ਲੋਕਾਂ ਦੀ ਇਸ ਬਰਬਾਦੀ ‘ਚ, ਧਨਾਢ ਕਿਸਾਨਾਂ ਵੀ ਹਿੱਸਾ ਪਾਇਆ ਏ !
ਸੁਬੇਗ ਸਿੰਘ,ਸੰਗਰੂਰ
ਪੰਜਾਬੀ ਚ ਆਮ ਤੌਰਤੇ ਦਾਤਾਂ ਦੇਣ ਵਾਲੇ ਨੂੰ ਹੀ ਦਾਤਾ ਕਿਹਾ ਜਾਂਦਾ ਹੈ।ਕਿਉਂਕਿ ਜੋ,ਅਨਮੋਲ ਦਾਤਾਂ ਦੇਵੇ,ਉਹ ਹੀ ਦਾਤਾ ਅਖਵਾਉਣ ਦੇ ਯੋਗ ਹੁੰਦਾ ਹੈ।ਵੈਸੇ ਤਾਂ ਦਾਤਾਂ ਦੇਣ ਵਾਲਾ, ਇੱਕੋ ਪ੍ਰਮਾਤਮਾ ਹੀ ਹੁੰਦਾ ਹੈ।ਪਰ ਸਖਤ ਮੁਸੱਕਤ ਦੇ ਕਾਰਨ,ਅਕਸਰ ਕਿਸਾਨ ਨੂੰ ਵੀ ਅੰਨ ਦਾਤਾ ਹੀ ਕਿਹਾ ਜਾਂਦਾ ਹੈ।ਕਿਉਂਕਿ ਕਿਸਾਨ,ਖੇਤਾਂ ਚ ਸਖਤ ਮਿਹਨਤ ਅਤੇ ਅੰਨ੍ਹ ਪੈਦਾ ਕਰਕੇ ਦੁਨੀਆਂ ਦਾ ਪੇਟ ਭਰਦਾ ਹੈ।
ਇਸ ਸਵੰਧ ਚ ਗੁਰਬਾਣੀ ਚ ਵੀ ਫਰਮਾਇਆ ਗਿਆ ਹੈ,ਕਿ,
ਦੱਦਾ ਦਾਤਾ ਏਕੁ ਹੈ,ਸਭ ਕੋ ਦੇਵਣਹਾਰੁ!
ਭਾਵ,ਕਿ ਇੱਕ ਪ੍ਰਮਾਤਮਾ ਹੀ ਹੈ,ਜਿਹੜਾ ਸਾਰਿਆਂ ਨੂੰ ਰਿਜਕ ਵੀ ਦਿੰਦਾ ਹੈ ਅਤੇ ਖਾਣ ਲਈ ਹਰ ਤਰ੍ਹਾਂ ਦੇ ਪਦਾਰਥ ਵੀ ਦਿੰਦਾ ਹੈ।ਪਰ ਇਹ ਵੱਖਰੀ ਗੱਲ ਹੈ,ਕਿ ਕੋਈ ਇਸ ਸਚਾਈ ਨੂੰ ਮੰਨਦਾ ਹੈ ਅਤੇ ਕੋਈ ਨਹੀਂ ਵੀ ਮੰਨਦਾ।ਦੂਸਰੀ ਗੱਲ,ਇਸ ਸਮਾਜਿਕ ਕਾਣੀ ਵੰਡ ਦੇ ਕਾਰਨ,ਕੋਈ ਇਸਦੇ ਭੰਡਾਰ ਜਮ੍ਹਾਂ ਕਰ ਲੈਂਦਾ ਹੈ ਅਤੇ ਕੋਈ ਸਾਰਾ ਦਿਨ ਸਖਤ ਮਿਹਨਤ ਕਰਕੇ ਵੀ ਭੁੱਖੇ ਪੇਟ ਹੀ ਸੌਂ ਜਾਂਦਾ ਹੈ। ਇਹੋ ਕਾਰਨ ਹੈ,ਕਿ ਪੁਰਾਣੇ ਸਮਿਆਂ ਚ ਮਸ਼ੀਨੀਕਰਨ ਤੋਂ ਪਹਿਲਾਂ,ਜਦੋਂ ਖੇਤੀ ਬਲਦਾਂ ਨਾਲ ਅਤੇ ਮਨੁੱਖਾਂ ਦੇ ਦੁਆਰਾ ਹੀ ਹੁੰਦੀ ਸੀ।ਉਸ ਵਕਤ ਜਦੋਂ ਕਿਸਾਨ,ਆਪਣੇ ਖੇਤ ਚ ਬੀਜ ਬੋਂਅਦੇ ਸਨ,ਤਾਂ ਉਹ ਇਕ ਸ਼ਬਦ ਉਚਾਰਦੇ ਸਨ,ਕਿ,
ਹੇ ਪ੍ਰਮਾਤਮਾ!ਚਿੜੀ ਦੇ,ਜਨੌਰ ਦੇ,ਹਾਲੀ ਦੇ ਪਾਲੀ ਦੇ ਅਤੇ ਰਾਹੀ ਦੇ ਕਰਮਾਂ ਨੂੰ ਇਸ ਫਸਲ ਨੂੰ ਭਰਵਾਂ ਫਲ ਲਾਵੀਂ!
