Opinion

ਮੋਦੀ ਦੇ ਭਾਸ਼ਨ ਨੇ ਮਾਨ ਨੂੰ ਕੀਤਾ ਚਿੱਤ, ਦਿੱਲੀ ਦੀ ਕੜਵਾਹਟ ਪੰਜਾਬ ਤੱਕ ਆਈ

ਅਮਰਜੀਤ ਸਿੰਘ ਵੜੈਚ (94178-01988) 

ਇਸੇ ਮਹੀਨੇ ਦੀ 24 ਤਾਰੀਖ਼ ਨੂੰ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਵੱਲੋਂ ਚੰਡੀਗੜ੍ਹ ਤੇ ਮੁਹਾਲੀ ਦੇ ਨਾਲ਼ ਲੱਗਦੇ ਮੁੱਲਾਂਪੁਰ  ‘ਚ  300 ਬਿਸਤਰਿਆਂ ਵਾਲ਼ਾ 660 ਕਰੋੜ ਰੁ: ਦੀ ਲਾਗਤ ਵਾਲ਼ੇ ਰਾਸ਼ਟਰੀ ਪੱਧਰ ਦੇ ‘ਹੋਮੀ ਭਾਬਾ ਕੈਂਸਰ ਹੱਸਪਤਾਲ਼ ਤੇ ਰਿਸਰਚ ਸੈਂਟਰ’ ਦਾ ਉਦਘਾਟਨ ਕੀਤਾ  ਗਿਆ । ਇਹ ਹਸਪਤਾਲ ਪੰਜਾਬ ਤੇ ਹਿਮਾਚਲ ਦੇ ਮਰੀਜ਼ਾਂ ਲਈ ਇਕ ਵਰਦਾਨ ਸਿਧ ਹੋਵੇਗਾ ।

ਇਸ ਮੌਕੇ ‘ਤੇ ਜੋ ਮੁੱਖ-ਮੰਤਰੀ ਭਗਵੰਤ ਮਾਨ ਤੇ ਮੋਦੀ ਨੇ ਭਾਸ਼ਨ ਦਿੱਤੇ ਉਨ੍ਹਾਂ ‘ਚੋਂ ਬਹੁਤ ਕੁਝ ਪੜ੍ਹਨ ਦੀ ਲੋੜ ਹੈ । ਇਸ ਮੌਕੇ ‘ਤੇ ਬਹੁਤ ਹੀ ਵੱਡੀ ਪੱਧਰ ‘ਤੇ ਲੋਕਾਂ ਦਾ ਇਕੱਠ ਕੀਤਾ ਗਿਆ ਜਿਸਦਾ ਮੋਦੀ ਫ਼ਾਇਦਾ ਉਠਾਉਣ ‘ਚ ਪੂਰੀ ਤਰ੍ਹਾਂ ਕਾਮਯਾਬ ਰਹੇ ਪਰ ਮਾਨ ਪੱਛੜ ਗਏ । ਆਪਣੇ ਪੂਰੇ ਸੰਬੋਧਨ ‘ਚ ਮਾਨ ਇੰਜ ਭਾਸ਼ਨ ਦੇ ਰਹੇ ਸਨ ਜਿਵੇਂ ਭਾਜਪਾ ਦੇ ਹੀ ਸੀਐੱਮ ਹੋਣ । ਪੰਜਾਬ ਦੇ ਰਾਜਪਾਲ ਨੂੰ ਸੀਐੱਮ ਨੇ ‘ਕਰਾਂਤੀਕਾਰੀ ਗਵਰਨਰ’ ਦਾ ਵਿਸ਼ੇਸ਼ਣ ਦਿੱਤਾ । ਮਾਨ ਨੇ ਇਸੇ ਵਰ੍ਹੇ ਪੰਜ ਜਨਵਰੀ ਨੂੰ  ਮੋਦੀ ਨਾਲ ਪੰਜਾਬ ਚੋਣਾਂ ਸਮੇਂ ਫ਼ਿਰੋਜ਼ਪੁਰ ‘ਚ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਦੁੱਖ ਪ੍ਰਗਟ ਕੀਤਾ ਤੇ ਨਾਲ਼ ਦੀ ਨਾਲ਼ ਇਹ ਵੀ ਕਿਹਾ ਕਿ ਹੁਣ ਪੰਜਾਬ ‘ਚ ‘ਅਮਨ ਕਾਨੂੰਨ’ ਦੀ ਸਥਿਤੀ ਬਹੁਤ ਸੁਧਰ ਗਈ ਹੈ । ਚੰਨੀ ਸਰਕਾਰ ਨੇ 5 ਜਨਵਰੀ ਦੀ ਗਟਨਾ ਨੂੰ ‘ਡਰਾਮਾ’ ਹੀ ਦੱਸਿਆ ਸੀ ।

