D5 specialOpinion

ਸ਼ਾਂਤਮਈ ਕਿਸਾਨਾਂ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ : ਦਰਿੰਦਗੀ ਦੀ ਨਿਸ਼ਾਨੀ

(ਉਜਾਗਰ ਸਿੰਘ) : ਭਾਰਤੀ ਜਨਤਾ ਪਾਰਟੀ ਦੇ ਕਥਿਤ ਨੇਤਾਵਾਂ ਦੇ ਬੱਚਿਆਂ ਅਤੇ ਪਾਲਤੂ ਗੁੰਡਿਆਂ ਨੇ ਅਣਮਨੁੱਖੀ ਢੰਗ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾ ਨੂੰ ਆਪਣੀਆਂ ਗੱਡੀਆਂ ਹੇਠ ਦਰੜਕੇ ਪਰਜਾਤੰਤਰ ਦੇ ਮਖੌਟੇ ਵਿੱਚ ਮੁਗਲ ਰਾਜ ਦੁਹਰਾ ਦਿੱਤਾ ਹੈ।  ਖ਼ਬਰਾਂ ਅਨੁਸਾਰ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਿਲ੍ਹੇ ਵਿੱਚ ਤਿਕੋਨੀਆਂ-ਬਨਬੀਰਪੁਰ ਸੜਕ ‘ਤੇ ਅੰਦੋਲਨ ਕਰ ਰਹੇ ਕਿਸਾਨਾ ‘ਤੇ ਭਾਰਤ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਤੇ ਭਰਾ ਦੀ ਅਗਵਾਈ ਵਿੱਚ ਗੱਡੀਆਂ ਦਾ ਕਾਫ਼ਲਾ ਚੜ੍ਹਾਕੇ 4 ਕਿਸਾਨਾ ਨੂੰ ਦਰੜਿਆ ਗਿਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਆਪਣੇ ਬੇਟੇ ਦੇ ਘਟਨਾ ਵਾਲੀ ਥਾਂ ‘ਤੇ ਮੌਜੂਦ ਨਾ ਹੋਣ ਬਾਰੇ ਕਿਹਾ ਹੈ। ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਉਚ ਪੱਧਰੀ ਪੜਤਾਲ ਕਰਵਾਉਣ ਦਾ ਐਲਾਨ ਕਰਦਿਆਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪੜਤਾਲ ਤੋਂ ਬਾਅਦ ਸਭ ਕੁਝ ਸਾਹਮਣੇ ਆ ਜਾਵੇਗਾ।

ਇਹ ਘਟਨਾ ਮਨੁੱਖੀ ਹੱਕਾਂ ਦਾ ਘਾਣ ਅਤੇ ਹੈਵਾਨੀਅਤ ਦਾ ਪ੍ਰਚੰਡ ਪ੍ਰਗਟਾਵਾ ਹੈ। ਇਸ ਇਨਸਾਨੀਅਤ ਤੋਂ ਗਿਰੀ ਹੋਈ ਅਣਮਨੁੱਖੀ ਘਟਨਾ ਤੋਂ ਭਾਰਤੀ ਜਨਤਾ ਪਾਰਟੀ ਦੀ ਆਪਣੀ ਪਰਜਾ ਬਾਰੇ ਸੋਚ ਦਾ ਵੀ ਪਤਾ ਲੱਗਦਾ ਹੈ। ਸ਼ਾਂਤਮਈ ਕਿਸਾਨ ਅੰਦੋਲਨ ਦੀ ਸਫ਼ਲਤਾ ਜੱਗ ਜ਼ਾਹਰ ਹੋਣ ਕਰਕੇ ਬੁਖਲਾਹਟ ਵਿੱਚ ਆਈ ਸਰਕਾਰ ਦੀ ਘਿਰਣਾ ਵਾਲੀ ਪ੍ਰਵਿਰਤੀ ਦੀ ਇਹ ਦਰਿੰਦਗੀ ਦੀ ਉਦਾਹਰਣ ਹੈ, ਜਿਸ ਕਰਕੇ 4 