ਤਾਂ ਕਿ ਇਸ ਫਸਲ ਚੋਂ ਦੁਨੀਆਂ ਦਾ ਹਰ ਜੀਵ ਜੰਤੂ ਆਪਣਾ ਪੇਟ ਭਰ ਸਕੇ।ਇਹਦਾ ਮੁੱਖ ਕਾਰਨ ਇਹ ਸੀ,ਕਿ ਉਨ੍ਹਾਂ ਵਕਤਾਂ ਚ,ਖੇਤੀ ਪੂਰੀ ਤਰ੍ਹਾਂ ਕੁਦਰਤ ਤੇ ਨਿਰਭਰ ਹੁੰਦੀ ਸੀ।ਇਸ ਲਈ ਹਰ ਕੋਈ ਸਬਰ ਸੰਤੋਖ ਅਤੇ ਵੰਡ ਕੇ ਖਾਣ ਚ ਯਕੀਨ ਰੱਖਦਾ ਸੀ।
ਇਹੋ ਕਾਰਨ ਸੀ,ਕਿ ਜੱਟ ਤੇ ਸੀਰੀ ਦੀ ਬੜ੍ਹੀ ਗੂੜ੍ਹੀ ਸਾਂਝ ਹੁੰਦੀ ਸੀ।ਇਸੇ ਲਈ ਤਾਂ ਫਸਲ ਦੇ ਮੌਸਮ ਦੀ ਖਰਾਬੀ ਦੇ ਕਾਰਨ ਜੱਟ ਆਪਣਾ ਦੁੱਖ ਸੁੱਖ ਆਪਣੇ ਸੀਰੀ ਨਾਲ ਸਾਂਝਾ ਕਰਦਾ ਸੀ।ਜਿਸ ਵਾਰੇ ਲੋਕ ਕਵੀ ਸੰਤ ਰਾਮ ਉਦਾਸੀ ਜੀ ਨੇ ਲਿਖਿਆ ਹੈ,ਕਿ, ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,ਬੋਹਲਾਂ ਵਿੱਚੋਂ ਨੀਰ ਵਗਿਆ।ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,ਤੂੜੀ ਵਿੱਚੋਂ ਪੁੱਤ ਜੱਗਿਆ! ਕਹਿਣ ਤੋਂ ਭਾਵ ਇਹ ਹੈ,ਕਿ ਉਨ੍ਹਾਂ ਵਕਤਾਂ ਚ ਜੱਟ ਤੇ ਸੀਰੀ ਦਾ ਰਿਸ਼ਤਾ ਸਿਰਫ ਕਾਮੇ ਤੇ ਕਿਸਾਨ ਵਾਲਾ ਹੀ ਨਹੀਂ ਸੀ।ਸਗੋਂ ਪਰਿਵਾਰ ਦੀ ਹਰ ਖੁਸ਼ੀ ਤੇ ਗਮੀ ਦੀ ਸਾਂਝ ਦਾ ਪਰਿਵਾਰਕ ਰਿਸ਼ਤਾ ਵੀ ਹੁੰਦਾ ਸੀ।
ਵੈਸੇ ਵੀ ਉਨ੍ਹਾਂ ਸਮਿਆਂ ਚ,ਹਰ ਗਰੀਬ ਗੁਰਬਾ ਖੁਸ਼ਹਾਲ ਹੁੰਦਾ ਸੀ।ਕਿਉਂਕਿ,ਘਰ ਦੀ ਹਰ ਲੋੜ,ਕਿਸਾਨ ਦੇ ਖੇਤਾਂ ਚੋਂ ਹੀ ਪੂਰੀ ਹੋ ਜਾਂਦੀ ਸੀ।ਭਾਵੇਂ ਇਹ ਲੋੜ,ਘਰ ਦੇ ਚੁੱਲ੍ਹੇ ਚੌਂਕੇ ਦੀ ਹੁੰਦੀ ਹੋਵੇ ਜਾਂ ਫਿਰ ਪਸ਼ੂਆਂ ਨੂੰ ਕੱਖ ਕੰਡੇ ਜਾਂ ਬਾਲਣ ਦੀ ਹੋਵੇ ਜਾਂ ਫਿਰ ਦਿਹਾੜੀ ਦੱਪੇ ਦੀ ਹੋਵੇ।