ਜਿਉਂ ਹੀ ਸਟੇਜ ਤੋਂ ਭਗਵੰਤ ਮਾਨ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਤਾਂ ਪੰਡਾਲ ਦੇ ਇਕ ਪਾਸਿਓਂ  ,ਜਿਸ ਪਾਸੇ ਬੀਜੇਪੀ ਦੇ ਵਰਕਰ ਬੈਠੇ ਸਨ ,’ਮੋਦੀ..ਮੋਦੀ ..ਮੋਦੀ ‘ ਦੇ ਨਾਅਰੇ ਗੂੰਜਣ ਲੱਗ ਪਏ  । ਮਾਨ ਨੇ ਕੇਂਦਰੀ ਮੰਤਰੀ ਡਾ: ਜਤਿੰਦਰ ਸਿੰਘ ਦੀ ਪੰਜਾਬੀ ਬੋਲਣ ਲਈ ਤਾਰੀਫ਼ ਕੀਤੀ  ਤੇ  ਬਜਾਏ ਏਸ ਦੇ ਕਿ ਮਾਨ ਪੰਜਾਬ ‘ਚ ਸ਼ੁਰੂ ਕੀਤੀਆਂ ਸਿਹਤ ਸਹੂਲਤਾਂ ਦਾ ਜ਼ਿਕਰ ਕਰਦੇ ਬਲਕਿ ਕੈਂਸਰ ਲਈ ‘ਪੀਐੱਮ ਰਲੀਫ਼ ਫ਼ੰਡ’ ਦੀ ਤਾਰੀਫ਼ ਹ‌ੀ ਕਰਦੇ ਰਹੇ । ਮਾਨ ਨੇ ਇਕ ਵਾਰ ਵੀ ‘ਆਮ ਆਦਮੀ ਕਲਿਨਿਕ’ ਦਾ ਨਾਮ  ਨਹੀਂ ਲਿਆ । ਅਖੀਰ ‘ਚ ਮਾਨ ਨੇ  ਕਿਹਾ ਕਿ ਜੋ ‘ਤੋਹਫ਼ੇ’ ਤੁਸੀਂ ਪੰਜਾਬ ਨੂੰ ਦੇਕੇ ਜਾਓਗੇ ਪੰਜਾਬ ਉਨ੍ਹਾਂ ਨੂੰ ਸਿਰ ਮੱਥੇ ਸਵੀਕਾਰ ਕਰੇਗਾ  ਪਰ ਮਾਨ ਨੇ ਪੰਜਾਬ ਦੀ ਕੋਈ ਵਿਸ਼ੇਸ਼ ਮੰਗ ਨਹੀਂ ਰੱਖੀ ਸਿਰਫ਼ ਏਨਾ ਹੀ ਕਿਹਾ ਕਿ  ਉਨ੍ਹਾਂ (ਮਾਨ) ਨੇ ਨੀਤੀ ਅਯੋਗ ਦੀ ਮੀਟਿੰਗ ‘ਚ ਸਾਰੀ ਗੱਲ ਪੀਐੱਮ ਨੂੰ ਦੱਸ ਦਿੱਤੀ ਸੀ ।

