ਬਾਅਦ ਉਸ ਮਹਿਲਾ ਅਧਿਕਾਰੀ ਨੂੰ ਇਨਸਾਫ਼ ਲੈਣ ਲਈ ਅੱਗੇ ਆਉਣ ਲਈ ਮਨਾਉਂਦੀਆਂ। ਜੇਕਰ ਉਹ ਮਹਿਲਾ ਅਧਿਕਾਰੀ ਨਾ ਵੀ ਮੰਨਦੀ ਤਾਂ ਵੀ ਉਹ ਉਸ ਹਾਲਤ ਵਿੱਚ ਸਰਕਾਰ ਤੇ ਇਹ ਕਹਿ ਕੇ ਜਾਂਚ ਕਰਵਾਉਣ ਤੇ ਚੰਨੀ ਨੂੰ ਮਨਿਸਟਰੀ ਤੋਂ ਹਟਾ ਕੇ ਜੇਲ੍ਹ ਭੇਜਣ ਦੀ ਮੰਗ ਕਰ ਸਕਦੀਆਂ ਸੀ ਜਦੋਂ ਉਨ੍ਹਾਂ ਨੂੰ ਸਾਰਾ ਮਾਮਲਾ ਮਹਿਲਾ ਅਧਿਕਾਰੀ ਵੱਲੋਂ ਦੱਸਿਆ ਜਾਂਦਾ ਹੈ। ਪਰ ਇੱਥੇ ਤਾਂ ਕੋਈ ਸਾਹਮਣੇ ਹੀ ਨਹੀਂ ਆਇਆ, ਫਿਰ ਕਿਹਨੂੰ ਇਨਸਾਫ਼ ਦੁਆ ਕੇ ਇਹ ਪੁੰਨ ਖੱਟਿਆ ਜਾ ਰਿਹਾ ਹੈ। ਇਹ ਗੱਲ ਸਮਝਦਾਨੀ ਤੋਂ ਭੁੜਕ ਕੇ ਬਾਹਰ ਚਲੀ ਗਈ ਹੈ।

ਮੁੱਕਦੀ ਗੱਲ ਇਹ ਹੈ ਕਿ ਇਸ ਮੁੱਦੇ ਤੇ ਰੌਲਾ ਪਾਉਣ ਵਾਲੀਆਂ ਧਿਰਾਂ ਦੇ ਅੱਜ ਉਸ ਪਰਉਪਕਾਰੀ ਵਾਲੇ ਹਾਲਾਤ ਬਣ ਚੁੱਕੇ ਹਨ ਜਿਹੜਾ ਇੱਕ ਅਜਿਹੀ ਮਾਤਾ ਨੂੰ ਘੜੀਸ ਘੜੀਸ ਕੇ ਸੜਕ ਪਾਰ ਕਰਾ ਕੇ ਪੁੰਨ ਖੱਟਣਾ ਚਾਹੁੰਦਾ ਹੈ ਜਿਸ ਨੇ ਸੜਕ ਪਾਰ ਕਰਨੀ ਹੀ ਨਹੀਂ ਹੈ। ਪਰ ਇਸ ਬਿੱਲੀ ਦੇ ਗੱਲ ਟੱਲੀ ਕੌਣ ਬੰਨ੍ਹੇ ਕਿਉਂਕਿ ਮੋਮਬੱਤੀਆਂ ਦੇ ਇਸ ਦੇਸ਼ ਵਿੱਚ ਬਲਬਾਂ ਨੂੰ ਅਕਸਰ ਫਾਂਸੀ ਹੋ ਜਾਇਆ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button