D5 specialOpinion

ਸਾਦੇ ਵਿਆਹ, ਸੁਖਾਲਾ ਜੀਵਨ

ਡਾ. ਕਮਲਪ੍ਰੀਤ ਕੌਰ

ਅੱਜ-ਕੱਲ੍ਹ ਵਿਆਹਾਂ ਦਾ ਮੌਸਮ ਚੱਲ ਰਿਹਾ ਹੈ। ਹਰ-ਇੱਕ ਇਨਸਾਨ ਨੂੰ ਵਿਆਹ ਵਿੱਚ ਸ਼ਾਮਿਲ ਹੋਣ ਦਾ ਚਾਅ-ਮਲਾਰ੍ਹ ਹੁੰਦਾ ਹੈ। ਕੋਈ ਨਾਨਕੀ-ਸ਼ੱਕ ਪੂਰਨ ਦੀ ਤਿਆਰ ਕਰ ਰਿਹਾ ਹੈ ਤੇ ਕੋਈ ਘਰ ਵਿੱਚ ਵਿਆਹ ਸਰਚਾਉਣ ਦੀ ਜ਼ਿੰਮੇਵਾਰੀ ਪੂਰੀ ਕਰ ਰਿਹਾ ਹੈ। ਪਰ ਅੱਜ ਦੇ ਜ਼ਮਾਨੇ ਵਿੱਚ ਵਿਆਹ-ਸ਼ਾਦੀ ਸੁਚੱਜੇ ਢੰਗ ਨਾਲ ਸਰਚਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਵਿਆਹਾਂ ਦੇ ਦਿਨ-ਬ-ਦਿਨ ਵੱਧਦੇ ਖਰਚੇ ਨੇ ਵਿਆਹਾਂ ਦੀ ਮਿਠਾਸ ਨੂੰ ਇੱਕ ਅਜੀਬ ਜਿਹੀ ਕੜਵਾਹਟ ਲਗਾ ਦਿੱਤੀ ਹੈ।

ਉਦਾਹਰਣ ਦੇ ਤੌਰ ’ਤੇ ਜਦੋਂ ਵਿਆਹਾਂ ਮੌਕੇ ਪੁਰਾਣੇ ਸਮੇਂ ਵਿੱਚ ਇੱਕ-ਦੂਜੇ ਨਾਲ ਨੇੜਤਾ ਵੱਧਦੀ ਸੀ, ਮਿਠਾਈਆਂ ਵੰਡੀਆਂ ਜਾਂਦੀਆਂ ਸਨ, ਅਜੋਕੇ ਸਮੇਂ ਦੌਰਾਨ ਅਸੀਂ ਆਪ ਹੀ ਦੇਖ ਸਕਦੇ ਹਾਂ ਕਿ ਵਿਆਹਾਂ ਵਿੱਚ ਨੇੜਤਾ ਤਾਂ ਵਧੇ ਨਾ ਵਧੇ ਪਰ ਇੱਕ ਦੂਜੇ ਨਾਲ ਮਨ-ਮੁਟਾਵ ਜ਼ਰੂਰ ਹੋ ਜਾਂਦਾ ਹੈ, ਜੋ ਕਿ ਆਮ ਤੌਰ ’ਤੇ ਦੇਣ-ਲੈਣ ਦੀ ਘਾਟ-ਵਾਧ ਕਾਰਨ ਹੀ ਹੁੰਦਾ ਹੈ। ਇੱਥੇ ਇਹ ਗੱਲ ਬੜੇ ਦੁੱਖ ਨਾਲ ਆਖੀ ਜਾ ਰਹੀ ਹੈ ਕਿ ਅਸੀਂ ਸਾਰੇ ਆਪਣੇ ਅਮੀਰ ਗੌਰਵਮਈ ਪੰਜਾਬੀ ਵਿਰਸੇ ਤੋਂ ਕੋਹਾਂ ਦੂਰ ਆ ਗਏ ਹਾਂ। ਭਾਵੇਂ ਆਧੁਨਿਕ ਗਤੀ ਨਾਲ ਜ਼ਮਾਨੇ ਦੇ ਨਾਲ ਚੱਲਣਾ ਸਮੇਂ ਦੀ ਜ਼ਰੂਰਤ ਹੈ ਪਰ ਆਪਣੇ ਵਿਰਸੇ, ਆਪਣੇ ਸੱਭਿਆਚਾਰ ਤੋਂ ਦੂਰ ਹੋ ਕੇ ਅਸੀਂ ਕਿਹੜੀ ਤਰੱਕੀ ਦੀ ਆਸ ਲਈ ਬੈਠੇ ਹਾਂ।

