D5 specialOpinion

ਸਰਕਾਰੇ ਨੀ ਜਨਤਾ ਕੀ ਕਰੇ, ਨਿੱਤ ਦੇ ਜਾਮ ‘ਚ ਨਿੱਤ ਫਾਹੇ ਚੜ੍ਹੇ!

ਇੱਕ ਕਹਾਵਤ ਬੜੀ ਮਸ਼ਹੂਰ ਹੈ,ਕਿ ਕਰੇ ਕੋਈ ਤੇ ਭਰੇ ਕੋਈ!

ਇਹ ਕਹਾਵਤ ਪੰਜਾਬ ਦੇ ਅਜੋਕੇ ਹਾਲਾਤਾਂ ਤੇ ਬਿਲਕੁਲ ਪੂਰੀ ਤਰ੍ਹਾਂ ਢੁੱਕਦੀ ਹੈ।ਜਦੋਂ ਕਿਸੇ ਦੇ ਕਸੂਰ ਦੀ ਸ਼ਜਾ ਕਿਸੇ ਹੋਰ ਨੂੰ ਮਿਲ ਰਹੀ ਹੋਵੇ ਅਤੇ ਉਹਦਾ ਕੋਈ ਸਥਾਈ ਹੱਲ ਵੀ ਨਾ ਨਿੱਕਲਦਾ ਦਿਸੇ।ਇਹੋ ਹਾਲਾਤ ਪੰਜਾਬ ਦੇ ਮੁਹਾਲੀ ਅਤੇ ਖਰੜ ਏਰੀਏ ਦੇ ਹੋਏ ਪਏ ਹਨ। ਕਈ ਬਾਹਰਲੇ ਦੇਸ਼ਾਂ ਚ,ਇੱਕ ਕਹਾਵਤ ਮਸ਼ਹੂਰ ਹੈ,ਕਿ ਉੱਥੋਂ ਦੇ ਵਸਿੰਦੇ ਸਵੇਰੇ ਘਰ ਤੋਂ ਜਾਣ ਸਮੇਂ ਆਪਣੇ ਨਾਲ ਛੱਤਰੀ ਜਰੂਰ ਰੱਖਦੇ ਹਨ।ਭਾਵੇਂ ਸਵੇਰੇ ਮੌਸਮ ਜਿਹੋ ਜਿਹਾ ਮਰਜੀ ਹੋਵੇ।ਪਰ ਉੱਥੋਂ ਦੇ ਲੋਕਾਂ ਨੂੰ ਹਰ ਵਕਤ ਮੌਸਮ ਦੀ ਬੇਯਕੀਨੀ ਰਹਿੰਦੀ ਹੈ।ਕਿਉਂਕਿ ਉੱਥੋਂ ਦੇ ਹਾਲਾਤਾਂ ਦੇ ਮੁਤਾਬਿਕ ਪਤਾ ਨਹੀਂ ਕਦੋਂ ਵਾਰਸ਼ ਹੋਣੀ ਸ਼ੁਰੂ ਹੋ ਜਾਵੇ ਅਤੇ ਮੌਸਮ ਦਾ ਮਿਜਾਜ਼ ਵਿਗੜ ਜਾਵੇ।

