Breaking NewsPunjabTop News

ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸਮੇਤ ਤਿੰਨ ਨੂੰ ਦੋ ਸਾਲ ਦੀ ਸਜ਼ਾ

ਡੇਰਾਬੱਸੀ ਦੀ ਅਦਾਲਤ ਨੇ ਕਰੋੜਾਂ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਸਮੇਤ ਤਿੰਨ ਲੋਕਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ–ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਉੱਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਇਹ ਫੈਸਲਾ ਡੇਰਾਬੱਸੀ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਵੱਲੋਂ ਕਰੀਬ ਸੱਤ ਸਾਲ ਤੱਕ ਚੱਲੀ ਸੁਣਵਾਈ ਤੋਂ ਬਾਅਦ ਸੁਣਾਇਆ ਗਿਆ। ਦੋਸ਼ੀ ਕਰਾਰ ਦਿੱਤੇ ਗਏ ਲੋਕਾਂ ਵਿੱਚ ਸ਼ਾਹਬਾਜ਼ ਸਿੰਘ ਸੋਹੀ (ਵਾਸੀ ਜ਼ੀਰਕਪੁਰ), ਜਤਿੰਦਰ ਸਿੰਘ ਅਤੇ ਨਛੱਤਰ ਸਿੰਘ ਸ਼ਾਮਲ ਹਨ, ਜੋ ਇੱਕ ਹਾਊਸਿੰਗ ਪ੍ਰੋਜੈਕਟ ਕੰਪਨੀ ਦੇ ਪਾਰਟਨਰ ਦੱਸੇ ਜਾਂਦੇ ਹਨ।
ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਮੌਕੇ ਉਤੇ ਹੀ ਜ਼ਮਾਨਤੀ ਰਕਮ ਭਰ ਕੇ ਜ਼ਮਾਨਤ ਲੈ ਲਈ। ਮਾਮਲੇ ਦੀ ਸ਼ੁਰੂਆਤ ਸਾਲ 2018 ਵਿੱਚ ਹੋਈ ਸੀ, ਜਦੋਂ ਜ਼ੀਰਕਪੁਰ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਦੇ ਭਰਾ ਕਮਲਜੀਤ ਸਿੰਘ ਨੇ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ‘ਮੈਸਰਜ਼ ਪਲੈਟੀਨਮ ਸਮਾਰਟ ਬਿਲਡਕੋਨ’ ਨਾਮਕ ਕੰਪਨੀ ਦੇ ਪਾਰਟਨਰਾਂ ਨੇ ਰਾਜਪੁਰਾ ਵਿਖੇ ‘ਸਿਲਵਰ ਸਿਟੀ’ ਹਾਊਸਿੰਗ ਪ੍ਰੋਜੈਕਟ ਵਿੱਚ ਕਰੋੜਾਂ ਰੁਪਏ ਦੇ ਪਲਾਟ ਵੇਚਣ ਲਈ ਸੌਦਾ ਤੈਅ ਕੀਤਾ ਸੀ। ਸ਼ਿਕਾਇਤਕਰਤਾ ਮੁਤਾਬਕ ਬਾਅਦ ਵਿੱਚ ਇਹ ਸੌਦਾ ਪੂਰਾ ਨਹੀਂ ਹੋ ਸਕਿਆ।

ਇਸ ਦੌਰਾਨ ਸਮਝੌਤੇ ਤਹਿਤ ਕਰੀਬ ਸਾਢੇ ਤਿੰਨ ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ, ਜੋ ਬੈਂਕ ਵਿੱਚ ਲਗਾਉਣ ‘ਤੇ ਬਾਊਂਸ ਹੋ ਗਿਆ। ਇਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਅਤੇ ਲੰਬੀ ਕਾਨੂੰਨੀ ਕਾਰਵਾਈ ਚੱਲਦੀ ਰਹੀ। ਦੋਵਾਂ ਧਿਰਾਂ ਦੀਆਂ ਦਲੀਲਾਂ ਅਤੇ ਸਬੂਤਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਸ਼ਿਕਾਇਤਕਰਤਾ ਦੇ ਪੱਖ ਨੂੰ ਮਜ਼ਬੂਤ ਮੰਨਦਿਆਂ ਤਿੰਨਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਦੋ ਸਾਲ ਦੀ ਸਜ਼ਾ ਸੁਣਾਈ। ਸ਼ਿਕਾਇਤ ਧਿਰ ਦੇ ਵਕੀਲ ਨੇ ਦੱਸਿਆ ਕਿ ਇਹ ਮਾਮਲਾ ਕਰੀਬ ਸੱਤ ਸਾਲ ਤੱਕ ਅਦਾਲਤ ਵਿੱਚ ਚੱਲਦਾ ਰਿਹਾ ਅਤੇ ਆਖਿਰਕਾਰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button