D5 specialOpinion

ਬੰਦੇ ਖੋਜੁ ਦਿਲ ਹਰ ਰੋਜ

‘ਆਈਸਨਹੋਵਰ ਮਾਡਲ’ ਇੱਕ ਕਮਾਲ ਦਾ ਢੰਗ ਹੈ ਜਿਸ ਨਾਲ ਰੋਜ਼ ਦਾ ਕੰਮ ਲਗਾਤਾਰ ਕਰਦੇ ਰਹਿਣ ਬਾਅਦ ਵੀ ਰਤਾ ਮਾਸਾ ਤਣਾਓ ਤੱਕ ਮਹਿਸੂਸ ਨਹੀਂ ਹੁੰਦਾ। ਇਸ ਮਾਡਲ ਅਨੁਸਾਰ ਗੱਲ ਸਿਰਫ਼ ਦਿਮਾਗ਼ ਅੰਦਰ ਝਾਤ ਮਾਰਨ ਦੀ ਹੈ ਅਤੇ ਦਿਮਾਗ਼ ਅੰਦਰਲੀਆਂ ਫ਼ਾਈਲਾਂ ਨੂੰ ਸੈੱਟ ਕਰਨ ਦੀ ਹੈ ਕਿ ਕਿਹੜਾ ਕੰਮ ਪਹਿਲਾਂ ਕਰਨ ਵਾਲਾ ਹੈ ਅਤੇ ਕਿਹੜਾ ਕੰਮ ਐਵੇਂ ਫ਼ਿਜ਼ੂਲ ਦੀ ਖਿੱਝ ਦੇ ਰਿਹਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਦਿਮਾਗ਼ ਨੂੰ ਟਰੇਨਿੰਗ ਦਿੱਤੀ ਜਾ ਸਕਦੀ ਹੈ।

ਫਾਈਲਾਂ ਦੀ ਸੈਟਿੰਗ ਕਰਨ ਲਈ ਦਿਮਾਗ਼ ਨੂੰ ਕੁੱਝ ਸਵਾਲ ਪੁੱਛਣ ਦੀ ਲੋੜ ਹੁੰਦੀ ਹੈ। ਇਹ ਸਵਾਲ ਹਨ :-

1. ਕਿਹੜਾ ਕੰਮ ਮੈਂ ਸਭ ਤੋਂ ਪਹਿਲਾਂ ਕਰਨਾ ਹੈ?
2. ਕਿਹੜਾ ਕੰਮ ਮੈਂ ਕਿਸੇ ਹੋਰ ਦੇ ਜ਼ਿੰਮੇ ਲਾ ਸਕਦਾ ਹਾਂ?
3. ਕਿਹੜਾ ਕੰਮ ਅੱਗੇ ਪਾਇਆ ਜਾ ਸਕਦਾ ਹੈ?
4. ਕਿਹੜਾ ਗ਼ੈਰ ਜ਼ਰੂਰੀ ਕੰਮ ਛੱਡਿਆ ਜਾ ਸਕਦਾ ਹੈ?

ਬੱਸ ਇਨ੍ਹਾਂ ਚਾਰ ਸਵਾਲਾਂ ਉੱਤੇ ਹੀ ਆਈਸਨਹੋਵਰ ਮਾਡਲ ਦਾ ਆਧਾਰ ਟਿਕਿਆ ਹੈ ਕਿ ਸਾਰੇ ਕੰਮਾਂ ਦੀ ਲਿਸਟ ਇੱਕੋ ਸਮੇਂ ਦਿਮਾਗ਼ ਅੰਦਰ ਬੋਝ ਨਾ ਬਣ ਜਾਵੇ। ਅਮਰੀਕਾ ਦੇ ਪ੍ਰੈਜ਼ੀਡੈਂਟ ਆਈਸਨਹੋਵਰ ਨੇ ਇਹ ਢੰਗ ਸ਼ੁਰੂ ਕੀਤਾ ਸੀ ਜਦੋਂ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਉਸ ਨੇ ਫੌਜ ਜਰਨੈਲ ਵਜੋਂ ਬਹੁਤ ਸਾਰੇ ਅਹਿਮ ਫੈਸਲਿਆਂ ਦੇ ਵਿਚ ਘਿਰ ਕੇ ਨਤੀਜੇ ਤੱਕ ਪਹੁੰਚਣਾ ਹੁੰਦਾ ਸੀ।