ਗਰੀਬ ਮਜਦੂਰ ਤੇ ਕਿਸਾਨਾਂ ਦੀ ਹਰ ਤਰ੍ਹਾਂ ਦੀ ਸਾਂਝ ਹੁੰਦੀ ਸੀ।ਅੱਜ ਵਾਂਗ,ਹਰ ਰੋਜ ਦਿਹਾੜੀ ਪਿੱਛੇ ਸਮਾਜਿਕ ਬਾਈਕਾਟ ਜਾਂ ਫਿਰ ਗਰੀਬ ਔਰਤਾਂ ਨੂੰ ਖੇਤਾਂ ਚ ਕੱਖ ਕੰਡੇ ਜਾਂ ਬਾਲਣ ਦਾ ਪ੍ਰਬੰਧ ਕਰਨ ਲਈ ਜਲੀਲ ਨਹੀਂ ਸੀ ਹੋਣਾ ਪੈਂਦਾ।ਪਿੰਡ ਦੇ ਹਰ ਗਰੀਬ ਗੁਰਬੇ ਦੀ ਇੱਜਤ ਨੂੰ ਪਿੰਡ ਦੀ ਇੱਜਤ ਸਮਝਿਆ ਜਾਂਦਾ ਸੀ।
ਕਹਿਣ ਤੋਂ ਭਾਵ ਇਹ ਹੈ,ਕਿ ਕਿਸਾਨ ਦੇ ਖੇਤ ਚੋਂ ਕਿਸੇ ਮਜਦੂਰ ਨੂੰ ਸਾਗ ਸੱਤੂ,ਬਾਲਣ,ਕੱਖ ਕੰਡਾ,ਗੰਨੇ,ਸਾਗ,ਪੱਕੀ ਕਣਕ ਸਮੇਂ ਗਰੀਬ ਔਰਤਾਂ ਖੇਤਾਂ ਚੋਂ ਕਣਕ ਦੀਆਂ ਬੱਲੀਆਂ ਚੁਗਦੀਆਂ,ਛੱਲੀਆਂ ਤੋੜ ਲਿਆਉਂਦੀਆਂ,ਤੂੜੀ ਇਕੱਠੀ ਕਰ ਲੈਂਦੀਆਂ ਸਨ।ਇੱਥੋਂ ਤੱਕ,ਕਿ ਕਣਕ ਦੀ ਕਟਾਈ ਵੇਲੇ,ਕੁੱਝ ਹਿੱਸਾ ਗਰੀਬਾਂ ਲਈ ਉਂਝ ਹੀ ਛੱਡ ਦਿੱਤਾ ਜਾਂਦਾ ਅਤੇ ਕਣਕ ਦੀ ਕਢਾਈ ਵੇਲੇ ਪੁੰਨ ਦੇ ਤੌਰਤੇ ਕੁੱਝ ਕਣਕ ਗਰੀਬ ਬੱਚਿਆਂ ਨੂੰ ਵੰਡ ਦਿੱਤੀ ਜਾਂਦੀ,ਤਾਂ ਕਿ ਇਹ ਗਰੀਬ ਲੋਕ,ਉਨ੍ਹਾਂ ਨੂੰ ਦੁਆਵਾਂ ਦੇ ਸਕਣ ਪਰ ਸਮੇਂ ਨੇ ਅਜਿਹੀ ਕਰਵਟ ਲਈ,ਕਿ ਸਭ ਕੁੱਝ ਹੀ ਬਦਲ ਕੇ ਰੱਖ ਦਿੱਤਾ।ਹੁਣ,ਕਿਸਾਨ ਤੇ ਮਜਦੂਰ ਚ,ਉਹ ਪਹਿਲਾਂ ਵਾਲਾ ਪ੍ਰੇਮ ਪਿਆਰ, ਦਯਾ ਅਤੇ ਆਪਸੀ ਭਾਈਚਾਰਾ ਪਤਾ ਨਹੀਂ ਕਿੱਧਰ ਅਲੋਪ ਹੋ ਗਿਆ।ਹੁਣ ਤਾਂ ਇਹ ਲੱਗਦਾ ਹੈ,ਕਿ ਜਿਵੇਂ ਇਹ ਪੁਰਾਣੀ ਸਾਂਝ ਨਿਰਾ ਝੂਠ ਹੀ ਹੋਵੇ।