NewsBreaking NewsD5 specialPoliticsPunjab

‘ਮੈਂ ਵੀ ਮਨਜੀਤ ਸਿੰਘ ਹਾਂ’ ਤਖ਼ਤੀਆਂ ਫੜਕੇ ਆਪਣੇ ਘਰਾਂ ਮੂਹਰੇ ਰੋਸ ਧਰਨੇ ‘ਤੇ ਬੈਠੇ ‘ਆਪ’ ਲੀਡਰ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਸਮੁੱਚੀ ਪਾਰਟੀ ਲੀਡਰਸ਼ਿਪ ਨੇ ਸ਼ੁੱਕਰਵਾਰ ਨੂੰ ਪੀਆਰਟੀਸੀ ਦੇ ਮਰਹੂਮ ਡਰਾਈਵਰ ਮਨਜੀਤ ਸਿੰਘ ਦੇ ਹੱਕ-ਹਕੂਕਾਂ ਲਈ ਸੂਬਾ ਪੱਧਰ ‘ਤੇ ਨਿਵੇਕਲਾ ਰੋਸ ਪ੍ਰਦਰਸ਼ਨ ਕੀਤਾ। ‘ਆਪ’ ਲੀਡਰਾਂ ਅਤੇ ਵਰਕਰਾਂ-ਸਮਰਥਕਾਂ ਨੇ ਆਪਣੇ-ਆਪਣੇ ਘਰਾਂ ਮੂਹਰੇ ਕਾਲੀਆਂ ਪੱਟੀਆਂ ਬੰਨ੍ਹ ਕੇ ‘ਮੈਂ ਵੀ ਮਨਜੀਤ ਸਿੰਘ ਹਾਂ’ ਦੀਆਂ ਤਖ਼ਤੀਆਂ ਫੜਕੇ ਦੁਪਹਿਰ 12 ਵਜੇ ਤੋਂ ਇੱਕ ਵਜੇ ਤੱਕ ਰੋਸ ਧਰਨਾ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਰੱਜ ਕੇ ਕੋਸਿਆ।

ਵਿਸ਼ਵ ਮਜ਼ਦੂਰ ਦਿਵਸ ਦੇ ਅਵਸਰ ‘ਤੇ ਡਰਾਈਵਰ ਮਨਜੀਤ ਸਿੰਘ ਦੇ ਹੱਕ ‘ਚ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੰਗਰੂਰ, ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ, ਪ੍ਰੋ. ਬਲਜਿੰਦਰ ਕੌਰ ਨੇ ਤਲਵੰਡੀ ਸਾਬੋ, ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ, ਅਮਨ ਅਰੋੜਾ ਨੇ ਸੁਨਾਮ, ਸਰਬਜੀਤ ਕੌਰ ਮਾਣੂੰਕੇ ਨੇ ਜਗਰਾਓ, ਜੈ ਕ੍ਰਿਸ਼ਨ ਸਿੰਘ ਰੋੜੀ ਨੇ ਗੜ੍ਹਸ਼ੰਕਰ, ਰੁਪਿੰਦਰ ਕੌਰ ਨੇ ਰੂਬੀ ਨੇ ਬਠਿੰਡਾ, ਕੁਲਵੰਤ ਸਿੰਘ ਪੰਡੋਰੀ ਨੇ ਮਹਿਲ ਕਲਾਂ, ਮਨਜੀਤ ਸਿੰਘ ਬਿਲਾਸਪੁਰ ਨੇ ਨਿਹਾਲ ਸਿੰਘ ਵਾਲਾ, ਮਾਸਟਰ ਬਲਦੇਵ ਸਿੰਘ ਨੇ ਜੈਤੋ (ਸਾਰੇ ਵਿਧਾਇਕ) ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਫ਼ਰੀਦਕੋਟ ‘ਚ ਆਪਣੇ ਘਰਾਂ ਦੇ ਬਾਹਰ ਬੈਠ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਪੀਆਰਟੀਸੀ ਦੇ ਡਰਾਈਵਰ ਵਜੋਂ ਮਨਜੀਤ ਸਿੰਘ ਦੀ ਉਸ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਦ ਉਹ ਕੋਰੋਨਾ ਵਾਇਰਸ ਵਿਰੁੱਧ ਦੇਸ਼ ਵਿਆਪੀ ਲੌਕਡਾਊਨ ‘ਚ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੀ ਸੰਗਤ ਨੂੰ ਵਾਪਸ ਲਿਆਉਣ ਲਈ ਡਿਊਟੀ ‘ਤੇ ਤੈਨਾਤ ਸੀ। ਮਾਨ ਨੇ ਕਿਹਾ ਕਿ ਕੋਰੋਨਾ ਜੰਗ ‘ਚ ਹਜ਼ਾਰਾਂ ਫਾਈਟਰ ਯੋਧੇ ਸਾਡੇ ਪਰਿਵਾਰਾਂ ਦੀ ਰੱਖਿਆ-ਸੁਰੱਖਿਆ ਲਈ ਇਸ ਵਕਤ ਮੈਦਾਨ ‘ਚ ਡਟੇ ਹੋਏ ਹਨ। ਜਿੰਨਾ ‘ਚ ਡਾਕਟਰ, ਨਰਸਾਂ, ਮਲਟੀਪਰਪਜ਼ ਸਿਹਤ ਕਰਮੀਂ, ਆਸ਼ਾ ਅਤੇ ਆਂਗਣਵਾੜੀ ਵਰਕਰਾਂ, ਡਰਾਈਵਰ, ਬਿਜਲੀ ਕਰਮੀਂ, ਸਫ਼ਾਈ ਕਰਮੀਂ ਅਤੇ ਪੁਲਸ ਸਮੇਤ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ-ਕਰਮਚਾਰੀ ਸ਼ਾਮਲ ਹਨ। ਡਰਾਈਵਰ ਮਨਜੀਤ ਸਿੰਘ ਵੀ ਇਸ ਮਿਸ਼ਨ ਦਾ ਹਿੱਸਾ ਸੀ।