ਅਜੋਕੇ ਸਮੇਂ ਵਿੱਚ ਜਿੱਥੇ ਅਜੋਕੇ ਵਿਆਹਾਂ ਦਾ ਬੇ-ਹਿਸਾਬ ਖਰਚਾ ਮਾਪਿਆਂ ਦੀ ਤੀਲਾ-ਤੀਲਾ ਕਰਕੇ ਜੋੜੀ ਪੂੰਜੀ ਨੂੰ ਇੱਕ ਦਿਨ ਵਿੱਚ ਹੀ ਪਾਣੀ ਦੀ ਤਰ੍ਹਾਂ ਵਹਾ ਦਿੰਦਾ ਹੈ, ਉੱਥੇ ਅੱਜ ਦੇ ਜ਼ਮਾਨੇ ਵਿੱਚ ਤਾਂ ਅਸੀਂ ਮਰਗ ਦੀਆਂ ਅੰਤਿਮ ਰਸਮਾਂ ਵੀ ਸੁਖਾਲੀਆਂ ਨਹੀਂ ਰਹਿਣ ਦਿੱਤੀਆਂ। ਜਿੱਥੇ ਇੱਕ ਪਾਸੇ ਕਿਸੇ ਦੀ ਮੌਤ ਹੋ ਜਾਣ ਤੇ ਪਰਿਵਾਰ ਨੂੰ ਸਦਮੇ ਵਿੱਚੋਂ ਲੰਘਣਾ ਪੈਂਦਾ ਹੈ, ਉੱਥੇ ਦੂਜੇ ਪਾਸੇ ਮਰਗ ਤੇ ਭੋਗ ’ਤੇ ਹੋਣ ਵਾਲਾ ਖਰਚ ਅਗਲੇ ਬੰਦੇ ਨੂੰ ਸਤਾਉਣ ਲੱਗਦਾ ਹੈ। ਅਸੀਂ ਕਿਹੋ ਜਿਹੇ ਰਾਹ ਤੇ ਤੁਰ ਪਏ ਹਾਂ। ਇੱਕ ਪਾਸੇ ਵਿਆਹ ਜਿੰਨਾ ਖਰਚ ਅਸੀਂ ਕਿਸੇ ਦੇ ਫੌਤ ਹੋਣ ਤੇ ਅੰਤਿਮ ਰਸਮਾਂ ਵਿੱਚ ਹੀ ਕਰ ਦਿੰਦੇ ਹਾਂ। ਅੰਤਿਮ ਰਸਮਾਂ ਮੌਕੇ ਪਕਾਏ ਹੋਏ ਪਰਕਵਾਨਾਂ ਤੋਂ ਅੰਦਾਜ਼ਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਮਰਗ ਦਾ, ਸੌਕ ਮਨਾਉਣ ਦਾ ਮੌਕਾ ਹੈ ਜਾਂ ਕਿ ਵਿਆਹ-ਸ਼ਾਦੀ ਦੀ ਰੋਟੀ। ਹਾਲਾਂਕਿ ਹੋਣਾ ਇਹ ਚਾਹੀਦਾ ਹੈ ਕਿ ਮਰਗ ਦੇ ਭੋਗ ਤੇ ਸਾਦੀ ਦਾਲ-ਰੋਟੀ ਹੀ ਪਕਾਈ ਜਾਵੇ ਜਿਸ ਨਾਲ ਪਰਿਵਾਰ ਤੇ ਬੋਝ ਨਾ ਪਵੇ।