ਬਾਹਰਲੇ ਦੇਸ਼ਾਂ ਦੇ ਮੌਸਮ ਦੇ ਵਾਂਗ ਹੀ,ਜਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਬਣੇ ਹਨ,ਉਦੋਂ ਦੇ ਮੁਹਾਲੀ ਅਤੇ ਖਾਸ ਕਰਕੇ ਖਰੜ ਏਰੀਏ ਦੇ ਹਾਲਾਤ ਵੀ ਬਿਲਕੁਲ ਹੀ ਬਦਲ ਗਏ ਹਨ।ਪਹਿਲਾਂ ਜਿੰਨਾ ਚਿਰ,ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ,ਉਦੋਂ ਇਹ ਜਾਮ ਵਾਲਾ ਕਾਰਨਾਮਾ ਪਟਿਆਲਾ ਸ਼ਹਿਰ ਚ ਹੁੰਦਾ ਸੀ।ਪਰ ਹੁਣ ਚੰਨੀ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ, ਇਹ ਹਰ ਰੋਜ ਦੇ ਜਾਮ ਲੱਗਣ ਦਾ ਤੋਹਫਾ,ਖਰੜ ਏਰੀਏ ਨੂੰ ਜਰੂਰ ਮਿਲਿਆ ਹੈ।ਕਿਉਂਕਿ ਚਰਨਜੀਤ ਸਿੰਘ ਚੰਨੀ ਦੀ ਆਪਣੀ ਰਿਹਾਇਸ਼ ਖਰੜ ਵਿਖੇ ਹੈ। ਚੰਨੀ ਸਾਹਿਬ ਦੇ ਮੁੱਖ ਮੰਤਰੀ ਬਣਨ ਨਾਲ,ਇੱਥੋਂ ਦੇ ਲੋਕਾਂ ਨੂੰ ਹੋਰ ਭਾਵੇਂ ਕੁੱਝ ਮਿਲਿਆ ਹੋਵੇ ਜਾਂ ਨਾ ਮਿਲਿਆ ਹੋਵੇ।ਪਰ ਇੱਕ ਚੀਜ ਚੰਨੀ ਸਾਹਿਬ ਦੇ ਮੁੱਖ ਮੰਤਰੀ ਬਣਨ ਨਾਲ ਜਰੂਰ ਮਿਲੀ ਹੈ ਅਤੇ ਉਹ ਇਹ ਹੈ,ਕਿ ਖਰੜ ਦੇ ਲੋਕਾਂ ਨੂੰ ਹਰ ਰੋਜ ਸੜਕਾਂ ਤੇ ਲੱਗਦੇ ਜਾਮ ਦਾ ਸਾਹਮਣਾ ਹਰ ਰੋਜ ਕਰਨਾ ਹੀ ਪੈਂਦਾ ਹੈ।

ਸਵੇਰੇ ਸੁਵੱਖਤੇ ਹੀ,ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਆਪਣੇ ਕੰਮ ਧੰਦਿਆਂ ਤੇ ਪਹੁੰਚਣ ਦੀ ਚਿੰਤਾ ਅਤੇ ਸ਼ਾਮ ਨੂੰ ਕੰਮ ਤੋਂ ਥੱਕੇ ਹਾਰੇ ਹੋਏ ਲੋਕਾਂ ਨੂੰ ਆਪਣੇ ਘਰ ਪਹੁੰਚਣ ਦੀ ਚਿੰਤਾ ਹਰ ਵਕਤ ਹੀ ਸਤਾਉਂਦੀ ਹੈ।ਕਿਉਂਕਿ ਨਿੱਤ ਦੇ ਲੱਗਦੇ ਜਾਮਾਂ ਨੇ ਬਾਹਰਲੇ ਦੇਸ਼ਾਂ ਦੇ ਮੌਸਮ ਵਾਂਗ,ਲੋਕਾਂ ਚ ਬੇਯਕੀਨੀ ਜਿਹੀ ਪੈਦਾ ਕਰ ਦਿੱਤੀ ਹੈ। ਭਾਵੇਂ ਹਰ ਕੋਈ ਵਿਅਕਤੀ ਜਾਂ ਜਥੇਬੰਦੀ ਦਾ ਆਪੋ ਆਪਣੀਆਂ ਮੰਗਾਂ ਮਨਵਾਉਣ ਦਾ ਆਪੋ ਆਪਣਾ ਤਰੀਕਾ ਹੁੰਦਾ ਹੈ।ਕਦੇ ਕਿਸੇ ਦਾ ਘਿਰਾਓ ਤੇ ਕਦੇ ਆਵਾਜਾਈ ਠੱਪ ਕੀਤੀ ਜਾਂਦੀ ਹੈ।ਭਾਵੇਂ ਇੱਕ ਲੋਕਤੰਤਰਿਕ ਦੇਸ਼ ਚ ਹਰ ਕਿਸੇ ਨੂੰ ਆਪਣਾ ਰੋਸ਼ ਪਰਗਟ ਕਰਨ ਦਾ ਸੰਵਿਧਾਨਕ ਤੌਰਤੇ ਹੱਕ ਹੈ।ਇਸੇ ਕਰਕੇ ਹੀ,ਇੰਨ੍ਹਾਂ ਜਥੇਬੰਦੀਆਂ ਦੇ ਰਾਹੀਂ ਹਰ ਕੋਈ ਆਪੋ ਆਪਣਾ ਤਰੀਕਾ ਅਪਣਾਉਂਦਾ ਹੈ,ਤਾਂ ਕਿ ਸਰਕਾਰ,ਇਸ ਦਬਾਅ ਹੇਠ ਆ ਕੇ ਉਨ੍ਹਾਂ ਦੀਆਂ ਮੰਗਾਂ ਮੰਨ ਲਵੇ।ਪਰ ਸਰਕਾਰ ਵੀ ਕਿਹੜਾ ਕਿਸੇ ਗੱਲ ਤੋਂ ਘੱਟ ਹੈ।

