Opinion

ਬੱਚੇ ਪੈਦਾ ਨਾ ਕਰ ਸਕਣਾ

ਡਾ. ਹਰਸ਼ਿੰਦਰ ਕੌਰ, ਐੱਮ.ਡੀ.

ਦਿਨੋ-ਦਿਨ ਵਧਦੇ ਜਾਂਦੇ ‘‘ਇਨਫਰਟਿਲਿਟੀ ਕਲੀਨਿਕ’’ ਇਹ ਤਾਂ ਸਾਬਤ ਕਰ ਰਹੇ ਹਨ ਕਿ ਨਪੁੰਸਕਾਂ ਦੀ ਗਿਣਤੀ ਕਈ ਗੁਣਾਂ ਵੱਧ ਚੁੱਕੀ ਹੋਈ ਹੈ। ਉਨ੍ਹਾਂ ਸੈਂਟਰਾਂ ਵਿਚ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧਣ ਲੱਗ ਪਈ ਹੈ। ਅਮਰੀਕਾ ਵਰਗੇ ਮੁਲਕ ਵਿਚ ਵੀ ਹਰ ਪੰਜਾਂ ਵਿੱਚੋਂ ਇੱਕ ਟੱਬਰ ਬੱਚਾ ਪੈਦਾ ਨਾ ਹੋ ਸਕਣ ਦੇ ਕਾਰਨਾਂ ਨਾਲ ਜੂਝ ਰਿਹਾ ਹੈ। ਲਗਭਗ 26 ਫੀਸਦੀ ਅਜਿਹੇ ਟੱਬਰਾਂ ਵਿੱਚੋਂ ਔਰਤਾਂ ਵਿਚ ਨੁਕਸ ਲੱਭੇ ਗਏ ਹਨ ਅਤੇ 19 ਫੀਸਦੀ ਵਿਚ ਮਰਦਾਂ ਵਿਚ।

ਅਫਰੀਕਾ (ਗੈਂਬੀਆ) ਵਿਚ ਇਹ ਗਿਣਤੀ 8 ਫੀਸਦੀ ਲੱਭੀ ਜਦਕਿ ਭਾਰਤ ਵਿਚ ਵੀ ਇਹ ਗਿਣਤੀ 8 ਫੀਸਦੀ ਔਰਤਾਂ ਵਿਚ ਹੀ ਲੱਭੀ ਗਈ। ਬੰਗਾਲ ਵਿਚ ਅਜਿਹੀਆਂ ਔਰਤਾਂ 13.9 ਫੀਸਦੀ ਹਨ ਪਰ ਮੇਘਾਲਿਆ ਵਿਚ 2.5 ਫੀਸਦੀ। ਖੋਜ ਵਿਚ ਪਤਾ ਲੱਗਿਆ ਕਿ ਇਨ੍ਹਾਂ ਔਰਤਾਂ ਵਿੱਚੋਂ 80 ਫੀਸਦੀ ਐਲੋਪੈਥੀ ਇਲਾਜ ਕਰਵਾਉਣ ਪਹੁੰਚੀਆਂ ਪਰ 33 ਫੀਸਦੀ ਨੇ ਉਹੜ ਪੁਹੜ, ਦੇਸੀ, ਨੁਸਖ਼ੇ, ਆਯੁਰਵੈਦਿਕ ਜਾਂ ਹੋਮਿਓਪੈਥੀ ਲਗਾਤਾਰ ਅਜ਼ਮਾਈ।

ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆ ਦੇ ਲਗਭਗ 20 ਫੀਸਦੀ ਮਰਦ ਬੱਚੇ ਪੈਦਾ ਕਰਨ ਦੀ ਤਾਕਤ ਗੁਆ ਚੁੱਕੇ ਹੋਏ ਹਨ। ਭਾਰਤ ਵਿਚ ਇਹ ਗਿਣਤੀ 23 ਫੀਸਦੀ ਹੈ। ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿਚ ਇੱਕ ਰਿਪੋਰਟ ਛਾਪੀ ਗਈ- ‘‘ਲੇਟ ਨਾਈਟ ਯੂਜ਼ ਔਫ਼ ਇਲੈਕਟ੍ਰਾਨਿਕ ਮੀਡੀਆ ਡੀਵਾਈਸ ਕੌਜ਼ਿਜ਼ ਮੇਲ ਇਨਫਰਟਿਲਿਟੀ।’’ ਇਸ ਰਿਪੋਰਟ ਵਿਚ ਉਸ ਖੋਜ ਦਾ ਜ਼ਿਕਰ ਕੀਤਾ ਗਿਆ ਜੋ ਸੰਨ 2020 ਵਿਚ ਹੋਈ ਅਤੇ ਉਸ ਅਨੁਸਾਰ ਦੇਰ ਰਾਤ ਤਕ ਪੱਟਾਂ ਉੱਤੇ ਰੱਖ ਕੇ ਲੈਪਟੌਪ ਜਾਂ ਹੋਰ ਸਮਾਰਟ ਫ਼ੋਨਾਂ ਦੀ ਵਰਤੋਂ ਸਦਕਾ ਵੀਰਜ ਵਿਚਲੇ ਸ਼ਕਰਾਣੂ ਘਟਣ ਲੱਗ ਪਏ ਸਨ।

