D5 specialOpinion

‘‘ਚੰਨ ਅਜੇ ਦੂਰ ਹੈ’’ ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਉਜਾਗਰ ਸਿੰਘ

ਰਾਜਵਿੰਦਰ ਕੌਰ ਜਟਾਣਾ ਦਾ ਗ਼ਜ਼ਲ ਸੰਗ੍ਰਹਿ ਚੰਨ ਅਜੇ ਦੂਰ ਹੈ, ਮੁਹੱਬਤ, ਬਿਰਹਾ ਅਤੇ ਸਮਾਜਿਕ ਸਰੋਕਰਾਂ ਦਾ ਸੁਮੇਲ ਹੈ। ਸ਼ਾਇਰਾ ਦੀ ਕਵਿਤਾਵਾਂ ਦੀ ਇੱਕ ਆਹਟ ਨਾਮ ਦੀ ਪੁਸਤਕ ਪਹਿਲਾਂ ਹੀ 2016 ਵਿੱਚ ਪ੍ਰਕਾਸ਼ਤ ਹੋ ਚੁੱਕੀ ਹੈ। ਇਹ ਉਨ੍ਹਾਂ ਦੀ ਦੂਜੀ ਅਰਥਾਤ ਗ਼ਜ਼ਲਾਂ ਦੀ ਪਹਿਲੀ ਪੁਸਤਕ ਹੈ। ਸ਼ਾਇਰਾ ਦਾ ਪਿਛੋਕੜ ਮਾਲਵੇ ਦਾ ਦਿਹਾਤੀ ਹੋਣ ਕਰਕੇ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਸ਼ਬਦਾਵਲੀ ਨਿਰੋਲ ਦਿਹਾਤੀ ਮਲਵਈ ਹੈ। ਉਨ੍ਹਾਂ ਨੇ ਸਰਲ ਭਾਸ਼ਾ ਦੀ ਵਰਤੋਂ ਕੀਤੀ ਹੈ ਤਾਂ ਜੋ ਪਾਠਕਾਂ ਨੂੰ ਸਮਝਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਸ਼ਾਇਰਾ ਨੇ ਪੇਂਡੂ ਆਮ ਜੀਵਨ ਵਿਚ ਬੋਲੇ ਜਾਣ ਵਾਲੇ ਸ਼ਬਦਾਂ ਅਤੇ ਮੁਹਾਵਰਿਆਂ ਦੀ ਵਰਤੋਂ ਕਰਕੇ ਲੋਕਾਂ ਦੀ ਸ਼ਾਇਰਾ ਬਣਨ ਦੀ ਕੋਸ਼ਿਸ਼ ਕੀਤੀ ਹੈ। ਆਮ ਤੌਰ ਤੇ ਹੁਣ ਤੱਕ ਗ਼ਜ਼ਲ ਨੂੰ ਇਸਤਰੀ ਲੰਗ ਕਹਿਕੇ ਔਰਤਾਂ ਨਾਲ ਜੋੜਿਆ ਜਾਂਦਾ ਰਿਹਾ ਹੈ। ਪ੍ਰੰਤੂ ਆਧੁਨਿਕਤਾ ਦੇ ਦੌਰ ਵਿਚ ਇਹ ਧਾਰਨਾ ਵੀ ਬਦਲ ਗਈ ਹੈ।

