
ਚੰਡੀਗੜ੍ਹ ,21 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਅਤੇ ਕਿਸਾਨਾਂ ਦੋਵਾਂ ਨਾਲ ਗੱਲਬਾਤ ਕਰਨ ਜੋ ਚਾਹੁੰਦੇ ਹਨਕਿ ਉਹਨਾਂ ਦੇ ਮਸਲਿਆਂ ਦੇ ਹੱਲ ਵਾਸਤੇ ਉਹ ਉਹਨਾਂ ਤੱਕ ਪਹੁੰਚ ਕਰਨ ਅਤੇ ਜ਼ੋਰ ਦੇ ਕੇ ਕਿਹਾ ਉਹਨਾਂ ਦੀ ਆਵਾਜ਼ ਕੁਚਲਣ ਵਾਸਤੇ ਤਾਕਤ ਦੀ ਵਰਤੋਂ ਕਰਨਾ ਲੋਕਤੰਤਰ ਵਾਸਤੇ ਚੰਗਾ ਨਹੀਂ।
ਬਠਿੰਡਾ ਦੇ ਐਮ ਪੀ, ਜੋ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਸਾਡੀ ਸਿੱਖਿਆ ਪ੍ਰਣਾਲੀ ਵਿਚ ਪੇਪਰ ਲੀਕ ਅਤੇ ਮੁੱਦੇ ਅਸਲੀ ਹਨ। ਉਹਨਾਂ ਕਿਹਾ ਕਿ ਨੀਟ ਪੇਪਰ ਲੀਕ, ਸੀ ਬੀ ਐਸ ਈ ਦੀ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਅਤੇ ਜੇ ਈ ਈ ਮੇਨਜ਼ ਪ੍ਰੀਖਿਆ ਕਰਵਾਉਣ ਵਿਚ ਤਕਨੀਕੀ ਮੁਸ਼ਕਿਲਾਂ ਸਭ ਹੱਲ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮਾਪੇ ਆਪਣੇ ਸਾਰੀ ਉਮਰ ਦੀ ਕਮਾਈ ਆਪਣੇ ਬੱਚਿਆਂ ਦੀ ਸਿੱਖਿਆ ’ਤੇ ਖਰਚ ਦਿੰਦੇ ਹਨ ਅਤੇ ਜੇਕਰ ਇਹ ਪ੍ਰਣਾਲੀ ਹੀ ਫੇਲ੍ਹ ਹੋ ਗਈ ਤਾਂ ਇਹ ਬਹੁਤ ਵੱਡੀ ਚਿੰਤਾ ਦਾ ਕਾਰਨ ਹੈ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੀਆਂ ਸ਼ਿਕਾਇਤਾਂ ਨੂੰ ਉਜਾਗਰ ਕਰਨ ਵਾਸਤੇ ਸੰਸਦ ਵੱਲ ਮਾਰਚ ਕਰਨ ਵੇਲੇ ਵਿਦਿਆਰਥੀਆਂ ’ਤੇ ਵਰਤੀ ਗਈ ਬੇਰਹਿਮੀ ਹੈਰਾਨ ਕਰਨ ਵਾਲੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਡਾਂਗਾ ਸੋਟੇ ਲੈ ਕੇ ਸੰਸਦ ਵੱਲ ਮਾਰਚ ਨਹੀਂ ਕੀਤਾ। ਉਹ ਸਿੱਖਿਆ ਪ੍ਰਣਾਲੀ ਵਿਚ ਬਹੁਤ ਚਿਰਾਂ ਤੋਂ ਲੋੜੀਂਦੇ ਸੁਧਾਰਾਂ ਦੀ ਮੰਗ ਕਰ ਰਹੇ ਹਨ। ਉਹ ਨੀਟ ਪੇਪਰ ਲੀਕ ਕਾਰਨ ਮੰਦੇ ਭਾਗਾਂ ਨੂੰ ਮੌਤ ਦੇ ਮੂੰਹ ਜਾ ਪਏ ਵਿਦਿਆਰਥੀਆਂ ਵਾਸਤੇ ਮੁਆਵਜ਼ਾ ਵੀ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ਵਾਜਬ ਮੰਗ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਰੋਸ ਪ੍ਰਤੀ ਬੇਰੁਖੀ ਨਹੀਂ ਅਪਣਾਉਣੀ ਚਾਹੀਦੀ। ਉਹਨਾਂ ਕਿਹਾ ਕਿ ਸਰਕਾਰ ਨੂੰ ਵਿਦਿਆਰਥੀਆਂ ਨਾਲ ਨਤੀਜਾ ਮੁਖੀ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਮਸਲੇ ਚੁੱਕਣ ਦੇਣੇ ਚਾਹੀਦੇ ਹਨ।
