EDITORIAL

ਬੇਅਦਬੀ ਦੇ ਮੁੱਦੇ ‘ਤੇ ਸੰਧਵਾਂ ਕਾਰਨ ਸਰਕਾਰ ਘਿਰੀ, ਵਿਜੇ ਪ੍ਰਤਾਪ ਤੋਂ ਕਿਉਂ ਡਰਦੀ ਹੈ ਸਰਕਾਰ?

ਕੇਜਰੀਵਾਲ਼ ਤੇ ਮਾਨ ਪਏ ਝੂਠੇ

ਅਮਰਜੀਤ ਸਿੰਘ ਵੜੈਚ (94178-01988) 

ਕੀ ਪੰਜਾਬ ਦੀ ਮਾਨ ਸਰਕਾਰ ਸੱਤ ਸਾਲ ਪੁਰਾਣੇ  ਬੇਅਦਬੀ ਵਾਲ਼ੇ ਅਤਿ ਸੰਵੇਦਨਸ਼ੀਲ ਮੁੱਦੇ ‘ਤੇ ਕੋਈ ਨਤੀਜਾ ਕੱਡ ਸਕੇਗੀ ਜਾਂ ਫਿਰ ਪਹਿਲੀਆਂ ਸਰਕਾਰਾਂ ਵਾਂਗੂੰ ਹੀ ਵਕਤ-ਕਟੀ ਕੀਤੀ ਜਾਵੇਗੀ ? ਭਗਵੰਤ ਮਾਨ, ਮੁੱਖ ਮੰਤਰੀ , ਜੋ ਅੱਜ ਕੱਲ੍ਹ ਗੁਜਰਾਤ ਚੋਣਾਂ ਦੇ ਪ੍ਰਚਾਰ ‘ਤੇ ਨਿਕਲ਼ੇ ਹੋਏ ਹਨ ਇਸ ਮਸਲੇ ਤੋਂ ਦੂਰ ਰਹਿਕੇ ਕਿਨਾ ਚਿਰ ਬਚਣਗੇ ? ਬਹਿਬਲ ਕਲਾਂ ‘ਚ ਲੱਗੇ ਮੋਰਚੇ ਨੇ ਐਲਾਨ ਕਰ ਦਿਤਾ ਹੈ ਕਿ ਉਹ ਹੁਣ ਕਿਸੇ ਤਕੜੇ ਪ੍ਰੋਗਰਾਮ ਦਾ ਐਲਾਨ ਕਰਨਗੇ । ਇਸ ਬਾਰੇ ਇਹ ਵੀ ਖ਼ਬਰਾਂ ਨਿਕਲ਼ ਕੇ ਆ ਰਹੀਆਂ ਹਨ ਕਿ ਇਹ ਪ੍ਰੋਗਰਾਮ ਹਿੰਸਕ ਵੀ ਹੋ ਸਕਦਾ ਹੈ । ਜੇ ਇਹ ਸੱਚ ਹੋ ਗਿਆ ਤਾਂ ਇਹ ਸਮੁੱਚੇ ਪੰਜਾਬ ਵਾਸਤੇ ਸ਼ੁੱਭ  ਨਹੀਂ ਹੋਵੇਗਾ ।

ਇਸੇ ਸਾਲ ਚੌਦਾਂ ਅਕਤੂਬਰ ਨੂੰ ਇਸ ਮੋਰਚੇ ਨੇ ਇਸ ਘਟਨਾ ਦੀ ਸੱਤਵੀਂ ਬਰਸੀ ‘ਤੇ ਇਕੱਠ ਕੀਤਾ ਸੀ । ਇਹ ਮੋਰਚਾ ਪਿਛਲੇ ਵਰ੍ਹੇ 15 ਦਿਸੰਬਰ ਨੂੰ ਸ਼ੁਰੂ ਹੋਇਆ ਸੀ । ਇਸ ਤੋਂ ਪਹਿਲਾਂ ਵੀ ਇਕ  ਬਰਗਾੜੀ ਮੋਰਚਾ ਲੱਗਿਆ ਸੀ ਜੋ ਕੈਪਟਨ ਦੀ ਸਰਕਾਰ ਨੇ  ਜਲਦ ਕਾਰਵਾਈ ਕਰਨ ਦਾ ਭਰੋਸਾ ਦੇ ਕੇ 2017 ‘ਚ ਹੀ ਖਤਮ ਕਰਵਾ ਦਿਤਾ ਸੀ । ਇਸ ਮਗਰੋਂ ਚੰਨੀ ਦੀ ਸਰਕਾਰ ਨੇ ਵੀ ਡੰਗ ਟਪਾਈ ਹੀ ਕੀਤੀ ਸੀ ।

