ਭਾਰਤ ਨਾਲ ਵਪਾਰ ਬੰਦ ਹੋਣ ਕਾਰਨ ਪਾਕਿਸਤਾਨ ਨੂੰ 40 ਅਰਬ ਡਾਲਰ ਦਾ ਆਰਥਿਕ ਨੁਕਸਾਨ ਦਾ ਦਾਅਵਾ

ਪੁਲਵਾਮਾ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਦੇ ਤਣਾਅ ਕਾਰਨ 2019 ਵਿਚ ਭਾਰਤ ਨਾਲ ਵਪਾਰ ਮੁਅੱਤਲ ਹੋਣ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਨੂੰ ਕਥਿਤ ਤੌਰ ‘ਤੇ ਲਗਪਗ 40 ਅਰਬ ਡਾਲਰ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪਾਕਿ-ਇੰਡੀਆ ਬਿਜ਼ਨਸ ਕੌਂਸਲ (ਪੀ.ਆਈ.ਬੀ.ਸੀ.) ਦੇ ਚੇਅਰਮੈਨ ਨੂਰ ਮੁਹੰਮਦ ਕਸੂਰੀ ਨੇ ਇਹ ਦਾਅਵਾ ਕਰਦਿਆਂ ਦੋਵਾਂ ਗੁਆਂਢੀ ਦੇਸ਼ਾਂ ਨੂੰ ਵਪਾਰਕ ਸਬੰਧ ਮੁੜ ਬਹਾਲ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਨਿਵੇਸ਼, ਸੈਰ-ਸਪਾਟੇ ਅਤੇ ਖੇਤਰੀ ਸਹਿਯੋਗ ਨੂੰ ਹੁਲਾਰਾ ਮਿਲ ਸਕੇ।
ਆਪਣੇ ਬਿਆਨ ਵਿਚ ਕਸੂਰੀ ਨੇ ਕਿਹਾ ਕਿ ਵਪਾਰ ਬੰਦ ਹੋਣ ਕਾਰਨ ਪਾਕਿਸਤਾਨੀ ਕਾਰੋਬਾਰੀਆਂ ਨੂੰ ਜ਼ਰੂਰੀ ਕੱਚਾ ਮਾਲ ਅਤੇ ਹੋਰ ਵਸਤਾਂ ਦੂਰ-ਦੁਰਾਡੇ ਦੀਆਂ ਮੰਡੀਆਂ ਤੋਂ ਮੰਗਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਨਾਲ ਢੋਆ-ਢੁਆਈ ਦਾ ਖਰਚਾ ਅਤੇ ਸਾਮਾਨ ਪਹੁੰਚਣ ਦਾ ਸਮਾਂ ਕਾਫ਼ੀ ਵਧਿਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦਾ ਦਵਾਈ (ਫਾਰਮਾ) ਉਦਯੋਗ ਭਾਰਤੀ ਕੱਚੇ ਮਾਲ ‘ਤੇ ਨਿਰਭਰ ਸੀ ਅਤੇ ਭਾਰਤ ਤੋਂ ਦਰਾਮਦ ਨਾਲ ਸਾਲਾਨਾ 2 ਤੋਂ 3 ਅਰਬ ਡਾਲਰ ਦੀ ਬਚਤ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਘਰੇਲੂ ਕਪਾਹ ਉਤਪਾਦਨ ਘਟਣ ਕਾਰਨ ਟੈਕਸਟਾਈਲ (ਕੱਪੜਾ) ਸੈਕਟਰ ਨੂੰ ਬ੍ਰਾਜ਼ੀਲ, ਮਿਸਰ, ਚੀਨ ਅਤੇ ਅਮਰੀਕਾ ਤੋਂ ਕਪਾਹ ਮੰਗਵਾਉਣੀ ਪੈ ਰਹੀ ਹੈ, ਜਿਸ ਨਾਲ ਲਗਪਗ 5 ਅਰਬ ਡਾਲਰ ਦਾ ਵਾਧੂ ਖਰਚਾ ਆਇਆ ਹੈ। ਉਨ੍ਹਾਂ ਚਿੰਤਾ ਜਤਾਈ ਕਿ ਪਾਕਿਸਤਾਨੀ ਕਿਸਾਨ ਕਪਾਹ ਦੀ ਬਜਾਏ ਗੰਨੇ ਦੀ ਖੇਤੀ ਵੱਲ ਜਾ ਰਹੇ ਹਨ, ਜਿਸ ਕਾਰਨ ਕੱਪੜਾ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ, ਇਸ ਲਈ ਖੇਤੀਬਾੜੀ ਨੀਤੀਆਂ ਵਿਚ ਸੁਧਾਰ ਦੀ ਲੋੜ ਹੈ। ਭਾਰਤ ਦੀ ਵੱਡੀ ਉਤਪਾਦਨ ਸਮਰੱਥਾ ਦੇ ਬਾਵਜੂਦ, ਪਾਕਿਸਤਾਨ ਖੰਡ, ਖਾਦ, ਸੀਮਿੰਟ, ਪੈਟਰੋਲੀਅਮ, ਲੋਹਾ, ਸਟੀਲ ਅਤੇ ਭਾਰੀ ਮਸ਼ੀਨਰੀ ਦੂਰ ਦੇ ਦੇਸ਼ਾਂ ਤੋਂ ਮੰਗਵਾ ਰਿਹਾ ਹੈ। ਕਸੂਰੀ ਮੁਤਾਬਕ, ਭਾਰਤੀ ਤੇਲ ਰਿਫਾਇਨਰੀਆਂ ਪਾਕਿਸਤਾਨ ਦੇ ਨੇੜੇ ਹਨ, ਜਿਸ ਨਾਲ ਪੈਟਰੋਲੀਅਮ ਸਸਤਾ ਮਿਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਪਾਰ ਬਹਾਲ ਹੋਣ ਨਾਲ ਭਾਰਤੀ ਸੈਲਾਨੀ, ਖਾਸ ਕਰਕੇ ਆਪਣੇ ਜੱਦੀ ਪਿੰਡਾਂ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੇ ਚਾਹਵਾਨ, ਵੱਡੀ ਗਿਣਤੀ ਵਿਚ ਆ ਸਕਦੇ ਹਨ। ਸ਼੍ਰੀਲੰਕਾ ਦੇ ਆਰਥਿਕ ਸੰਕਟ ਦੌਰਾਨ ਭਾਰਤ ਵੱਲੋਂ ਕੀਤੀ ਮਦਦ ਦਾ ਹਵਾਲਾ ਦਿੰਦਿਆਂ ਕਸੂਰੀ ਨੇ ਕਿਹਾ ਕਿ ਗੁਆਂਢੀ ਦੇਸ਼ ਔਖੇ ਸਮੇਂ ਇੱਕ-ਦੂਜੇ ਦੀ ਮਦਦ ਕਰ ਸਕਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਰਾਜਨੀਤਿਕ ਮਤਭੇਦਾਂ ਨੂੰ ਆਰਥਿਕ ਮੌਕਿਆਂ ਦੇ ਰਾਹ ਦਾ ਅੜਿੱਕਾ ਨਹੀਂ ਬਣਨ ਦੇਣਾ ਚਾਹੀਦਾ। ਕਸੂਰੀ ਨੇ ਕਿਹਾ, ”ਪਾਕਿਸਤਾਨ ਅਤੇ ਭਾਰਤ ਦੀਆਂ ਇਤਿਹਾਸਕ, ਸੱਭਿਆਚਾਰਕ ਅਤੇ ਪਰਿਵਾਰਕ ਸਾਂਝਾਂ ਹਨ, ਜੋ ਬਿਹਤਰ ਸਬੰਧਾਂ ਦੀ ਨੀਂਹ ਰੱਖ ਸਕਦੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




