Press ReleaseBreaking NewsD5 specialNewsPunjabPunjab Officials
ਮੁੱਖ ਮੰਤਰੀ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਨਲਾਈਨ ਕੋਰਸ ਦੀ ਵਰਚੁਅਲ ਤੌਰ ‘ਤੇ ਸ਼ੁਰੂਆਤ
ਪੰਜਾਬੀ ਨੂੰ ਉਤਸ਼ਾਹਤ ਕਰਨ ਲਈ ਭਾਸ਼ਾ ਐਵਾਰਡ ਵਾਸਤੇ ਤੁਰੰਤ 5 ਕਰੋੜ ਰੁਪਏ ਜਾਰੀ ਕਰਨ ਦੇ ਆਦੇਸ਼
ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦੁਨੀਆਂ ਭਰ ਵਿੱਚ ਰਹਿੰਦੇ ਪੰਜਾਬੀਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸ਼ੁਰੂ ਕੀਤੇ ਆਨਲਾਈਨ ਪ੍ਰੋਗਰਾਮਾਂ/ਕੋਰਸਾਂ ਦੀ ਡਿਜੀਟਲ ਤੌਰ ‘ਤੇ ਸ਼ੁਰੂਆਤ ਕੀਤੀ।ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਪੰਜਾਬੀ ਭਾਸ਼ਾ ਨੂੰ ਉਤਸ਼ਾਹਤ ਕਰਨ ਲਈ ਭਾਸ਼ਾ ਐਵਾਰਡ ਲਈ 5 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਵੀ ਆਦੇਸ਼ ਦਿੱਤੇ।ਮੁੱਖ ਮੰਤਰੀ ਨੇ ਕਿਹਾ ਕਿ ਆਨਲਾਈਨ ਕੋਰਸ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਵਿੱਚ ਬਹੁਤ ਸਹਾਈ ਸਾਬਤ ਹੋਣਗੇ ਜਿਸ ਨਾਲ ਉਨ੍ਹਾਂ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਭਾਵਨਾ ਪੈਦਾ ਹੋਵੇਗੀ। ਇਸ ਪਹਿਲਕਦਮੀ ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਨੌਜਵਾਨ ਪੰਜਾਬ ਦੇ ਅਮੀਰ ਤੇ ਸ਼ਾਨਦਾਰ ਸੱਭਿਆਚਾਰ ਵਿਰਸੇ ਨਾਲ ਜੁੜਨਗੇ ਅਤੇ ਇਹ ਉਪਰਾਲਾ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਯੂ.ਜੀ.ਸੀ. ਨੇ ਦੇਸ਼ ਦੀਆਂ 981 ਯੂਨੀਵਰਸਿਟੀਆਂ ਵਿੱਚੋਂ 37 ਯੂਨੀਵਰਸਿਟੀਆਂ ਨੂੰ ਕੋਰਸ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੀ ਇਕਲੌਤੀ ਸੂੂਬੇ ਦੀ ਸਰਕਾਰੀ ਯੂਨੀਵਰਸਿਟੀ ਹੈ ਜਿਸ ਨੂੰ ਯੂ.ਜੀ.