ਹੁਣ ਗ਼ਜ਼ਲ ਦੇ ਵਿਸ਼ੇ ਦਾ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ ਮੁੱਖ ਤੌਰ ਤੇ ਲਗਪਗ ਹਰ ਗ਼ਜ਼ਲ ਵਿਚ ਸਮਾਜਿਕ ਸਰੋਕਾਰਾਂ, ਮੁਹੱਬਤ, ਵਸਲ ਅਤੇ ਬਿਰਹਾ ਦਾ ਪ੍ਰਗਟਾਵਾ ਹੁੰਦਾ ਹੈ। ਗ਼ਜ਼ਲ ਵਿਚ ਕਿਉਂਕਿ ਇਕ ਸ਼ੇਅਰ ਦੂਜੇ ਸ਼ੇਅਰ ਨਾਲ ਮਿਲਣਾ ਜ਼ਰੂਰੀ ਨਹੀਂ ਹੁੰਦਾ। ਇਸ ਲਈ ਰਾਜਵਿੰਦਰ ਕੌਰ ਜਟਾਣਾ ਦੀਆਂ ਲਗਪਗ ਸਾਰੀਆਂ ਗ਼ਜ਼ਲਾਂ ਵਿਚ ਕਈ ਵਿਸ਼ਿਆਂ ਨੂੰ ਛੂਹਿਆ ਹੁੰਦਾ ਹੈ। ਭਾਵ ਉਨ੍ਹਾਂ ਦੀਆਂ ਗ਼ਜ਼ਲਾਂ ਬਹੁਮੰਤਵੀ ਅਤੇ ਬਹੁਰੰਗੀਆਂ ਹਨ। ਉਨ੍ਹਾਂ ਨੇ ਆਪਣੀ ਪਹਿਲੀ ਗ਼ਜ਼ਲ ਵਿਚ ਪੰਜਾਬ ਦੇ ਮਾਲਵੇ, ਦੁਆਬੇ ਅਤੇ ਮਾਝੇ ਦੇ ਵਸਿੰਦਿਆਂ ਦੀ ਫਿਤਰਤ ਬਾਰੇ ਲਿਖਦਿਆਂ ਮਲਵਈਆਂ ਨੂੰ ਸ਼ਪਸ਼ਟ ਅੰਦਰੋਂ ਬਾਹਰੋਂ ਇਕ, ਯਾਰਾਂ ਦੇ ਯਾਰ ਅਤੇ ਮੁਹੱਬਤੀ ਸੁਭਆ, ਦੁਆਬੀਆਂ ਦੀ ਦੇਸ਼ ਵਿਦੇਸ਼ ਵਿਚਲੀ ਸ਼ੋਭਾ ਦੀ ਚਰਚਾ ਕਰਦਿਆਂ, ਉਨ੍ਹਾਂ ਨੂੰ ਸ਼ੌਕੀਨ ਪ੍ਰੰਤੂ ਚੁਸਤ ਚਾਲਾਕ ਟੇਡੀ ਅੱਖ ਨਾਲ ਵੇਖਣ ਵਾਲੇ ਅਤੇ ਮਾਝੇ ਵਾਲਿਆਂ ਨੂੰ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੇ ਬਹਾਦਰ ਕਿਹਾ ਹੈ। ਇਕ ਕਿਸਮ ਨਾਲ ਪੰਜਾਬੀਆਂ ਦੇ ਕਿਰਦਾਰ ਨੂੰ ਸ਼ਪਸ਼ਟ ਕਰ ਦਿੱਤਾ। ਉਸ ਗ਼ਜ਼ਲ ਦੇ ਸ਼ੇਅਰ ਹਨ-