ਇਸ ਤੋਂ ਪਹਿਲਾਂ ਸ਼ਰਾਬ, ਸਿਗਰਟ ਅਤੇ ਨਸ਼ੇ ਹੀ ਮੁਖ ਕਾਰਨ ਮੰਨੇ ਗਏ ਸਨ। ਲੈਪਟੌਪ ਜਾਂ ਟੇਬਲੈਟ ਨਾਲ ਸ਼ਕਰਾਣੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਹਿਲਜੁਲ ਵਿਚ ਘਾਟਾ ਹੋਇਆ ਲੱਭਿਆ। ਸ਼ਕਰਾਣੂ ਦਰਅਸਲ ਇਨ੍ਹਾਂ ਚੀਜ਼ਾਂ ਵਿਚਲੀ ‘‘ਸ਼ਾਰਟ ਵੈਵਲੈਂਥ ਲਾਈਟ’’ ਸਦਕਾ ਛੇਤੀ ਮਰਨ ਲੱਗ ਪਏ ਸਨ। ਇਨ੍ਹਾਂ ਚੀਜ਼ਾਂ ਵਿਚਲੀ ਹਲਕੀ ਨੀਲੀ ਲਾਈਟ ਮੈਲਾਟੌਨਿਨ ਹਾਰਮੋਨ ਵੀ ਘਟਾ ਦਿੰਦੀ ਹੈ ਜੋ ਦਿਮਾਗ਼ ਵਿਚਲਾ ਪੀਨੀਅਲ ਗਲੈਂਡ ਬਣਾਉਂਦਾ ਹੈ। ਇਸ ਹਾਰਮੋਨ ਦੇ ਘਟਣ ਨਾਲ ਨੀਂਦਰ ਉੱਡ ਪੁੱਡ ਜਾਂਦੀ ਹੈ।

ਵਾਇਰਲੈੱਸ ਕੰਪਿਊਟਰ, ਲੈਪਟਾਪ, ਸਮਾਰਟਫ਼ੋਨ ਆਦਿ ਔਰਤਾਂ ਦੇ ਅੰਡਕੋਸ਼ ਉੱਤੇ ਵੀ ਅਸਰ ਪਾ ਕੇ ਡੀ.ਐਨ.ਏ. ਡੋੜ ਦਿੰਦੇ ਹਨ ਜਿਸ ਨਾਲ ਸੈੱਲ ਦੁਬਾਰਾ ਬਣਦੇ ਹੀ ਨਹੀਂ। ਇਨ੍ਹਾਂ ਸਦਕਾ ਗਰਭ ਵੀ ਡਿੱਗ ਸਕਦਾ ਹੈ।

ਜੇ ਇਨ੍ਹਾਂ ਦੀ ਵਰਤੋਂ ਕੁਰਸੀ ਮੇਜ਼ ਉੱਤੇ ਬਹਿ ਕੇ ਜਾਂ 20 ਮਿੰਟਾਂ ਤੋਂ ਘੱਟ ਸਮੇਂ ਲਈ ਪੱਟਾਂ ਉੱਤੇ ਰੱਖ ਕੇ ਕੀਤੀ ਜਾਵੇ ਤਾਂ ਓਨਾ ਖ਼ਤਰਾ ਨਹੀਂ ਹੁੰਦਾ। ਦੇਰ ਰਾਤ ਤੱਕ ਬਹਿ ਕੇ ਗੋਦੀ ਵਿਚ ਰੱਖ ਕੇ ਲੈਪਟਾਪ ਜਾਂ ਟੇਬਲੈਟ ਉੱਕਾ ਹੀ ਨਹੀਂ ਵਰਤਣੇ ਚਾਹੀਦੇ। ਜੇ.ਪੀ. ਹਸਪਤਾਲ ਨੌਇਡਾ ਵਿਖੇ ਸੀਨੀਅਰ ਡਾਕਟਰ ਜ਼ੀਵਾ ਦੀ ਟੀਮ ਵੱਲੋਂ ਕੀਤੀ ਇਸ ਖੋਜ ਨੇ ਤਰਥੱਲੀ ਮਚਾ ਦਿੱਤੀ ਹੋਈ ਹੈ।