ਹੁਣ ਗੱਲ ਕਰਦੇ ਹਾਂ ਅਜੋਕੇ ਵਿਆਹਾਂ ਦੀ। ਅੱਜ-ਕੱਲ੍ਹ ਵਿਆਹ ਦਾ ਪ੍ਰੋਗਰਾਮ ਸਰਚਾਉਣਾ ਵੀ ਕੋਈ ਸੌਖਾਲਾ ਕੰਮ ਨਹੀਂ ਹੈ। ਸਭ ਤੋਂ ਪਹਿਲਾਂ ਨੁਕਸ ਜੋ ਅਸੀਂ ਪੰਜਾਬੀਆਂ ਨੇ ਅਪਣਾਇਆ ਹੈ ਉਹ ਹੈ ਮੈਰਿਜ-ਪੈਲੇਸਾਂ ਵਿੱਚ ਵਿਆਹ ਕਰਨਾ, ਜਿਸ ਨਾਲ ਅਸੀਂ ਇਨ੍ਹਾਂ ਦਾ ਕਿਰਾਇਆ ਤਾਂ ਦਿੰਦੇ ਹੀ ਹਾਂ, ਇਸ ਦੇ ਨਾਲ-ਨਾਲ ਸਾਡਾ ਘਰ ਵਿਆਹ ਦੀ ਰੌਣਕ ਮਾਣਨ ਤੋਂ ਵੀ ਵਾਂਝਾ ਹੀ ਰਹਿ ਜਾਂਦਾ ਹੈ। ਸਾਰੀ ਚਹਿਲ-ਪਹਿਲ ਸਿਰਫ਼ ਮੈਰਿਜ-ਪੈਲੇਸ ਅੰਦਰ ਹੀ ਖ਼ਤਮ ਹੋ ਜਾਂਦੀ ਹੈ। ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਅੰਗ ਨਹੀਂ ਹੈ। ਜਿੱਥੋਂ ਤੱਕ ਹੋ ਸਕੇ ਘਰ ਵਿਚ ਹੀ ਵਿਆਹ ਦਾ ਪ੍ਰਗੋਰਾਮ ਕਰੋ। ਪੰਜਾਬੀ ਜੋ ਕਿ ਆਪਣੀ ਚੰਗੀ ਸਿਹਤ ਅਤੇ ਖੁਸ਼-ਮਿਜਾਜੀ ਲਈ ਜਾਣੇ ਜਾਂਦੇ ਸਨ, ਅੱਜ ਦਿਖਾਵੇ ਦੀ ਜ਼ਿੰਦਗੀ ਜਿਊਣ ਲੱਗੇ ਹਨ ਜਿਸ ਨਾਲ ਸਾਡੇ ਚਿਹਰੇ ਦੀ ਰੌਣਕ ਕਿਤੇ ਖੁੱਸ ਗਈ ਹੈ। ਪੁਰਾਣੇ ਸਮੇਂ ਵਿੱਚ ਘਰ ਵਿੱਚ ਵਿਆਹ ਬੱਝਣ ਸਾਰ ਪਰਿਵਾਰ ਅਤੇ ਸ਼ਰੀਕੇ ਨੇ ਚਹਿਲ-ਪਹਿਲ ਸ਼ੁਰੂ ਕਰ ਦੇਣੀ।

ਸ਼ਰੀਕੇ ਵੱਲੋਂ ਵੀ ਰਿਸ਼ਤੇਦਾਰਾਂ ਨੂੰ ਰੋਟੀ ਕਰੀ ਜਾਂਦੀ, ਜਿਸ ਨਾਲ ਪਰਿਵਾਰ ਤੋਂ ਬੋਝ ਥੋੜਾ ਘੱਟ ਜਾਂਦਾ ਸੀ। ਫਿਰ ਸਭ ਸਾਕ-ਸੰਬੰਧੀ ਮਿਲ ਕੇ ਤਿਆਰੀਆਂ ਕਰਦੇ, ਜਿਸ ਨਾਲ ਵਿਆਹ ਵਾਲੇ ਘਰ ’ਚ ਹਾਸੇ-ਠੱਠੇ ਅਤੇ ਗਹਿਮਾ-ਗਹਿਮੀ ਦਾ ਮਾਹੌਲ ਬਣਿਆ ਰਹਿੰਦਾ। ਪਰ ਇਸ ਦੇ ਉਲਟ ਅੱਜ-ਕੱਲ੍ਹ ਕਿਸੇ ਸ਼ਰੀਕੇ ਦੇ ਸਾਕ-ਸੰਬੰਧੀ ਨੇ ਤਾਂ ਕੰਮ ਕਰਨਾ ਦੂਰ ਦੀ ਕੌਡੀ ਹੈ, ਵਿਆਹ ਵਾਲੇ ਘਰ ਦਾ ਪਰਿਵਾਰ ਵੀ ਪੂਰੇ ਕੰਮ ਦਾ ਠੇਕਾ ਦੇ ਕੇ ਸੁਰਖੁਰੂ ਹੋ ਜਾਂਦਾ ਹੈ। ਇਸ ਦੇ ਦੋ ਤਰ੍ਹਾਂ ਦੇ ਮੁੱਖ ਨੁਕਸਾਨ ਹਨ, ਪਹਿਲਾਂ ਇਹ ਕਿ ਵਿਆਹ ਵਾਲਾ ਘਰ ਰੌਣਕ ਤੋਂ ਵਾਂਝਾ ਹੀ ਰਹਿੰਦਾ ਹੈ, ਵਿਆਹ ਦੀ ਰੌਣਕ ਸਿਰਫ਼ ਕਿਰਾਏ ਤੇ ਲਏ ਮੈਰਿਜ ਪੈਲੇਸ ਤੱਕ ਹੀ ਰਹਿੰਦੀ ਹੈ, ਰਿਸ਼ਤੇਦਾਰ ਵੀ ਸਿੱਧੇ ਵਿਆਹ ਦੇ ਦਿਨ ਪੈਲੇਸ ਵਿੱਚ ਹੀ ਪਹੁੰਚਦੇ ਹਨ, ਇਸ ਦਾ ਅਣਗੌਲਿਆ ਅਸਰ ਸਾਡੇ ਸੱਭਿਆਚਾਰ ’ਤੇ ਕਿਸੇ ਮਿੱਠੀ ਜ਼ਹਿਰ ਵਰਗਾ ਕੰਮ ਕਰ ਰਿਹਾ ਹੈ। ਸਾਡੇ ਆਪਸੀ ਰਿਸ਼ਤੇ, ਮੋਹ-ਮੁਹੱਬਤ ਮਨਫ਼ੀ ਹੁੰਦਾ ਜਾ ਰਿਹਾ ਹੈ, ਰਿਸ਼ਤੇ ਦਿਖਾਵੇ ਦੀ ਕਸਵੱਟੀ ’ਤੇ ਆਪਣੇ ਆਖਰੀ ਸਾਹ ਲੈਂਦੇ ਸਾਫ਼ ਨਜ਼ਰ ਆਉਂਦੇ ਹਨ।