ਜਿਸ ਕਰਕੇ ਉਹ ਕੋਰੋਨਾ ਜੰਗ ਦੇ ‘ਸ਼ਹੀਦ’ ਵਜੋਂ ਸਰਕਾਰ ਵੱਲੋਂ ਐਲਾਨੇ ਮਾਨ-ਸਨਮਾਨ ਅਤੇ ਪਰਿਵਾਰ ਨੂੰ ਸਹਾਇਤਾ ਦਾ ਪੂਰਾ ਹੱਕਦਾਰ ਹੈ, ਪਰੰਤੂ ਕੁੱਝ ਦਿਨ ਪਹਿਲਾਂ ਅਜਿਹੇ ਯੋਧਿਆਂ ਦੇ ਪਰਿਵਾਰਾਂ ਲਈ 50 ਲੱਖ ਰੁਪਏ ਵਿੱਤੀ ਸਹਾਇਤਾ ਦਾ ਐਲਾਨ ਕਰਨ ਵਾਲੀ ਕੈਪਟਨ ਸਰਕਾਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਮਹਿਜ਼ 10 ਲੱਖ ਰੁਪਏ ਦੇ ਰਹੀ ਹੈ, ਜੋ ਨਾ ਕੇਵਲ ਮਨਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਬੇਇਨਸਾਫ਼ੀ ਹੈ, ਸਗੋਂ ਕੋਰੋਨਾ ਵਿਰੁੱਧ ਜੰਗ ਲੜ ਰਹੇ ਸਾਰੇ ਜੁਝਾਰੂਆਂ ਦਾ ਮਨੋਬਲ ਪਸਤ ਕਰਨ ਵਾਲਾ ਕਦਮ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਸਦਿਆਂ ਕਿਹਾ ਕਿ ਵਾਅਦਿਆਂ ਤੋਂ ਮੁੱਕਰਨ ‘ਚ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਤੋਂ ਵੀ ਅੱਗੇ ਨਿਕਲ ਗਏ ਹਨ। ਮਾਨ ਨੇ ਮੰਗ ਕੀਤੀ ਕਿ ਮਨਜੀਤ ਸਿੰਘ ਅਤੇ ਉਸ ਦਾ ਪਰਿਵਾਰ ਵੀ ਉਸੇ ਮਾਨ ਸਨਮਾਨ ਦਾ ਹੱਕਦਾਰ ਹੈ, ਜੋ ਕੋਰੋਨਾ ਜੰਗ ‘ਚ ਸ਼ਹੀਦ ਹੋਏ ਏ.ਸੀ.ਪੀ ਕੋਹਲੀ ਅਤੇ ਆਪਣਾ ਹੱਥ ਕਟਵਾ ਬੈਠੇ ਪੁਲਿਸ ਕਰਮੀਂ ਹਰਜੀਤ ਸਿੰਘ ਨੂੰ ਦਿੱਤਾ ਗਿਆ ਹੈ।

ਮਾਨ ਨੇ ਮਨਜੀਤ ਸਿੰਘ ਦੀ ਗ਼ਰੀਬੀ ਅਤੇ ਜ਼ਿੰਮੇਵਾਰੀਆਂ ਦੇ ਹਵਾਲੇ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਪੂਰੇ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੰਗੀ। ਉਨ੍ਹਾਂ ਕਿਹਾ ਕਿ ਉਹ ਪਿਛਲੇ 4 ਦਿਨਾਂ ਤੋਂ ਮੁੱਖ ਮੰਤਰੀ ਅਫ਼ਸਰਾਂ ਕੋਲੋਂ ਮਨਜੀਤ ਸਿੰਘ ਨੂੰ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ, ਜੇਕਰ ਸਰਕਾਰ ਨੇ ਬਿਨਾਂ ਪੱਖਪਾਤ ਮੰਨ ਲਿਆ ਹੁੰਦਾ ਤਾਂ ਪਾਰਟੀ ਨੂੰ ਅਜਿਹੇ ਔਖੇ ਵਕਤ ‘ਚ ਇਸ ਤਰਾਂ ਦੇ ਰੋਸ ਦੀ ਜ਼ਰੂਰਤ ਨਾ ਪੈਂਦੀ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਰੋਨਾ ਵਿਰੁੱਧ ਸਰਕਾਰ ਦਾ ਸਾਥ ਦੇਣ ਦੇ ਨਾਲ-ਨਾਲ ਮੂਹਰਲੀ ਕਤਾਰ ‘ਚ ਖੜ ਕੇ ਲੜਾਈ ਲੜ ਰਹੇ ਹਰ ਸਰਕਾਰੀ ਅਤੇ ਗੈਰ-ਸਰਕਾਰੀ ਯੋਧੇ ਨਾਲ ਡਟ ਕੇ ਖੜੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਦ ਤੱਕ ਮਨਜੀਤ ਸਿੰਘ ਨੂੰ ਇਨਸਾਫ਼ ਨਹੀਂ ਦਿੰਦੀ, ਪਾਰਟੀ ਉਦੋਂ ਤੱਕ ਚੁੱਪ ਨਹੀਂ ਬੈਠੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button