ਇਸ ਤੋਂ ਇਲਾਵਾ ਤਣਾਓ, ਮੋਟਾਪਾ, ਕਸਰਤ ਨਾ ਕਰਨੀ, ਵਾਧੂ ਸ਼ਰਾਬ ਪੀਣੀ, ਨਸ਼ਾ ਕਰਨਾ ਆਦਿ ਵੀ ਸ਼ਕਰਾਣੂਆਂ ਦੀ ਕਮੀ ਦਾ ਕਾਰਨ ਲੱਭੇ ਜਾ ਚੁੱਕੇ ਹਨ। ਕੁੱਝ ਜਮਾਂਦਰੂ ਅਤੇ ਜੀਨ ਆਧਾਰਿਤ ਰੋਗ ਵੀ ਇਸਦਾ ਕਾਰਨ ਹੁੰਦੇ ਹਨ। ਸ਼ਕਰਾਣੂਆਂ ਉੱਤੇ ਕੀਟਾਣੂਆਂ ਦਾ ਹਮਲਾ ਅਤੇ ਬੱਚੇਦਾਨੀ ਵਿਚ ਰਸੌਲੀਆਂ ਜਾਂ ਕੀਟਾਣੂ ਵੀ ਬੱਚਾ ਨਾ ਠਹਿਰਨ ਦੇ ਕਾਰਨ ਹੁੰਦੇ ਹਨ।

ਕਿਹੜੀਆਂ ਦਵਾਈਆਂ ਜਾਂ ਨਸ਼ੇ ਦੀਆਂ ਗੋਲੀਆਂ ਸ਼ਕਰਾਣੂ ਘਟਾਉਂਦੀਆਂ ਹਨ ?