ਕਿਉਂਕਿ ਅਜੋਕੇ ਦੌਰ ਚ,ਇੰਨ੍ਹਾਂ ਗੱਲਾਂ ਤੇ ਅਜੋਕੇ ਦੌਰ ਦੀ ਪੀੜ੍ਹੀ ਵਿਸ਼ਵਾਸ ਕਰਨ ਨੂੰ ਹੀ ਤਿਆਰ ਨਹੀਂ ਹੈ,ਜੋ ਕਿ ਸੱਚ ਵੀ ਹੈ। ਅੱਜ ਤੋਂ ਪੰਜ ਸੌ ਸਾਲ ਤੋਂ ਪਹਿਲਾਂ,ਬਾਬਾ ਨਾਨਕ ਜੀ ਨੇ ਸਾਨੂੰ,ਹਵਾ,ਧਰਤੀ ਅਤੇ ਪਾਣੀ ਦੀ ਮਹਾਨਤਾ ਵਾਰੇ ਜਾਗਰੂਕ ਵੀ ਕੀਤਾ ਸੀ ਅਤੇ ਫਰਮਾਇਆ ਸੀ,ਕਿ,
ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹੱਤ!
ਭਾਵ ਕਿ ਇਸ ਧਰਤੀ ਦੀ ਹਵਾ ਨੂੰ ਗੁਰੂ,ਪਾਣੀ ਨੂੰ ਪਿਤਾ ਦਾ ਦਰਜਾ ਅਤੇ ਧਰਤੀ ਨੂੰ ਆਪਣੀ ਮਾਂ ਦੇ ਬਰਾਬਰ ਦਰਜਾ ਦਿੱਤਾ ਗਿਆ ਸੀ,ਤਾਂ ਕਿ ਅਸੀਂ ਇੰਨ੍ਹਾਂ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰੀਏ।ਪਰ ਅਫਸੋਸ,ਕਿ ਪੈਸੇ ਦੀ ਅੰਨ੍ਹੀ ਚਕਾਚੌਂਧ ਚ ਅਸੀਂ ਇਹ ਤਿੰਨੋਂ ਚੀਜਾਂ ਹੀ ਬਰਬਾਦ ਕਰ ਲਈਆਂ ਹਨ।
ਅਜੋਕੇ ਦੌਰ ਚ,ਉਪਰੋਕਤ ਤਿੰਨੋਂ ਚੀਜਾਂ ਹੀ ਪੰਜਾਬ ਵਾਸ਼ੀਆਂ ਦੇ ਵਿਤੋਂ ਬਾਹਰ ਹੋ ਗਈਆਂ ਹਨ।ਇਹ ਨਾ ਹੀ ਗੁਣਾਤਮਕ ਤੇ ਨਾ ਹੀ ਗਿਣਾਤਮਕ ਪੱਖੋਂ ਪੰਜਾਬੀਆਂ ਕੋਲ ਭਰਭੂਰ ਮਾਤਰਾ ਚ ਹਨ।ਅੱਜ ਪੰਜਾਬ ਦੀ ਹਵਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ।ਪੀਣ ਵਾਲਾ ਪਾਣੀ ਨਾ ਹੀ ਪੀਣ ਦੇ ਯੋਗ ਹੈ ਅਤੇ ਨਾ ਹੀ ਫਸਲਾਂ ਦੀ ਸਿੰਜਾਈ ਲਈ ਢੁੱਕਵਾਂ ਹੈ।ਪੰਜਾਂ ਦਰਿਆਵਾਂ ਦੇ ਨਾਂ ਤੇ ਵੱਸਣ ਵਾਲੇ ਸੂਬੇ, ਪੰਜਾਬ ਦੇ ਲੋਕ ਪਾਣੀ ਨੂੰ ਤਰਸਦੇ ਹਨ।