ਸਰਦਾਰਨੀ ਬਾਦਲ ਨੇ ਖੇਤੀਬਾੜੀ ਬਾਰੇ ਭਾਰਤ-ਅਮਰੀਕਾ ਸਮਝੌਤੇ ਖਿਲਾਫ ਸ਼ਾਂਤਮਈ ਢੰਗ ਨਾਲ ਦਿੱਲੀ ਆ ਕੇ ਆਪਣਾ ਰੋਸ ਪ੍ਰਦਰਸ਼ਨ ਕਰਨ ਦੇ ਇੱਛੁਕ ਕਿਸਾਨਾਂ ਨੂੰ ਰੋਕਣ ਵਾਸਤੇ ਹਰਿਆਣਾ ਵਿਚ ਬੈਰੀਕੇਡ ਲਗਾਏ ਜਾਣ ਦੇ ਤਰੀਕੇ ਦੀ ਵੀ ਨਿਖੇਧੀ ਕੀਤੀ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਪਿਛਲੇ ਦੋ ਸੈਸ਼ਨਾਂ ਤੋਂ ਪਾਰਲੀਮੈਂਟ ਵਿਚ ਇਹ ਮੁੱਦਾ ਚੁੱਕ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਾਲੇ ਤੱਕ ਇਸ ਸੌਦੇ ਦੇ ਵੇਰਵੇ ਸੰਸਦ ਵਿਚ ਜਾਂ ਲੋਕਾਂ ਸਾਹਮਣੇ ਨਸ਼ਰ ਨਹੀਂ ਕੀਤੇ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਸੌਦੇ ਬਾਰੇ ਵ੍ਹਾਈਟ ਹਾਊਸ ਤੋਂ ਉਸ ਵੇਲੇ ਪਤਾ ਲੱਗਾ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਅਜਿਹਾ ਸਮਝੌਤਾ ਦੋਵਾਂ ਮੁਲਕਾਂ ਦਰਮਿਆਨ ਹੋਇਆ ਹੈ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਖੇਤਰ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖਦਸ਼ਾ ਹੈ ਕਿ ਵਪਾਰਕ ਸੌਦੇ ਕਾਰਨ ਭਾਰਤ ਵਿਚ ਸਸਤੇ ਖੇਤੀਬਾੜੀ ਉਤਪਾਦ ਅਤੇ ਡੇਅਰੀ ਉਤਪਾਦ ਆਉਣੇ ਸ਼ੁਰੂ ਹੋ ਜਾਣਗੇ। ਉਹ ਮਹਿਸੂਸ ਕਰਦੇ ਹਨ ਕਿ ਅਮਰੀਕਾ ਦੇ ਕਿਸਾਨਾਂ ਨੂੰ ਬਹੁਤ ਵੱਡੀਆਂ ਸਬਸਿਡੀਆਂ ਮਿਲਦੀਆਂ ਹਨ ਤੇ 80 ਫੀਸਦੀ ਤੱਕ ਵੀ ਸਬਸਿਡੀ ਮਿਲਦੀ ਹੈ ਜਿਸ ਕਾਰਨ ਉਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ ਤੇ ਇਸਦਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਇਸਦਾ ਅਸਰ ਖੇਤੀਬਾੜੀ ਅਰਥਚਾਰੇ ’ਤੇ ਵੀ ਪੈ ਸਕਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਹਨਾਂ ਦੇ ਖਦਸ਼ੇ ਦੂਰ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਦੇਸ਼ ਨੇ ਕਿਸਾਨ ਅੰਦੋਲਨ ਦੌਰਾਨ ਸਿੱਖਿਆ ਹੈ ਕਿ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਸੂਬੇ ਦੀ ਸਰਹੱਦ ’ਤੇ ਰੋਕਣਾ ਕੋਈ ਹੱਲ ਨਹੀਂ ਹੈ ਬਲਕਿ ਉਹਨਾਂ ਦੀਆਂ ਸ਼ਿਕਾਇਤਾਂ ਦੂਰ ਕਰਨਾ ਹੀ ਹੱਲ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