  1. ਟੈਸਟੋਸਟੀਰੋਨ :- ਜੇ ਟੈਸਟੋਸਟੀਰੋਨ ਦੀਆਂ ਗੋਲੀਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਕੁਦਰਤੀ ਸ਼ਕਰਾਣੂਆਂ ਦੇ ਬਣਨ ਦਾ ਕੰਮ ਕਾਰ ਰੁਕ ਜਾਂਦਾ ਹੈ ਜਾਂ ਬਹੁਤ ਘੱਟ ਹੋ ਜਾਂਦਾ ਹੈ। ਜਦੋਂ ਟੈਸਟੋਸਟੀਰੋਨ ਖਾਣੇ ਬੰਦ ਕਰ ਦਿੱਤੇ ਜਾਣ ਤਾਂ 6 ਤੋਂ 12 ਮਹੀਨਿਆਂ ਬਾਅਦ ਦੁਬਾਰਾ ਸ਼ਕਰਾਣੂ ਬਣਨੇ ਸ਼ੁਰੂ ਹੋ ਜਾਂਦੇ ਹਨ।
  2. ਐਨਾਬੌਲਿਕ ਸਟੀਰਾਇਡ :– ਆਮ ਹੀ ਜਿਮ ਵਿਚ ਕਸਰਤ ਕਰਨ ਵਾਲੇ ਪੱਠੇ ਤਗੜੇ ਕਰਨ ਲਈ ਇਹ ਵਰਤਦੇ ਹਨ। ਇਹ ਵੀ ਟੈਸਟੋਸਟੀਰੋਨ ਵਾਂਗ ਸ਼ਕਰਾਣੂਆਂ ਦੀ ਕਮੀ ਕਰ ਦਿੰਦੇ ਹਨ। ਜਦੋਂ ਇਹ ਸਟੀਰਾਇਡ ਲੈਣੇ ਬੰਦ ਕਰ ਦਿੱਤੇ ਜਾਣ ਤਾਂ ਤਿੰਨ ਤੋਂ ਬਾਰਾਂ ਮਹੀਨੇ ਬਾਅਦ ਸਰੀਰ ਵਾਪਸ ਸ਼ਕਰਾਣੂ ਬਣਾਉਣੇ ਸ਼ੁਰੂ ਕਰਦਾ ਹੈ। ਜੇ ਜ਼ਿਆਦਾ ਦੇਰ ਇਹ ਵਰਤੇ ਜਾਣ ਤਾਂ ਸਦੀਵੀ ਨੁਕਸਾਨ ਕਰ ਸਕਦੇ ਹਨ।
  1. ਸ਼ਰਾਬ :– ਇੱਕ ਅੱਧ ਪੈੱਗ ਹਫ਼ਤੇ ਵਿਚ ਦੋ ਵਾਰ ਲੈਣੇ ਨੁਕਸਾਨ ਨਹੀਂ ਕਰਦੇ ਪਰ 10 ਪੈੱਗ ਹਰ ਹਫ਼ਤੇ ਪੀਣ ਨਾਲ ਟੈਸਟੋਸਟੀਰੋਨ ਦੀ ਬਣਨ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਛੇਤੀ ਟੁੱਟਣ ਵੀ ਲੱਗ ਪੈਂਦਾ ਹੈ। ਇੰਜ ਮਰਦਾਨਾ ਸਰੀਰ ਅੰਦਰ ਔਰਤਾਂ ਵਾਲੇ ਈਸਟਰੋਜਨ ਹਾਰਮੋਨ ਵਧਣ ਲੱਗ ਪੈਂਦੇ ਹਨ ਜੋ ਸ਼ਕਰਾਣੂ ਬਣਨ ਹੀ ਨਹੀਂ ਦਿੰਦੇ।
  2. ਸਿਗਰਟ- ਬੀੜੀ :ਸਿਗਰਟ-ਬੀੜੀ ਨਾ ਸਿਰਫ਼ ਪੀਣ ਵਾਲੇ ਨੂੰ ਫੇਫੜਿਆਂ ਦੇ ਰੋਗ ਕਰਦੀ ਹੈ ਬਲਕਿ ਘਰ ਵਿਚਲੇ ਨਿੱਕੇ ਬੱਚਿਆਂ ਨੂੰ ਨਿਮੂਨੀਆ, ਦਮਾ, ਕੰਨਾਂ ਵਿਚ ਰੇਸ਼ਾ ਆਦਿ ਵੀ ਕਰ ਦਿੰਦੀ ਹੈ। ਕਈ ਵਾਰ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਹੈ। ਬੀੜੀ ਸਿਗਰਟ ਨਾਲ ਕੈਂਯਰ ਹੋਣ ਦਾ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ ਪਰ ਇਹ ਸ਼ਕਰਾਣੂ ਬਣਨ ਤੋਂ ਵੀ ਰੋਕਦੇ ਹਨ। ਏਸੇ ਲਈ ਇਨ੍ਹਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰਨਾ ਚਾਹੀਦਾ ਹੈ।
  1. ਮੈਰੀਜ਼ੂਆਨਾ-ਭੰਗ :– ਇਸ ਦੀ ਵਰਤੋਂ ਨਾਲ ਸਰੀਰਕ ਸੰਬੰਧ ਬਣਾਉਣ ਦੀ ਸਮਰਥਾ ਵੀ ਘਟਦੀ ਹੈ ਅਤੇ ਸ਼ਕਰਾਣੂ ਵੀ ਘੱਟਣ ਲੱਗ ਪੈਂਦੇ ਹਨ। ਇਹ ਟੈਸਟੋਸਟੀਰੋਨ ਦੀ ਮਾਤਰਾ ਵੀ ਘਟਾ ਦਿੰਦੀ ਹੈ। ਜੇ ਭੰਗ ਵਿਚ ਸਿੱਕੇ ਜਾਂ ਕੋਕੀਨ ਦੀ ਮਿਲਾਵਟ ਹੋਈ ਹੋਵੇ, ਜੋ ਇਸ ਦਾ ਭਾਰ ਵਧਾਉਣ ਲਈ ਕੀਤੀ ਜਾਂਦੀ ਹੈ, ਤਾਂ ਮੌਤ ਤੱਕ ਹੋ ਸਕਦੀ ਹੈ।
  2. ਅਫ਼ੀਮ :– ਲਗਾਤਾਰ ਅਫ਼ੀਮ ਖਾਣ ਵਾਲਿਆਂ ਦੇ ਸਰੀਰ ਅੰਦਰ ਟੈਸਟੋਸਟੀਰੋਨ ਬਣਨਾ ਘੱਟ ਹੋ ਜਾਂਦਾ ਹੈ। ਇਸ ਦੇ ਨਾਲ ਹੀ ਸ਼ਕਰਾਣੂ ਬਣਨੇ ਵੀ ਘੱਟ ਹੋ ਜਾਂਦੇ ਹਨ ਤੇ ਛੇਤੀ ਮਰ ਮੁੱਕ ਜਾਂਦੇ ਹਨ।
  1. ਫਿਨੈਸਟੀਰਾਇਡ :- ਗਦੂਦ ਦੇ ਵਧਣ ਨਾਲ ਹੋਈਆਂ ਤਕਲੀਫ਼ਾਂ ਅਤੇ ਮਰਦਾਨਾ ਵਾਲਾਂ ਦੇ ਝੜਨ ਲਈ ਵਰਤੀਆਂ ਜਾਂਦੀਆਂ ਦਵਾਈਆਂ ‘ਫੀਨੈਸਟੀਰਾਇਡ’ ਤੇ ‘ਐਵੋਡਾਰਟ’ ਵਰਗੀਆਂ ਦਵਾਈਆਂ ਵੀ ਸ਼ਕਰਾਣੂਆਂ ਦੀ ਮਾਤਰਾ ਘਟਾ ਦਿੰਦੀਆਂ ਹਨ। ਇਨ੍ਹਾਂ ਨਾਲ ਵੀਰਜ ਵੀ ਘੱਟ ਹੋ ਜਾਂਦਾ ਹੈ। ਜਦੋਂ ਇਹ ਦਵਾਈਆਂ ਬੰਦ ਕਰ ਦਿੱਤੀਆਂ ਜਾਣ ਤਾਂ ਕੁੱਝ ਸਮੇਂ ਬਾਅਦ ਸ਼ਕਰਾਣੂਆਂ ਦੀ ਮਾਤਰਾ ਵੱਧ ਜਾਂਦੀ ਹੈ।
  2. ਪਿਸ਼ਾਬ ਦੇ ਰੋਕੇ ਲਈ ਵਰਤੀਆਂ ਜਾਂਦੀਆਂ ਦਵਾਈਆਂ ਜਿਵੇਂ ਐਲਫਾ ਬਲੌਕਰ ਵੀ ਸ਼ਕਰਾਣੂ ਘਟਾ ਦਿੰਦੀਆਂ ਹਨ।
  3. ਢਹਿੰਦੀ ਕਲਾ ਲਈ ਆਮ ਹੀ ਵਰਤੀਆਂ ਜਾਂਦੀਆਂ ਦਵਾਈਆਂਮਰਦਾਨਾ ਤਾਕਤ ਉੱਤੇ ਡੂੰਘਾ ਅਸਰ ਛੱਡਦੀਆਂ ਹਨ ਤੇ ਸ਼ਕਰਾਣੂ ਵੀ ਘਟਾ ਦਿੰਦੀਆਂ ਹਨ।