ਪੰਜਾਬ ਚ ਹਰ ਪਾਰਟੀ, ਚੋਣਾਂ ਦੇ ਵਕਤ ਵੋਟਰਾਂ ਨਾਲ ਤਰ੍ਹਾਂ 2 ਦੇ ਵਾਅਦੇ ਕਰਦੀ ਹੈ।ਇਸੇ ਕੜੀ ਵਜੋਂ ਹੀ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਵੀ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ,ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੂਰੇ ਨਹੀਂ ਕੀਤੇ ਗਏ ਸਨ।ਇਹੋ ਕਾਰਨ ਸੀ,ਕਿ ਕਾਂਗਰਸ ਹਾਈ ਕਮਾਂਡ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚ ਆਪਣੀ ਜਿੱਤ ਦਰਜ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ।ਭਾਵੇਂ ਕਾਂਗਰਸ ਪਾਰਟੀ ਕੋਲ ਵਕਤ ਬਹੁਤ ਥੋੜ੍ਹਾ ਹੈ,ਪਰ ਲੋਕਾਂ ਨੂੰ ਤਾਂ ਇਹੋ ਵਕਤ ਮੁਨਾਸਿਬ ਲੱਗਦਾ ਹੈ,ਕਿਉਂਕਿ ਚੋਣਾਂ ਤੋਂ ਬਾਅਦ ਤਾਂ ਜਿੱਤਣ ਵਾਲੀ ਪਾਰਟੀ ਲੋਕਾਂ ਦੇ ਮਸਲਿਆਂ ਵੱਲ ਭੋਰਾ ਵੀ ਧਿਆਨ ਨਹੀਂ ਦਿੰਦੀ।ਇਹੋ ਕਾਰਨ ਹੈ,ਕਿ ਮੁੱਖ ਮੰਤਰੀ ਦੇ ਏਰੀਏ ਚ ਹਰ ਰੋਜ ਜਾਮ ਲੱਗ ਰਹੇ ਹਨ।

