D5 specialOpinion

ਵਾਹ ਬਈ ਹੁਕਮਰਾਨੋ ! ਅਸੀਂ ਤੁਹਾਨੂੰ ਹੁਕਮਰਾਨ ਅਤੇ ਤੁਸੀਂ ਸਾਨੂੰ ਭਿਖਾਰੀ ਬਣਾਉਂਦੇ ਹੋ !

ਸੁਬੇਗ ਸਿੰਘ, ਸੰਗਰੂਰ

ਸੰਸਾਰ ਦਾ ਕੋਈ ਵੀ ਜੀਵ ਜੰਤੂ, ਪਸ਼ੂ ਪੰਛੀ ਤੇ ਜਾਨਵਰ, ਜਿਉਂ ਹੀ ਜਨਮ ਲੈ ਕੇ ਇਸ ਧਰਤੀ ਤੇ ਆਉਂਦਾ ਹੈ,ਤਿਉਂ ਹੀ ਉਸ ਦੀਆਂ ਲੋੜਾਂ ਸ਼ੁਰੂ ਹੋ ਜਾਂਦੀਆਂ ਹਨ।ਜਿਹੜੀਆਂ ਕਿ,ਉਸਨੇ ਇਸ ਸੰਸਾਰ ਚ ਚੋਂ ਹੀ ਪੂਰੀਆਂ ਕਰਨੀਆਂ ਹੁੰਦੀਆਂ ਹਨ।ਇਹ ਵੱਖਰੀ ਗੱਲ ਹੈ,ਕਿ ਉਸਨੇ ਇਹ ਲੋੜਾਂ ਕਿਵੇਂ ਪੂਰੀਆਂ ਕਰਨੀਆਂ ਹਨ।ਇਹਦੇ ਵਾਰੇ ਕੋਈ ਪੱਕਾ ਫਾਰਮੂਲਾ ਵੀ ਨਹੀਂ ਹੈ।ਪਰ ਇੱਕ ਗੱਲ ਤਾਂ ਪੱਕੀ ਹੈ,ਕਿ ਹਰ ਇੱਕ ਨੂੰ ਆਪਣੇ ਜਿਉਂਦੇ ਰਹਿਣ ਲਈ ਲੋੜਾਂ ਤਾਂ ਪੂਰੀਆਂ ਕਰਨੀਆਂ ਹੀ ਪੈਂਦੀਆਂ ਹਨ। ਮਨੁੱਖ ਨੂੰ ਛੱਡਕੇ, ਬਾਕੀ ਹੋਰ ਸਾਰੇ ਜੀਵ ਜੰਤੂ ਆਪੋ ਆਪਣੇ ਢੰਗ ਤਰੀਕਿਆਂ ਨਾਲ ਇੰਨ੍ਹਾਂ ਲੋੜਾਂ ਨੂੰ ਪੂਰਾ ਕਰਦੇ ਹਨ।ਇੰਨ੍ਹਾਂ ਸਾਰਿਆਂ ਚ ਤਾਂ ਲੱਗਭੱਗ,
ਜਿਸ ਕੀ ਲਾਠੀ,ਉਸ ਕੀ ਭੈਂਸ!
ਵਾਲੀ ਗੱਲ ਹੁੰਦੀ ਹੈ।ਕਿਉਂਕਿ ਇੰਨ੍ਹਾਂ ਜੀਵ ਜੰਤੂਆਂ ਅਤੇ ਪਸ਼ੂ ਪੰਛੀਆਂ ਤੇ ਕੋਈ ਕਾਨੂੰਨ ਹੀ ਲਾਗੂ ਨਹੀਂ ਹੁੰਦਾ।ਇਸ ਲਈ ਹਰ ਤਾਕਤਵਰ, ਆਪਣੇ ਤੋਂ ਕਮਜੋਰ ਦੀ ਪ੍ਰਵਾਹ ਨਹੀਂ ਕਰਦਾ।ਇਸੇ ਨੂੰ ਤਾਂ,
ਜੰਗਲ ਰਾਜ!
ਕਹਿੰਦੇ ਹਨ।

ਮਨੁੱਖ ਇੰਨ੍ਹਾਂ ਸਾਰੀਆਂ ਪ੍ਰਜਾਤੀਆਂ ਚੋਂ ਆਪਣੇ ਆਪਨੂੰ ਸਰਵ ਸ੍ਰੇਸ਼ਟ ਅਤੇ ਸੱਭਿਅਕ ਸਮਝਦਾ ਹੈ ਅਤੇ ਕੁੱਝ ਹੱਦ ਤੱਕ ਸ੍ਰੇਸ਼ਟ ਅਤੇ ਸੱਭਿਅਕ ਹੈ ਵੀ।ਇਸੇ ਲਈ ਤਾਂ,ਮਨੁੱਖ ਨੇ ਆਪਣੀ ਸਹੂਲਤ ਲਈ ਕੁੱਝ ਕਾਇਦੇ ਕਾਨੂੰਨ ਵੀ ਬਣਾ ਲਏ ਹਨ।ਜਿੰਨ੍ਹਾਂ ਤੇ ਚੱਲਕੇ,ਮਨੁੱਖ ਨੇ ਆਪਣੇ ਜੀਵਨ ਨੂੰ ਵਧੀਆ ਢੰਗ ਨਾਲ ਜਿਉਣਾ ਵੀ ਸ਼ੁਰੂ ਕਰ ਦਿੱਤਾ ਹੈ। ਇੰਨ੍ਹਾਂ ਕਾਇਦੇ ਕਾਨੂੰਨਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਵੀ ਹੈ,ਕਿ ਸਮਾਜ ਚ ਕਮਜੋਰ ਬੰਦੇ ਨੂੰ,ਤਕੜਾ ਬੰਦਾ ਨੁਕਸਾਨ ਨਹੀਂ ਪਹੁੰਚਾਅ ਸਕਦਾ।ਅਗਰ ਕੋਈ ਅਜਿਹਾ ਕਰਦਾ ਹੈ,ਤਾਂ ਉਹ ਵਿਅਕਤੀ ਕਾਨੂੰਨਨ ਅਪਰਾਧੀ ਹੈ।ਜਿਸਦੇ ਕਾਰਨ,ਉਸਨੂੰ ਉਹਦੇ ਅਪਰਾਧ ਦੇ ਬਦਲੇ,ਸ਼ਜਾ ਵੀ ਭੁਗਤਣੀ ਪੈ ਸਕਦੀ ਹੈ। ਭਾਵੇਂ ਕਿਸੇ ਵੀ ਸਮਾਜ ਜਾਂ ਦੇਸ਼ ਚ ਕਾਨੂੰਨ ਜਾਂ ਕੁੱਝ ਨਿਯਮਾਂ ਦੇ ਹੁੰਦਿਆਂ,ਮਨੁੱਖ ਦਾ ਜਿਉਣਾ ਤਾਂ ਕੁੱਝ ਸੌਖਾ ਹੋ ਗਿਆ ਹੈ,ਪਰ ਇਹਦਾ ਇਹ ਮਤਲਬ ਨਹੀਂ,ਕਿ ਇੱਥੇ ਕੋਈ ਅਪਰਾਧ ਹੀ ਨਹੀਂ ਹੁੰਦਾ ਜਾਂ ਫਿਰ ਕੋਈ ਤਕੜਾ,ਕਿਸੇ ਮਾੜੇ ਜਾਂ ਗਰੀਬ ਬੰਦੇ ਨੂੰ ਤੰਗ ਹੀ ਨਹੀਂ ਕਰਦਾ।ਇਹ ਤਾਂ ਹੋ ਹੀ ਨਹੀਂ ਸਕਦਾ।ਪਰ ਇੱਕ ਗੱਲ ਤਾਂ ਪੱਕੀ ਹੈ,ਕਿ ਅਪਰਾਧ ਕਰਨ ਵਾਲਾ ਵਿਅਕਤੀ,ਅਪਰਾਧ ਕਰਨ ਵੇਲੇ ਸੌ ਵਾਰ ਸੋਚਦਾ ਜਰੂਰ ਹੈ।