ਕਿਸਾਨਾ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਦਰਜਨਾ ਵਿਅਕਤੀ ਗੰਭੀਰ ਜਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚ ਕਿਸਾਨ ਨੇਤਾ ਤੇਜਿੰਦਰ ਸਿੰਘ ਵਿਰਕ ਊਧਮ ਸਿੰਘ ਨਗਰ ਵੀ ਸ਼ਾਮਲ ਹਨ।  ਇਤਨਾ ਜ਼ੁਲਮਾਨਾ ਅਤੇ ਹਿਰਦੇਵੇਦਿਕ ਤਸ਼ੱਦਦ ਅੰਗਰੇਜ਼ਾਂ ਅਤੇ ਮੁਗਲਾਂ ਦੇ ਸਮੇਂ ਨੂੰ ਯਾਦ ਕਰਵਾਉਂਦਾ ਹੈ। ਉਦੋਂ ਭਾਰਤ ਗ਼ੁਲਾਮ ਸੀ, ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਐਮਰਜੈਂਸੀ ਵੀ ਲੱਗੀ ਪ੍ਰੰਤੂ ਅਜਿਹੀ ਘਿ੍ਰਣਾ ਭਰਪੂਰ ਘਟਨਾ ਕਦੀਂ ਵੀ ਨਹੀਂ ਹੋਈ। ਭਾਰਤ ਵਾਸੀਆਂ ਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਮੁੜਕੇ ਇਕ ਪਾਰਟੀ ਦਾ ਗ਼ੁਲਾਮ ਹੋਣ ਜਾ ਰਿਹਾ ਹੈ।

ਅਜੇ ਥੋੜ੍ਹੇ ਦਿਨ ਪਹਿਲਾਂ ਹੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ‘ਤੇ ਗਏ ਸਨ ਤਾਂ ਉਥੋਂ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਵਿੱਚ ਮਨੁਖੀ ਹੱਕਾਂ ਦੀ ਹੋ ਰਹੀ ਉਲੰਘਣਾ ਬਾਰੇ ਸੁਚੇਤ ਕੀਤਾ ਸੀ। ਲਖ਼ਮੀਪੁਰ ਖੀਰੀ ਦੀ ਘਟਨਾ ਉਨ੍ਹਾਂ ਦਾ ਹੰਦੇਸ਼ਾ ਸੱਚ ਸਾਬਤ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਕਿਸੇ ਤਰ੍ਹਾਂ ਵੀ ਕਿਸਾਨ ਅੰਦੋਲਨ ਨੂੰ ਹਿੰਸਕ ਕਹਿਕੇ ਬਦਨਾਮ ਕਰਨਾ ਚਾਹੁੰਦੀ ਹੈ। ਸਰਕਾਰ ਦੀ ਡਿਕਟੇਟਰਸ਼ਿਪ ਵਾਲੀ ਇਸ ਘਟਨਾ ਤੋਂ ਵੱਡੀ ਹੋਰ ਕੀ ਉਦਾਹਰਣ ਹੋ ਸਕਦੀ ਹੈ? ਭਾਰਤੀ ਜਨਤਾ ਪਾਰਟੀ ਦੀ ਬੁਖਲਾਹਟ ਦਾ ਮੁੱਖ ਕਾਰਨ ਫ਼ਰਵਰੀ 2022 ਵਿੱਚ 5 ਰਾਜਾਂ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾ ਹਨ। ਉਤਰ ਪ੍ਰਦੇਸ਼ ਉਨ੍ਹਾਂ ਵਿੱਚੋਂ ਇਕ ਅਜਿਹਾ ਰਾਜ ਹੈ, ਜਿਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਕੇਂਦਰ ਸਰਕਾਰ ਲਈ ਉਤਰ ਪ੍ਰਦੇਸ਼ ਦੀ ਚੋਣ ਇਜ਼ਤ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਭਾਰਤ ਦਾ ਇਹ ਸਭ ਤੋਂ ਵੱਡਾ ਰਾਜ ਹੈ, ਜਿਥੋਂ 80 ਲੋਕ ਸਭਾ ਦੇ ਮੈਂਬਰ ਚੁਣੇ ਜਾਂਦੇ ਹਨ।