ਉਸ ਦੇ ਇਸ ਢੰਗ ਨੇ ਮਨੋਵਿਗਿਆਨਿਕ ਇਲਾਜ ਦੇ ਤੌਰ ਤਰੀਕੇ ਹੀ ਬਦਲ ਦਿੱਤੇ। ਇਹ ਢੰਗ ਲੋਕਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਦਹਾਕਿਆਂ ਬਾਅਦ ਸਟੀਫਨ ਨੇ ਇਕ ਕਿਤਾਬ ਲਿਖੀ ਜਿਸ ਵਿਚ ਇਸ ਬਾਰੇ ਜ਼ਿਕਰ ਕੀਤਾ। ਉਦੋਂ ਤੋਂ ਹੀ ਖੋਜੀ ਡਾਕਟਰਾਂ ਨੇ ਚਾਰ ਖਾਨੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਿਸ ਵਿਚ ਕਰਨ ਵਾਲੇ ਕੰਮਾਂ ਨੂੰ ਅਹਿਮੀਅਤ ਦੇਣੀ ਹੁੰਦੀ ਹੈ।

ਮਿਸਾਲ ਵਜੋਂ :-

1. ਅਤਿ ਜ਼ਰੂਰੀ ਤੇ ਤੁਰੰਤ ਕਰਨ ਵਾਲੇ :-

* ਅੱਗ ਲੱਗੀ ਬੁਝਾਉਣੀ
* ਬਹੁਤ ਅਹਿਮ ਫ਼ੋਨ
* ਐਕਸੀਡੈਂਟ
* ਬੱਚੇ ਦੀ ਬੀਮਾਰੀ ਆਦਿ।

2. ਅਤਿ ਜ਼ਰੂਰੀ ਪਰ ਤੁਰੰਤ ਕਰਨ ਵਾਲੇ ਨਹੀਂ :-

* ਕਸਰਤ ਦਾ ਰੂਟੀਨ
* ਲੈਕਚਰ ਦੀ ਤਿਆਰੀ
* ਬੱਚੇ ਦੇ ਕੈਰੀਅਰ ਬਾਰੇ ਫੈਸਲਾ ਆਦਿ।

3. ਅਤਿ ਜ਼ਰੂਰੀ ਨਹੀਂ ਪਰ ਤੁਰੰਤ ਕਰਨ ਵਾਲੇ :-

* ਬੌਸ ਜਾਂ ਉਸਤਾਦ ਦਾ ਕੰਮ ਕਰਨਾ
* ਕਿਸੇ ਦੋਸਤ ਨੂੰ ਸੀਰੀਅਸ ਬੀਮਾਰੀ ਕਾਰਨ ਮਿਲਣ ਜਾਣਾ
* ਗਵਾਂਢੀ ਵੱਲੋਂ ਮੰਗੀ ਮਦਦ
* ਬੱਚਿਆਂ ਦੇ ਦੋਸਤਾਂ ਵੱਲੋਂ ਮੰਗੀ ਮਦਦ
* ਕਿਸੇ ਦਾ ਸੁਣੇਹਾ ਫ਼ੋਨ ਰਾਹੀਂ ਅੱਗੇ ਪਹੁੰਚਾਉਣਾ ਆਦਿ।