ਮਨੁੱਖ ਦੀ ਜਿੰਦਗੀ ਨੂੰ ਵਧੀਆ ਬਨਾਉਣ ਲਈ ਹੀ,ਦੇਸ਼ ਦਾ ਕੋਈ ਵੀ ਹੁਕਮਰਾਨ ਜਾਂ ਫਿਰ ਉਸ ਦੇਸ਼ ਦੀ ਸਰਕਾਰ ਲਗਾਤਾਰ ਕੋਈ ਨਾ ਕੋਈ ਉਪਰਾਲਾ ਕਰਦੀ ਹੀ ਰਹਿੰਦੀ ਹੈ।ਇਹੋ ਕਾਰਨ ਹੈ,ਕਿ ਲੋਕਾਂ ਦੀ ਚੇਤਨਤਾ ਅਤੇ ਸੰਘਰਸ਼ਾਂ ਦੇ ਕਾਰਨ ਹੀ ਰਾਜ ਤੰਤਰ,ਭਾਵ ਰਾਜਿਆਂ ਮਹਾਰਾਜਿਆਂ ਦੇ ਰਾਜ ਤੋਂ ਛੁਟਕਾਰਾ ਪਾ ਕੇ,ਲੋਕਾਂ ਨੇ ਲੋਕਤੰਤਰ ਦੀ ਸਥਾਪਨਾ ਕੀਤੀ ਹੈ।ਜਿਸਦੇ ਅਨੁਸਾਰ, ਲੋਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਮਨਮਰਜੀ ਦੀਆਂ ਸਰਕਾਰਾਂ ਚੁਣਦੇ ਹਨ।ਜਿਸਨੂੰ ਲੋਕਤੰਤ੍ਰਿਕ ਸਰਕਾਰ ਕਿਹਾ ਜਾਂਦਾ ਹੈ।ਅਜੋਕੇ ਦੌਰ ਚ,ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਚ,ਇਸ ਲੋਕਤੰਤ੍ਰਿਕ ਸਰਕਾਰਾਂ ਦੀ ਸਥਾਪਨਾ ਹੋ ਚੁੱਕੀ ਹੈ। ਇਹੋ ਕਾਰਨ ਹੈ,ਕਿ ਭਾਵੇਂ,ਪੂਰੇ ਪੰਜ ਸਾਲ ਵੋਟਾਂ ਪਾ ਕੇ ਚੁਣੇ ਗਏ ਇਹ ਨੁਮਾਇੰਦੇ ਲੋਕਾਂ ਦੀ ਉੱਕਾ ਹੀ ਪ੍ਰਵਾਹ ਨਹੀਂ ਕਰਦੇ ਪਰ ਇੰਨ੍ਹਾਂ ਲੋਕਾਂ ਦੀ,ਇੱਕ ਸਭ ਤੋਂ ਵੱਡੀ ਮਜਬੂਰੀ ਇਹ ਵੀ ਹੁੰਦੀ ਹੈ,ਕਿ ਇੰਨ੍ਹਾਂ ਲੋਕਾਂ ਨੂੰ ਵੋਟਾਂ ਦੇ ਵਕਤ ਲੋਕਾਂ ਦੇ ਦਰਬਾਰ ਚ ਆਉਣਾ ਹੀ ਪੈਂਦਾ ਹੈ।ਜਿੱਥੇ ਲੋਕ,ਇੰਨ੍ਹਾਂ ਤੋਂ ਤਰ੍ਹਾਂ 2 ਦੇ ਸਵਾਲ ਪੁੱਛਦੇ ਹਨ,ਨਹੀਂ ਤਾਂ ਲੋਕ ਇੰਨ੍ਹਾਂ ਨੂੰ ਹਰਾ ਕੇ ਕਿਸੇ ਹੋਰ ਨੁਮਾਇੰਦੇ ਦੀ ਚੋਣ ਕਰ ਲੈਂਦੇ ਹਨ। ਇਹ ਗੱਲ ਵੱਖਰੀ ਹੈ,ਕਿ ਦੁੱਧ ਧੋਤਾ ਤਾਂ ਕੋਈ ਵੀ ਨਹੀਂ ਹੁੰਦਾ।
ਹੁਣ ਵੇਖਣ ਤੇ ਸੁਣਨ ਵਾਲੀ ਗੱਲ ਤਾਂ ਇਹ ਹੈ,ਕਿ ਲੋਕ ਤਾਂ ਇੰਨ੍ਹਾਂ ਲੋਕਾਂ ਨੂੰ,ਆਪਣੀਆਂ ਵੋਟਾਂ ਪਾ ਕੇ ਇੱਕ ਸਧਾਰਨ ਬੰਦੇ ਤੋਂ ਦੇਸ਼ ਜਾਂ ਸੂਬੇ ਦਾ ਹੁਕਮਰਾਨ ਬਣਾਉਂਦੇ ਹਨ।