5 ਰਾਜਾਂ ਦੀ ਚੋਣ ਦੇ ਨਤੀਜੇ 2024 ਵਿੱਚ ਲੋਕ ਸਭਾ ਦੀ ਚੋਣ ਲਈ ਮਹੱਤਵਪੂਰਨ ਹੋਣਗੇ। ਭਾਰਤੀ ਜਨਤਾ ਪਾਰਟੀ ਕਿਸਾਨ ਅੰਦੋਲਨ ਦੇ ਉਤਰ ਪ੍ਰਦੇਸ਼ ਵਿੱਚ ਭਖ ਜਾਣ ਕਰਕੇ ਆਪਣੀ ਹੋਂਦ ਨੂੰ ਖ਼ਤਰਾ ਮਹਿਸੂਸ ਕਰ ਰਹੀ ਹੈ। ਮੁਜ਼ੱਫਰਨਗਰ ਵਿਖੇ ਕਿਸਾਨਾ ਦੀ ਮਹਾਂ ਪੰਚਾਇਤ ਵਿੱਚ ਲੱਖਾਂ ਕਿਸਾਨਾ ਦੇ ਸ਼ਾਮਲ ਹੋਣ ਕਰਕੇ ਉਤਰ ਪ੍ਰਦੇਸ਼ ਸਰਕਾਰ ਨੂੰ ਹਾਰ ਸਾਹਮਣੇ ਕੰਧ ‘ਤੇ ਲਿਖੀ ਵਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਕਹਿ ਰਹੀ ਸੀ ਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਹੀ ਕਿਸਾਨ ਹਨ। ਮੁਜ਼ਫਰਪੁਰ ਦੀ ਮਹਾਂ ਪੰਚਾਇਤ ਵਿੱਚ ਕਿਸਾਨਾ ਦੇ ਹੋਏ ਬੇਸ਼ੁਮਾਰ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਸੀ। ਜੇਕਰ ਮੁਜ਼ੱਫ਼ਰਪੁਰ ਦਾ ਇਤਨਾ ਵੱਡਾ ਇਕੱਠ ਸ਼ਾਂਤਮਈ ਰਹਿ ਸਕਦਾ ਹੈ ਤਾਂ ਇਹ ਇਕ ਹਜ਼ਾਰ ਕਿਸਾਨਾ ਦਾ ਇਕੱਠ ਹਿੰਸਕ ਕਿਵੇਂ ਹੋ ਸਕਦਾ ਹੈ? ਇਸ ਸਮੇਂ ਕਿਸਾਨ ਅੰਦੋਲਨ ਸਮੁੱਚੇ ਭਾਰਤ ਵਿੱਚ ਫ਼ੈਲ ਚੁੱਕਾ ਹੈ, ਜਿਸ ਕਰਕੇ ਕੇਂਦਰ ਸਰਕਾਰ ਘਬਰਾਈ ਹੋਈ ਹੈ।

ਕਿਸਾਨ ਅੰਦੋਲਨ ਦੌਰਾਨ ਪੱਛਵੀਂ ਬੰਗਾਲ ਦੀਆਂ ਵਿਧਾਨ ਸਭਾ ਚੋਣਾ ਵਿੱਚ ਸਾਰਾ ਕੇਂਦਰੀ ਮੰਤਰੀ ਮੰਡਲ ਅਤੇ ਸਾਰੇ ਦੇਸ਼ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਅਤੇ ਸੰਸਦ ਮੈਂਬਰਾਂ ਵੱਲੋਂ ਧੂੰਆਂਧਾਰ ਮੁਹਿੰਮ ਚਲਾਉਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ। ਕਲ੍ਹ ਹੀ ਪੱਛਵਂੀਂ ਬੰਗਾਲ ਦੀਆਂ 3 ਵਿਧਾਨ  ਸਭਾ ਦੀਆਂ ਉਪ ਚੋਣਾਂ ਦੇ ਨਤੀਜਿਆਂ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦਾ 58835 ਵੋਟਾਂ ਦੇ ਵੱਡੇ ਫਰਕ ਨਾਲ ਜਿਤਣਾ ਅਤੇ ਤਿੰਨੋ ਸੀਟਾਂ ਵਿੱਚੋਂ ਵੀ ਭਾਰਤੀ ਜਨਤਾ ਪਾਰਟੀ ਦਾ ਬੁਰੀ ਤਰ੍ਹਾਂ ਹਾਰਨਾ ਹਜ਼ਮ ਨਹੀਂ ਹੋ ਰਿਹਾ। ਇਸ ਘਟਨਾ ਤੋਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਉਤਰ ਪ੍ਰਦੇਸ਼ ਸਰਕਾਰ ਦੀ ਮਿਲੀ ਭੁਗਤ ਨਾਲ ਸਿੰਘੂ ਬਾਰਡਰ ‘ਤੇ ਕਿਸਾਨਾ ਦੇ ਟੈਂਟਾਂ ਵਿੱਚ ਵੜਕੇ ਹਮਲੇ ਕੀਤੇ ਸਨ। ਇਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਪੁਲਿਸ ਦੀਆਂ ਵਰਦੀਆਂ ਪਾ ਕੇ  ਕਿਸਾਨਾ ‘ਤੇ ਹਮਲੇ ਕੀਤੇ।

ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬਨਬੀਰਪੁਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪਿੰਡ ਹੈ। ਇਥੇ ਹੀ ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦਿ ਮੌਰੀਆ ਨੇ ਆਉਣਾ ਸੀ। ਪਿੰਡ ਦੇ ਬਾਹਰਬਾਰ ਤਿਕੋਨੀਆਂ ਕੋਲ ਹੈਲੀਪੈਡ ਬਣਾਇਆ ਗਿਆ ਸੀ। ਕਿਸਾਨਾ ਨੇ ਹੈਲੀਪੈਡ ਘੇਰਿਆ ਹੋਇਆ ਸੀ। ਉਪ ਮੁੱਖ ਮੰਤਰੀ ਨੇ ਆਪਣਾ ਪ੍ਰੋਗਰਾਮ ਕਿਸਾਨਾ ਦੇ ਵਿਰੋਧ ਕਰਕੇ ਬਦਲ ਦਿੱਤਾ ਸੀ। ਇਸ ਕਰਕੇ ਕਿਸਾਨ ਸ਼ਾਂਤਮਈ ਢੰਗ ਨਾਲ ਵਾਪਸ ਆ ਰਹੇ ਸਨ। ਕਿਹਾ ਜਾਂਦਾ ਹੈ ਕਿ ਕੁਝ ਐਸ ਯੂ ਵੀ ਗੱਡੀਆਂ, ਜਿਨ੍ਹਾਂ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਸਪੁੱਤਰ ਅਸ਼ੀਸ਼ ਮਿਸ਼ਰਾ ਅਤੇ ਮੰਤਰੀ ਦਾ ਭਰਾ ਸਵਾਰ ਸਨ, ਉਨ੍ਹਾਂ ਨੇ ਆਪਣਾ ਕਾਫ਼ਲਾ ਵਾਪਸ ਆ ਰਹੇ ਕਿਸਾਨ ‘ਤੇ ਚੜਾ੍ਹ ਦਿੱਤਾ, ਜਿਸ ਕਰਕੇ ਕਿਸਾਨ ਸ਼ਹੀਦ ਹੋ ਗਏ। ਉਹ ਹਫੜਾ ਦਫ਼ੜੀ ਵਿੱਚ ਗੱਡੀਆਂ ਭਜਾ ਕੇ ਲੈ ਗਏ ਪ੍ਰੰਤੂ ਇਕ ਗੱਡੀ ਤੇਜ ਹੋਣ ਕਰਕੇ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਉਹ ਗੱਡੀ ਖੇਤਾਂ ਵਿੱਚ ਉਲਟ ਗਈ ਅਤੇ ਉਸਨੂੰ ਅੱਗ ਲੱਗ ਗਈ। ਜਿਸ ਕਰਕੇ 4 ਵਿਅਕਤੀ ਮਾਰੇ ਗਏ। ਦੋ ਦਿਨ ਪਹਿਲਾਂ ਗ੍ਰਹਿ ਮੰਤਰੀ ਦੇ ਬੇਟੇ ਨੇ ਬਿਆਨ ਦਿੱਤਾ ਸੀ ਕਿ ਲਖਮੀਪੁਰ ਖ਼ੀਰੀ ਜਿਲ੍ਹੇ ਵਿੱਚ ਕਿਸਾਨਾ ਨੂੰ ਸਬਕ ਸਿਖਾਇਆ ਜਾਵੇਗਾ।

ਇਸ ਤੋਂ ਸਰਕਾਰ ਦੀ ਨੀਅਤ ਅਤੇ ਸ਼ਾਜ਼ਸ਼ ਦਾ ਪਤਾ ਲੱਗਦਾ ਹੈ। ਸੋਚਣ ਵਾਲੀ ਗੱਲ ਹੈ ਕਿ ਕਿਸਾਨ ਅੰਦੋਲਨ ਕਰ ਰਹੇ ਹਨ। ਉਥੇ ਰਾਜ ਦੇ ਉਪ ਮੁੱਖ ਮੰਤਰੀ ਨੇ ਆਉਣਾ ਹੋਵੇ ਅਤੇ ਪੁਲਿਸ ਤਾਇਨਾਤ ਨਾ ਕੀਤੀ ਜਾਵੇ ਕੀ ਇਹ ਸੰਭਵ ਹੋ ਸਕਦਾ ਹੈ? ਦੂਜੇ ਜਦੋਂ ਉਪ ਮੁੱਖ ਮੰਤਰੀ ਦਾ ਹੈਲੀਪੈਡ ‘ਤੇ ਆਉਣ ਦਾ ਪ੍ਰੋਗਰਾਮ ਬਦਲ ਗਿਆ ਤਾਂ ਫਿਰ ਅਸ਼ੀਸ਼ ਮਿਸ਼ਰਾ ਅਤੇ ਉਨ੍ਹਾਂ ਦੇ ਸਾਥੀ ਉਥੇ ਕੀ ਕਰਨ ਗਏ ਸਨ? ਕੇਂਦਰੀ ਅਤੇ ਯੋਗੀ ਅਦਿਤਯ ਨਾਥ ਦੀ ਸਰਕਾਰ ਸ਼ਾਂਤਮਈ ਅੰਦੋਲਨ ਨੂੰ ਹਿੰਸਕ ਬਣਾਕੇ ਬਦਨਾਮ ਕਰਨਾ ਚਾਹੁੰਦੀ ਹੈ। ਇਸ ਘਟਨਾ ਤੋਂ ਬਾਅਦ ਉਤਰ ਪ੍ਰਦੇਸ਼ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਹੋ ਪ੍ਰਚੰਡ ਰੂਪ ਵਿੱਚ ਸਾਹਮਣੇ ਆਵੇਗਾ। ਯੋਗੀ ਸਰਕਾਰ ਨੇ ਕਿਸਾਨਾ ਨਾਲ ਨਵਾਂ ਪੰਗਾ ਲੈ ਲਿਆ ਹੈ, ਜਿਸਦਾ ਇਵਜ਼ਾਨਾ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਚੋਣਾ ਵਿੱਚ ਪੱਛਵੀਂ ਬੰਗਾਲ ਦੀ ਤਰ੍ਹਾਂ ਭੁਗਤਣਾ ਪਵੇਗਾ। ਸੰਯੁਕਤ ਕਿਸਾਨ ਮੋਰਚੇ ਨੇ 4 ਕਿਸਾਨਾ ਦੇ ਸ਼ਹੀਦ ਅਤੇ ਬਾਕੀ ਕਿਸਾਨਾ ‘ਤੇ ਇਤਨਾ ਤਸ਼ੱਦਦ ਹੋਣ ਦੇ ਬਾਵਜੂਦ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।

ਇਸ ਤੋਂ ਕਿਸਾਨਾ ਦੀ ਭਾਵਨਾ ਦਾ ਪਤਾ ਚਲਦਾ ਹੈ। ਇਸ ਦੁਰਘਟਨਾ ਵਿੱਚ ਸ਼ਹੀਦ ਹੋਏ ਕਿਸਾਨਾ ਵਿੱਚ ਨਛੱਤਰ ਸਿੰਘ 65 , ਦਲਜੀਤ ਸਿੰਘ 35, ਲਵਪ੍ਰੀਤ ਸਿੰਘ 20 ਅਤੇ ਗੁਰਿੰਦਰ ਸਿੰਘ 20 ਸਾਲ ਉਮਰ ਦੇ ਸਨ। ਕਿਸਾਨਾ ਵੱਲੋਂ ਇਹ ਵੀ ਦੋਸ਼ ਲਗਾਏ ਗਏ ਹਨ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਕੰਨਾ ਨੇ ਗੋਲੀਆਂ ਵੀ ਚਲਾਈਆਂ ਹਨ, ਜਿਸ ਕਰਕੇ ਇਕ ਕਿਸਾਨ ਦੀ ਮੌਤ ਗੋਲੀ ਲੱਗਣ ਕਰਕੇ ਹੋਈ ਹੈ। ਇਨ੍ਹਾਂ ਕਿਸਾਨਾ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਕਿਉਂਕਿ ਸਮੁੱਚੇ ਦੇਸ਼ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਹੁਣ ਤੱਕ ਜਿਹੜੇ ਕਿਸਾਨ ਮਜ਼ਦੂਰ ਚੁੱਪ ਬੈਠੇ ਸਨ, ਉਹ ਵੀ ਸਰਗਰਮ ਹੋ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਜ਼ਾ ਬਿਆਨ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ 3 ਖੇਤੀਬਾੜੀ ਕਾਨੂੰਨ ਕਿਸੇ ਕੀਮਤ ‘ਤੇ ਵੀ ਰੱਦ ਨਹੀਂ ਹੋਣਗੇ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੂੰ ਇਹ ਕਹਿਣਾ ਕਿ ਡੰਡਿਆਂ ਨਾਲ ਲੈਸ ਹੋ ਕੇ ਜੈਸੇ ਦਾ ਜਵਾਬ ਤੈਸੇ ਨਾਲ ਦਿਓ, ਭੜਕਾਉਣ ‘ਤੇ ਉਕਸਾਉਣ ਵਾਲੇ ਹਨ। ਉਨ੍ਹਾਂ ਵਿਅਕਤੀਆਂ ਵੱਲੋਂ ਇਹ ਬਿਆਨ ਦੇਣਾ ਜਿਨ੍ਹਾਂ ਦੀ ਅਮਨ ਕਾਨੂੰਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ, ਬਹੁਤ ਹੀ ਸ਼ਰਮ ਅਤੇ ਸੰਵਿਧਾਨ ਦੇ ਵਿਰੁੱਧ ਹਨ। ਇਨ੍ਹਾਂ ਦੇ ਉਕਸਾਉਣ ਕਰਕੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਸ਼ਰੇਆਮ ਕਿਸਾਨ ਦੇ ਕਤਲ ਕੀਤੇ ਹਨ। ਇੰਜ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੇ ਕਫ਼ਨ ਵਿੱਚ ਕਿਲ ਠੋਕ ਰਹੀ ਹੈ। ਪਰਜਾਤੰਤਰ ਨੂੰ ਇੰਟਰਨੈਟ ਬੰਦ ਕਰਕੇ, ਦਫ਼ਾ 144 ਲਗਾਕੇ ਅਤੇ ਸਿਆਸਤਦਾਨਾ ਦਾ ਦਾਖ਼ਲਾ ਬੰਦ ਕਰਕੇ ਕਲੰਕਤ ਕਰ ਰਹੇ ਹਨ। ਇਉਂ ਮਹਿਸੂਸ ਹੋ ਰਿਹਾ ਹੈ ਕਿ ਪਰਜਾਤੰਤਰ ਦਾ ਗਲਾ ਘੋਟਿਆ ਜਾ ਰਿਹਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button