10. ਉੱਲੀ ਠੀਕ ਕਰਨ ਵਾਲੀ ਦਵਾਈ ਕੀਟਾਕੋਨਾਜ਼ੋਲ’ :- ਚਮੜੀ ਜਾਂ ਵਾਲਾਂ ਲਈ ਵਰਤੇ ਜਾਣ ਉੱਤੇ ਇਨ੍ਹਾਂ ਦਾ ਮਾੜਾ ਅਸਰ ਨਹੀਂ ਦਿਸਦਾ ਪਰ ਜੇ ਗੋਲੀ ਦੀ ਸ਼ਕਲ ਵਿਚ ਖਾਧੀਆਂ ਜਾਣ ਤਾਂ ਟੈਸਟੋਸਟੀਰੋਨ ਅਤੇ ਸ਼ਕਰਾਣੂ, ਦੋਨਾਂ ਉੱਤੇ ਅਸਰ ਛੱਡਦੀਆਂ ਹਨ।

  1. ਕੀਮੋਥੈਰਪੀ :– ਕੈਂਸਰ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਸ਼ਕਰਾਣੂ ਬਣਨ ਹੀ ਨਹੀਂ ਦਿੰਦੀਆਂ ਤੇ ਜ਼ਿਆਦਾਤਰ ਸਦੀਵੀ ਅਸਰ ਛੱਡਦੀਆਂ ਹਨ।
  2. ਕੋਲਚੀਸੀਨ, ਸਾਈਮੈਟੀਡੀਨ, ਨਾਈਫੈਡੀਪੀਨ, ਸਪਾਈਰੋਨੋਲੈਕਟੋਨਆਦਿ ਦਵਾਈਆਂ ਜਿਨ੍ਹਾਂ ਨੂੰ ਬਲੱਡ ਪ੍ਰੈੱਸ਼ਰ ਜਾਂ ਪੇਟ ਦਾ ਅਲਸਰ ਠੀਕ ਕਰਨ ਲਈ ਦਿੱਤਾ ਜਾਂਦਾ ਹੈ, ਵੀ ਸ਼ਕਰਾਣੂ ਘਟਾ ਦਿੰਦੀਆਂ ਹਨ।

ਵਿਸ਼ਵ ਸਿਹਤ ਸੰਸਥਾ ਕੀ ਕਹਿੰਦੀ ਹੈ?