ਮਲਵਈਆਂ ਦੇ ਖੁਲ੍ਹੇ ਖਾਤੇ, ਯਾਰੀ ਤੇ ਦਿਲਦਾਰੀ ਦੇ,

ਭਰ-ਭਰ ਵੰਡਣ ਪਿਆਰ ਮੁਹੱਬਤ ਮੜਕ ਬੜੀ ਹੀ ਹੋਰ ਜਹੀ।

ਦੇਸ਼ ਵਿਦੇਸੀਂ ਤੂਤੀ ਬੋਲੇ ਵੇਖੋ ਲੋਕ ਦੁਆਬੇ ਦੇ,

ਟੌਹਰ ਸ਼ੁਕੀਨੀ ਲਾ ਕੇ ਰੱਖਣ, ਤੱਕਣੀ ਏ ਚਿੱਤ ਚੋਰ ਜਹੀ।

ਦੂਰੋਂ ਹੀ ਪਹਿਚਾਣੇ ਦੁਨੀਆ, ਮਾਝੇ ਦੇ ਸਰਦਾਰਾਂ ਨੂੰ,

ਗੁਰੂਆਂ ਪੀਰਾਂ ਹਿੰਮਤ ਦਿੱਤੀ, ਮਜ਼ਲੂਮਾ ਵਿੱਚ ਜ਼ੋਰ ਜਹੀ।

ਇਸ ਗ਼ਜ਼ਲ ਸੰਗ੍ਰਹਿ ਵਿੱਚ ਬਹੁਤੀਆਂ ਗ਼ਜ਼ਲਾਂ ਮੁਹੱਬਤ, ਬਿਰਹਾ ਅਤੇ ਰੁਮਾਂਸਵਾਦ ਨਾਲ ਸੰਬੰਧਤ ਹਨ। ਇਨ੍ਹਾਂ ਗ਼ਜ਼ਲਾਂ ਵਿੱਚ ਆਸ਼ਕ ਮਸ਼ੂਕ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਤਾਅਨੇ ਮਿਹਣੇ ਦਿੰਦੇ ਹਨ। ਬੇਵਫ਼ਾਈ ਦੇ ਕੀਰਨੇ ਪਾਉਂਦੇ ਹਨ। ਮੁਹੱਬਤ ਵਿਚ ਭਾਵਨਾਵਾਂ ਨੂੰ ਸਮਝਣ ਦਾ ਜ਼ਿਕਰ ਕਰਦੇ ਹਨ। ਰੂਹ ਦੇ ਅਹਿਸਾਸ ਦਾ ਚੇਤਾ ਕਰਵਾਉਂਦੇ ਹਨ। ਕੁਝ ਗ਼ਜ਼ਲਾਂ ਦੇ ਸ਼ੇਅਰ ਹਨ-