ਘਰਾਂ ਵਿੱਚ ਨਲਕਾ ਲਗਵਾਉਣਾ ਤਾਂ ਦੂਰ ਦੀ ਗੱਲ ਹੈ।ਸਗੋਂ ਅਜੋਕੇ ਦੌਰ ਚ ਤਾਂ, ਗਰੀਬ ਕਿਸਾਨ ਆਪਣੇ ਖੇਤ ਚ ਬਿਜਲੀ ਵਾਲੀ ਮੋਟਰ ਵੀ ਨਹੀਂ ਲਗਵਾ ਸਕਦਾ।ਇਹੋ ਤਾਂ ਪੰਜਾਬ ਦੇ ਲੋਕਾਂ ਦੀ ਤ੍ਰਾਸਦੀ ਹੈ।
ਇਸ ਤੋਂ ਇਲਾਵਾ,ਪੰਜਾਬ ਦੀ ਮਿੱਟੀ ਦੀ ਹਾਲਤ, ਬਦ ਤੋਂ ਬਦਤਰ ਹੋਈ ਪਈ ਹੈ।ਖੇਤਾਂ ਚ ਕਿਸਾਨਾਂ ਨੇ,ਲੋੜ ਤੋਂ ਜਿਆਦਾ ਸਪਰੇਅ, ਰੇਅ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਖੇਤਾਂ ਦੀ ਮਿੱਟੀ ਨੂੰ ਜਹਿਰੀਲਾ ਬਣਾ ਦਿੱਤਾ ਹੈ,ਤਾਂ ਕਿ ਖੇਤਾਂ ਚੋਂ ਵੱਧ ਤੋਂ ਵੱਧ ਫਸਲ ਦੀ ਉੱਪਜ ਲਈ ਜਾ ਸਕੇ।ਹਰ ਕਿਸਮ ਦੀ ਸਬਜੀ,ਹਰਾ ਚਾਰਾ ਅਤੇ ਫਲ ਵਗੈਰਾ,ਸਭ ਚੀਜਾਂ ਪੈਸੇ ਦੀ ਚਕਾਚੌਂਧ ਨੇ ਸਪਰੇਆਂ ਅਤੇ ਕੀਟ ਨਾਸ਼ਕ ਦਵਾਈਆਂ ਨੇ ਜਹਿਰੀਲੀਆਂ ਕਰ ਦਿੱਤੀਆਂ ਹਨ।ਜਿਸ ਨਾਲ,ਪੰਜਾਬ ਦੇ ਲੋਕ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਹਨ।
ਪਰ ਸੋਚਣ ਵਾਲੀ ਗੱਲ ਤਾਂ ਇਹ ਹੈ,ਕਿ ਪੰਜਾਬ ਦੀ ਹਵਾ, ਪਾਣੀ ਤੇ ਧਰਤੀ ਨੂੰ ਐਨਾ ਗੰਧਲਾ ਕਰਨ ਦੇ ਲਈ ਕੌਣ ਜਿੰਮੇਵਾਰ ਹੈ।ਇਹਦੇ ਲਈ ਆਮ ਤੇ ਗਰੀਬ ਕਿਸਾਨ ਤਾਂ ਕੁੱਝ ਨਹੀਂ ਕਰ ਸਕਦਾ,ਸਗੋਂ ਅਮੀਰ ਤੇ ਧਨਾਢ ਕਿਸਾਨ ਹੀ ਪੈਸੇ ਦੀ ਅੰਧਾ ਧੁੰਦ ਦੌੜ ਚ ਸਾਮਲ ਹੋ ਕੇ ਇਹ ਸਭ ਕੁੱਝ ਕਰ ਰਿਹਾ ਹੈ।