ਇਸ ਤੋਂ ਇੰਜ ਲੱਗਿਆ ਕਿ ਪੀਐੱਮ ਪੰਜਾਬ ਨੂੰ ਲਈ ਵੱਡੇ ਤੋਹਫ਼ਿਆਂ ਦਾ ਐਲਾਨ ਕਰਨਗੇ ਪਰ ਮੋਦੀ ਨੇ  ਤਾਂ ਸਾਰੀ ਸਪੀਚ ‘ਚ ਤੋਹਫ਼ਿਆਂ ਦੀ ਗੱਲ ਤਾਂ ਕੀ ਕਰਨੀ ਸੀ  ਮੁਢਲੇ ਸੰਬਧਿਨ ਤੋਂ ਬਾਅਦ ਮਾਨ ਤੇ ਪੰਜਾਬ ਨੂੰ ਆਪਣੇ ਭਾਸ਼ਨ ‘ਚੋਂ ਗ਼ੈਰ-ਹਾਜ਼ਿਰ ਹੀ ਰੱਖਿਆ । ਮਾਨ ਦਾ ਸੰਬੋਧਨ ਇਕ ਸੀਐੱਮ ਦਾ ਸੰਬੋਧਨ ਹੀ ਨਹੀਂ ਸੀ ਲੱਗ ਰਿਹਾ ਸੀ । ਇੰਜ ਲੱਗ ਰਿਹਾ ਸੀ ਕਿ ਜਾਂ ਤਾਂ ਸਿਹਤ ਮਹਿਕਮੇ ਨੇ ਸੀਐੱਮ ਦਫ਼ਤਰ ਨੂੰ ਇਨਪੁੱਟ ਨਹੀਂ ਦਿੱਤੀ ਤੇ ਜੇਕਰ ਇਨਪੁੱਟ ਦਿੱਤੀ ਸੀ ਤਾਂ ਫਿਰ ਮੁੱਖ-ਮੰਤਰੀ ਦਫ਼ਤਰ ਦੀ ਘਾਟ ਰਹਿ ਗਈ । ਵੈਸੇ ਮਾਨ ਦੇ ਸੰਬੋਧਨਾਂ ਤੋਂ ਪਤਾ ਲਗਦਾ ਹੈ ਕਿ ਮਾਨ ਸਾਹਿਬ  ਇਹੋ ਜਿਹੇ ਸਮਾਗਮਾਂ ‘ਤੇ ਭਾਸ਼ਨ ਦੇਣ ਨੂੰ ਵੀ ਚੋਣਾਂ ਵਾਂਗ ਹੀ ਲੈਂਦੇ ਹਨ ।

ਮੋਦੀ ਨੇ ਇਸ ਵਕਤ ਜੋ ਭਾਸ਼ਨ ਦਿੱਤਾ ਉਹ ਪੂਰੀ ਤਰ੍ਹਾਂ ਟਾਇਪ ਕੀਤਾ ਹੋਇਆ ਸੀ ਜੋ ਮੋਦੀ ਜੀ ਹਮੇਸ਼ਾ ਦੀ ਤਰ੍ਹਾਂ ਸੱਜੇ ਤੇ ਖੱਬੇ ਲੱਗੇ ਟੈਲੀ ਪ੍ਰੌਮਪਟਰਾਂ ਤੋਂ ਪੜ੍ਹ ਰਹੇ ਸਨ । ਪੀਐੱਮ ਨੂੰ ਐਨਾ ਅਭਿਆਸ ਹੈ ਕਿ ਲਗਦਾ ਹੀ ਨਹੀਂ ਕਿ ਉਹ ਭਾਸ਼ਨ ਪੜ੍ਹ ਰਹੇ ਹਨ । ਉਹ ਭਾਸ਼ਨ ਏਨਾ ਸਹਿਜ ਨਾਲ ਪੜ੍ਹਦੇ ਹਨ ਕਿ ਲਗਦਾ ਹੈ ਕਿ ਬੋਲ ਰਹੇ ਹੋਣ । ਜਦੋਂ ਮੋਦੀ ਨੇ ਕੇਂਦਰ ਸਰਕਾਰ ਦੀਆਂ ਸਿਹਤ ਨਾਲ਼ ਜੁੜੀਆਂ ਸਕੀਮਾਂ ਤੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਤਾਂ ਮਾਨ ਦਾ ਸਾਰਾ ਸੰਬੋਧਨ ਹਵਾ ਵਿੱਚ ਹੀ ਉਡ ਗਿਆ । ਜਦੋਂ ਮੋਦੀ ਨੇ ਕਿਹਾ ਕਿ ਅੱਛੇ ਹੈਲਥ ਸਿਸਟਮ ਚਾਰ ਦੀਵਾਰਾਂ ਖੜੀਆਂ ਕਰਕੇ ਨਹੀਂ ਬਣਦੇ ਤਾਂ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹ ਮਾਨ ਸਰਕਾਰ ਦੀ ‘ਆਮ ਆਦਮੀ ਕਲਿਨਿਕ’ ਦੀ ਖਿੱਲੀ ਉਡਾ ਰਹੇ ਹੋਣ ਭਾਵੇਂ ਮੋਦ‌ੀ ਨੇ ਸਿੱਧਾ ਨਾਮ ਨਹੀਂ ਲਿਆ ।