ਵਿਸ਼ਵ ਸਿਹਤ ਸੰਸਥਾ ਅਨੁਸਾਰ ਵਿਕਾਸਸ਼ੀਲ ਦੇਸਾਂ ਵਿਚ ਨਪੁੰਸਕਾਂ ਦੀ ਗਿਣਤੀ ਵਿਕਸਿਤ ਮੁਲਕਾਂ ਨਾਲੋਂ ਤਿੰਨ ਗੁਣਾ ਵੱਧ ਹੈ। ਜਿਹੜੇ ਅੰਕੜੇ ਜਗ ਜ਼ਾਹਿਰ ਕੀਤੇ ਗਏ ਹਨ, ਉਨ੍ਹਾਂ ਅਨੁਸਾਰ 19 ਕਰੋੜ (ਸੰਨ 2002 ਦੀ ਰਿਪੋਰਟ) ਵਿਕਾਸਸ਼ੀਲ ਮੁਲਕਾਂ ਦੀਆਂ ਔਰਤਾਂ ਕਿਸੇ ਨਾ ਕਿਸੇ ਕਿਸਮ ਦਾ ਬਾਂਝਪਨ ਸਹੇੜੀ ਬੈਠੀਆਂ ਹਨ। ਇਨ੍ਹਾਂ ਵਿੱਚੋਂ ਕੁੱਝ ਦੇ ਪਹਿਲਾਂ ਬੱਚਾ ਹੋਇਆ ਤੇ ਫਿਰ ਕੀਟਾਣੂਆਂ ਦੇ ਹੱਲੇ ਜਾਂ ਬੱਚਾ ਜੰਮਣ ਸਮੇਂ ਦੀਆਂ ਅਨੇਕ ਤਕਲੀਫ਼ਾਂ ਸਦਕਾ ਅੱਗੋਂ ਬੱਚਾ ਨਾ ਜੰਮ ਸਕਿਆ।

ਇਨ੍ਹਾਂ ਔਰਤਾਂ ਨਾਲ ਹੁੰਦੇ ਵਿਤਕਰੇ ਬਾਰੇ ਵੀ ਬਹੁਤ ਵਿਸਤਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਭਾਰਤ ਵਿਚ ‘‘ਖ਼ਾਨਦਾਨੀ ਚਿਰਾਗ਼’’ ਦਾ ਏਨਾ ਭੂਤ ਸਵਾਰ ਹੋ ਚੁੱਕਿਆ ਹੈ ਕਿ ਕੁੜੀ ਪੈਦਾ ਹੋ ਜਾਣ ਉੱਤੇ ਅਜਿਹੀਆਂ ਨੂੰਹਾਂ ਨੂੰ ਦਰਕਿਨਾਰ ਕਰ ਕੇ ਹੋਰ ਵਿਆਹ ਕੇ ਲਿਆਈ ਜਾਂਦੀ ਹੈ। ਕੁੱਝ ਏਨੀ ਮਾਰ ਸਹਿੰਦੀਆਂ ਹਨ ਕਿ ਮਾਨਸਿਕ ਰੋਗੀ ਬਣ ਜਾਂਦੀਆਂ ਹਨ। ਬੱਚਾ ਗੋਦ ਲੈਣ ਨੂੰ ਹਾਲੇ ਵੀ ਵੱਡੀ ਗਿਣਤੀ ਟੱਬਰ ਤਿਆਰ ਨਹੀਂ ਹਨ। ਅਨੇਕ ਔਰਤਾਂ ਦੇ ਕੁੱਖ ਵਿਚ ਬੇਟੀ ਹੋਣ ਬਾਰੇ ਪਤਾ ਲੱਗਣ ਉੱਤੇ ਵਾਰ-ਵਾਰ ਗਰਭਪਾਤ ਕਰਵਾਉਣ ਨਾਲ ਬਾਂਝਪਨ ਹੋਇਆ ਲੱਭਿਆ ਹੈ।

ਇਹ ਵੀ ਅਨੇਕ ਵਾਰ ਜਗ ਜ਼ਾਹਿਰ ਹੋ ਚੁੱਕਿਆ ਹੈ ਕਿ ਜੇ ਨੁਕਸ ਬੰਦੇ ਵਿਚ ਹੋਵੇ ਤਾਂ ਵੀ ਕਸੂਰ ਔਰਤ ਦਾ ਹੀ ਕੱਢਿਆ ਜਾਂਦਾ ਹੈ।

ਖੋਜ ਵਿਚ ਇਹ ਵੀ ਲੱਭਿਆ ਗਿਆ ਕਿ 35 ਕੁ ਸਾਲ ਦੀਆਂ ਅਮੀਰ ਘਰਾਣਿਆਂ ਦੀਆਂ ਔਰਤਾਂ ਜ਼ਿਆਦਾਤਰ ਇਲਾਜ ਲਈ ਪਹੁੰਚਦੀਆਂ ਹਨ। ਇਹ ਵੀ ਦਿਸਿਆ ਕਿ ਦਸਵੀਂ ਪਾਸ ਬਾਂਝ ਪੇਂਡੂ ਔਰਤਾਂ ਵਿੱਚੋਂ 73 ਫੀਸਦੀ ਔਰਤਾਂ ਆਯੁਰਵੈਦਿਕ ਇਲਾਜ ਨੂੰ ਤਰਜੀਹ ਦਿੰਦੀਆਂ ਹਨ। ਸ਼ਹਿਰੀ ਔਰਤਾਂ ਵਿੱਚੋਂ 62 ਫੀਸਦੀ ਐਲੋਪੈਥਿਕ ਇਲਾਜ ਕਰਵਾਉਂਦੀਆਂ ਹਨ।