ਸੀ. ਵੱਲੋਂ ਇਹ ਕੋਰਸ ਸ਼ੁਰੂ ਕਰਨ ਦਾ ਮਾਣ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਇਸ ਨਾਲ ਅਮਰੀਕਾ, ਬਰਤਾਨੀਆ ਕੈਨੇਡਾ, ਆਸਟਰੇਲੀਆ ਅਤੇ ਅਫਰੀਕਾ ਤੇ ਯੂਰੋਪ ਦੇ ਹਿੱਸਿਆਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵੱਲੋਂ ਨਿਰੰਤਰ ਕੀਤੀ ਜਾਂਦੀ ਮੰਗ ਪੂਰੀ ਹੋ ਗਈ ਅਤੇ ਹੁਣ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਵਿੱਚ ਸਿੱਖਿਆ ਹਾਸਲ ਹੋ ਸਕੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੈਟੇਗਰੀ 1 ਦੀ ਯੂਨੀਵਰਸਿਟੀ ਹੋਣ ਦੇ ਨਾਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਆਨਲਾਈਨ ਸਿੱਖਿਆ ਦਾ ਡਾਇਰੈਕਟੋਰੇਟ ਸਥਾਪਤ ਕੀਤਾ ਹੈ। ਯੂਨੀਵਰਸਿਟੀ, ਪੰਜਾਬੀ ਭਾਸ਼ਾ ਵਿੱਚ ਸਰਟੀਫਿਕੇਟ, ਗਰੈਜੂਏਟ ਤੇ ਪੋਸਟ ਗਰੈਜੂਏਟ ਪੱਧਰ ਦੇ ਕੋਰਸ ਮੁਹੱਈਆ ਕਰਵਾਏਗੀ। ਸ੍ਰੀ ਸੰਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੂਬੇ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿਦਿਆਰਥੀਆਂ ਲਈ ਕੰਪਿਊਟਰ ਸਾਇੰਸ, ਕਾਮਰਸ ਤੇ ਮੈਨੇਜਮੈਂਟ ਖੇਤਰਾਂ ਵਿੱਚ ਤਕਨੀਕੀ ਤੇ ਹੁਨਰ ਆਧਾਰਿਤ ਕੋਰਸ ਵੀ ਸ਼ਾਮਲ ਕੀਤੇ ਜਾਣਗੇ।
ਯੂਨੀਵਰਸਿਟੀ ਨੇ ਕੈਂਪਸ ਵਿੱਚ ਆਨਲਾਈਨ ਸਿੱਖਿਆ ਨੂੰ ਲਾਗੂ ਕਰਨ ਲਈ ਵੀਡਿਓ ਲੈਕਚਰਾਂ ਦੀ ਰਿਕਾਰਡਿੰਗ ਅਤੇ ਨਿਗਰਾਨੀ ਦੀ ਵਿਧੀ ਰਾਹੀਂ ਇਮਤਿਹਾਨਾਂ ਲਈ ਇਕ ਸਟੂਡੀਓ ਵੀ ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਸਵੈ ਸਿੱਖਿਆ ਮਟਰੀਅਲ, ਈ-ਬੁੱਕਸ, ਵੀਡਿਓਜ਼, ਕੁਇਜ਼, ਆਨਲਾਈਨ ਵਿਚਾਰਾਂ ਅਤੇ ਲਾਈਵ ਲੈਕਚਰਾਂ ਦੀਆਂ ਵਿਵਸਥਾ ਵਾਲੀ ਸਿੱਖਿਆ ਪ੍ਰਬੰਧਨ ਪ੍ਰਣਾਲੀ (ਐਲ.ਐਮ.ਐਸ.) ਵਿਕਸਤ ਕੀਤੀ ਹੈ।ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੂਬੇ ਦੀ ਮੋਹਰੀ ਯੂਨੀਵਰਸਿਟੀ ਹੈ ਜਿਸ ਨੂੰ ਨੈਕ ਵੱਲੋਂ ਏ ਪਲੱਸ ਪਲੱਸ ਦਾ ਦਰਜਾ ਹਾਸਲ ਹੈ। ਇਸ ਨੂੰ ਯੂ.ਜੀ.ਸੀ., ਨਵੀਂ ਦਿੱਲੀ ਵੱਲੋਂ ‘ਸਰਵੋਤਮ ਕਾਰਗੁਜ਼ਾਰੀ ਲਈ ਅਥਾਹ ਸਮਰੱਥਾ ਵਾਲੀ ਯੂਨੀਵਰਸਿਟੀ’ ਅਤੇ ‘ਕੈਟਾਗਰੀ-1’ ਦਾ ਦਰਜਾ ਹਾਸਲ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.