PunjabTop News

ਮਾਨ ਸਰਕਾਰ ਵੱਖ-ਵੱਖ ਖੇਤੀ ਮਸ਼ੀਨਾਂ ਦੀ ਖਰੀਦ ਲਈ ਸਬਸਿਡੀ ਦੇਵੇਗੀ: ਕੁਲਦੀਪ ਧਾਲੀਵਾਲ

• ਕਿਸਾਨਾਂ ਕੋਲ ਨਿੱਜੀ ਤੌਰ ‘ਤੇ ਅਤੇ ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕਰਨ ਲਈ 28 ਫ਼ਰਵਰੀ ਤੱਕ ਆਨਲਾਈਨ ਅਪਲਾਈ ਕਰਨ ਦਾ ਮੌਕਾ

 ਮਸ਼ੀਨੀਕਰਨ ਅਪਣਾ ਕੇ ਕਿਸਾਨ ਆਪਣੀ ਆਮਦਨ ਵਧਾਉਣ: ਧਾਲੀਵਾਲ

ਚੰਡੀਗੜ੍ਹ, 26 ਫ਼ਰਵਰੀ 2023 – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਵੱਖ-ਵੱਖ ਖੇਤੀ ਮਸ਼ੀਨਾਂ ਦੀ ਖਰੀਦ ਅਤੇ ਕਸਟਮ ਹਾਇੰਰਿੰਗ ਸੈਂਟਰ ਸਥਾਪਿਤ ਕਰਨ ਲਈ ਸਬਸਿਡੀ ਦੇਵੇਗੀ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੂਬੇ ਦੇ ਕਿਸਾਨ ਨਿੱਜੀ ਤੌਰ ‘ਤੇ ਅਤੇ ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕਰਨ ਲਈ 28 ਫ਼ਰਵਰੀ, 2023 ਤੱਕ ਵਿਭਾਗ ਦੀ ਵੈਬਸਾਈਟ agrimachinerypb.com ‘ਤੇ ਆਨਲਾਈਨ ਅਰਜ਼ੀਆਂ ਦੇ ਕੇ ਇਸ ਸਬਸਿਡੀ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਹ ਕਦਮ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ ਅਧੀਨ ਸੂਬੇ ਵਿੱਚ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕਿਸਾਨ ਨਿੱਜੀ ਤੌਰ ‘ਤੇ ਅਤੇ ਕਸਟਮ ਹਾਇਰਿੰਗ ਸੈਂਟਰਾਂ ਦੇ ਅਧੀਨ ਪੰਚਾਇਤਾਂ, ਸਹਿਕਾਰੀ ਸੁਸਾਇਟੀਆਂ, ਪੇਂਡੂ ਉੱਦਮੀ, ਕਿਸਾਨ ਉਤਪਾਦਕ ਸੰਸਥਾਵਾਂ (ਐਫ.ਪੀ.ਓ.), ਰਜਿਸਟਰਡ ਕਿਸਾਨ ਗਰੁੱਪ ਆਦਿ ਮਸ਼ੀਨਾਂ ‘ਤੇ ਸਬਸਿਡੀ ਲੈ ਸਕਦੇ ਹਨ।