ਸ਼ਕਰਾਣੂਆਂ ਦੀ ਕਮੀ ਦੇ ਹੋਰ ਕਾਰਨ :

  1. ਟੈਸਟੀਜ਼ ਦੁਆਲੇ ਨਸਾਂ ਦਾ ਖੁੱਲਿਆ ਹੋਣਾ :-

ਇਹ ਦਬਾਓ ਪਾ ਕੇ ਸ਼ਕਰਾਣੂਆਂ ਦੇ ਰਾਹ ਨੂੰ ਬੰਦ ਕਰ ਦਿੰਦੀਆਂ ਹਨ।

  1. ਬਚਪਨ ਵਿਚ ਕੰਨਪੇੜੇ ਹੋਏ ਹੋਣੇ
  2. ਟੈਸਟੀਜ਼ ਉੱਤੇ ਵੱਜੀ ਸੱਟ
  3. ਕੀਟਾਣੂਆਂ ਦਾ ਹਮਲਾ
  4. ਟੈਸਟੀਜ਼ ਦਾ ਸੁੱਜਣਾ
  5. ਹਾਰਮੋਨਾਂ ਦੀ ਗੜਬੜੀ ਸਦਕਾ ਮਰਦਾਨਾ ਛਾਤੀ ਦਾ ਵਧਣਾ, ਮੁੱਛਾਂ ਦਾੜੀ ਨਾ ਹੋਣੀ, ਸਾਹਦੀ ਤਕਲੀਫ਼ ਹੁੰਦੀ ਰਹਿਣੀ, ਸੁੰਘਣ ਸ਼ਕਤੀ ਨਾ ਹੋਣੀ, ਸਰੀਰਕ ਸੰਬੰਧ ਬਣਾਉਣ ਤੋਂਘਬਰਾਉਣਾ ਆਦਿ!
  6. ਟੈਸਟੀਜ਼ ਦਾ ਨਲਾਂ ਵਿਚ ਫਸਿਆ ਹੋਣਾ।
  7. ਜਮਾਂਦਰੂ ਪਿਸ਼ਾਬ ਦੇ ਰਾਹ ਦਾ ਨੁਕਸ
  8. ਕਣਕ ਤੋਂ ਐਲਰਜੀ
  9. ਜੋੜਾਂ ਦੇ ਦਰਦਾਂ ਦੀਆਂ ਦਵਾਈਆਂ ਖਾਣ ਨਾਲ
  10. ਕੀੜੇਮਾਰ ਦਵਾਈਆਂ ਦੇ ਵਾਧੂ ਅਸਰ ਨਾਲ
  11. ਪੇਂਟ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਨਾਲ
  12. ਲੰਮੇ ਸਮੇਂ ਤੱਕ ਰੋਜ਼ਾਨਾ ਭਾਫ਼ ਵਿਚ ਬੈਠਣ ਨਾਲ ਜਾਂ ਬਹੁਤ ਗਰਮ ਪਾਣੀ ਦੇ ਟੱਬ ਵਿਚ ਬੈਠੇਰਹਿਣ ਨਾਲ
  13. ਰੋਜ਼ 30 ਕਿਲੋਮੀਟਰ ਤੱਕ ਸਾਈਕਲ ਚਲਾਉਂਦੇ ਰਹਿਣ ਨਾਲ

ਇਲਾਜ ਕੀ ਹੈ ?

ਇਸ ਵਾਸਤੇ ਔਰਤ ਅਤੇ ਆਦਮੀ, ਦੋਨਾਂ ਦੇ ਟੈਸਟ ਕਰਨੇ ਜ਼ਰੂਰੀ ਹੁੰਦੇ ਹਨ। ਹਾਰਮੋਨ ਦੇ ਟੈਸਟ, ਵੀਰਜ ਦੇ ਟੈਸਟ, ਅਲਟਰਸਾਊਂਡ, ਪਿਸ਼ਾਬ ਦੇ ਟੈਸਟ, ਜਨੈਟਿਕ ਟੈਸਟ, ਟੈਸਟੀਜ਼ ਦੇ ਟੈਸਟ, ਟਿਊਬਾਂ ਦੇ ਟੈਸਟ, ਬੱਚੇਦਾਨੀ ਦੇ ਟੈਸਟ ਆਦਿ, ਕਰਨ ਦੀ ਲੋੜ ਪੈਂਦੀ ਹੈ।