4. ਨਾ ਅਤਿ ਜ਼ਰੂਰੀ, ਨਾ ਤੁਰੰਤ ਕਰਨ ਵਾਲੇ :-

* ਅਲਮਾਰੀ ਸਾਫ਼ ਕਰਨੀ
* ਕਾਰ ਸਰਵਿਸ ਕਰਵਾਉਣੀ
* ਘਰ ਪੇਂਟ ਕਰਵਾਉਣਾ
* ਨਵਾਂ ਕਪੜਾ ਖਰੀਦਣਾ ਆਦਿ।

ਜਦੋਂ ਦਿਮਾਗ਼ ਅੰਦਰਲੇ ਸਾਰੇ ਕੰਮਾਂ ਦੀ ਲਿਸਟ ਇਨ੍ਹਾਂ ਖਾਰ ਖਾਨਿਆਂ ਅੰਦਰ ਭਰ ਲਈ ਜਾਵੇ ਤਾਂ ਦਿਮਾਗ਼ ਇੱਕੋ ਪਲ ਵਿਚ ਭਾਰ ਛੰਡ ਦਿੰਦਾ ਹੈ ਕਿਉਂਕਿ ਉਸ ਨੂੰ ਯਾਦ ਕਰਨ ਲਈ ਲਾਏ ਵਾਧੂ ਜ਼ੋਰ ਦੀ ਲੋੜ ਨਹੀਂ ਰਹਿੰਦੀ। ਏਨਾ ਕੁ ਤਣਾਓ ਘਟਣ ਨਾਲ ਹੀ ਹਾਰਟ ਅਟੈੱਕ ਦਾ ਖ਼ਤਰਾ 10 ਤੋਂ 15 ਫੀਸਦੀ ਘੱਟ ਹੋ ਜਾਂਦਾ ਹੈ। ਪਹਿਲੇ ਨੰਬਰ ਵਾਲੇ ਕੰਮਾਂ ਲਈ ਸੋਚਣ ਦੀ ਲੋੜ ਨਹੀਂ ਹੁੰਦੀ। ਜੇ ਮੁਲਕ ਉੱਤੇ ਹਮਲਾ ਹੋ ਗਿਆ ਹੈ ਤਾਂ ਉਸ ਦਾ ਜਵਾਬ ਦੇਣਾ ਹੀ ਸਭ ਤੋਂ ਅਹਿਮ ਮੁੱਦਾ ਹੁੰਦਾ ਹੈ।

ਬਿਲਕੁਲ ਇੰਜ ਹੀ ਕੋਠੇ ਤੋਂ ਡਿੱਗੇ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਉਣਾ ਹੀ ਪਹਿਲ ਦੇ ਆਧਾਰ ਉੱਤੇ ਕਰਨ ਵਾਲਾ ਕੰਮ ਹੁੰਦਾ ਹੈ। ਉਸ ਤੋਂ ਬਾਅਦ ਦੂਜੇ ਖਾਨੇ ਵਾਲੇ ਕੰਮਾਂ ਨੂੰ ਪਹਿਲ ਦੇ ਆਧਾਰ ਉੱਤੇ ਲਿਸਟ ਤਿਆਰ ਕਰ ਕੇ ਮੁਕਾ ਲੈਣੇ ਚਾਹੀਦੇ ਹਨ। ਤੀਜੇ ਖਾਨੇ ਵਾਲੇ ਕੰਮ ਸਹਿਜ ਢੰਗ ਨਾਲ ਕਿਸੇ ਹੋਰ ਵੱਲੋਂ ਕੀਤੇ ਜਾਣ ਲਈ ਵੀ ਛੱਡੇ ਜਾ ਸਕਦੇ ਹਨ ਜਾਂ ਕਿਸੇ ਹੋਰ ਆਪਣੇ ਨੇੜਲੇ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

ਆਖ਼ਰੀ ਖਾਨੇ ਵਾਲੇ ਕੰਮਾਂ ਨੂੰ ਦਿਮਾਗ਼ ਵਿਚ ਉੱਕਾ ਹੀ ਥਾਂ ਨਹੀਂ ਮਲਣ ਦੇਣੀ ਚਾਹੀਦੀ। ਜਦੋਂ ਕਿਤੇ ਬਜ਼ਾਰ ਗਏ ਹੋਵੇ ਜਾਂ ਕਿਸੇ ਥਾਂ ਉੱਤੇ ਨਜ਼ਰੀਂ ਪੈ ਜਾਵੇ ਜਾਂ ਉੱਕਾ ਹੀ ਵਿਹਲ ਹੋਵੇ ਤਾਂ ਉਹ ਲਿਸਟ ਛੇੜੀ ਜਾ ਸਕਦੀ ਹੈ। ਜੇ ਨਾ ਵੀ ਹੋ ਸਕਣ ਤਾਂ ਇਹ ਕੰਮ ਏਨੇ ਅਹਿਮ ਨਹੀਂ ਕਿ ਤਣਾਓ ਦੀ ਲਿਸਟ ਵਧਾ ਕੇ ਉਮਰ ਛੋਟੀ ਕੀਤੀ ਜਾਵੇ। ਚੌਥੇ ਖਾਨੇ ਵਿਚ ਟੈਲੀਵਿਜ਼ਨ ਦਾ ਕੋਈ ਪ੍ਰੋਗਰਾਮ, ਫ਼ੋਨ ਵਿਚਲੇ ਸੁਣੇਹੇ, ਫੇਸ ਬੁੱਕ ਵੇਖਣਾ ਆਦਿ ਵੀ ਸ਼ਾਮਲ ਕੀਤੇ ਗਏ ਹਨ ਜੋ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਚੱਬ ਰਹੇ ਹਨ ਅਤੇ ਤਣਾਓ ਦਾ ਕਾਰਨ ਨੰਬਰ ਵਨ ਵੀ ਬਣ ਰਹੇ ਹਨ।