ਤੇਰਾ ਜਾਣਾ, ਸਾਡਾ ਜੀਵਨ ਕਰ ਇੱਦਾਂ ਵੀਰਾਨ ਗਿਆ,

ਕੱਕੇ ਰੇਤ ‘ਚ ਤੜਪੇ ਮਛਲੀ ਤੱਕਦੀ ਛੱਲਾਂ ਲਹਿਰ ਦੀਆਂ।

ਤੇਰੀ ਮੇਰੀ ਜੋੜੀ ਸੱਜਣਾ ਚੰਨ ਚਕੋਰ ਜਿਹੀ ,

ਇਸ ਮਿੱਠੇ ਅਹਿਸਾਸ ਨੂੰ ਮਨੋਂ ਭੁਲਾਇਆ ਨਾ ਕਰ ਤੂੰ।

ਬੇਵਫ਼ਾਈ ਨਾਲ ਜਿਹੜੇ ਰੱਖ ਬੈਠੇ ਰਾਬਤਾ ਨੇ,

ਮਾਫ਼ ਕੀਤੇ ਜਾਣਗੇ ਨਾ ਬੋਲਦੀ ਤਹਿਰੀਕ ਸੀ।

ਸੁਣੀ ਨਾ ਹੂਕ ਬੇਦਰਦਾਂ, ਬੜਾ ਹੀ ਤਿਲਮਿਲਾਏ ਸੀ,

ਸਜ਼ਾ ਦਿੱਤੀ ਵਿਛੋੜੇ ਦੀ, ਵਫ਼ਾਵਾਂ ਚਾਹੁਣ ਤੋਂ ਪਹਿਲਾਂ।

ਜਦੋਂ ਪਿਆਰ ਮੁਹੱਬਤ ਵਿਚ ਗ਼ਰਜਾਂ ਆ ਜਾਂਦੀਆਂ ਹਨ ਤਾਂ ਇਸ ਦੀ ਪਵਿਤਰਤਾ ਨੂੰ ਦਾਗ਼ ਲੱਗ ਜਾਂਦਾ ਹੈ। ਸ਼ਾਇਰਾ ਨੇ ਅਜਿਹੇ ਮੌਕੇ ਮਸ਼ੂਕ ਦੀਆਂ ਭਾਵਨਾਵਾਂ ਨੂੰ ਵੀ ਬੜੇ ਸੁਚੱਜੇ ਢੰਗ ਨਾਲ ਆਪਣੇ ਸ਼ੇਅਰਾਂ ਵਿਚ ਲਿਖਿਆ ਹੈ। ਸ਼ਾਇਰਾ ਅਨੁਸਾਰ ਤਲਬ ਦੀ ਪ੍ਰਾਪਤੀ ਲਈ ਬਣਿਆਂ ਰਿਸ਼ਤਾ ਚਿਰ ਸਥਾਈ ਨਹੀਂ ਹੁੰਦਾ। ਮਿੰਟਾਂ ਸਕਿੰਟਾਂ ਵਿਚ ਹੀ ਰਿਸ਼ਤਾ ਖ਼ਤਮ ਹੋ ਜਾਂਦਾ ਹੈ, ਜਦੋਂ ਦੋਵੇਂ ਇਕ ਦੂਜੇ ਨੂੰ ਧੋਖਾ ਦੇਣ ਵਾਲੇ ਹੋਣ। ਫਿਰ ਸਾਰੀ ਉਮਰ ਵਿਛੋੜੇ ਦਾ ਸੰਤਾਪ ਹੰਢਾਉਣਾ ਪੈਂਦਾ ਹੈ। ਜਦੋਂ ਪਿਆਰਾ ਅਰਮਾਨਾ ਦਾ ਕਤਲ ਕਰਦਾ ਹੈ ਤਾਂ ਬੜਾ ਦੁੱਖ ਹੁੰਦਾ ਹੈ। ਸ਼ਾਇਰਾ ਕੁੜੀਆਂ ਨੂੰ ਸੁਚੇਤ ਕਰਦੀ ਹੋਈ ਲਿਖਦੀ ਹੈ ਕਿ ਭਟਕਣਾ ਵਿਚ ਪੈ ਕੇ ਆਸ਼ਕਾਂ ਦੇ ਬਹਿਕਾਵੇ ਵਿੱਚ ਨਾ ਆ ਜਾਇਓ। ਸ਼ੇਅਰ ਇਸ ਪ੍ਰਕਾਰ ਹਨ।