ਨੁਕਸ ਲੱਭਣ ਬਾਅਦ ਦਵਾਈਆਂ, ਜਿਵੇਂ ਐਂਟੀਬਾਇਓਟਿਕਸ, ਹਾਰਮੋਨ, ਅਪਰੇਸ਼ਨ ਜਾਂ ਟੈਸਟ ਟਿਊਬ ਬੱਚੇ (ਇਨ ਵਿਟਰੋ ਫਰਟੀਲਾਈਜੇਸ਼ਨ) ਬਾਰੇ ਫੈਸਲਾ ਲਿਆ ਜਾ ਸਕਦਾ ਹੈ।

ਬਹੁਤੀ ਵਾਰ ਸਿਰਫ਼ ਘਬਰਾਹਟ ਹੀ ਸਹੀ ਸਰੀਰਕ ਸੰਬੰਧ ਨਹੀਂ ਬਣਾਉਣ ਦਿੰਦੀ। ਇਸੇ ਲਈ ਸਿਗਰਟ, ਸ਼ਰਾਬ, ਨਸ਼ਾ ਬੰਦ ਕਰਕੇ, ਸੰਤੁਲਿਤ ਖ਼ੁਰਾਕ ਲੈ ਕੇ, ਰੈਗੂਲਰ ਕਸਰਤ ਕਰਦਿਆਂ, ਤਣਾਓ ਛੰਡ ਕੇ ਜੇ ਚੰਗੇ ਮਾਹੌਲ ਵਿਚ ਸਰੀਰਕ ਸੰਬੰਧ ਬਣਾਏ ਜਾਣ ਤਾਂ ਅੱਧੀਆਂ ਮੁਸ਼ਕਲਾਂ ਏਨੇ ਨਾਲ ਹੀ ਹਲ ਹੋ ਜਾਂਦੀਆਂ ਹਨ।

ਕਿਸੇ ਵੀ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਦਾ ਕੋਈ ਵਧੀਆ ਅਸਰ ਹਾਲੇ ਤੱਕ ਨਹੀਂ ਲੱਭਿਆ ਗਿਆ। ਕੁੱਝ ਕਿਸਮ ਦੀਆਂ ਦਵਾਈਆਂ ਜਿਵੇਂ ਫੌਲਿਕ ਏਸਿਡ, ਜ਼ਿੰਕ, ਸੀਲੀਨੀਅਮ, ਵਿਟਾਮਿਨ ਸੀ, ਵਿਟਾਮਿਨ ਈ, ਕੋ-ਐਨਜ਼ਾਈਮ 10 ਅਤੇ ਐਲ. ਕਾਰਨੀਟੀਨ ਜੇ ਡਾਕਟਰ ਦੀ ਸਲਾਹ ਨਾਲ ਸਹੀ ਮਾਤਰਾ ਵਿਚ ਖਾਧੇ ਜਾਣ, ਤਾਂ ਇਹ ਸ਼ਕਰਾਣੂਆਂ ਦੀ ਮਾਤਰਾ ਵਧਾਉਣ ਵਿਚ ਮਦਦ ਕਰ ਸਕਦੇ ਹਨ।

ਸਪਰਮ ਬੈਂਕ :-

ਲੋਕਾਂ ਵੱਲੋਂ ਸ਼ਕਰਾਣੂ ਦਾਨ ਕਰਨ ਸਦਕਾ ਹੁਣ ਅਨੇਕ ਥਾਈਂ ਸ਼ਕਰਾਣੂਆਂ ਨੂੰ ਸਾਂਭ ਕੇ ਕਿਸੇ ਹੋਰ ਲਈ ਟੈਸਟ ਟਿਊਬ ਬੇਬੀ ਤਿਆਰ ਕਰਨ ਦਾ ਢੰਗ ਸਫ਼ਲ ਸਾਬਤ ਹੋ ਚੁੱਕਿਆ ਹੈ। ਇਸ ਵਾਸਤੇ ਸਪੈਸ਼ਲਿਸਟ ਡਾਕਟਰ ਦੀ ਸਲਾਹ ਨਾਲ ਹਲ ਲੱਭਿਆ ਜਾ ਸਕਦਾ ਹੈ।

 

ਡਾ. ਹਰਸ਼ਿੰਦਰ ਕੌਰ, ਐੱਮ.ਡੀ.,

28, ਪ੍ਰੀਤ ਨਗਰ,

 ਲੋਅਰ ਮਾਲ, ਪਟਿਆਲਾ

 0175-2216783

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button