Breaking NewsIndiaNewsPoliticsPunjab

ਗਰੇਵਾਲ ਨੇ ਮੁੱਖ ਮੰਤਰੀ ਉੱਤੇ ਜਿਨਸੀ ਛੇੜਛਾੜ ਦੇ ਮਾਮਲੇ ਨੂੰ ਰਫਾ ਦਫਾ ਕਰਨ ਦਾ ਲਾਇਆ ਦੋਸ਼

ਚੰਡੀਗੜ੍ਹ : ਇੱਕ ਸੀਨੀਅਰ ਆਈਏਐਸ ਅਧਿਕਾਰੀ ਦੀ ਜਿਨਸੀ ਛੇੜਛਾੜ ਦੇ ਮਾਮਲੇ ਨੂੰ ਬਹੁਤ ਹੀ ਭਿਆਨਕ ਘਟਨਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੂ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਇਸ ਮਾਮਲੇ ਨੂੰ ਸਰਸਰੀ ਬਣਾ ਕੇ ਰਫਾ ਦਫਾ ਕਰਨ ਦਾ ਦੋਸ਼ ਲਾਇਆ ਹੈ। ਇਸ ਬਾਰੇ ਇੱਥੇ ਟਿੱਪਣੀ ਕਰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਭਾਰਤੀ ਦੰਡ ਧਾਰਾ ਦੇ ਸੈਕਸ਼ਨ 354 ਤਹਿਤ ਜਿਨਸੀ ਛੇੜਛਾੜ ਨੂੰ ਔਰਤਾਂ ਖ਼ਿਲਾਫ ਇੱਕ ਬਹੁਤ ਹੀ ਸੰਗੀਨ ਅਪਰਾਧ ਮੰਨਿਆ ਗਿਆ ਹੈ। ਉਹ ਅਫਸੋਸ ਪ੍ਰਗਟ ਕੀਤਾ ਕਿ ਜੇਕਰ ਵਿਦੇਸ਼ ਵਿਚ ਛੁੱਟੀਆਂ ਮਨਾ ਰਿਹਾ ਮੁੱਖ ਮੰਤਰੀ ਹੀ ਜਿਨਸੀ ਛੇੜਛਾੜ ਦੇ ਮਾਮਲੇ ਨੂੰ ‘ਇਹ ਸੁਲਝ ਗਿਆ ਹੈ’ ਵਰਗਾ ਬਿਆਨ ਜਾਰੀ ਕਰਕੇ ਰਫਾ ਦਫਾ ਕਰ ਦਿੰਦਾ ਹੈ ਤਾਂ ਸੂਬੇ ਅੰਦਰ ਕੰਮਕਾਜੀ ਔਰਤਾਂ ਦੀ ਕੀ ਸੁਰੱਖਿਆ ਹੋ ਸਕਦੀ ਹੈ? ਉਹਨਾਂ ਕਿਹਾ ਕਿ ਜੇਕਰ ਇੱਕ ਸੀਨੀਅਰ ਆਈਏਐਸ ਅਧਿਕਾਰੀ ਨੂੰ ਮੰਤਰੀਆਂ ਵੱਲੋਂ ਜਿਨਸੀ ਛੇੜਛਾੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜੂਨੀਅਰ ਪੱਧਰ ਦੀਆਂ ਮਹਿਲਾ ਕਰਮਚਾਰੀਆਂ ਦੀ ਕੀ ਹਾਲਤ ਹੋਵੇਗੀ। ਇਹਨਾਂ ਵਿਚੋਂ ਜ਼ਿਆਦਾਤਰ ਸਵੈ ਵਿਸ਼ਵਾਸ਼ ਨਾ ਹੋਣ ਕਰਕੇ ਅਤੇ ਸਮਾਜਕ ਬਦਨਾਮੀ ਤੋਂ ਡਰਦੀਆਂ ਸ਼ਿਕਾਇਤ ਨਹੀਂ ਕਰਦੀਆਂ ਹਨ।

Read Also ਪੰਜਾਬ ਦੇ ਮੁੱਖ ਮੰਤਰੀ ਵਲੋਂ ਸਕੂਲ ਸਿੱਖਿਆ ਪ੍ਰਣਾਲੀ ‘ਚ ਸੁਧਾਰਾ ਬਾਰੇ ਸੁਝਾਅ ਦੇਣ ਵਾਸਤੇ ਇਕ ਕੋਰ ਗਰੁੱਪ ਸਥਾਪਤ ਕਰਨ ਦੇ ਹੁਕਮ