ਨਾ ਸਿਰਫ਼ ਡਾਕਟਰੀ ਪੇਸ਼ੇ ਵਿਚ, ਬਲਕਿ ਹੁਣ ਤਾਂ ਹਰ ਪੇਸ਼ੇ ਵਿਚ ਹੀ, ਭਾਵੇਂ ਇੰਜੀਨੀਅਰ ਹੋਵੇ, ਵਪਾਰੀ ਹੋਵੇ ਜਾਂ ਵੱਡੀ ਕੰਪਨੀ ਦਾ ਮਾਲਕ, ਹਰ ਕਿਸੇ ਨੂੰ ਇਹੋ ਢੰਗ ਅਪਣਾਉਣ ਦੀ ਸਲਾਹ ਦਿੱਤੀ ਜਾਣ ਲੱਗ ਪਈ ਹੈ ਤਾਂ ਜੋ ਜਵਾਨ ਮੌਤਾਂ ਹੋਣ ਤੋਂ ਰੋਕੀਆਂ ਜਾ ਸਕਣ। ਆਈਸਨਹੋਵਰ ਜਦੋਂ ਪਹਿਲੀ ਵਾਰ ਰਾਸ਼ਟਰਪਤੀ ਬਣਿਆ ਸੀ ਤਾਂ ਉਸਨੇ ਇਹ ਭਾਸ਼ਣ ਦਿੱਤਾ ਸੀ, ‘‘ਮੈਂ ਆਪਣੀ ਜ਼ਿੰਦਗੀ ਵਿਚ ਸਿਰਫ਼ ਦੋ ਕਿਸਮਾਂ ਦੀਆਂ ਪ੍ਰੋਬਲਮ ਹੀ ਵੇਖੀਆਂ ਹਨ।

ਇੱਕ ਕਿਸਮ ਦੀਆਂ ਅਹਿਮ ਤੇ ਦੂਜੀਆਂ ਤੁਰੰਤ ਨਜਿੱਠਣ ਵਾਲੀਆਂ ਹੁੰਦੀਆਂ ਹਨ। ਸਭ ਤੋਂ ਮਜ਼ੇਦਾਰ ਗੱਲ ਮੇਰੇ ਵੇਖਣ ਵਿਚ ਇਹ ਆਈ ਹੈ ਕਿ ਤੁਰੰਤ ਨਜਿੱਠਣ ਵਾਲੀਆਂ ਜ਼ਿਆਦਾਤਰ ਅਹਿਮ ਨਹੀਂ ਹੁੰਦੀਆਂ ਤੇ ਅਹਿਮ ਜ਼ਿਆਦਾਤਰ ਤੁਰੰਤ ਨਜਿੱਠਣ ਵਾਲੀਆਂ ਨਹੀਂ ਹੁੰਦੀਆਂ। ਇਸ ਸਭ ਦੇ ਬਾਵਜੂਦ ਕਈ ਵਾਰ ਹਫ਼ਤਿਆਂ ਜਾਂ ਮਹੀਨਿਆਂ ਬਾਅਦ ਕਰਨ ਵਾਲੇ ਕੰਮਾਂ ਨੂੰ ਵੀ ਦਿਮਾਗ਼ ਅੰਦਰ ਥਾਂ ਦੇ ਕੇ ਅਸੀਂ ਫਿਜ਼ੂਲ ਕੰਮਾਂ ਨੂੰ ਅਹਿਮੀਅਤ ਦੇ ਦਿੰਦੇ ਹਾਂ।

ਇੰਜ ਕਦੇ ਨਾ ਖ਼ਤਮ ਹੋਣ ਵਾਲੀ ਲਿਸਟ ਤਿਆਰ ਹੋ ਜਾਂਦੀ ਹੈ ਜੋ ਮੌਜੂਦਾ ਕੰਮ ਕਰਨ ਲਈ ਯੋਗ ਸੁਝਾਓ ਘੜਨ ਵਿਚ ਅੜਚਨ ਪਾਉਂਦੀ ਹੈ ਅਤੇ ਸਾਨੂੰ ਹੋਰ, ਹੋਰ ਅਤੇ ਹੋਰ ਤਣਾਓ ਦੀਆਂ ਤੰਦਾਂ ਵਿਚ ਉਲਝਾਉਂਦੀ ਚਲੀ ਜਾਂਦੀ ਹੈ।’’ ਭਗਤ ਕਬੀਰ ਜੀ ਨੇ ਵੀ ਅਜਿਹੀਆਂ ਤੰਦਾਂ ਨੂੰ ਸੁਲਝਾਉਣ ਲਈ ਬਹੁਤ ਕਮਾਲ ਦੇ ਢੰਗ ਨਾਲ ਸਮਝਾਇਆ ਹੈ-