ਮੋਦੀ ਨੇ ਕੈਂਸਰ ਹਸਪਤਾਲ਼ਾਂ, ਅਯੂਸ਼ਮਾਨ-ਯੋਜਨਾ,ਹਰ ਜ਼ਿਲ੍ਹੇ ‘ਚ ਮੈਡੀਕਲ ਕਾਲਿਜ ਬਣਾਉਣ, ਸਵੱਛ ਭਾਰਤ ਮਿਸ਼ਨ, ਫਿੱਟ ਇੰਡੀਆ, ਜਨ-ਔਸ਼ਧੀ ,ਪਿੰਡਾਂ ‘ਚ ਸਿਹਤ ਸਹੂਲਤਾਂ,ਅਧੁਨਿਕ ਤਕਨੌਲੋਜੀ ਆਦਿ ਦਾ ਵਿਸ਼ੇਸ਼ ਰੂਪ ‘ਚ ਜ਼ਿਕਰ ਕੀਤਾ । ਮੋਦੀ ਨੇ ਲੈਕਚਰ ਡੈਸਕ ਦੇ ਉਪਰ ਦੋਵੇਂ ਹੱਥਾਂ ਦੀਆਂ ਉਂਗਲ਼ਾਂ ਦਾ ਜ਼ੋਰ ਦੇਕੇ ਕਿਹਾ ਕਿ ਕੇਂਦਰ ਸਰਕਾਰ ਦੇ 3000 ਹੈੱਲਥ ਵੈੱਲਫ਼ੈਅਰ ਸੈਂਟਰ ਪਹਿਲਾਂ ਹੀ ਪੰਜਾਬ ‘ਚ  ਕੰਮ ਕਰ ਰਹੇ ਹਨ ; ਇਥੇ ਇੰਜ ਲੱਗ ਰਿਹਾ ਸੀ ਕਿ ਜਿਵੇਂ ਮੋਦੀ ਕਹਿ ਰਹੇ ਹੋਣ ‘ਮਾਨ ਸਾਹਿਬ ਤੁਸੀਂ ਤਾਂ 100 ‘ਆਮ ਆਦਮੀ ਕਲਿਨਿਕ’ ਖੋਲ੍ਹੇ ਹਨ ਕੇਂਦਰ ਤਾਂ 3000 ਹੈੱਲਥ ਵੈੱਲਫ਼ੈਅਰ ਸੈਂਟਰ  ਪਹਿਲਾਂ ਹੀ ਖੋਲ੍ਹ ਚੁੱਕਾ ਹੈ ।

