Breaking NewsD5 specialEntertainmentNewsPress ReleasePunjabTop News

ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਵਿਛੋੜਾ

ਚੰਡੀਗੜ੍ਹ: ਪੰਜਾਬ ਦੇ ਲੋਕ-ਪੱਖੀ ਗਾਇਕ ਅਤੇ ਇਪਟਾ ਲਹਿਰ ਦੇ ਬਾਨੀਆਂ ਵਿੱਚੋਂ ਸਿਰਮੌਰ ਅਮਰਜੀਤ ਗੁਰਦਾਸਪੁਰੀ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਆਪਣੀ ਲੋਕ-ਪੱਖੀ ਗਾਇਕੀ ਨਾਲ ਪੰਜਾਬ ਦੇ ਸੱਭਿਆਚਾਰਕ ਮੁਹਾਜ਼ ਉੱਤੇ ਆਪਣੀ ਵੱਖਰੀ ਪਛਾਣ ਬਣਾਈ। ਉਹ ਪੰਜਾਬ ਦੀ ਇਪਟਾ ਲਹਿਰ ਦੇ ਮੋਢੀ ਗਾਇਕਾਂ ਵਿੱਚੋਂ ਸਿਖਰਲੀ ਹਸਤੀ ਸਨ। ਉਨ੍ਹਾਂ ਨੇ ਤੇਰਾ ਸਿੰਘ ਚੰਨ, ਸ਼ੀਲਾ ਭਾਟੀਆ, ਜੁਗਿੰਦਰ ਬਾਹਰਲਾ, ਨਰਿੰਜਨ ਸਿੰਘ ਮਾਨ, ਜਗਦੀਸ਼ ਫ਼ਰਿਆਦੀ, ਹੁਕਮ ਚੰਦ ਖਲੀਲੀ ਅਤੇ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਂਦੀ ਸੁਰਿੰਦਰ ਕੌਰ ਨਾਲ ਇਪਟਾ ਦੇ ਮੰਚਾਂ ਉੱਤੇ ਆਪਣੀ ਭਰਵੀਂ ਹਾਜ਼ਰੀ ਦਰਜ ਕਰਵਾਈ। ਸੰਸਾਰ ਅਮਨ ਲਹਿਰ, ਕਿਰਤੀ ਕਿਸਾਨਾਂ ਦੇ ਸੰਘਰਸ਼ਾਂ, ਪ੍ਰੀਤ ਨਗਰ ਦੇ ਸੱਭਿਆਚਾਰਕ ਸਮਾਗਮਾਂ ਤੋਂ ਲੈ ਕੇ ਹਿੰਦੁਸਤਾਨ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਹੋਈਆਂ ਇਪਟਾ ਦੀਆਂ ਕਾਨਫ਼ਰੰਸਾਂ ਵਿੱਚ ਉਸ ਨੇ ਆਪਣੀ ਆਵਾਜ਼ ਦੇ ਜਾਦੂ ਨੂੰ ਮਨਵਾਇਆ। ਪ੍ਰਸਿੱਧ ਉਰਦੂ ਸ਼ਾਇਰ ਕੈਫ਼ੀ ਆਜ਼ਮੀ ਤੇ ਰੰਗਮੰਚ ਕਲਾਕਾਰ ਸ਼ੌਕਤ ਆਜ਼ਮੀ ਦਾ ਉਹ ਚਹੇਤਾ ਗਾਇਕ ਸੀ।

