Breaking NewsD5 specialNewsPoliticsPress ReleasePunjabTop News

ਮਿਲਕਫੈੱਡ ‘ਚ ਸਟਾਫ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਹਰਪਾਲ ਸਿੰਘ ਚੀਮਾ

ਸੀਨੀਅਰ ਐਗਜ਼ੀਕਿਊਟਿਵ ਦੀ ਅਸਾਮੀ ਲਈ ਚੁਣੇ ਗਏ 21 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ: ਪੰਜਾਬ ਦੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਮਿਲਕਫੈਡ ਦੇ ਮੁੱਖ ਦਫਤਰ ਵਿਚ ਸੀਨੀਅਰ ਐਗਜ਼ੀਕਿਊਟਿਵ ਦੀ ਅਸਾਮੀ ਲਈ ਚੁਣੇ ਗਏ 21 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਅਸਾਮੀ ਲਈ 40 ਸੀਟਾਂ ਭਰਨੀਆਂ ਸਨ ਪਰ ਯੋਗ ਉਮੀਦਵਾਰ ਸਿਰਫ 21 ਹੀ ਪਾਏ ਗਏ ਅਤੇ ਉਨ੍ਹਾਂ ਸਾਰਿਆਂ ਨੂੰ ਇਸ ਅਸਾਮੀ ‘ਤੇ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਹਾਇਕ ਮੈਨੇਜਰਾਂ ਦੀਆਂ 52 ਅਸਾਮੀਆਂ ਲਈ ਵੀ ਚੋਣ ਪ੍ਰਕਿਰਿਆ ਚੱਲ ਰਹੀ ਹੈ।

ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡੇਅਰੀ ਕਿਸਾਨਾਂ ਅਤੇ ਆਮ ਲੋਕਾਂ ਨਾਲ ਜੁੜੇ ਅਦਾਰੇ ਮਿਲਕਫੈੱਡ ਵਿਚ ਮਨੁੱਖੀ ਸ਼ਕਤੀ (ਮੈਨਪਾਵਰ) ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿਲਕਫੈੱਡ ਵਿਚ ਸਟਾਫ ਦੀ ਕਮੀ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਵੱਖ-ਵੱਖ ਪੱਧਰ ਦੀਆਂ ਅਸਾਮੀਆਂ ਦੀ ਭਰਤੀ ਲਈ 580 ਹੋਰ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਨ੍ਹਾਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਵੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਨਵਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸਹਿਕਾਰਤਾ ਮੰਤਰੀ ਵੱਲੋਂ ਵਿੱਤੀ ਸਾਲ 2021-22 ਦੌਰਾਨ ਅਤੇ ਹੁਣ ਤੱਕ ਦੀ ਮਿਲਕਫੈੱਡ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਮਿਲਕਫੈਡ ਦੇ ਨਿਰੰਤਰ ਯਤਨਾਂ ਸਦਕਾ ਸਾਲ 2020-2021 ਦੌਰਾਨ ਇਸ ਅਦਾਰੇ ਦੀ ਸਾਲਾਨਾ ਟਰਨਓਵਰ 4463 ਕਰੋੜ ਰੁਪਏ ਦੇ ਮੁਕਾਬਲੇ 2021-2022 ਦੌਰਾਨ ਮਿਲਕਫੈੱਡ ਨੇ 4882 ਕਰੋੜ ਰੁਪਏ ਦਾ ਰਿਕਾਰਡ ਕਾਰੋਬਾਰ ਕੀਤਾ ਹੈ।

ਵਿਸ਼ੇਸ਼ ਮੁੱਖ ਸਕੱਤਰ (ਸਹਿਕਾਰਤਾ) ਰਵਨੀਤ ਕੌਰ ਨੇ ਨਵਨਿਯੁਕਤ ਉਮੀਦਵਾਰਾਂ ਨੂੰ ਮਿਲਕਫੈੱਡ ਦੇ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਅਤੇ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦੁੱਧ ਅਤੇ ਦੁੱਧ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਮਿਲਕਫੈੱਡ ਦੀਆਂ ਸਾਰੀਆਂ ਵੇਰਕਾ ਡੇਅਰੀਆਂ ਨੂੰ ਹੋਰ ਆਧੁਨਿਕ ਬਣਾਇਆ ਜਾਵੇਗਾ।

ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਵੇਰਕਾ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਵਧੀਆ ਸੇਵਾਵਾਂ ਤੇ ਉਤਪਾਦ ਪ੍ਰਦਾਨ ਕਰਨਾ ਯਕੀਨੀ ਬਣਾਏਗਾ। ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਮਨੁੱਖੀ ਸ਼ਕਤੀ ਦੀ ਕਮੀ ਦੇ ਬਾਵਜੂਦ ਮਿਲਕਫੈੱਡ ਵੱਲੋਂ ਵੇਰਕਾ ਦੇ ਸਾਰੇ ਉਤਪਾਦਾਂ ਦੀ ਵਿਕਰੀ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਹਰੇਕ ਉਤਪਾਦ ਦੀ ਵਿਕਾਸ ਦਰ ਸ਼ਾਨਦਾਰ ਰਹੀ ਹੈ।

ਵਿੱਤੀ ਸਾਲ 2021-22 ਦੌਰਾਨ ਮਿਲਕਫੈੱਡ ਨੇ ਵਿੱਤੀ ਸਾਲ 2020-21 ਦੇ ਮੁਕਾਬਲੇ ਪੈਕਡ ਦੁੱਧ ਵਿੱਚ 10 ਫੀਸਦੀ, ਦਹੀ ਵਿੱਚ 38 ਫੀਸਦੀ, ਲੱਸੀ ਵਿੱਚ 24 ਫੀਸਦੀ ਅਤੇ ਖੀਰ ਵਿੱਚ 30 ਫੀਸਦੀ ਦਾ ਸਾਲਾਨਾ ਵਾਧਾ ਦਰਜ ਕੀਤਾ ਹੈ। ਇਸੇ ਤਰ੍ਹਾਂ ਮਿਲਕਫੈੱਡ ਨੇ ਡੇਅਰੀ ਵ੍ਹਾਈਟਨਰ ਵਿੱਚ 82 ਫੀਸਦੀ, ਯੂਐਚਟੀ ਦੁੱਧ ਵਿੱਚ 31 ਫੀਸਦੀ, ਘਿਓ ਵਿੱਚ 14 ਫੀਸਦੀ, ਸਵੀਟਨਡ ਫਲੇਵਰਡ ਮਿਲਕ (ਪੀਓ) ਵਿੱਚ 39 ਫੀਸਦੀ ਅਤੇ ਲੱਸੀ (ਟੇਟਰਾ ਪੈਕ) ਵਿੱਚ 39 ਫੀਸਦੀ ਦੀ ਵਿਕਰੀ ਦਾ ਵਾਧਾ ਦਰਜ ਕੀਤਾ ਹੈ।

ਉਨ੍ਹਾਂ ਕਿਹਾ ਕਿ ਮਿਲਕਫੈੱਡ ਵਿਚ ਨਵੀਂ ਭਰਤੀ ਹੋਣ ਨਾਲ ਭਵਿੱਖ ਵਿੱਚ ਹੋਰ ਵੀ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button