
ਵਰਿੰਦਾਵਨ ਸਥਿਤ ਬਾਂਕੇ ਬਿਹਾਰੀ ਮੰਦਰ ਵਿਚ ਆਉਣ ਵਾਲੇ ਦਾਨ ਅਤੇ ਚੜ੍ਹਾਵੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖ਼ਤ ਨਿਰਦੇਸ਼ ਦਿੱਤੇ ਹਨ। ਕੋਰਟ ਨੇ ਸਪੱਸ਼ਟ ਕੀਤਾ ਕਿ ਸ਼ਰਧਾਲੂਆਂ ਵੱਲੋਂ ਮੰਦਰ ਨੂੰ ਦਿੱਤਾ ਜਾਣ ਵਾਲਾ ਇਕ-ਇਕ ਪੈਸਾ ਦਾਨ-ਪਾਤਰਾਂ ਜਾਂ ਆਨਲਾਈਨ ਮਾਧਿਅਮ ਰਾਹੀਂ ਸਿੱਧਾ ਮੰਦਰ ਦੇ ਖ਼ਜ਼ਾਨੇ ਵਿਚ ਜਾਣਾ ਚਾਹੀਦਾ ਹੈ। ਸੇਵਾਇਤਾਂ (ਸੇਵਾਦਾਰਾਂ) ਜਾਂ ਕਿਸੇ ਹੋਰ ਵਿਅਕਤੀ ਵੱਲੋਂ ਦਾਨ ਦੀ ਰਕਮ ਨੂੰ ਮੰਦਰ ਦੇ ਖ਼ਜ਼ਾਨੇ ਤੱਕ ਪਹੁੰਚਣ ਵਿਚ ਪਾਈ ਗਈ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਇਸ ਦੇ ਨਾਲ ਹੀ ਕੋਰਟ ਨੇ ਮੰਦਰ ਦੀ ਮੈਨੇਜਿੰਗ ਕਮੇਟੀ ਨੂੰ ਦਾਨ ਦੀ ਰਕਮ ਲਈ ਪਾਰਦਰਸ਼ੀ ਪ੍ਰਬੰਧ ਲਾਗੂ ਕਰਨ ਅਤੇ ਗੜਬੜੀਆਂ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।
ਇਹ ਨਿਰਦੇਸ਼ ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਵੀ. ਮੋਹਨਾ ਦੇ ਬੈਂਚ ਨੇ ਮੰਗਲਵਾਰ ਨੂੰ ਦਿੱਤੇ। ਸੁਣਵਾਈ ਦੌਰਾਨ ਮੰਦਰ ਦੇ ਫੰਡ ਦੀ ਵਰਤੋਂ ਅਤੇ ਜਾਇਦਾਦ ਖ਼ਰੀਦਣ ਨੂੰ ਲੈ ਕੇ ਵੀ ਸਵਾਲ ਉਠਾਏ ਗਏ। ਪਟੀਸ਼ਨਰ ਸੇਵਾਇਤਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸ਼ਿਆਮ ਦੀਵਾਨ ਨੇ ਦੋਸ਼ ਲਾਇਆ ਕਿ ਮੰਦਰ ਦੇ ਫੰਡ ਦੀ ਵਰਤੋਂ ਪ੍ਰਾਪਰਟੀ ਖ਼ਰੀਦਣ ਲਈ ਕੀਤੀ ਜਾ ਰਹੀ ਹੈ।
ਇਸ ਦੇ ਉਲਟ, ਕੋਰਟ ਵੱਲੋਂ ਗਠਿਤ ਹਾਈ ਪਾਵਰ ਮੈਨੇਜਿੰਗ ਕਮੇਟੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਇਹ ਲੋਕ ਫੰਡ ਦੀ ਵਰਤੋਂ ’ਤੇ ਇਤਰਾਜ਼ ਕਰ ਰਹੇ ਹਨ, ਪਰ ਚੜ੍ਹਾਵੇ ਨੂੰ ਫੰਡ ਵਿਚ ਬਦਲਣ ਦੀ ਇਜਾਜ਼ਤ ਵੀ ਨਹੀਂ ਦੇ ਰਹੇ। ਉਹ ਇਸ ਨੂੰ ਆਪਣੇ ਬੈਗ ਵਿਚ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਵੀਡੀਓ ਹੈ, ਜਿਸ ਵਿਚ ਤਿੰਨ ਲੋਕ ਦਾਨ-ਪਾਤਰ (ਗੋਲਕ) ਦੇ ਸਾਹਮਣੇ ਖੜ੍ਹੇ ਹੋ ਕੇ ਸ਼ਰਧਾਲੂਆਂ ਤੋਂ ਪੈਸੇ ਇਕੱਠੇ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਪੋਲੀਥੀਨ ਬੈਗ ਵਿਚ ਪਾ ਰਹੇ ਹਨ।ਕੋਰਟ ਨੇ ਕਿਹਾ ਕਿ ਅਸੀਂ ਵਿਕਾਸ ਦੇ ਕੰਮ ਦਾ ਅਧਿਕਾਰ ਦਿੱਤਾ ਹੈ। ਕੋਰਟ ਨੇ ਉੱਥੇ ਡਿਸਪੈਂਸਰੀ, ਪਖਾਨੇ ਆਦਿ ਬਣਾਉਣ ਦਾ ਅਧਿਕਾਰ ਦਿੱਤਾ ਹੈ। ਕੋਰਟ ਵੱਲੋਂ ਗਠਿਤ ਹਾਈ ਪਾਵਰ ਮੈਨੇਜਿੰਗ ਕਮੇਟੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਉੱਥੇ ਵਿਕਾਸ ਲਈ ਸਾਢੇ ਪੰਜ ਏਕੜ ਜ਼ਮੀਨ ਦੀ ਲੋੜ ਹੈ। ਅੱਧਾ ਏਕੜ ਜ਼ਮੀਨ ਖ਼ਰੀਦੀ ਜਾ ਚੁੱਕੀ ਹੈ ਅਤੇ ਬਾਕੀ ਜ਼ਮੀਨ ਖ਼ਰੀਦਣ ਲਈ ਕੋਸ਼ਿਸ਼ ਚੱਲ ਰਹੀ ਹੈ। ਪਰ ਪਟੀਸ਼ਨਰ ਇਸ ਵਿਚ ਰੁਕਾਵਟ ਪਾ ਰਹੇ ਹਨ। ਜ਼ਮੀਨ ਖ਼ਰੀਦਣ ਬਾਰੇ ਕੋਰਟ ਨੇ ਕਿਹਾ ਕਿ ਤੁਸੀਂ ਆਪਸੀ ਗੱਲਬਾਤ ਜਾਰੀ ਰੱਖੋ। ਆਪਸੀ ਸਮਝੌਤਾ ਹੋ ਜਾਂਦਾ ਹੈ ਤਾਂ ਕੋਰਟ ਨੂੰ ਦੱਸੋ। ਜੇਕਰ ਫਿਰ ਵੀ ਕੋਈ ਰੁਕਾਵਟ ਆਉਂਦੀ ਹੈ ਤਾਂ ਅਸੀਂ ਸੂਬਾ ਸਰਕਾਰ ਨੂੰ ਨਿਰਦੇਸ਼ ਦੇਵਾਂਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