ਕਾਵਾਂ ਹੱਥ ਸੁਨੇਹੇ ਘੱਲੇ ਸੁਣਦਾ ਬਾਤ ਨਹੀਂ।

ਗ਼ਰਜ਼ਾਂ ਖ਼ਾਤਰ ਨਿਤ ਮਿਲਣ ਲਈ ਆਇਆ ਨਾ ਕਰ ਤੂੰ।

ਤਲਬ ਦੇ ਲਈ ਬਣਿਆ ਰਿਸ਼ਤਾ ਤਿੜਕੇ ਪਲਕਾਂ ਝਪਕਦਿਆਂ,

ਉਮਰਾਂ ਦਾ ਪਛਤਾਵਾ ਪੱਲੇ ਹੋਵੇ ਫੇਰ ਜੁਦਾਈ ਦਾ।

ਅਰਮਾਨਾ ਦੀ ਫਸਲ ਚੰਗੇਰੀ ਹੋਈ ਸੀ,

ਰੂਹ ਦਾ ਭੇਤੀ ਆਇਆ ਜੜ੍ਹ ਤੋਂ ਪੁੱਟ ਗਿਆ।

ਭਟਕਣ ਵਾਲੇ ਰਾਹੀਂ ਪੈਰ ਟਿਕਾਇਓ ਨਾ,

ਚੋਗਾ ਪਾਉਣ ਸ਼ਿਕਾਰੀ ਕੁੜੀਓ ਖਾਇਓ ਨਾ।

ਇਸ਼ਕ ਦੇ ਵਣਜ ਨੂੰ ਸ਼ਾਇਰਾ ਘਾਟੇ ਦਾ ਸੌਦਾ ਵੀ ਦਸਦੀ ਹੋਈ ਲਿਖਦੀ ਹੈ ਕਿ ਕਈ ਆਸ਼ਕ ਮਸ਼ੂਕ ਪਿਆਰ ਦੇ ਝਾਂਸੇ ਵਿਚ ਪਾ ਕੇ ਧੋਖਾ ਦੇ ਜਾਂਦੇ ਹਨ।

ਜਗਾਈ ਪਿਆਰ ਦੀ ਬੱਤੀ, ਬੁਝਾਈ ਓਸਨੇ ਆ ਕੇ,

ਵਸਲ ਦੀ ਆਸ ਦਾ ਬੂਹਾ ਸਦਾ ਫ਼ਿਰ ਢੋਹ ਗਿਆ ਮੈਥੋਂ।

ਇਸ਼ਕ ਦਾ ਪੈਂਡਾ ਔਖਾ ਮਿੱਤਰਾ ਇਸ ਤੋਂ ਥੋੜ੍ਹਾ ਦੂਰ ਰਹੀਂ,

ਨੇੜੇ ਹੋ-ਹੋ ਦਿਲ ਦੀਆਂ ਸੱਧਰਾਂ ਲੁੱਟਣ ਵਾਲੇ ਦੇਖੇ ਨੇ।

ਨਸ਼ਿਆਂ ਦੀ ਸਮਾਜਿਕ ਬਿਮਾਰੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਉਸਨੂੰ ਵੀ ਸ਼ਾਇਰਾ ਨੇ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ। ਨਸ਼ਿਆਂ ਬਾਰੇ ਕੁਝ ਸ਼ੇਅਰ ਹਨ-

ਚਿੱਟਾ ਲੈ ਕੇ ਬਹਿ ਗਿਆ ਸਾਡੇ ਸਾਰੇ ਰੰਗ,

ਗੋਦਾਂ ਹੋਈਆਂ ਸੁੰਨੀਆਂ ਹਰ ਥਾਂ ਭੁੱਜਦੀ ਭੰਗ।

ਨਸ਼ਿਆਂ ਵਾਲੇ ਕੋੜ੍ਹ ਦਾ ਲਾ ਲਿਆ ਜੇਕਰ ਵੈਲ,

ਇਹ ਹੈ ਕੋਰੀ ਜ਼ਹਿਰ ਜੋ ਨਸ-ਨਸ ਜਾਣੀ ਫੈਲ।

ਨਸ਼ਿਆਂ ਵਿਚ ਗ਼ਲਤਾਨ ਜਵਾਨੀ , ਐਨੀ ਹਾਲਤ ਮਾੜੀ ਹੈ,

ਆਪਣੇ ਹੱਥੀਂ ਆਪਣੀਆਂ ਕਬਰਾਂ ਪੁੱਟਣ ਵਾਲੇ ਦੇਖੇ ਨੇ।

ਰਾਜਵਿੰਦਰ ਕੌਰ ਜਟਾਣਾ ਮਾਲਵੇ ਦੇ ਦਿਹਾਤੀ ਇਲਾਕੇ ਨਾਲ ਸੰਬੰਧਤ ਹੋਣ ਕਰਕੇ ਕਿਸਾਨਾ ਦੇ ਦਰਦ ਨੂੰ ਭਲੀ ਪ੍ਰਕਾਰ ਸਮਝਦੀ ਹੈ। ਮਾਲਵੇ ਦੇ ਇਲਾਕੇ ਦੇ ਕਿਸਾਨਾ ਦੀ ਆਰਥਿਕ ਮੰਦਹਾਲੀ ਨੂੰ ਬੜਾ ਨੇੜਿਓਂ ਵੇਖਿਆ ਹੈ। ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ। ਇਸ ਕਰਕੇ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਲਿਖਦੀ ਹੈ-