ਪੰਜਾਬ ਦੇ ਹਾਲਾਤ,ਇੱਥੋਂ ਤੱਕ ਗਰਕ ਗਏ ਹਨ,ਕਿ ਕੋਈ ਥੋੜ੍ਹਾ ਜਿਹਾ ਸਰਦਾ ਪੁੱਜਦਾ ਆਮ ਜਿਹਾ ਬੰਦਾ ਵੀ,ਪੰਜਾਬ ਦੀ ਕਣਕ ਦੀ ਰੋਟੀ ਖਾਣ ਨੂੰ ਤਿਆਰ ਨਹੀਂ ਹੈ।ਅੱਜ ਪੰਜਾਬ ਦੀ ਹਵਾ, ਪਾਣੀ ਤੇ ਜਮੀਨ ਪੂਰੀ ਤਰ੍ਹਾਂ ਪ੍ਰਦੂਸਿਤ ਹੋ ਚੁੱਕੇ ਹਨ।ਪਰ ਅਫਸੋਸ,ਕਿ ਪੰਜਾਬ ਦਾ ਕੋਈ ਵੀ ਵਰਗ ਜਾਂ ਫਿਰ ਕੋਈ ਕਿਸਾਨ ਜਥੇਬੰਦੀ ਇਸ ਸਵੰਧ ਚ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ,ਜੋ ਕਿ ਬੜੀ ਹੀ ਮੰਦਭਾਗੀ ਗੱਲ ਹੈ।
ਮੁੱਕਦੀ ਗੱਲ ਤਾਂ ਇਹ ਹੈ,ਕਿ ਇਸ ਸਭ ਕੁੱਝ ਲਈ ਪੰਜਾਬ ਦਾ ਧਨਾਢ ਕਿਸਾਨ ਪੂਰੀ ਤਰ੍ਹਾਂ ਜਿੰਮੇਵਾਰ ਹੈ।ਜਿਸਨੇ ਪੰਜਾਬ ਦੀ ਹਵਾ,ਪਾਣੀ ਅਤੇ ਮਿੱਟੀ ਨਾਲ ਤਾਂ ਧ੍ਰੋਹ ਕਮਾਇਆ ਹੀ ਹੈ।ਸਗੋਂ ਪੰਜਾਬ ਦੇ ਲੋਕਾਂ ਨਾਲ ਵੀ ਬੜਾ ਵੱਡਾ ਧੋਖਾ ਕੀਤਾ ਹੈ।ਇਹਦੇ ਨਾਲ ਹੀ,ਸਿੱਖ ਸਮਾਜ ਦੇ ਗੁਰੂਆਂ ਅਤੇ ਭਗਤਾਂ ਦੀਆਂ ਸਿਖਿਆਵਾਂ ਤੇ ਅਮਲ ਨਾ ਕਰਕੇ, ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਨੂੰ ਸਿਰਫ ਪੈਸੇ ਦੀ ਖਾਤਰ ਕਲੰਕਿਤ ਵੀ ਕਰ ਦਿੱਤਾ ਹੈ।ਇਸ ਲਈ,ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਅਤੇ ਪੰਜਾਬ ਦਾ ਸ਼ਾਨਾਮੱਤਾ ਇਤਿਹਾਸ ਅਜਿਹੇ ਲੋਕਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ।
93169 10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.