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ।

ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ। (ਅੰਗ 727)

ਹੇ ਭਾਈ! ਆਪਣੇ ਹੀ ਦਿਲ ਨੂੰ ਹਰ ਵੇਲੇ ਖੋਜ। ਬਹਿਸ ਕਰਨ ਦੀ ਘਬਰਾਹਟ ਵਿਚ ਨਾ ਭਟਕ। ਇਹ ਜਗਤ ਤਾਂ ਇਕ ਜਾਦੂ-ਤਮਾਸ਼ਾ ਜਿਹਾ ਹੀ ਹੈ। ਇਸ ਵਿਚਲੇ ਵਿਅਰਥ ਵਾਦ-ਵਿਵਾਦ ਰਾਹੀਂ ਹੱਥ ਪੱਲੇ ਕੁੱਝ ਨਹੀਂ ਪੈਂਦਾ। ਕਬੀਰ ਜੀ ਨੇ ਤਾਂ ਏਥੋਂ ਤੱਕ ਸਪਸ਼ਟ ਕਰ ਦਿੱਤਾ ਹੈ ਬੇਸਮਝ ਲੋਕ ਧਰਮ-ਪੁਸਤਕਾਂ ਨੂੰ ਪੜ੍ਹ ਕੇ ਫਿਜ਼ੂਲ ਬਹਿਸ ਕਰਦੇ ਹਨ ਕਿਉਂਕਿ ਉਹ ਭੁੱਲ ਜਾਂਦੇ ਹਨ ਕਿ ਰਬ ਸੱਤਵੇਂ ਅਸਮਾਨ ਵਿਚ ਜਾਂ ਧਾਰਮਿਕ ਥਾਵਾਂ ਅੰਦਰ ਕੈਦ ਨਹੀਂ ਬਲਕਿ ਖ਼ਲਕਤ ਵਿਚ ਵੱਸਦਾ ਹੈ।

ਇਸੇ ਲਈ ਦੁਨੀਆ ਜਾਂ ਲੋਕਾਂ ਵੱਲੋਂ ਉੁਜਾਗਰ ਕੀਤੇ ਵਹਿਮਾਂ, ਸਹਿਮਾਂ ਜਾਂ ਤਰਕ ਵਿਚ ਨਾ ਫਸ ਕੇ, ਆਪਣੇ ਮਨ ਉੱਤੇ ਹੀ ਕ੍ਰੇਂਦਿਤ ਹੋ ਕੇ ਸੌਖਿਆਂ ਮਨ ਸ਼ਾਂਤ ਕੀਤਾ ਜਾ ਸਕਦਾ ਹੈ। ਸਾਰ :- ਜ਼ਿੰਦਗੀ ਸੀਮਤ ਹੈ। ਇਸ ਨੂੰ ਜੇ ਅਸੀਂ ਲੰਮੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਛੋਟੀ ਕਰਨ ਤੋਂ ਤਾਂ ਬਚਾਓ ਕਰ ਹੀ ਸਕਦੇ ਹਾਂ। ਸੋ ਅੱਗੇ ਤੋਂ ਇਹ ਨਾ ਸਮਝੀਏ ਕਿ ਧਰਤੀ ਦਾ ਸਾਰਾ ਭਾਰ ਸਾਡੇ ਹੀ ਮੋਢਿਆਂ ਉੱਤੇ ਧਰਿਆ ਪਿਆ ਹੈ।

ਕੁੱਝ ਅਹਿਮ ਅਤੇ ਤੁਰੰਤ ਕਰਨ ਵਾਲੇ ਕੰਮ ਨਿਪਟਾ ਕੇ ਜ਼ਿੰਦਗੀ ਵਿਚਲੇ ਵੱਖੋ-ਵੱਖ ਰਸ ਚੱਖਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਪਰ ਉਸ ਲਈ ਦਿਮਾਗ਼ ਵਿੱਚੋਂ ਵਾਧੂ ਕੰਮ ਜ਼ਰੂਰ ਛੰਡ ਦੇਣੇ ਚਾਹੀਦੇ ਹਨ।

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button