ਗ਼ਰੀਬੀ ਨਾਲ ਘੁਲਦੀ  ਇਉਂ ਕਿਸਾਨੀਂ ਏ,

ਕਿਸੇ ਦਿਨ ਵੇਖ ਹਾਲਤ ਮਾਲਵਾ ਬਣ ਕੇ।

ਖ਼ੁਦਕਸ਼ੀਆਂ ਦਾ ਰੱਸਾ ਜਿੱਥੇ ਲਟਕ ਰਿਹਾ,

ਕਿੰਨੇ ਕਰਮਾਂ ਹਾਰੀ ਟਾਹਲੀ ਬੇਰੀ ਸੀ।

ਗੁਨਾਹਗਾਰਾਂ ਲਈ ‘ਤੇ, ਹਰ ਸਜ਼ਾ ਹੁਣ ਮਾਫ਼ ਹੋ ਜਾਂਦੀ,

ਕਿਸਾਨੀ ਮਸਲਿਆਂ ਦੇ ਹਲ, ਬਸ ਸਲਫਾਸ ਹੁੰਦੇ ਨੇ।

ਤਾਅ ਉਮਰ ਵਿਹਾਈ ਖੇਤਾਂ ਵਿੱਚ, ਮਿੱਟੀ ਨਾ’ ਮਿੱਟੀ ਸੀ ਬਣਿਆ,

ਉਹਦਾ ਤਨ ਕੱਜਣ ਨੂੰ ਲੀਰ ਨਹੀਂ ਤੇ ਉਹਦਾ ਕੋਠਾ ਚੋਇਆ।

ਸਮਾਜਿਕ ਕਦਰਾਂ ਕੀਮਤਾਂ ਵਿਚ ਗਿਰਾਵਟ ਆਉਣ ਨਾਲ ਚੋਰੀਆਂ, ਠੱਗੀਆਂ ਵਿਚ ਵਾਧਾ ਹੋ ਗਿਆ ਹੈ। ਸਿਆਸਤਦਾਨ ਵੀ ਸਿਰਫ ਵੋਟ ਬੈਂਕ ਦਾ ਧਿਆਨ ਰੱਖਦੇ ਹਨ। ਇਸ ਮੰਤਵ ਲਈ ਵੋਟਰ ਨਸ਼ੇ ਅਤੇ ਪੈਸਿਆਂ ਦੀ ਖ਼ਾਤਰ ਆਪਣਾ ਈਮਾਨ ਵੇਚ ਦਿੰਦੇ ਹਨ। ਇਸ ਸੰਬੰਧੀ ਸ਼ਾਇਰਾ ਦੇ ਕੁਝ ਸ਼ੇਅਰ ਹਨ-