ਮੋਦੀ ਨੇ ਕਾਂਗਰਸ ਸਰਕਾਰ ‘ਤੇ ਬਿਨਾ ਨਾਮ ਲਏ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ 70 ਸਾਲਾਂ ‘ਚ ਦੇਸ਼ ‘ਚ 400 ਸਿਹਤ ਕੇਂਦਰ ਖੋਲ੍ਹੇ ਗਏ ਪਰ 2014 ਤੋਂ ਮਗਰੋਂ ਅੱਠ ਸਾਲਾਂ ‘ਚ ਹੀ 200 ਹੋਰ ਕੇਂਦਰ ਖੋਲ੍ਹ ਦਿੱਤੇ ਗਏ । ਪੀਐੱਮ ਨੇ ਕਿਹਾ ਕਿ ਕੇਂਦਰ ਸਰਕਾਰ ਸਿਹਤ ਖੇਤਰ ‘ਚ ਹਜ਼ਾਰਾਂ ਕਰੋੜਾਂ ਦਾ ਨਿਵੇਸ਼ ਕਰ ਰਹੀ ਹੈ । ਇਥੇ ਦੱਸਣਾ ਬਣਦਾ ਹੈ ਕਿ ਪੀਐੱਮ ਨੇ ਆਪਣੇ ਭਾਸ਼ਣ ‘ਚ ਹਿਮਾਚਲ ਪ੍ਰਦੇਸ਼ ਦਾ  ਚਾਰ ਵਾਰ ਵਿਸ਼ੇਸ਼ ਜ਼ਿਕਰ ਕੀਤਾ ਜਿਥੇ ਇਸੇ ਵਰ੍ਹੇ ਅੰਤ ‘ਚ ਵਿਧਾਨ ਸਭਾ ਚੋਣਾਂ ਹੋਣਗੀਆਂ ।

ਰਾਜਨੀਤਿਕ ਪਾਰਟੀਆਂ ਦਾ ਇਹ ਰੁਝਾਨ ਰਿਹਾ ਹੈ ਕਿ ਉਹ ਹਰ ਪ੍ਰੋਜੈਕਟ ਨੂੰ ਆਪਣੀ ਸਰਕਾਰ ਦਾ ਪ੍ਰੋਜੈਕਟ ਹੀ ਬਣਾ ਕੇ ਹੀ ਲੋਕਾਂ ਤੋਂ ਵਾਹ-ਵਾਹ (ਵੋਟ) ਖੱਟਣਾ ਚਾਹੁੰਦੀਆਂ ਹਨ । ਇਸ ਮੁਲਾਂਪੁਰ ਦੇ ਕੈਂਸਰ ਹੱਸਪਤਾਲ਼  ਦਾ ਨੀਂਹ ਪੱਥਰ  2013 ‘ਚ  ਯੂਪੀਏ ਸਰਕਾਰ ਦੇ ਪ੍ਰਧਾਨ-ਮੰਤਰੀ ਡਾ: ਮਨਮੋਹਨ ਸਿੰਘ ਨੇ ਰੱਖਿਆ ਸੀ ਤੇ ਇਸ ਨੇ 2017 ‘ਚ ਕੰਮ ਕਰਨਾ ਸ਼ੁਰੂ ਕਰ ਦੇਣਾ ਸੀ ਪਰ 2014 ‘ਚ ਕੇਂਦਰ ‘ਚ ਭਾਜਪਾ ਦੀ ਸਰਕਾਰ ਆਉਣ ਕਾਰਨ ਇਹ ਪ੍ਰੋਜੈਕਟ ਸੁਸਤ ਚਾਲ ਚੱਲਣ ਲੱਗਿਆ ਜਿਸ ਦਾ ਉਦਘਾਟਨ ਪੰਜ ਸਾਲ ਪੱਛੜ ਕੇ ਹੋਇਆ ਹੈ । ਇਨ੍ਹਾਂ ਸੱਤ ਸਾਲਾਂ ‘ਚ ਪੰਜਾਬ ‘ਚ 266000 ਹੋਰ ਮਰੀਜ਼ ਕੈਂਸਰ ਦੇ ਸ਼ਿਕਾਰ ਹੋ ਚੁੱਕੇ ਸਨ ; ਉਂਜ ਮੋਦੀ ਨੇ ਆਪਣੇ ਭਾਸ਼ਨ ‘ਚ ਇਹ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਬਹੁਤ ਫ਼ਿਕਰਮੰਦ ਹੈ ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇਸ ਮੌਕੇ ਨੂੰ ਖੁੰਝਣ ਨਹੀਂ ਦਿਤਾ ਤੇ ਕਹਿ ਦਿਤਾ ਕਿ ਇਸ ਹਸਪਤਾਲ ਦਾ ਨੀਂਹ ਪੱਥਰ ਬਾਦਲ ਸਰਕਾਰ ਦੇ ਸਮੇਂ ਰੱਖਿਆ ਗਿਆ ਸੀ । ਸੁਖਬੀਰ ਨੇ ਮੋਦੀ ਦਾ ਧੰਨਵਾਦ  ਤਾਂ  ਕਰ ਦਿੱਤਾ ਪਰ ਡਾ: ਮਨਮੋਹਨ ਸਿੰਘ ਦਾ ਨਾਮ ਨਹੀਂ ਲਿਆ । ਪੰਜਾਬ ‘ਚ ਪੂਰੇ ਦੇਸ਼ ਨਾਲ਼ੋ ਵੱਧ ਕੈਂਸਰ ਦੇ ਮਰੀਜ਼ ਹਰ ਸਾਲ ਵੱਧ ਰਹੇ ਹਨ ।  ਇਥੇ ਹਰ ਸਾਲ ਔਸਤਨ 38000 ਪੰਜਾਬੀ ਕੈਂਸਰ ਦੀ ਬਿਮਾਰੀ ਨਾਲ ਗਰੱਸੇ ਜਾਂਦੇ ਹਨ  ਤੇ ਹਰ ਰੋਜ਼ 103 ਨਵੇਂ ਕੈਂਸਰ ਦੇ ਮਰੀਜ਼ ਕੈਂਸਰ ਦੀ ਲਾਇਨ ਵਿੱਚ ਲੱਗ ਜਾਂਦੇ ਹਨ । ਪੰਜਾਬ ‘ਚ ਹਰ ਰੋਜ਼  ਔਸਤਨ 18 ਕੈਂਸਰ ਦੇ ਮਰੀਜ਼ ਮੌਤ ਦੇ ਮੂੰਹ ‘ਚ ਜਾ ਪੈਂਦੇ ਹਨ ਜੋ ਸੜਕ ਹਾਦਸਿਆਂ ‘ਚ ਮਰਨ ਵਾਲ਼ਿਆਂ ਤੋਂ ਪੰਜ ਵੱਧ ਹਨ ।

