
ਭਾਰਤ ਦੀ ਸਭ ਤੋਂ ਵੱਡੀਆਂ ਰੱਖਿਆ ਖਰੀਦ ਯੋਜਨਾਵਾਂ ਵਿੱਚੋਂ ਇੱਕ ਮੰਨੀ ਜਾ ਰਹੀ 114 ਰਾਫੇਲ ਮਲਟੀਰੋਲ ਲੜਾਕੂ ਜਹਾਜ਼ਾਂ ਦੀ ਡੀਲ ਹੁਣ ਅਹਿਮ ਪੜਾਅ ਵਿੱਚ ਦਾਖਲ ਹੋ ਗਈ ਹੈ। ਫਰਾਂਸ ਨੇ ਇਸ ਪ੍ਰਾਜੈਕਟ ਲਈ ਆਪਣਾ ਵਿਸਥਾਰਤ ਤਕਨੀਕੀ ਅਤੇ ਵਪਾਰਕ ਪ੍ਰਸਤਾਵ ਭਾਰਤ ਨੂੰ ਸੌਂਪ ਦਿੱਤਾ ਹੈ। ਲਗਭਗ 3.25 ਲੱਖ ਕਰੋੜ ਰੁਪਏ ਦੀ ਇਸ ਸੰਭਾਵਿਤ ਡੀਲ ਦਾ ਇਸ ਵੇਲੇ ਰੱਖਿਆ ਮੰਤਰਾਲਾ ਅਤੇ ਭਾਰਤੀ ਹਵਾਈ ਫੌਜ ਵੱਲੋਂ ਵਿਸਥਾਰ ਨਾਲ ਮੁਲਾਂਕਣ ਕੀਤਾ ਜਾ ਰਿਹਾ ਹੈ।
ਫਰਾਂਸ ਦੇ ਪ੍ਰਸਤਾਵ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ 114 ਵਿੱਚੋਂ 94 ਰਾਫੇਲ ਲੜਾਕੂ ਜਹਾਜ਼ ਭਾਰਤ ਵਿੱਚ ਹੀ ਤਿਆਰ ਕਰਨ ਦੀ ਯੋਜਨਾ ਰੱਖੀ ਗਈ ਹੈ।
ਇਸ ਲਈ ਕਿਸੇ ਭਾਰਤੀ ਉਦਯੋਗਿਕ ਭਾਈਵਾਲ ਨਾਲ ਸਾਂਝੇ ਤੌਰ ‘ਤੇ ਉਤਪਾਦਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਡਸਾਲਟ ਏਵੀਏਸ਼ਨ ਦੇ ਨਾਲ MBDA, Safran ਅਤੇ Thales ਵਰਗੀਆਂ ਪ੍ਰਮੁੱਖ ਫਰਾਂਸੀਸੀ ਰੱਖਿਆ ਕੰਪਨੀਆਂ ਵੀ ਹਿੱਸਾ ਲੈਣਗੀਆਂ।
ਇਸ ਪ੍ਰਾਜੈਕਟ ਨਾਲ ਦੇਸ਼ ਦੇ ਏਅਰੋਸਪੇਸ ਅਤੇ ਰੱਖਿਆ ਨਿਰਮਾਣ ਖੇਤਰ ਨੂੰ ਵੱਡਾ ਉਤਸ਼ਾਹ ਮਿਲਣ ਦੀ ਉਮੀਦ ਹੈ। ਟਾਟਾ ਗਰੁੱਪ, ਲਾਰਸਨ ਐਂਡ ਟੂਬਰੋ (L&T) ਸਮੇਤ ਕਈ ਭਾਰਤੀ ਕੰਪਨੀਆਂ ਇਸ ਯੋਜਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਜਾਣਕਾਰੀ ਅਨੁਸਾਰ, ਇਸ ਪ੍ਰੋਗਰਾਮ ਰਾਹੀਂ ਭਾਰਤੀ ਉਦਯੋਗ ਨੂੰ ਲਗਭਗ 1.6 ਲੱਖ ਕਰੋੜ ਰੁਪਏ ਦਾ ਕਾਰੋਬਾਰ ਮਿਲ ਸਕਦਾ ਹੈ।
ਫਰਾਂਸੀਸੀ ਪੇਸ਼ਕਸ਼ ਵਿੱਚ ਤਕਨੀਕੀ ਹਸਤਾਂਤਰਨ ਅਤੇ ਵੱਧ ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਵਰਤੋਂ ਨੂੰ ਖਾਸ ਤਰਜੀਹ ਦਿੱਤੀ ਗਈ ਹੈ। ਭਾਰਤੀ ਪੱਖ ਇਸ ਗੱਲ ਦੀ ਵੀ ਜਾਂਚ ਕਰੇਗਾ ਕਿ ਰਾਫੇਲ ਜਹਾਜ਼ਾਂ ਵਿੱਚ ਭਾਰਤ ਦੀ ‘ਅਸਤ੍ਰ’ ਬਿਯੋਂਡ ਵਿਜ਼ੂਅਲ ਰੇਂਜ (BVR) ਮਿਸਾਈਲ ਵਰਗੀਆਂ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਨੂੰ ਸ਼ਾਮਲ ਕਰਨ ਦੀ ਕਿੰਨੀ ਸੰਭਾਵਨਾ ਹੈ।