ਹੋ ਗਏ ਨੇ ਆਮ ਚੋਰੀ, ਠੱਗੀਆਂ ਦੇ ਮਾਮਲੇ,

ਮਿਲ ਰਹੇ ਨੇ ਚੋਰ, ਕੁੱਤੀ ਵਿਕ ਰਿਹਾ ਈਮਾਨ।

ਦਿਖਾਵੇ ਮੋਹ ਜਦੋਂ, ਨੇਤਾ ਜਤਾਵੇ ਹੱਕ ਕੁਰਸੀ ‘ਤੇ,

ਗ਼ਰੀਬਾਂ ਦੀ ਭਲਾਈ ਵਾਸਤੇ ਉਂਝ, ਹਿੱਤ ਨਾ ਹੁੰਦਾ।

ਹੁਣ ਵਿਕਾਊ ਵੋਟ ਉਸ ਦੀ ਚੰਦ ਟਕਿਆਂ ਵਾਸਤੇ,

ਤੇ ਨਸ਼ੇ ਵਿਚ ਗੁੱਟ ਆਉਂਦਾ ਘਰ ਰਿਹਾ ਹੈ ਆਦਮੀ।

ਸ਼ਾਇਰਾ ਅਨੁਸਾਰ ਸਮਾਜਕ ਤਾਣੇ ਬਾਣੇ ਵਿਚ ਘੋਰ ਬੇਇਨਸਾਫੀ ਦਾ ਬੋਲ ਬਾਲਾ ਹੋ ਗਿਆ ਹੈ। ਜਿਸ ਕਰਕੇ ਬੱਚਿਆਂ ਦੀ ਮਾਨਸਿਕਤਾ ਬਿਮਾਰ ਹੋ ਗਈ ਹੈ। ਬਜ਼ੁਰਗਾਂ ਨੂੰ ਅਣਡਿਠ ਕੀਤਾ ਜਾਂਦਾ ਹੈ-

ਢਿਡੋਂ ਜੰਮੇ ਸਾਰ ਨਾ ਲੈਂਦੇ ਜਦੋਂ ਬੁਢਾਪਾ ਆਉਂਦਾ ਏ,

ਆਪਣੇ ਤਨ ਦਾ ਆਪੇ ਸਭ ਨੂੰ ਬੋਝਾ ਚੁੱਕਣਾ ਪੈਂਦਾ ਹੈ

ਬਜ਼ੁਰਗਾਂ ਦੀ ਸੇਵਾ ਬਣੇਂ ਤੇਰਾ ਤੀਰਥ,

ਧੂੜਾਂ ਨੂੰ ਫੱਕਣ ਦੀ ਆਦਤ ਨਾ ਰੱਖੀਂ।

ਰਾਜਵਿੰਦਰ ਕੌਰ ਜਟਾਣਾ ਇਨਸਾਨੀਅਤ ਵਿਚ ਆਈ ਗਿਰਾਵਟ ਨੂੰ ਪਾਣੀ ਵਿਚ ਜ਼ਹਿਰ ਘੋਲਣ ਵਾਲੇ ਸ਼ੇਅਰਾਂ ਰਾਹੀਂ ਦੱਸਣਾ ਚਾਹੁੰਦੀ ਹੈ ਕਿ ਇਨਸਾਨ ਨੂੰ ਆਪਣੀ ਮਾਨਸਿਕਤਾ ਨੂੰ ਪਵਿਤਰ ਰੱਖਣਾ ਜ਼ਰੂਰੀ ਹੈ। ਪਾਣੀ ਵਿੱਚ ਸਿੱਧੇ ਤੌਰ ਤੇ ਜ਼ਹਿਰ ਮਿਲਾਉਣਾ ਨਹੀਂ ਸਗੋਂ ਉਹ ਤਾਂ ਪਾਣੀ ਨੂੰ ਇਨਸਾਨੀਅਤ ਅਤੇ ਸਾਗਰ ਨੂੰ ਸਮਾਜ ਦੇ ਤੌਰ ਵਰਤਿਆ ਹੈ। ਭਾਵ ਇਨਸਾਨੀਅਤ ਵਿਚ ਜ਼ਹਿਰ ਮਿਲ ਗਿਆ ਹੈ। ਸ਼ਾਇਰਾ ਦੇ ਸ਼ੇਅਰ ਹਨ-