ਪੰਡਾਲ ‘ਚ ਵੰਡ ਕੇ ਬੈਠੇ ‘ਆਪ’ ਤੇ ਬੀਜੇਪੀ ਦੇ ਲੋਕਾਂ ਦਾ ਪਤਾ ਲੱਗ ਰਿਹਾ ਸੀ ਜੋ ਲਗਾਤਾਰ ਇਸ ਉਡੀਕ ‘ਚ ਸਨ ਕਿ ਕਦੋਂ ਪੀਐੱਮ ਪੰਜਾਬ ਲਈ ‘ਤੋਹਫ਼ਿਆਂ’ ਦਾ ਐਲਾਨ ਕਰਦੇ ਹਨ ਪਰ ਸਾਰਿਆਂ ਨੂੰ ਨਿਰਾਸ਼ਾ ਹੀ ਪੱਲੇ ਪਈ ਕਿਉਂਕਿ ਮੋਦੀ ਨੇ ਸ਼ਿਸ਼ਟਾਚਰ ਵਜੋਂ  ਵੀ ਮਾਨ ਦੇ ਮੰਗੇ ‘ਤੋਹਫ਼ਿਆਂ’ ਦਾ ਜ਼ਿਕਰ ਵੀ ਨਹੀਂ ਕੀਤੀ । ਪੀਐੱਮ ਵੱਲੋਂ ਸਮੁੱਚੇ ਰੂਪ ‘ਚ ਨਿਰਾਸ਼ ਹੀ ਕੀਤਾ ਗਿਆ ਜਿਸ ਤੋਂ ਪਤਾ ਲਗਦਾ ਹੈ ਕਿ ‘ਆਪ’ ਤੇ ਬੀਜੇਪੀ ਦੇ ਰਿਸ਼ਤਿਆਂ ‘ਚ ਦਿੱਲੀ ਦੀ ਕੜਵਾਹਟ ਪੰਜਾਬ ਨੂੰ ਵੀ ਝੱਲਣੀ ਪਏਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button