PunjabTop News

ਮੋਗਾ ਦੇ ਸਰਕਾਰੀ ਸਕੂਲ ‘ਚ ਗੰਭੀਰ ਮਾਮਲਾ, ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਦੋਸ਼

ਮੋਗਾ ਜ਼ਿਲ੍ਹੇ ਦੇ ਪਿੰਡ ਮੋਠਾਂਵਾਲੀ ਸਥਿਤ ਸਰਕਾਰੀ ਮਿਡਲ ਸਕੂਲ ਤੋਂ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਉਰਫ਼ ਅਮਰਜੀਤ ਸਿੰਘ ‘ਤੇ 6ਵੀਂ ਤੋਂ 8ਵੀਂ ਜਮਾਤ ਦੀਆਂ ਕਰੀਬ 10 ਤੋਂ 12 ਵਿਦਿਆਰਥਣਾਂ ਨਾਲ ਗਲਤ ਤਰੀਕੇ ਨਾਲ ਛੂਹਣ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਸਵੇਰੇ ਪੀੜਤ ਬੱਚਿਆਂ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਸਕੂਲ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਰੀ ਹੰਗਾਮਾ ਕੀਤਾ। ਗੁੱਸੇ ਵਿੱਚ ਆਏ ਲੋਕਾਂ ਨੇ ਪ੍ਰਿੰਸੀਪਲ ਨੂੰ ਸਕੂਲ ਦੇ ਇੱਕ ਕਮਰੇ ਵਿੱਚ ਰੋਕ ਲਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪ੍ਰਿੰਸੀਪਲ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸਦਰ ਲੈ ਗਈ।
ਜਾਣਕਾਰੀ ਮੁਤਾਬਕ, ਇਹ ਮਾਮਲਾ ਮੰਗਲਵਾਰ ਨੂੰ ਉਸ ਵੇਲੇ ਸਾਹਮਣੇ ਆਇਆ, ਜਦੋਂ 8ਵੀਂ ਜਮਾਤ ਦੀ ਇੱਕ ਵਿਦਿਆਰਥਣ ਸਕੂਲ ਤੋਂ ਘਰ ਵਾਪਸ ਆਉਣ ਤੋਂ ਬਾਅਦ ਰੋਣ ਲੱਗੀ। ਮਾਪਿਆਂ ਵੱਲੋਂ ਕਾਰਨ ਪੁੱਛਣ ‘ਤੇ ਵਿਦਿਆਰਥਣ ਨੇ ਪ੍ਰਿੰਸੀਪਲ ‘ਤੇ ਗੰਭੀਰ ਦੋਸ਼ ਲਗਾਏ।
ਵਿਦਿਆਰਥਣ ਦੀ ਮਾਂ ਦੇ ਦੋਸ਼ ਹਨ ਕਿ ਪ੍ਰਿੰਸੀਪਲ ਕਾਫ਼ੀ ਸਮੇਂ ਤੋਂ ਉਸ ਦੀ ਧੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਜਦੋਂ ਪਰਿਵਾਰਕ ਮੈਂਬਰ ਇਸ ਸਬੰਧੀ ਗੱਲ ਕਰਨ ਲਈ ਸਕੂਲ ਪਹੁੰਚੇ ਤਾਂ ਪ੍ਰਿੰਸੀਪਲ ਨੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਹੋਰ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਰੀਬ 10 ਤੋਂ 12 ਬੱਚਿਆਂ ਨੇ ਵੀ ਪ੍ਰਿੰਸੀਪਲ ‘ਤੇ ਅਜਿਹੀਆਂ ਹਰਕਤਾਂ ਦੇ ਦੋਸ਼ ਲਗਾਏ। ਪੀੜਤ ਵਿਦਿਆਰਥਣਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਧਮਕਾਇਆ ਜਾਂਦਾ ਸੀ ਕਿ ਜੇਕਰ ਉਨ੍ਹਾਂ ਨੇ ਘਰ ਵਿੱਚ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਫੇਲ੍ਹ ਕਰ ਦਿੱਤਾ ਜਾਵੇਗਾ। ਇਸੇ ਡਰ ਕਾਰਨ ਉਹ ਲੰਬੇ ਸਮੇਂ ਤੱਕ ਚੁੱਪ ਰਹੀਆਂ।ਥਾਣਾ ਸਦਰ ਦੇ ਐੱਸ.ਐੱਚ.ਓ. ਹਰਬਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਨੂੰ ਥਾਣੇ ਲਿਆਂਦਾ ਗਿਆ ਹੈ। ਪੁਲਿਸ ਵੱਲੋਂ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਪ੍ਰਿੰਸੀਪਲ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਸਕੂਲ ਦੇ ਸਾਰੇ ਬੱਚੇ ਉਸ ਨੂੰ ਆਪਣੇ ਬੱਚਿਆਂ ਵਾਂਗ ਹਨ ਅਤੇ ਉਸ ਨੇ ਕਈ ਬੱਚਿਆਂ ਦੀ ਫ਼ੀਸ ਅਤੇ ਬੱਸ ਦਾ ਖ਼ਰਚਾ ਵੀ ਚੁੱਕਿਆ ਹੈ।
ਹਾਲਾਂਕਿ, ਪ੍ਰਿੰਸੀਪਲ ਨੇ ਇਹ ਮੰਨਿਆ ਕਿ ਉਸ ਨੇ ਕੁਝ ਬੱਚਿਆਂ ਨੂੰ ਪਿੱਛੋਂ ਛੂਹਿਆ ਸੀ, ਪਰ ਉਸ ਦਾ ਦਾਅਵਾ ਹੈ ਕਿ ਇਸ ਪਿੱਛੇ ਕੋਈ ਗਲਤ ਨੀਅਤ ਨਹੀਂ ਸੀ। ਉਸ ਮੁਤਾਬਕ, ਉਸ ਨੇ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਸਮਝ ਕੇ ਹੀ ਅਜਿਹਾ ਕੀਤਾ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨਾਂ ਅਤੇ ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button