
ਸੂਬੇ ਦੇ ਵੱਡੇ ਉਦਯੋਗਿਕ ਘਰਾਣੇ ਟਰਾਈਡੈਂਟ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਸ਼ਿਕੰਜਾ ਕੱਸਿਆ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਟਰਾਈਡੈਂਟ ਦੇ ਧੌਲਾ ਯੂਨਿਟ ਨੂੰ ਪ੍ਰਦੂਸ਼ਣ ਉਲੰਘਣਾਂ ਦੇ ਦੋਸ਼ਾਂ ਤਹਿਤ ਪਿਛਲੇ ਦਿਨਾਂ ’ਚ ਧੜਾਧੜ ਕਈ ਨੋਟਿਸ ਜਾਰੀ ਕੀਤੇ ਗਏ ਹਨ। ਫੈਕਟਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 30 ਜੂਨ ਨੂੰ ਬੋਰਡ ਵੱਲੋਂ ਚੇਅਰਮੈਨ ਅੱਗੇ ਪੇਸ਼ ਹੋਕੇ ਫੈਕਟਰੀ ਨੂੰ ਆਪਣਾ ਪੱਖ ਰੱਖਣ ਲਈ ਜਾਰੀ ਕੀਤੇ ਨੋਟਿਸ ਰਾਹੀਂ ਫੈਕਟਰੀ ਨੂੰ ਬੰਦ ਕਰਨ ਦੀ ਵਿਊਂਤਬੰਦੀ ਕੀਤੀ ਗਈ ਹੈ।
ਲੋਕਾਂ ਸਵਾਲ ਕਰ ਰਹੇ ਹਨ ਕਿ ਕੀ ਟਰਾਈਡੈਂਟ ਫੈਕਟਰੀ ਬੰਦ ਹੋਣ ਜਾ ਰਹੀ ਹੈ? ਮਿਲੀ ਜਾਣਕਾਰੀ ਅਨੁਸਾਰ ਟਰਾਈਡੈਂਟ ਨੇ ਆਪਣੇ ਮੁਲਾਜ਼ਮਾਂ ਨੂੰ ਮੱਧ ਪ੍ਰਦੇਸ਼ ’ਚ ਸਥਿਤ ਬੂਦਨੀ ਵਿਖੇ ਆਪਣੀ ਫੈਕਟਰੀ ’ਚ ਸਿਫ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਦੇਸ਼ ਅਤੇ ਵਿਦੇਸ਼ਾਂ ’ਚ ਵੀ ਨਵੇਂ ਆਰਡਰ ਫੜਨੇ ਵੀ ਬੰਦ ਕਰ ਦਿੱਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਬੰਦ ਹੋਣ ਸਬੰਧੀ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲੀਸ ਮੁਖੀ ਵੱਲੋਂ ਰਾਜਿੰਦਰ ਗੁਪਤਾ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਹੈ। ਬੰਦ ਕਮਰਾ ਮੀਟਿੰਗ ਦੇ ਵੇਰਵੇ ਨਹੀਂ ਮਿਲ ਸਕੇ।
ਪਿਛਲੇ ਕਈ ਸਾਲਾਂ ਤੋਂ ਨਿਰਵਿਘਨ ਚੱਲ ਰਹੀ ਟਰਾਈਡੈਂਟ ਗਰੁੱਪ ਦੀ ਧੌਲਾ ਫੈਕਟਰੀ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀ ਸੈਂਕੜੇ ਵਾਰ ਨਿਰੀਖਣ ਕਰਕੇ ਗਏ ਹਨ।
ਮਾਨ ਸਰਕਾਰ ਵੱਲੋਂ ਟਰਾਈਡੈਂਟ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਰਾਜ ਸਭਾ ਭੇਜਿਆ ਗਿਆ ਸੀ। ਪਰ ਕੁੱਝ ਸਮੇਂ ਬਾਅਦ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਸਮੇਂ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀਆਂ ਦੀ ਟੀਮ ਆਪਣੇ ਲਾਮ ਲਸ਼ਕਰ ਨਾਲ ਪੜਤਾਲ ਕਰਨ ਲਈ ਪਹੁੰਚ ਗਈ ਅਤੇ ਕਈ ਕਮੀਆਂ ਨੂੰ ਉਜਾਗਰ ਕਰਦਿਆਂ ਫੈਕਟਰੀ ਨੂੰ ਨੋਟਿਸ ਜਾਰੀ ਕਰ ਦਿੱਤਾ।
ਟਰਾਈਡੈਂਟ ਵੱਲੋਂ ਹਾਈਕੋਰਟ ਦਾ ਬੂਹਾ ਖੜਕਾਉਣ ’ਤੇ ਹਾਈਕੋਰਟ ਨੇ 30 ਦਿਨਾਂ ਦੀ ਮੋਹਲਤ ਦਿੰਦਿਆਂ ਕੋਈ ਸਖ਼ਤ ਕਾਰਵਾਈ ਕਰਨ ‘ਤੇ ਰੋਕ ਲਾ ਦਿੱਤੀ। ਹਾਈਕੋਰਟ ਦੇ 30 ਦਿਨਾਂ ਦੀ ਸਮਾਂ ਸੀਮਾ ਖ਼ਤਮ ਹੁੰਦਿਆਂ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਟਰਾਈਡੈਂਟ ਦੀ ਧੌਲਾ ਯੂਨਿਟ ਨੂੰ 30 ਜੂਨ ਨੂੰ ਬੋਰਡ ਦੇ ਚੇਅਰਮੈਨ ਕੋਲ ਪੇਸ਼ ਹੋਣ ਦਾ ਨੋਟਿਸ ਜਾਰੀ ਕਰ ਦਿੱਤਾ।
ਫੈਕਟਰੀ ਬੰਦ ਹੋਣ ਦੀ ਕਨਸੋਅ ਮਿਲਦੇ ਹੀ ਇਲਾਕੇ ਦੇ ਲੋਕਾਂ ’ਚ ਕਾਫ਼ੀ ਗੁੱਸਾ ਅਤੇ ਜ਼ਿਆਦਾਤਰ ਵਪਾਰ ਨੂੰ ਭਾਰੀ ਠੇਸ ਲੱਗਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਟ੍ਰਾਈਡੈਂਟ ਵਿੱਚ ਬਰਨਾਲਾ ਅਤੇ ਆਸ ਪਾਸ ਦੇ ਖੇਤਰ ਦੇ ਹਜ਼ਾਰਾ ਨੌਜਵਾਨ ਕੰਮ ਕਰਦੇ ਹਨ, ਜਿੰਨ੍ਹਾਂ ਦੇ ਰੁਜ਼ਗਾਰ ’ਤੇ ਤਲਵਾਰ ਲਟਕ ਗਈ ਹੈ।
ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਸੁਰਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਨੋਟਿਸ ਇੱਕ ਆਮ ਪ੍ਰਕਿਰਿਆ ਹੈ। ਜਦ ਉਨਾਂ ਤੋਂ ਪੁੱਛਿਆ ਕਿ ਪਿਛਲੇ ਕੁੱਝ ਦਿਨਾਂ ’ਚ ਕਿੰਨੇ ਨੋਟਿਸ ਜਾਰੀ ਕੀਤੇ ਗਏ ਹਨ ਤਾਂ ਉਨਾਂ ਕਿਹਾ ਕਿ ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ ਸਾਰੇ ਨੋਟਿਸ ਹੈੱਡ ਆਫ਼ਿਸ ਵੱਲੋਂ ਜਾਰੀ ਹੋਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