BIG News : Bikram Majithia ਨੂੰ ਭੇਜਿਆ ਜੇਲ੍ਹ | D5 Channel Punjabi

ਆਰਥਕ ਪੱਖੋਂ ਸੌਖੀ ਪਰੋਖੋ ਵਾਲੇ ਜ਼ੈਲਦਾਰ ਪਿਤਾ ਦੇ ਘਰ ਜਨਮੇ ਅਮਰਜੀਤ ਗੁਰਦਾਸਪੁਰੀ ਨੇ ਤਾ-ਉਮਰ ਕਿਰਤੀ ਕਿਸਾਨਾਂ ਤੇ ਸੰਘਰਸ਼ ਕਰਨ ਵਾਲੇ ਲੋਕਾਂ ਨਾਲ ਵਫ਼ਾ ਪਾਲੀ। ਉਸ ਨੇ ਆਪਣੀ ਪੁਰ-ਸਕੂਨ ਆਵਾਜ਼ ਅਤੇ ਕਲਾ ਨੂੰ ਮੰਡੀ ਦੀ ਵਸਤ ਨਹੀਂ ਬਣਨ ਦਿੱਤਾ। ਉਸ ਨੇ ਤੇਰਾ ਸਿੰਘ ਚੰਨ, ਸ਼ੀਲਾ ਭਾਟੀਆ, ਜੁਗਿੰਦਰ ਬਾਹਰਲਾ ਦੇ ਉਪੇਰਿਆਂ ਵਿੱਚ ਪੰਜਾਬੀ ਲੋਕ-ਗਾਇਕੀ ਦੇ ਅੰਦਾਜ਼ ਨੂੰ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਉਸ ਨੇ ਇਪਟਾ, ਅਮਨ ਲਹਿਰ, ਕਿਸਾਨ ਮਜ਼ਦੂਰ ਕਾਨਫ਼ਰੰਸਾਂ ਅਤੇ ਲੇਖਕਾਂ ਦੇ ਇਕੱਠਾਂ ਵਿੱਚ ਪੰਜਾਬ ਦੀ ਜੁਝਾਰੂ ਪਰੰਪਰਾ ਨਾਲ ਸਬੰਧਤ ਅਨੇਕਾਂ ਗੀਤ ਗਾਏ। ਉਸ ਨੇ ਲੋਕ-ਪੱਖੀ ਇਨਕਲਾਬੀ ਗੀਤਾਂ ਦੇ ਨਾਲ-ਨਾਲ ਪੰਜਾਬ ਦੀਆਂ ਲੋਕ-ਗਾਥਾਵਾਂ ਅਤੇ ਧਾਰਮਿਕ ਪਰੰਪਰਾ ਵਿਚਲੇ ਉਸਾਰੂ ਪ੍ਰਸੰਗਾਂ ਨੂੰ ਵੀ ਆਪਣੀ ਪੁਰ-ਸੋਜ਼ ਆਵਾਜ਼ ਨਾਲ ਪੇਸ਼ ਕੀਤਾ। ਹੀਰ ਦੀ ਪ੍ਰੇਮ ਗਾਥਾ ਨੂੰ ਗਾਉਣ ਸਮੇਂ ਉਸ ਦਾ ਵਜਦ ਦੇਖਣ ਵਾਲਾ ਹੁੰਦਾ ਸੀ। ‘ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ’, ‘ਚਿੱਟੀ ਚਿੱਟੀ ਪੱਗੜੀ ਨੂੰ ਘੁੱਟ ਘੁੱਟ ਬੰਨ੍ਹ ਵੇ’, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਲਈ ਵਿਦਾ ਕਰਨ ਦਾ ਪ੍ਰਸੰਗ, ਚਮਕੌਰ ਦੀ ਜੰਗ ਦੇ ਪ੍ਰਸੰਗ ਅਤੇ ਹੋਰ ਅਨੇਕਾਂ ਉਸਾਰੂ ਤੇ ਸਾਰਥਕ ਗੀਤ ਉਸ ਦੇ ਕੰਠ ਰਾਹੀਂ ਪੰਜਾਬੀ ਲੋਕ-ਚੇਤਨਾ ਦਾ ਅੰਗ ਬਣ ਗਏ ਹਨ।

Russia-Ukrain Conflict : ਰੂਸ ਦੇ ਹਮਲੇ ਨੇ ਹਿਲਾਕੇ ਰੱਖਤੀ ਦੁਨੀਆਂ, ਅਚਾਨਕ ਰਾਸ਼ਟਰਪਤੀ ਰਾਜ ਲਾਉਣ ਦਾ ਹੋਇਆ ਐਲਾਨ!