ਐਵੇਂ ਤਾਂ ਨੀ ਸਾਗਰ ਵਿੱਚੋਂ ਉਠਦੀਆਂ ਲਹਿਰਾਂ ਕਹਿਰ ਦੀਆਂ,

ਪਾਣੀ ਵਿੱਚ ਮਿਲਾ ਗਿਆ ਹੋਣਾ ਕੋਈ ਘੁੱਟਾਂ ਜ਼ਹਿਰ ਦੀਆਂ।

ਜ਼ਹਿਰ ਨਾ ਤੂੰ ਘੋਲ ਪਾਣੀ ਪਾਕ ਮੇਰੇ ਦੇਸ਼ ਦਾ,

ਰਹਿਬਰਾ ਵੇ ਪਾਣੀਆਂ ਨੂੰ ਪੀਣ ਜੋਗਾ ਰਹਿਣ ਦੇ।

ਸ਼ਾਇਰਾ ਇਹ ਵੀ ਕਹਿੰਦੀ ਹੈ ਕਿ ਅਮੀਰ ਗ਼ਰੀਬ ਦੇ ਪਾੜੇ ਦਾ ਇਲਜ਼ਾਮ ਕੁਦਰਤ ‘ਤੇ ਲਾਉਣਾ ਜ਼ਾਇਜ਼ ਨਹੀਂ।  ਇਨਸਾਨ ਨੂੰ ਹਿੰਮਤ ਅਤੇ ਹੌਸਲੇ ਨਾਲ ਮਿਹਨਤ ਕਰਨੀ ਚਾਹੀਦੀ ਹੈ। ਧਰਮਾ ਦੇ ਠੇਕੇਦਾਰਾਂ ਤੋਂ ਵੀ ਬਚਕੇ ਰਹਿਣਾ ਚਾਹੀਦਾ ਹੈ। ਉਹ ਸਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ। ਇਨ੍ਹਾਂ ਸ਼ੇਅਰਾਂ ਤੋਂ ਸਾਫ਼ ਹੋ ਜਾਂਦਾ ਹੈ-

ਇਹ ਪਾੜੇ ਮੁਲਕ ਨੇ ਪਾਏ ਅਮੀਰੀ ਗ਼ਰੀਬੀ ਦੇ,

ਨਾ ਕੁਦਰਤ ਭੇਦ ਕਰਦੀ ਏ ਦਿਸੇ ਹਰ ਪਾਸਿਉਂ ਚੰਗੀ।

ਜੋਸ਼, ਹਿੰਮਤ, ਹੌਸਲਾ ਜਿਸ ਕੋਲ ਹੈ,

ਸਫ਼ਲਤਾ ਦੇ ਨਿੱਘ ਅਕਸਰ ਮਾਣਦੇ।

ਜੇ ਕਰ ਲਓ ਮਿਹਨਤਾਂ ਡਟ ਕੇ ਕਮਾਈ ਫੇਰ ਹੋਣੀ ਏ,

ਕਿਸੇ ਝਾੜੀ ਲਗਾਇਆ ਆਪਣੇ ‘ਤੇ ਵਿੱਤ ਨਾ ਹੁੰਦਾ।

ਜਦੋਂ ਧਰਮਾਂ ਦੇ ਠੇਕੇਦਾਰ ਪਾਉਂਦੇ ਵੰਡੀਆਂ ਰਲ ਕੇ,

ਉਦੋਂ ਮੈਦਾਨ ਵਿੱਚ ਤਲਵਾਰ ਤੇ ਤਰਸ਼ੂਲ ਹੁੰਦੀ ਹੈ।

ਚੰਨ ਅਜੇ ਦੂਰ ਹੈ ਗ਼ਜ਼ਲ ਸੰਗ੍ਰਹਿ ਵਿਚ 84 ਗ਼ਜ਼ਲਾਂ, 96 ਪੰਨੇ, 175 ਰੁਪਏ ਕੀਮਤ ਅਤੇ ਸਪਰੈਡ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਗ਼ਜ਼ਲਾਂ ਲਿਖਣ ਦਾ ਰਾਜਵਿੰਦਰ ਕੌਰ ਦਾ ਪਹਿਲਾ ਤਜ਼ਰਬਾ ਹੈ, ਉਨ੍ਹਾਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਭਵਿਖ ਵਿਚ ਹੋਰ ਬਿਹਤਰ ਯੋਗਦਾਨ ਪਾਉਣਗੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button