ਧਾਲੀਵਾਲ ਨੇ ਦੱਸਿਆ ਕਿ ਵਿਅਕਤੀਗਤ ਕਿਸਾਨਾਂ ਲਈ ਲੇਜ਼ਰ ਲੈਂਡ ਲੈਵਲਰ, ਪੋਟੈਟੋ ਪਲਾਂਟਰ (ਆਟੋਮੈਟਿਕ), ਪੋਟੈਟੋ ਪਲਾਂਟਰ (ਸੈਮੀ ਆਟੋਮੈਟਿਕ), ਏਅਰ ਐਸਿਸਟਿਡ ਸਪਰੇਅਰ, ਨੁਮੈਟਿਕ ਪਲਾਂਟਰ, ਪਾਵਰ ਵੀਡਰ (ਇੰਜਨ/ਪੀ.ਟੀ.ਓ. ਆਪਰੇਪਟਿਡ), ਟਰੈਕਟਰ ਓਪਰੇਟਿਡ ਫਰਟੀਲਾਈਜ਼ਰ ਬਰਾਡਕਾਸਟਰ, ਪੈਡੀ ਟਰਾਂਸਪਲਾਂਟਰ (ਸੈਲਫ ਪ੍ਰੋਪੇਲਡ ਰਾਈਡ  ਆਨ ਅਤੇ ਵਾਕ ਬਿਹਾਈਂਡ), ਰੇਜ਼ਡ ਬੈਡ ਪਲਾਂਟਰ, ਸਬ ਸੁਆਇਲਰ, ਸਿੰਗਲ ਰੋਅ ਫੋਰੇਜ਼ ਹਾਰਵੈਸਟਰ, ਪੋਟੈਟੋ ਡਿਗਰ, ਡੀ.ਐਸ.ਆਰ ਡਰਿੱਲ, ਟਰੈਕਟਰ ਓਪਰੇਟਿਡ ਸਪਰੇਅਰ (ਬੂਮ ਸਪਰੇਅਰ), ਪਾਵਰ ਹੈਰੋ, ਟਰੈਕਟਰ ਡਰਾਨ ਇਨਕਲਾਇਡ ਪਲੇਟ ਪਲਾਂਟਰ ਵਿਦ ਪ੍ਰੀ-ਇਮਰਜੈਂਸ ਹਰਬੀਸਾਈਡ ਸਟਰਿਪ ਐਪਲੀਕੇਟਰ (ਲੱਕੀ ਸੀਡ ਡਰਿੱਲ) ਆਦਿ ਮਸ਼ੀਨਾਂ ‘ਤੇ ਸਬਸਿਡੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਕਸਟਮ ਹਾਇਰਿੰਗ ਸੈਂਟਰ ਦੀਆਂ ਵੱਖ-ਵੱਖ ਸ਼੍ਰੇਣੀਆਂ, ਜੋ 10 ਲੱਖ, 25 ਲੱਖ, 40 ਲੱਖ ਅਤੇ 60 ਲੱਖ ਆਦਿ ਦੀ ਲਾਗਤ ਨਾਲ ਸਥਾਪਿਤ ਹਨ, ਮਸ਼ੀਨਾਂ ਦੀ ਖਰੀਦ ਲਈ ਸਬਸਿਡੀ ਲੈ ਸਕਣਗੀਆਂ।ਉਨ੍ਹਾਂ ਦੱਸਿਆ ਕਿ ਸਬਸਿਡੀ ਦੀਆਂ ਦਰਾਂ ਜਨਰਲ ਵਰਗ ਲਈ 40 ਫੀਸਦੀ, ਸਪੈਸ਼ਲ ਕੰਪੋਨੈਂਟ ਲਈ 50 ਫੀਸਦੀ ਅਤੇ ਕਸਟਮ ਹਾਇਰਿੰਗ ਸੈਂਟਰਾਂ ਲਈ 40 ਫੀਸਦੀ ਹੋਣਗੀਆਂ।

ਧਾਲੀਵਾਲ ਨੇ ਸੂਬੇ ਦੇ ਕਿਸਾਨਾਂ ਅਤੇ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਗਰੁੱਪਾਂ ਨੂੰ ਮਸ਼ੀਨਾਂ ਦੀ ਖਰੀਦ ‘ਤੇ ਸਬਸਿਡੀ ਦਾ ਲਾਭ ਲੈਣ ਅਤੇ ਖੇਤੀਬਾੜੀ ਵਿੱਚ ਮਸ਼ੀਨੀਕਰਨ ਆਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਮਸ਼ੀਨੀਕਰਨ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਸਬਸਿਡੀ ਬਾਰੇ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਵੀ ਮਿਲ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button