‘ਠੰਢੇ ਬੁਰਜ ਵਿੱਚੋਂ ਇੱਕ ਦਿਨ ਦਾਦੀ ਮਾਤਾ ਪਈ ਹੱਸ ਹੱਸ ਬੱਚਿਆਂ ਨੂੰ ਤੋਰੇ, ਨਾਲੇ ਦੇਵੇ ਪਈ ਬਾਲਾਂ ਨੂੰ ਤਸੱਲੀਆਂ, ਨਾਲੇ ਵਿੱਚੇ ਵਿੱਚ ਆਂਦਰਾਂ ਨੂੰ ਖੋਰੇ’ ਉਸ ਦੇ ਗੀਤ ਦੇ ਇਹ ਬੋਲ ਸੁਣ ਕੇ ਕਿਸ ਦੀ ਅੱਖ ਨਮ ਨਹੀਂ ਹੋਵੇਗੀ। ਤੂੰਬੀ ‘ਤੇ ਗਾਇਆ ਉਸ ਦਾ ਇਹ ਗੀਤ ਤਾਂ ਕਾਲਜੇ ਦਾ ਰੁੱਗ ਭਰ ਲੈਂਦਾ ਹੈ: ਸਿੰਘਾ ਜੇ ਚੱਲਿਆਂ ਚਮਕੌਰ, ਓਥੇ ਸੁੱਤੇ ਨੇ ਦੋ ਭੌਰ, ਧਰਤੀ ਚੁੰਨੀ ਕਰ ਕੇ ਗੌਰ, ਤੇਰੀ ਜ਼ਿੰਦਗੀ ਜਾਣੀ ਸੌਰ, ਕਲਗੀਧਰ ਦੀਆਂ ਪਾਈਏ ਬਾਤਾਂ, ਜਿਨ੍ਹਾਂ ਦੇਹ ਪੁੱਤਰਾਂ ਦੀਆਂ ਦਾਤਾਂ, ਦੇਸ ‘ਚੋਂ ਕੱਢੀਆਂ ਨ੍ਹੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਅਮਰਜੀਤ ਗੁਰਦਾਸਪੁਰੀ ਦੀ ਕਸ਼ਿਸ਼ ਭਰਪੂਰ ਆਵਾਜ਼ ਭਾਵੇਂ ਅੱਜ ਖ਼ਾਮੋਸ਼ ਹੋ ਗਈ ਹੈ, ਪਰ ਉਸ ਦੇ ਗਾਏ ਗੀਤ ਫ਼ਿਜ਼ਾ ਵਿੱਚ ਉਸ ਦੀ ਹਾਜ਼ਰੀ ਦਰਜ ਕਰਾਉਂਦੇ ਰਹਿਣਗੇ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਅਮਰਜੀਤ ਗੁਰਦਾਸਪੁਰੀ ਦੇ ਸਵਰਗਵਾਸ ਹੋ ਜਾਣ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਲੋਕ-ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਨੇ ਆਪਣੀ ਗਾਇਕੀ ਨੂੰ ਬਜ਼ਾਰ ਦੀ ਵਸਤ ਨਹੀਂ ਬਣਨ ਦਿੱਤਾ। ਉਸ ਨੇ ਤਾ-ਉਮਰ ਲੋਕਾਂ ਨਾਲ ਨਿਭਾ ਕੇ ਕਲਾ ਤੇ ਕਲਾਕਾਰਾਂ ਦੀ ਰੱਖ ਵਿਖਾਈ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰ ਅਤੇ ਸਮੁੱਚੀ ਕਾਰਜਕਾਰਨੀ ਅਮਰਜੀਤ ਗੁਰਦਾਸਪੁਰੀ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button