‘ਆਪ’ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਪਿਛਲੇ ਵਰ੍ਹੇ ਦਿਸੰਬਰ ‘ਚ ਸਾਬਕਾ ਆਈਜੀ, ਪੰਜਾਬ ਪੁਲਿਸ, ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹਵਾਲੇ ਨਾਲ਼ ਇਕ ਰੈਲੀ ‘ਚ ਕਿਹਾ ਸੀ ਕਿ ਬੇਅਦਬੀ ਦੇ ਦੋਸ਼ੀ ਤਾਂ 24 ਘੰਟਿਆਂ ‘ਚ ਫੜੇ ਜਾ ਸਕਦੇ ਹਨ । ਪਿਛਲੇ  ਵਰ੍ਹੇ  18 ਦਿਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਵਿਖੇ ਹੋਈ ਬੇਹੁਰਮਤੀ ਦਾ ਜ਼ਿਕਰ  ਕਰਦਿਆਂ ਭਗਵੰਤ ਮਾਨ ਨੇ  ਕਿਹਾ ਸੀ ਕਿ ਜੇਕਰ ਬਰਗਾੜੀ ਵਾਲ਼ੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਮੇਂ ਸਿਰ ਸਜ਼ਾ ਦਿਤੀ ਹੁੰਦੀ ਤਾਂ ਸ੍ਰੀ ਦਰਬਾਰ ਸਾਹਿਬ ਵਾਲ਼ੀ ਘਟਨਾ ਨਹੀਂ ਵਾਪਰਨੀ ਸੀ ।

ਜਦੋਂ ਕੁਲਤਾਰ ਸਿੰਘ ਸੰਧਵਾਂ , ਸਪੀਕਰ , ਪੰਜਾਬ ਵਿਧਾਨ ਸਭਾ, 14 ਅਕਤੂਬਰ ਨੂੰ ਬਹਿਬਲ ਕਲਾਂ ‘ਚ ਗਏ ਸਨ ਤਾਂ ਸੰਗਤ ਨੇ  ਸੰਧਵਾਂ ਦੇ ਕਹਿਣ ‘ਤੇ ਹੋਰ ਸਮਾਂ ਦੇਣ ਦੀ ਮੰਗ ਮੰਨਕੇ ਸਰਕਾਰ ਨੂੰ 30 ਨਵੰਬਰ ਤੱਕ 45 ਦਿਨਾਂ ਦੀ ਮੋਹਲਤ ਦੇ ਦਿਤੀ ਸੀ । ਇਸ ਉਪਰੰਤ ਸੰਧਵਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ” ਹੁਣ ਦਿਨਾਂ ਦੀ ਹੀ ਖੇਲ ਹੈ , ਮਹੀਨੇ ਢੇਡ ਮਹੀਨੇ ਬਾਦ ,ਗੁਰੂ ਕਰੇ ਮਿਹਰ ਆਪਾਂ ਸ਼ੁਕਰਾਨੇ ਦਾ ਸਮਾਗਮ ਕਰਾਵਾਂਗੇ  ( ਜੈ ਕਾਰੇ ਛੱਡੇ ਗਏ ) ਤੇ ਜੇ ਨਹੀਂ ਹੁੰਦਾ ਤਾਂ ਫਿਰ ਇਹ ਕੀ ਲੈਣਾ ਸਰਕਾਰਾਂ ਤੋਂ ,ਸਾਡੀ ਸਰਕਾਰ ਸਾਡਾ ਗੁਰੂ ਐ , ਸੱਭ ਕੁਝ ਸਾਡਾ ਗੁਰੂ ਐ ” । ਇਸੇ ਸਮਾਗਮ ‘ਚ ਸਾਬਕਾ ਆਈਜੀ , ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੜੀਆਂ ਖਰੀਆਂ-ਖਰੀਆਂ ਸੁਣਾਈਆਂ ਸਨ ਤੇ ਨਾਮ ਲੈ-ਲੈ ਕੇ ਕਾਂਗਰਸ ਤੇ ਅਕਾਲੀ ਦਲ ਦੇ ‘ਵੱਡੇ’ ਲੀਡਰਾਂ ਤੇ ਇਲਜ਼ਾਮ ਲਾਏ ਸਨ

ਕੁੰਵਰ ਵਿਜੇ ਪ੍ਰਤਾਪ ਪਿਛਲੇ ਵਰ੍ਹੇ ਦੇ ਆਰੰਭ ‘ਚ ਆਈਪੀਐੱਸ ਤੋਂ ਅਸਤੀਫ਼ਾ ਦੇ ਗਏ ਸੀ ਜਦੋਂ ਉਹ ਪੰਜਾਬ ਦੇ ਆਈਜੀ ਸਨ । ਕੁੰਵਰ ਵਿਜੇ ਉਸ ਜਾਂਚ ਟੀਮ ਦੇ ਮੈਂਬਰ ਸਨ ਜੋ ਬੇਅਦਬੀ ਤੇ ਫਿਰ ਭੀੜ ‘ਤੇ ਗੋਲ਼ੀ ਚਲਾਉਣ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਸਨ । ਅਸਤੀਫ਼ਾ ਦੇਣ ਮਗਰੋਂ ਕੁੰਵਰ ਵਿਜੇ ‘ਆਪ’ ‘ਚ ਸ਼ਾਮਿਲ ਹੋ ਗਏ ਸੀ ।