ਇਸ ਤਰ੍ਹਾਂ ਦੇ ਅਜੋਕੇ ਵਿਆਹਾਂ ਦਾ ਦੂਜਾ ਨੁਕਸਾਨ ਆਰਥਿਕ ਪੱਖ ’ਤੇ ਪੈਂਦਾ ਹੈ। ਕਿੰਨਾ ਖਰਚਾ ਅਸੀਂ ਸਿਰਫ਼ ਦਿਖਾਵੇ ਦੀ ਦੌੜ ਜਿੱਤਣ ਲਈ ਕਰ ਦਿੰਦੇ ਹਾਂ। ਜੋ ਵਿਆਹ ਦਾ ਕਾਰਜ ਘਰ ਵਿੱਚ ਹੋ ਸਕਦਾ ਹੈ, ਉਸ ਦੀ ਥਾਂ ਅਸੀਂ ਕਿਰਾਏ ਤੇ ਮੈਰਿਜ ਪੈਲੇਸ ਕਰਦੇ ਹਾਂ, ਜਿਸ ਦਾ ਖਰਚ ਘੱਟੋ-ਘੱਟ 50-60 ਹਜ਼ਾਰ ਰੁਪਏ ਤੋਂ ਲੈ ਕੇ ਵੱਧ ਤੋਂ ਵੱਧ ਪਤਾ ਨਹੀਂ ਕਿੱਥੋਂ ਤੱਕ ਲੱਖਾਂ ਵਿੱਚ ਨਿਬੜਦਾ ਹੈ। ਇਹ ਵਾਧੂ ਖਰਚ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਦਾ ਅੰਗ ਕਿਉਂ ਬਣਾ ਲਿਆ ਹੈ। ਫਿਰ ਵਿਆਹ ਦੇ ਪ੍ਰੋਗਰਾਮ ਵਿੱਚ ਕਿੰਨੇ ਹੀ ਪਕਵਾਨ ਪਕਾ ਕੇ ਹਜ਼ਾਰਾਂ ਰੁਪਏ ਲਗਾ ਕੇ ਅਜਾਇਆਂ ਹੀ ਵਿਅਰਥ ਚਲੇ ਜਾਂਦੇ ਹਨ। ਫਿਰ ਵਿਆਹ ਵਿੱਚ ਸੋਨੇ ਅਤੇ ਹੋਰ ਬੇਸ਼ਕੀਮਤੀ ਗਹਿਣਿਆਂ ਦਾ ਦੇਣ-ਲੈਣ ਆਪਣੇ ਆਪ ਵਿੱਚ ਇੱਕ ਉੱਚੇ-ਕੱਦ ਦਾ ਖਰਚਾ ਹੈ।