ਕਿਉਂਕਿ ਇੱਕ ਆਮ ਆਦਮੀ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਚ ਤਾਂ ਜਮੀਨ ਅਸ਼ਮਾਨ ਦਾ ਫਰਕ ਹੁੰਦਾ ਹੈ।ਕਿਉਂਕਿ ਚੁਣੇ ਜਾਣ ਤੋਂ ਬਾਅਦ ਤਾਂ ਇੰਨ੍ਹਾਂ ਲੋਕਾਂ ਦੀ ਜਿੰਦਗੀ ਹੀ ਬਦਲ ਜਾਂਦੀ ਹੈ।ਇਸ ਲਈ,ਇਹ ਲੋਕ ਮਾਮੂਲੀ ਬੰਦੇ ਨਹੀਂ ਰਹਿੰਦੇ। ਮੁੱਕਦੀ ਗੱਲ ਤਾਂ ਇਹ ਹੈ,ਕਿ ਅਗਰ ਲੋਕ,ਕਿਸੇ ਸਧਾਰਨ ਬੰਦੇ ਨੂੰ ਆਪਣੀ ਵੋਟ ਦੀ ਤਾਕਤ ਦੇ ਨਾਲ ਹੁਕਮਰਾਨ ਬਣਾਉਂਦੇ ਹਨ,ਤਾਂ ਇੰਨ੍ਹਾਂ ਲੋਕਾਂ ਦਾ ਵੀ ਕੁੱਝ ਫਰਜ ਬਣਦਾ ਹੈ,ਕਿ ਇਹ ਲੋਕ ਵੀ ਲੋਕਾਂ ਦੇ ਭਲੇ ਵਾਰੇ ਕੁਝ ਨਾ ਕੁੱਝ ਜਰੂਰ ਸੋਚਣ।ਪਰ ਅਫਸੋਸ!ਕਿ ਇਹ ਲੋਕ,ਆਮ ਜਨਤਾ ਨੂੰ ਸਬਸਿਡੀਆਂ ,ਲੈਕ ਲੁਭਾਊ ਵਾਅਦੇ ਅਤੇ ਮੁਫਤ ਦੀਆਂ ਚੀਜਾਂ ਦਾ ਲਾਲਚ ਦੇ ਕੇ,ਲੋਕਾਂ ਨੂੰ ਭਿਖਾਰੀ ਅਤੇ ਮੁਫਤਖੋਰ ਦੇ ਨਾਲ 2,ਉਨ੍ਹਾਂ ਨੂੰ ਬੇਗੈਰਤ ਵੀ ਬਣਾਈ ਜਾ ਰਹੇ ਹਨ।

ਹੁਣ ਵੇਖਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਕੀ ਦੇਸ਼ ਦੇ ਲੋਕਾਂ ਨੇ,ਇੰਨ੍ਹਾਂ ਹੁਕਮਰਾਨਾਂ ਜਾਂ ਲੀਡਰਾਂ ਦੇ ਝਾਂਸ਼ਿਆਂ ਚ ਆ ਕੇ ਭਿਖਾਰੀ ਹੀ ਬਣਨਾ ਹੈ ਜਾਂ ਫਿਰ ਆਪਣੀ ਇੱਜਤ ਅਣਖ ਦੀ ਜਿੰਦਗੀ ਜਿਉਣੀ ਹੈ।ਪਰ ਇਹਦੇ ਲਈ ਇੱਕ ਬੜੀ ਵੱਡੀ ਸ਼ਰਤ ਇਹ ਹੈ,ਕਿ ਦੇਸ਼ ਦੇ ਵੋਟਰਾਂ ਨੂੰ ਵੋਟਾਂ ਦੇ ਵਕਤ ਆਪਣੀ ਵੋਟ ਦਾ ਇਸਤੇਮਾਲ,ਬਿਨਾਂ ਕਿਸੇ ਡਰ ਭੈਅ ਅਤੇ ਲਾਲਚ ਦੇ ਸਹੀ ਨੁਮਾਇੰਦੇ ਨੂੰ ਕਰਨਾ ਪਵੇਗਾ,ਤਾਂ ਹੀ ਇੰਨ੍ਹਾਂ ਹੁਕਮਰਾਨਾਂ ਨੂੰ ਕੁੱਝ ਅਕਲ ਆਵੇਗੀ ਅਤੇ ਇਹ ਲੋਕ, ਆਮ ਜਨਤਾ ਦੀ ਭਲਾਈ ਲਈ ਕੁੱਝ ਸੋਚਣਗੇ। ਆਪਣੇ ਆਪਨੂੰ ਸੁਚੇਤ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਨਾ ਕਰਨ ਦੀ ਹਾਲਤ ਵਿੱਚ ਤਾਂ,ਜਨਤਾ ਨੂੰ ਵੀ ਪਸ਼ੂਆਂ ਵਰਗੀ ਜਿੰਦਗੀ ਜਿਉਣ ਲਈ ਮਜਬੂਰ ਹੋਣਾ ਪਵੇਗਾ ਅਤੇ ਇਹਦੇ ਲਈ ਤਿਆਰ ਵੀ ਰਹਿਣਾ ਚਾਹੀਦਾ ਹੈ।ਕਿਉਂਕਿ,ਇਹਦੇ ਵਿੱਚ ਦੇਸ਼ ਦੇ ਹੁਕਮਰਾਨਾਂ ਤੋਂ ਜਿਆਦਾ,ਜਨਤਾ ਦਾ ਕਸੂਰ ਕਿਤੇ ਜਿਆਦਾ ਹੁੰਦਾ ਹੈ।ਸੋ ਆਪਣੇ ਕਸੂਰ ਲਈ,ਦੂਸਰੇ ਨੂੰ ਦੋਸ਼ ਦੇਈ ਜਾਣਾ ਵੀ ਕੋਈ ਵਧੀਆ ਗੱਲ ਨਹੀਂ ਹੁੰਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button