ਭਾਰਤੀ ਹਵਾਈ ਫੌਜ ਦੀਆਂ ਲੜਾਕੂ ਸਕਵਾਡਰਨਾਂ ਦੀ ਗਿਣਤੀ ਲੰਬੇ ਸਮੇਂ ਤੋਂ ਘਟ ਰਹੀ ਹੈ। ਪੁਰਾਣੇ ਮਿਗ ਜਹਾਜ਼ਾਂ ਦੀ ਰਿਟਾਇਰਮੈਂਟ ਅਤੇ LCA Mk1A ਤੇ ਭਵਿੱਖ ਦੇ LCA Mk2 ਪ੍ਰੋਗਰਾਮ ਵਿੱਚ ਹੋ ਰਹੀ ਦੇਰੀ ਕਾਰਨ ਨਵੇਂ ਜਹਾਜ਼ਾਂ ਦੀ ਲੋੜ ਵੱਧ ਗਈ ਹੈ। ਅਜਿਹੇ ਵਿੱਚ ਰਾਫੇਲ ਜਹਾਜ਼ ਹਵਾਈ ਫੌਜ ਦੀ ਆਪਰੇਸ਼ਨਲ ਸਮਰੱਥਾ ਨੂੰ ਕਾਫ਼ੀ ਮਜ਼ਬੂਤ ਕਰ ਸਕਦੇ ਹਨ।
ਭਾਰਤੀ ਹਵਾਈ ਫੌਜ ਅਤੇ ਭਾਰਤੀ ਨੇਵੀ ਪਹਿਲਾਂ ਹੀ ਕੁੱਲ 62 ਰਾਫੇਲ ਜਹਾਜ਼ਾਂ ਦਾ ਆਰਡਰ ਦੇ ਚੁੱਕੀਆਂ ਹਨ। ਜੇਕਰ 114 ਨਵੇਂ ਜਹਾਜ਼ਾਂ ਦੀ ਇਹ ਡੀਲ ਅੰਤਿਮ ਰੂਪ ਲੈ ਲੈਂਦੀ ਹੈ ਤਾਂ ਦੇਸ਼ ਦੇ ਰਾਫੇਲ ਜਹਾਜ਼ਾਂ ਦੀ ਕੁੱਲ ਗਿਣਤੀ 176 ਹੋ ਜਾਵੇਗੀ।
ਇਸ ਤੋਂ ਇਲਾਵਾ ਭਾਰਤੀ ਨੇਵੀ ਆਪਣੇ ਏਅਰਕ੍ਰਾਫਟ ਕੈਰੀਅਰਾਂ ਲਈ 31 ਰਾਫੇਲ-ਐਮ ਲੜਾਕੂ ਜਹਾਜ਼ਾਂ ਨੂੰ ਸ਼ਾਮਲ ਕਰਨ ਦੀ ਯੋਜਨਾ ‘ਤੇ ਵੀ ਕੰਮ ਕਰ ਰਹੀ ਹੈ। ਜੇ ਇਹ ਪ੍ਰਸਤਾਵ ਵੀ ਮਨਜ਼ੂਰ ਹੋ ਜਾਂਦਾ ਹੈ ਤਾਂ ਭਾਰਤ ਦੀਆਂ ਤਿੰਨਾਂ ਸਸ਼ਸਤ੍ਰ ਸੇਵਾਵਾਂ ਕੋਲ ਮਿਲਾਕੇ 200 ਤੋਂ ਵੱਧ ਰਾਫੇਲ ਜਹਾਜ਼ ਹੋ ਸਕਦੇ ਹਨ, ਜਿਸ ਨਾਲ ਦੇਸ਼ ਦੀ ਹਵਾਈ ਰੱਖਿਆ ਸਮਰੱਥਾ ਨੂੰ ਵੱਡੀ ਤਾਕਤ ਮਿਲੇਗੀ।
ਫਿਲਹਾਲ ਫਰਾਂਸ ਵੱਲੋਂ ਭੇਜੇ ਗਏ ਤਕਨੀਕੀ ਅਤੇ ਵਪਾਰਕ ਪ੍ਰਸਤਾਵ ਦਾ ਰੱਖਿਆ ਮੰਤਰਾਲਾ ਅਤੇ ਭਾਰਤੀ ਹਵਾਈ ਫੌਜ ਵੱਲੋਂ ਹਰ ਪੱਖ ਤੋਂ ਅਧਿਐਨ ਕੀਤਾ ਜਾ ਰਿਹਾ ਹੈ। ਮੁਲਾਂਕਣ ਪੂਰਾ ਹੋਣ ਤੋਂ ਬਾਅਦ ਕੀਮਤ, ਸਵਦੇਸ਼ੀਕਰਨ, ਟੈਕਨੋਲੋਜੀ ਟ੍ਰਾਂਸਫਰ ਅਤੇ ਉਤਪਾਦਨ ਨਾਲ ਜੁੜੇ ਹੋਰ ਮੁੱਦਿਆਂ ‘ਤੇ ਅੰਤਿਮ ਗੱਲਬਾਤ ਹੋਵੇਗੀ। ਜੇਕਰ ਸਾਰੀਆਂ ਸ਼ਰਤਾਂ ‘ਤੇ ਸਹਿਮਤੀ ਬਣ ਜਾਂਦੀ ਹੈ ਤਾਂ ਇਹ ਭਾਰਤ ਦੇ ਰੱਖਿਆ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਅਤੇ ਮਹੱਤਵਪੂਰਨ ਲੜਾਕੂ ਜਹਾਜ਼ ਖਰੀਦ ਡੀਲਾਂ ਵਿੱਚੋਂ ਇੱਕ ਸਾਬਤ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