ਇਸੇ ਬਿਆਨ ਨੂੰ ਲੈਕੇ ਹੁਣ ਵਿਰੋਧੀ ਧਿਰਾਂ ਸੰਧਵਾਂ ਤੋਂ ਅਸਤੀਫ਼ਾ ਮੰਗ ਰਹੀਆਂ ਹਨ । ਵਿਰੋਧੀ ਧਿਰ ਅਤੇ ਕਾਂਗਰਸ ਪਾਰਟੀ ਦੇ ਪੰਜਾਬ ਵਿਧਾਨ ਸਭਾ ‘ਚ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿਤਾ ਹੈ ਕਿ ਕੀ ਹੁਣ ਸੰਧਵਾਂ ਸਰਕਾਰ ਤੋਂ ਅਸਤੀਫ਼ਾ ਦੇਣਗੇ ? ਬਾਜਵਾ ਨੇ ਕਹਿ ਦਿਤਾ ਕਿ ਜੇ ਸਪੀਕਰ ਅਸਤੀਫ਼ਾ ਦੇ ਕੇ ਇਨਸਾਫ਼ ਮੋਰਚੇ  ਵਾਲ਼ਿਆਂ ਦੇ ਨਾਲ਼ ਬੈਠਣ ਨੂੰ ਤਿਆਰ ਹਨ ਤਾਂ ਫਿਰ ਉਹ (ਬਾਜਵਾ) ਵੀ ਸੰਧਵਾਂ ਨਾਲ਼ ਬੈਠਣਗੇ ।

ਬੇਅਦਬੀ ਦਾ ਮੁੱਦਾ ਬੜਾ ਗੰਭੀਰ ਮਸਲਾ ਹੈ । ਇਸ ‘ਤੇ ਕੀਤੀ ਦੇਰੀ ਤੇ ਟਾਲ਼ਮ-ਟੋਲ਼ ਮਾਨ ਸਰਕਾਰ ਲਈ ਕੋਈ ਵੱਡੀ ਸਿਰਦਰਦੀ ਬਣ ਸਕਦੀ ਹੈ । ਇਸ ਦਿਸ਼ਾ ‘ਚ ਗੰਭੀਰਤਾ ਤੇ ਦ੍ਰਿੜਤਾ ਨਾਲ਼ ਕੰਮ ਕਰਨ ਦੀ ਲੋੜ ਹੈ ਤਾਂ ਕਿ ਲੋਕਾਂ ਵਿੱਚ ਵਿਸ਼ਾਵਾਸ  ਬਹਾਲ ਕੀਤਾ ਜਾ ਸਕੇ । ਜਿਸ ਹਿਸਾਬ ਨਾਲ਼ ਪੰਜਾਬ ਕਈ ਸਮੱਸਿਆਵਾਂ ‘ਚੋਂ ਲੰਘ ਰਿਹਾ ਹੈ ਉਸ ਤੋਂ ਸਪੱਸ਼ਟ ਹੈ ਕਿ ਬੇਅਦਬੀ ਵਾਲ਼ਾ ਮੁੱਦਾ ਪੰਜਾਬ ਲਈ ਇਕ ਵੱਡਾ ਇਮਤਿਹਾਨ ਬਣ ਸਕਦਾ ਹੈ ।

ਕੀ ਸਰਕਾਰ ਕੋਈ ਜਲਦ ਕਾਰਵਾਈ ਕਰੇਗੀ ਜਾਂ ਪਿਛਲੀਆਂ ਸਰਕਾਰਾਂ ਵਾਂਗ ਹਰ ਵਾਰ ਬਹਾਨੇ ਘੜਨ ਲਈ ਕਮੇਟੀਆਂ  ਬਣਾਉਂਦੀ  ਰਹੇਗੀ ? ਮਾਨ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ 2024 ਤੋਂ ਪਹਿਲਾਂ ਪਹਿਲਾਂ ਬੇਅਦਬੀ ਦੇ ਮੁੱਦੇ ‘ਤੇ ਕੋਈ ਬਣਦੀ ਕਾਰਵਾਈ  ਨਾ ਹੋਈ ਤਾਂ ਸੰਗਰੂਰ ਦੀ  ਲੋਕ ਸਭਾ  ਦੀ ਜ਼ਿਮਨੀ  ਚੋਣ ਤੋਂ ਵੀ ਵੱਡੀ ਸ਼ਰਮਿੰਦਗੀ ਝੱਲਣੀ ਪੈ ਸਕਦੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button