ਭਾਵੇਂ ਆਮ ਲੋਕ,ਇਹ ਜਾਮ ਲੱਗਣ ਦੇ ਕਾਰਨ ਬਹੁਤ ਦੁਖੀ ਹਨ,ਪਰ ਲੋਕ ਕਰ ਵੀ ਤਾਂ ਕੁੱਝ ਨਹੀਂ ਸਕਦੇ।ਕਿਉਂਕਿ ਨਾ ਹੀ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ,ਇੰਨ੍ਹਾਂ ਗੱਲਾਂ ਵੱਲ ਧਿਆਨ ਦੇ ਹੀ ਰਹੀ ਹੈ ਅਤੇ ਨਾ ਹੀ ਜਾਮ ਲਾਉਣ ਵਾਲੇ ਲੋਕ ਹੀ ਆਮ ਜਨਤਾ ਦੀ ਪ੍ਰੇਸ਼ਾਨੀ ਨੂੰ ਸਮਝਦੇ ਹਨ।ਸਰਕਾਰ ਅਤੇ ਜਥੇਬੰਦੀਆਂ ਦੀ ਲੜਾਈ ਚ,ਸਭ ਤੋਂ ਵੱਧ ਖੱਜਲ ਖੁਆਰੀ ਆਮ ਜਨਤਾ ਦੀ ਹੀ ਹੋ ਰਹੀ ਹੈ। ਭਾਵੇਂ ਲੋਕ ਤੰਤਰ ਦੇਸ਼ ਚ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟਾਉਣ ਜਾਂ ਕੋਈ ਰੋਸ਼ ਮੁਜਾਹਰਾ ਕਰਨ ਦਾ ਸੰਵਿਧਾਨਿਕ ਹੱਕ ਹੈ।ਪਰ ਇੱਕ ਗੱਲ ਦਾ ਜਰੂਰ ਧਿਆਨ ਰੱਖਣਾ ਬਣਦਾ ਹੈ,ਕਿ ਇਹਦੇ ਨਾਲ ਆਮ ਜਨਤਾ ਦੀ ਖੱਜਲ ਖੁਆਰੀ ਨਾ ਹੋਵੇ।

ਕਿਉਂਕਿ ਆਮ ਜਨਤਾ ਦਾ ਤਾਂ ਇਸ ਵਿੱਚ ਕੋਈ ਕਸੂਰ ਨਹੀਂ ਹੈ।ਪਰ ਖੱਜਲ ਖੁਆਰੀ ਸਭ ਤੋਂ ਜਿਆਦਾ ਆਮ ਜਨਤਾ ਦੀ ਹੋ ਰਹੀ ਹੈ।ਦੂਸਰੇ ਪਾਸੇ, ਸਰਕਾਰ ਨੂੰ ਵੀ ਲੋਕਾਂ ਦੀਆਂ ਜਾਇਜ ਮੰਗਾਂ ਵੱਲ ਉੱਚਿਤ ਧਿਆਨ ਦੇ ਕੇ ਉਨ੍ਹਾਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ।ਕਿਉਂਕਿ ਲੋਕਾਂ ਦੀ ਸੁਣਵਾਈ ਕਰਨੀ, ਆਖਰ ਸਰਕਾਰਾਂ ਦਾ ਹੀ ਤਾਂ ਕੰਮ ਹੈ।ਕਿਉਂਕਿ ਇਹਦੇ ਨਾਲ ਹਰ ਰੋਜ ਧਰਨੇ ਲਾਉਣ ਵਾਲੇ ਲੋਕ ਵੀ ਆਪਣੀ ਚੈਨ ਦੀ ਜਿੰਦਗੀ ਜਿਉਂ ਸਕਣ।ਇਹਦੇ ਨਾਲ ਹੀ,ਆਮ ਜਨਤਾ ਵੀ ਆਪਣੇ ਕੰਮ ਧੰਦਿਆਂ ਤੇ ਬਿਨਾਂ ਕਿਸੇ ਡਰ ਭੈਅ ਦੇ ਆ ਜਾ ਸਕਣ ਅਤੇ ਸਰਕਾਰ ਤੇ ਅੰਦੋਲਨਕਾਰੀਆਂ ਨੂੰ ਵੀ ਦੁਆਵਾਂ ਦੇ ਸਕਣ।

ਸੁਬੇਗ ਸਿੰਘ, ਸੰਗਰੂਰ
93169-10402

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button