Opinion

ਮੰਗਲ ਢਿੱਲੋਂ – ਮਾਲਵੇ ਦਾ ਜੰਮਪਲ ਤੇ ਫਿਲਮ ਇੰਡਸਟਰੀ ‘ਚ ਦਮਦਾਰ ਆਵਾਜ਼ ਦਾ ਸੀ ਮਾਲਕ

ਅਵਤਾਰ ਸਿੰਘ ਭੰਵਰਾ

ਅਦਾਕਾਰ, ਨਿਰਮਾਤਾ, ਨਾਟਕਕਾਰ ਅਤੇ ਨਿਰਦੇਸ਼ਕ ਮੰਗਲ ਢਿੱਲੋਂ ਨਹੀਂ ਰਹੇ। ਉਹ ਪਿਛਲੇ ਕੁਝ ਸਮੇਂ ਤੋਂ ਲੁਧਿਆਣਾ ਦੇ ਕੈਂਸਰ ਹਸਪਤਾਲ ਵਿੱਚ ਜ਼ੇਰੇ ਇਲਾਜ਼ ਸਨ। ਮੰਗਲ ਢਿੱਲੋਂ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਤੇ ਕੋਟਕਪੂਰਾ ਨੇੜਲੇ ਪਿੰਡ ਵਾਂਦਰ ਜਟਾਣਾ ਦੇ ਜੰਮਪਲ ਸਨ। ਉਹ ਇਕ ਅਦਾਕਾਰ ਦੇ ਨਾਲ-ਨਾਲ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੀ ਸਨ। ਉਨ੍ਹਾਂ ਨੇ ਬਹੁਤ ਸਾਰੀਆਂ ਹਿੰਦੀ, ਪੰਜਾਬੀ ਫਿਲਮਾਂ ਅਤੇ ਸੀਰੀਅਲਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਬੀ ਏ ਕੀਤੀ। 1979 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਇੰਡੀਅਨ ਥੀਏਟਰ ਵਿਭਾਗ ਵਿੱਚ ਦਾਖਲਾ ਲਿਆ ਅਤੇ 1980 ਵਿੱਚ ਐਕਟਿੰਗ ਵਿੱਚ ਡਿਪਲੋਮਾ ਹਾਸਲ ਕੀਤਾ।

ਦਮਦਾਰ ਆਵਾਜ਼ ਦਾ ਮਾਲਕ ਸੀ ਮੰਗਲ ਢਿੱਲੋਂ

ਫਿਲਮ ਇੰਡਸਟਰੀ ਦੀਆਂ ਦਮਦਾਰ ਆਵਾਜ਼ਾਂ ਵਿਚੋਂ ਓਮ ਪੁਰੀ ਤੋਂ ਬਾਅਦ ਮੰਗਲ ਢਿੱਲੋਂ ਦਾ ਨਾਂ ਆਉਂਦਾ ਸੀ। ਫ਼ਿਲਮਾਂ ਵਿੱਚ ਖਣਕਦੀ ਆਵਾਜ਼ ਵਾਲੇ ਡਾਇਲਾਗ ਉਨ੍ਹਾਂ ਦੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੰਦੇ ਸਨ। ਉਨ੍ਹਾਂ ਦੇ 1986 ਵਿੱਚ ਟੀਵੀ ਸੀਰੀਅਲ ਕਥਾ ਸਾਗਰ ਵਿੱਚ ਕੰਮ ਕਰਨ ਤੋਂ ਬਾਅਦ ਹਿੰਦੀ ਲੜੀਵਾਰ ਬੁਨਿਆਦ ਤੋਂ ਪਛਾਣ ਬਣੀ। ਫੇਰ ਲਗਾਤਾਰ ਕਿਸਮਤ, ਦਿ ਗ੍ਰੇਟ ਮਰਾਠਾ, ਮੁਜਰਿਮ ਹਾਜ਼ਰ ਹੈ, ਰਿਸ਼ਤਾ ਮੌਲਾਨਾ ਆਜ਼ਾਦ, ਨੂਰਜਹਾਂ ਵਰਗੇ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ। ਛੋਟੇ ਪਰਦੇ ਤੋਂ ਬਾਅਦ ਉਨ੍ਹਾਂ ਨੂੰ ਫਿਲਮਾਂ ‘ਚ ਵੀ ਮੌਕਾ ਮਿਲਣ ਲੱਗਾ। 1988 ਵਿੱਚ ਆਈ ਫਿਲਮ ਖੂਨ ਭਾਰੀ ਮਾਂਗ ਵਿੱਚ ਉਨ੍ਹਾਂ ਇੱਕ ਵਕੀਲ ਦੀ ਭੂਮਿਕਾ ਨਿਭਾਈ। ਇਸ ਤੋਂ ਬਿਨਾਂ ਉਨ੍ਹਾਂ ਨੇ ਜ਼ਖਮੀ ਔਰਤ, ਦਯਾਵਾਨ, ਆਜ਼ਾਦ ਦੇਸ਼ ਕੇ ਗੁਲਾਮ, ਪਿਆਰ ਕਾ ਦੇਵਤਾ, ਅਕੇਲਾ, ਦਿਲ ਤੇਰਾ ਆਸ਼ਿਕ, ਦਲਾਲ, ਵਿਸ਼ਵਾਤਮਾ, ਨਿਸ਼ਾਨਾ ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ਬਹੁਤੀਆਂ ਫਿਲਮਾਂ ‘ਚ ਉਨ੍ਹਾਂ ਨੇ ਖਲਨਾਇਕ ਦੀ ਭੂਮਿਕਾ ਨਿਭਾਈ। ਉਹ ਆਖਰੀ ਵਾਰ 2017 ਵਿੱਚ ਆਈ ਫਿਲਮ ਤੂਫਾਨ ਸਿੰਘ ਵਿੱਚ ਨਜ਼ਰ ਆਏ ਸਨ।

ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤੇ ਸਮਾਜ ਸੇਵਾ ਦਾ ਸਫਰ

ਫਿਲਮ ਇੰਡਸਟ੍ਰੀ ਵਿੱਚ ਕੰਮ ਕਰਨ ਤੋਂ ਬਾਅਦ ਮੰਗਲ ਢਿੱਲੋਂ ਨੇ ਸਿੱਖ ਇਤਿਹਾਸ ਨਾਲ ਸੰਬੰਧਤ ਡਾਕੂਮੈਂਟਰੀਆਂ ਤਿਆਰ ਕੀਤੀਆਂ। ਇਹ ਫ਼ਿਲਮਾਂ ਵੱਖ ਵੱਖ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਦਿਖਾਈਆਂ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਨਸ਼ਿਆਂ ਖਿਲਾਫ ਫ਼ਿਲਮਾਂ ਬਣਾ ਕੇ ਪਿੰਡਾਂ ਦੀਆਂ ਸੱਥਾਂ ਤੇ ਸਕੂਲਾਂ, ਕਾਲਜਾਂ ਵਿੱਚ ਦਿਖਾ ਕੇ ਇਕ ਜਾਗਰੂਕਤਾ ਲਹਿਰ ਸ਼ੁਰੂ ਕੀਤੀ। ਇਸ ਮੁਹਿੰਮ ਨੂੰ ਦੇਖ ਕੇ ਦੇਸ਼ ਵਿਦੇਸ਼ ਵਿੱਚ ਬੈਠੇ ਮੰਗਲ ਢਿੱਲੋਂ ਦੇ ਪ੍ਰਸ਼ੰਸ਼ਕਾਂ ਨੇ ਬਹੁਤ ਸਲਾਹਿਆ ਅਤੇ ਮਾਇਕ ਸਹਾਇਤਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਸ਼ੁਰੂ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲਾ ਲੁਧਿਆਣਾ ਦੇ ਪਿੰਡ ਨੀਲੋਂ ਨੇੜੇ ਸਰਬ ਰੋਗ ਅਉਖਧ ਨਾਮ ਮਿਸ਼ਨ (ਗੁਰੂ ਅਮਰ ਦਾਸ ਰੋਗ ਨਿਵਾਰਨ ਕੇਂਦਰ ਨੀਲੋਂ ਕਲਾਂ) ਦੇ ਸਹਿਯੋਗ ਨਾਲ ਹੀਲਿੰਗ ਸੈਂਟਰ ਖੋਲ੍ਹਿਆ। ਸਰਬ ਰੋਗ ਅਉਖਧ ਨਾਮ ਮਿਸ਼ਨ ਲੁਧਿਆਣਾ ਦੇ ਟ੍ਰਸਟੀ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਮੰਗਲ ਢਿੱਲੋਂ ਵਲੋਂ ਹੀਲਿੰਗ ਸੈਂਟਰ ਨੀਲੋਂ ਕਲਾਂ ਦੇ ਪ੍ਰਚਾਰ, ਪ੍ਰਬੰਧ ਤੇ ਪ੍ਰਸਾਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਹੈ। ਇਥੇ ਸ਼ਰਧਾ ਨਾਲ ਗੁਰਬਾਣੀ ਸਿਮਰਨ ਨਾਲ ਰੋਗਾਂ ਦਾ ਨਿਵਾਰਨ ਹੁੰਦਾ ਹੈ। ਅੱਜ ਕੱਲ੍ਹ ਇਹ ਸੰਸਥਾ ਸਰਬ ਰੋਗ ਅਉਖਧ ਨਾਮ ਮਿਸ਼ਨ ਲੁਧਿਆਣਾ ਦੀ ਦੇਖ ਰੇਖ ਹੇਠ ਚੱਲ ਰਹੀ ਹੈ।

ਸੀਨੀਅਰ ਪੱਤਰਕਾਰ ਤੇ ਸਾਬਕਾ ਸੰਪਾਦਕ ਸਿੱਧੂ ਦਮਦਮੀ ਅਨੁਸਾਰ ਮੰਗਲ ਢਿੱਲੋਂ ਦਾ ਹਿੰਦੀ ਸਿਨੇਮਾ, ਟੈਲੀਵਿਜ਼ਨ ਤੇ ਨਾਟਕ ਵਿਚ ਵੱਡਾ ਨਾਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮਾਲਵੇ ਦੇ ਛੋਟੇ ਜਿਹੇ ਪਿੰਡ ਵਾਂਦਰ ਜਟਾਣੇ ਤੋਂ ਉੱਠ ਕੇ ਉਸ ਨੇ ਹਿੰਦੁਸਤਾਨ ਦੇ ਪਹਿਲੇ ਟੈਲੀਵਿਜ਼ਨ ਲੜੀਵਾਰ ਵਿੱਚ ਦਮਦਾਰ ਭੂਮਿਕਾ ਨਿਭਾ ਕੇ ਨਾਮਣਾ ਖੱਟਿਆ। ਪੰਜਾਬੀ ਕਲਾਕਾਰਾਂ ਵਲੋਂ ਆਪਣੀ ਅਦਾਕਾਰੀ ਦੇ ਦਮ ‘ਤੇ ਹਿੰਦੀ ਜਗਤ ਵਿੱਚ ਛਾਉਣ ਦੀ ਪਿਰਤ ਮੰਗਲ ਢਿੱਲੋਂ ਨੇ ਕਾਇਮ ਰੱਖੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button