ਅਕਾਲੀ ਆਗੂ ਨੇ ਕਿਹਾ ਕਿ ਇਤਫਾਕਵੱਸ ਸੂਬੇ ਅੰਦਰ ਇਹ ਪਹਿਲਾ ‘ਮੀ ਟੂ’ ਵਾਲਾ ਕੇਸ ਹੈ, ਜਿਸ ਵਿਚ ਇੱਕ ਮਹਿਲਾ ਅਧਿਕਾਰੀ ਬਾਕਾਇਦਾ ਤੌਰ ਤੇ ਸ਼ਿਕਾਇਤ ਵੀ ਦਰਜ ਕਰ ਚੁੱਕੀ ਹੈ ਅਤੇ ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਇਹ ਕਹਿੰਦਿਆਂ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੰਤਰੀ ਨੇ ਮੁਆਫੀ ਮੰਗ ਲਈ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਉੱਤੇ ਇਤਰਾਜ਼ ਹੈ ਕਿ ਮੁੱਖ ਮੰਤਰੀ ਇਹ ਫੈਸਲਾ ਨਹੀਂ ਕਰ ਸਕਦਾ ਕਿ ਸਿਰਫ ਮੁਆਫੀ ਮੰਗਣਾ ਹੀ ਕਾਫੀ ਹੈ। ਉਹਨਾਂ ਕਿਹਾ ਕਿ ਸੂਬੇ ਦਾ ਮੁਖੀ ਹੋਣ ਦੇ ਨਾਤੇ ਮੁੱਖ ਮੰਤਰੀ ਨੂੰ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਕਿ ਔਰਤਾਂ ਨੂੰ ਕੰਮ ਕਰਨ ਵਾਸਤੇ ਇੱਕ ਸੁਰੱਖਿਅਤ ਮਾਹੌਲ ਮਿਲੇ। ਮਹਿਲਾ ਅਧਿਕਾਰੀ ਵੱਲੋਂ ਭੋਗੀ ਤ੍ਰਾਸਦੀ ਦੇ ਬਦਲੇ ਵਿਚ ਸਿਰਫ ਮੰਤਰੀ ਵੱਲੋਂ ਮੰਗੀ ਮੁਆਫੀ ਕਾਫੀ ਨਹੀਂ ਹੈ। ਸਰਦਾਰ ਗਰੇਵਾਲ ਨੇ ਇਹ ਵੀ ਦੋਸ਼ ਲਾਇਆ ਕਿ ਇਸ ਮੰਤਰੀ ਖ਼ਿਲਾਫ ਪਹਿਲੀ ਵਾਰ ਇਸ ਤਰ੍ਹਾਂ ਦੇ ਦੋਸ਼ ਨਹੀਂ ਲੱਗੇ ਹਨ। ਇਹ ਕਹਿੰਦਿਆਂ ਕਿ ਕੈਬਨਿਟ ਮੰਤਰੀ ਇੱਕ ਜਨਤਕ ਹਸਤੀ ਹੁੰਦਾ ਹੈ, ਉਸ ਦਾ ਵਿਵਹਾਰ ਦੂਜਿਆਂ ਲਈ ਮਿਸਾਲਯੋਗ ਹੋਣਾ ਚਾਹੀਦਾ ਹੈ, ਅਕਾਲੀ ਆਗੂ ਨੇ ਕਿਹਾ ਕਿ ਇਸ ਦੇ ਉਲਟ ਪੀੜਤ ਅਧਿਕਾਰੀ ਨੂੰ ਆਪਣੀ ਤਕਲੀਫ ਬਾਰੇ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸ਼ਿਕਾਇਤ ਲਾਉਣੀ ਪਈ, ਪਰੰਤੂ ਉਹਨਾਂ ਦੋਵਾਂ ਨੇ ਵੀ ਇਸ ਜਿਨਸੀ ਛੇੜਛਾੜ ਦੇ ਮੁੱਦੇ ਉੱਤੇ ਚੁੱਪ ਵੱਟ ਲਈ ਹੈ।

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਮਾਨਸਿਕਤਾ ਜਾਗੀਰੂ ਹੈ ,ਜੋ ਕਿ ਔਰਤਾਂ ਦੇ ਅਧਿਕਾਰਾਂ ਨੂੰ ਨਜ਼ਰ ਅੰਦਾਜ਼ ਕਰਦੀ ਹੈ। ਉਹਨਾਂ ਕਿਹਾ ਕਿ ਅਸੀਂ ਮੰਤਰੀ ਦੀ ਤੁਰੰਤ ਬਰਖਾਸਤਗੀ ਦੀ ਮੰਗ ਕਰਦੇ ਹਾਂ। ਇਹ ਕਹਿੰਦਿਆਂ ਕਿ ਮੁੱਖ ਮੰਤਰੀ ਇਹ ਕਹਿ ਕੇ ਕਿ ਇਸ ਮਾਮਲੇ ਵਿਚ ਸਿਰਫ ਮੁਆਫੀ ਕਾਫੀ ਹੈ, ਕਿਸ ਤਰ੍ਹਾਂ ਦੀ ਮਿਸਾਲ ਕਾਇਮ ਕਰ ਰਿਹਾ ਹੈ, ਅਕਾਲੀ ਆਗੂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਨੇ ਜਿਨਸੀ ਛੇੜਛਾੜ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਇੱਕ ਮੰਤਰੀ ਸਮੂਹ ਕਾਇਮ ਕੀਤਾ ਹੈ ਜੋ ਕਿ ਕੰਮਕਾਜੀ ਥਾਂਵਾਂ ਉੱਤੇ ਜਿਨਸੀ ਸੋਸ਼ਣ ਐਕਟ 2013 ਦੀ ਨਜ਼ਰਸਾਨੀ ਕਰੇਗਾ। ਦੂਜੇ ਪਾਸੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੰਮਕਾਜੀ ਥਾਵਾਂ ਉੱਤੇ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਇਕ ਗੰਭੀਰ ਮੁੱਦੇ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਰਦਾਰ ਗਰੇਵਾਲ ਨੇ ਕਿਹਾ ਕਿ ਜਦ ਤਕ ਇਸ ਮਾਮਲੇ ਵਿਚ ਪੀੜਤ ਨੂੰ ਇਨਸਾਫ ਨਹੀਂ ਮਿਲਦਾ ਅਤੇ ਸੂਬਾ ਸਰਕਾਰ ਦੁਆਰਾ ਜਿਨਸੀ ਛੇੜਛਾੜ ਦੇ ਮੁੱਦੇ ਨੂੰ ਸਰਸਰੀ ਸਮਝਣਾ ਬੰਦ ਨਹੀਂ ਕੀਤਾ ਜਾਂਦਾ, ਅਕਾਲੀ ਦਲ ਇਸ ਗੰਭੀਰ ਮੁੱਦੇ ਉੱਤੇ ਆਪਣੀ ਲੜਾਈ ਜਾਰੀ ਰੱਖੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button