ਇਹ ਹੋਰ ਵੀ ਹੈਰਾਨੀਜਨਕ ਹੁੰਦਾ ਹੈ ਜਦ ਮਰਗ ਦੇ ਭੋਗ ਤੇ ਵੀ ਸੋਨੇ ਦੀ ਮੁੰਦਰੀ ਪਾਉਣ ਦਾ ਜੋ ਰਿਵਾਜ ਚੱਲ ਰਿਹਾ ਹੈ, ਸਾਨੂੰ ਇੱਥੇ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਸੱਚ-ਮੁੱਚ ਕਿਸੇ ਸ਼ੋਕ-ਸਭਾ ਵਿੱਚ ਸ਼ਰੀਕ ਹੋ ਰਹੇ ਹਾਂ? ਜ਼ਿੰਦਗੀ ਦੀ ਮਿਹਨਤਾਂ ਨਾਲ ਕਰੀ ਹੋਈ ਕਮਾਈ ਨੂੰ ਅਸੀਂ ਵਿਆਹ-ਭੋਗਾਂ ਦੇ ਇੱਕ ਦਿਨ ਦੇ ਦਿਖਾਵੇ ਦੀ ਖਾਤਿਰ ਪਾਣੀ ਦੀ ਤਰ੍ਹਾਂ ਵਹਾ ਦਿੰਦੇ ਹਾਂ, ਜੋ ਸਾਡੀ ਘੱਟ ਰਹੀ ਸੋਚਣ-ਸ਼ਕਤੀ ਵੱਲ ਇਸ਼ਾਰਾ ਕਰਦੀ ਹੈ। ਕਈ ਪਰਿਵਾਰ ਖਰਚੇ ਵਾਲੇ ਵਿਆਹ ਕਰਨ ਤੋਂ ਬਾਅਦ ਆਰਥਿਕਤਾ ਪੱਖੋਂ ਅਜਿਹਾ ਡਗਮਗਾਉਂਦੇ ਹਾਂ ਕਿ ਸੰਭਲਣਾ ਮੁਸ਼ਕਿਲ ਹੋ ਜਾਂਦਾ ਹੈ।

ਨੌਜਵਾਨ ਪੀੜ੍ਹੀ ਨੂੰ ਪੁਰਜ਼ੋਰ ਅਪੀਲ ਹੈ ਕਿ ਆਓ ਅਸੀਂ ਦਿਖਾਵੇ ਦੇ ਖਰਚੇ ਭਰੇ ਵਿਆਹਾਂ ਦੀ ਰੀਤ ਨੂੰ ਆਪਣੇ ਸੱਭਿਆਚਾਰ ਤੋਂ ਪਰ੍ਹੇ ਕਰਨ ਦੀ ਕੋਸ਼ਿਸ਼ ਕਰੀਏ ਤੇ ਪ੍ਰਣ ਲਈਏ ਅਸੀਂ ਸਾਦੇ ਤਰੀਕੇ ਦੇ ਵਿਆਹ ਜਾਂ ਭੋਗਾਂ ਲਈ ਸਮਾਜ ਨੂੰ ਜਾਗਰੂਕ ਕਰਾਂਗੇ। ਇਸ ਤਰ੍ਹਾਂ ਦੀ ਕੋਸ਼ਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚਲਾਈ ਜਾ ਰਹੀ ਇੱਕ ਮੁਹਿੰਮ “ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ” ਰਾਹੀਂ ਵੀ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਮੰਤਵ ਪੰਜਾਬੀ ਕਿਰਸਾਨੀ ਨੂੰ ਵਾਧੂ ਖਰਚਿਆਂ ਤੋਂ ਸੁਚੇਤ ਕਰਕੇ, ਦਿਖਾਵੇ ਦੀ ਜ਼ਿੰਦਗੀ ਤੋਂ ਬਾਹਰ ਕੱਢਣਾ ਹੈ, ਜੋ ਸਾਡੇ ਕਿਸਾਨ ਨੂੰ ਕਰਜ਼ੇ ਦੇ ਬੋਝ ਹੇਠਾਂ ਦੱਬ ਕੇ ਅਣਚਾਹੀਆਂ ਰਾਹਾਂ ਜਾਂ ਖੁਦਕੁਸ਼ੀਆਂ ਵੱਲ ਧੱਕ ਦਿੰਦੀ ਹੈ। ਜਾਂ ਇਹ ਕਹਿ ਲਈਏ:

ਸਾਧਾਰਨ ਜੀਵਨ-ਜਾਂਚ ਤੇ ਉੱਚੀ ਸੋਚ ਹੈ ਪੰਜਾਬੀਆ ਤੇਰੀ ਆਨ।

ਛੱਡ ਦਿਖਾਵਾ, ਵਾਧੂ ਖਰਚੇ, ਬਣ ਸੱਭਿਆਚਾਰ ਦੀ ਸ਼ਾਨ।”


ਪਸਾਰ ਵਿਗਿਆਨੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।
ਮੋ: 9592227589

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button