Opinion

ਬੀ.ਜੇ.ਪੀ.ਪੰਜਾਬ ਦੇ ਪਿੰਡਾਂ ਵਿੱਚ ਖੰਭ ਖਿਲਾਰਨ ਲੱਗੀ

ਉਜਾਗਰ ਸਿੰਘ

ਮਈ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਿੰਡਾਂ ਵਿੱਚ ਭਾਜਪਾਈਆਂ ਦਾ ਘੇਰਾ ਵਧਾਉਣ ਵਿੱਚ ਜੁਟ ਗਈ ਹੈ। ਬੀ.ਜੇ.ਪੀ.ਦੀ ਪੰਜਾਬ ਇਕਾਈ ਦੇ ਅਹੁਦੇਦਾਰਾਂ ਦੀ ਨਵੀਂ ਸੂਚੀ ਤੋਂ ਇਉਂ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਿੰਡਾਂ ਵਿੱਚ ਖੰਭ ਖਿਲਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਹਿਰਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਪਹਿਲਾਂ ਹੀ ਬਣਿਆਂ ਹੋਇਆ ਹੈ। ਸ਼ਹਿਰਾਂ ਵਿੱਚ ਮੋਦੀ ਲਹਿਰ ਦਾ ਅਸਰ ਮਹਿਸੂਸ ਕੀਤਾ ਜਾ ਸਕਦਾ ਹੈ। ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰਣਨੀਤੀਕਾਰਾਂ ਨੇ ਪੰਜਾਬ ਇਕਾਈ ਦੇ ਅਹੁਦੇਦਾਰਾਂ ਦੀ ਸੂਚੀ ਬਣਾਉਂਦਿਆਂ ਇਕ ਤੀਰ ਨਾਲ ਕਈ ਲੁਕਵੇਂ ਨਿਸ਼ਾਨੇ ਮਾਰੇ ਹਨ, ਜਿਨ੍ਹਾਂ ਦੇ ਪ੍ਰਭਾਵ ਪੰਜਾਬ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਲਈ ਕਾਰਗਰ ਸਾਬਤ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਨਵੰਬਰ 2020 ਵਿੱਚ ਦਿੱਲੀ ਦੀ ਸਰਹੱਦ ‘ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਕ ਸਾਲ ਚਲਾਏ ਪੰਜਾਬ ਦੇ ਕਿਸਾਨਾ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਦੇ ਪ੍ਰਭਾਵਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਇਸ ਸੂਚੀ ਵਿੱਚੋਂ ਸ਼ਪਸ਼ਟ ਵਿਖਾਈ ਦਿੰਦੀ ਹੈ।

ਜੱਟ ਸਿੱਖਾਂ ਨੂੰ ਮਹੱਤਤਾ ਦੇਣਾ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਦਾ ਨਤੀਜਾ ਹੈ। ਭਾਵੇਂ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਅੰਦੋਲਨ ਵਿੱਚ ਮਾਤ ਖਾਣ ਤੋਂ ਬਾਅਦ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਅਹੁਦੇਦਾਰਾਂ ਅਤੇ ਹੋਰ ਸਿੱਖ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਪਿੰਡਾਂ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਵੋਟਾਂ ਵਿੱਚ ਸੰਨ੍ਹ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਇਸੇ ਲੜੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੋਂ ਇਲਾਵਾ 12 ਉਪ ਪ੍ਰਧਾਨਾਂ ਵਿੱਚ 6 ਬਲਬੀਰ ਸਿੰਘ ਸਿੱਧੂ, ਫਤਿਹਜੰਗ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕਾਂਗੜ, ਜਗਦੀਪ ਸਿੰਘ ਨਕਈ, ਜੈਸਮਾਈਨ ਸੰਧਾਵਾਲੀਆ, ਬਿਕਰਮਜੀਤ ਸਿੰਘ ਚੀਮਾ, ਇਕ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਦਮਨ ਥਿੰਦ ਬਾਜਵਾ, ਕੰਵਰਵੀਰ ਸਿੰਘ ਟੌਹੜਾ, ਕੋਰ ਕਮੇਟੀ ਵਿੱਚੋਂ ਦੇ 21 ਮੈਂਬਰਾਂ ਵਿੱਚੋਂ 7 ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿਲੋਂ,  ਐਸ.ਐਸ.ਵਿਰਕ, ਪੀ.ਐਸ.ਗਿੱਲ,  ਹਰਜੀਤ ਸਿੰਘ ਗਰੇਵਾਲ,  ਅਮਰਜੋਤ ਕੌਰ ਰਾਮੂਵਾਲੀਆ,  ਪਾਰਟੀ ਦੇ 5 ਵਿੰਗ ਮੁੱਖੀਆਂ ਵਿੱਚ 2 ਬੀਬਾ ਜੈਇੰਦਰ ਕੌਰ, ਦਰਸ਼ਨ ਸਿੰਘ ਨੈਨਾਵਾਲ ਕੁਲ 21 ਜੱਟ ਸਿੱਖ ਕਿਸਾਨ ਪਰਿਵਾਰਾਂ ਨਾਲ ਸੰਬੰਧਤ ਸ਼ਾਮਲ ਕੀਤੇ ਹਨ।

ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਅਸਰਦਾਰ ਬਣਾਉਣ ਲਈ ਰਣਨੀਤੀਕਾਰਾਂ ਵੱਲੋਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਹੁਣ ਤੱਕ 3 ਲੋਕ ਸਭਾ ਦੀਆਂ ਸੀਟਾਂ ਤੋਂ ਵੱਧ ਕਦੀਂ ਵੀ ਜਿੱਤ ਨਹੀਂ ਸਕੀ। ਪੰਜਾਬ ਤੇ ਚੰਡੀਗੜ੍ਹ ਦੀਆਂ 13 ਲੋਕ ਸਭਾ ਸੀਟਾਂ ਹਨ। ਇਹ ਅਹੁਦੇਦਾਰੀਆਂ ਵੀ ਇਸੇ ਕੜੀ ਦਾ ਹਿੱਸਾ ਹਨ। ਭਾਵੇਂ ਕਾਂਗਰਸ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਆਏ ਨਵੇਂ ਭਾਜਪਾਈਆਂ ਨੂੰ ਵਧੇਰੇ ਪ੍ਰਤੀਨਿਧਤਾ ਦਿੱਤੀ ਗਈ ਹੈ ਪ੍ਰੰਤੂ ਅਕਾਲੀ ਦਲ ਵਿੱਚੋਂ ਆਏ ਜਗਦੀਪ ਸਿੰਘ ਨਕਈ ਨੂੰ ਉਪ ਪ੍ਰਧਾਨ, ਪਰਮਿੰਦਰ ਸਿੰਘ ਬਰਾੜ ਜੋ ਸੁਖਬੀਰ ਸਿੰਘ ਬਾਦਲ ਦਾ ਆਫੀਸਰ ਆਨ ਸ਼ਪੈਸ਼ਲ ਡਿਊਟੀ ਸੀ, ਨੂੰ ਜਨਰਲ ਸਕੱਤਰ, ਸਕੱਤਰਾਂ ਵਿੱਚ ਕੰਵਰਵੀਰ ਸਿੰਘ ਟੌਹੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ, ਅਮਰਪਾਲ ਸਿੰਘ ਬੋਨੀ ਸਾਬਕਾ ਵਿਧਾਨਕਾਰ ਨੂੰ ਓ.ਬੀ.ਸੀ.ਵਿੰਗ ਦਾ ਮੁਖੀ, ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਮੈਂਬਰ ਕੋਰ ਕਮੇਟੀ ਸ਼ਾਮਲ ਹਨ। ਇਸ ਸੂਚੀ ਤੋਂ ਸਾਫ਼ ਵਿਖਾਈ ਦਿੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਨਾਲ ਸਮਝੌਤਾ ਕਰਨ ਦੇ ਮੂਡ ਵਿੱਚ ਨਹੀਂ ਹੈ ਕਿਉਂਕਿ ਉਹ ਤਾਂ ਅਕਾਲੀ ਦਲ ਨੂੰ ਖੋਰਾ ਲਾਉਣ ਦੀਆਂ ਸਕੀਮਾ ਬਣਾ ਰਹੇ ਹਨ। ਹੁਣ ਬੀ.ਜੇ.ਪੀ.ਦੇ ਅਕਾਲੀ ਦਲ ਬਾਦਲ ਨਾਲ ਸਮਝੌਤੇ ਦੀਆਂ ਅਟਕਲਾਂ ਖ਼ਤਮ ਹੋ ਗਈਆਂ ਹਨ। ਸੁੰਦਰ ਸ਼ਾਮ ਅਰੋੜਾ ਨੂੰ ਭਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਹੋਣ ਕਰਕੇ ਕੋਈ ਅਹੁਦਾ ਨਹੀਂ ਦਿੱਤਾ ਗਿਆ।

ਬਾਕੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਸਾਰੇ ਸਾਬਕਾ ਮੰਤਰੀਆਂ ਨੂੰ ਅਹੁਦੇਦਾਰੀਆਂ ਨਾਲ ਨਿਵਾਜਿਆ ਗਿਆ ਹੈ। ਦਿੱਲੀ ਦੀ ਸਰਹੱਦ ‘ਤੇ ਕਿਸਾਨ ਮਜ਼ਦੂਰਾਂ ਦੇ ਅੰਦੋਲਨ ਦੇ ਪ੍ਰਤੱਖ ਪ੍ਰਭਾਵ ਦਾ ਪ੍ਰਗਟਾਵਾ ਪੰਜਾਬ ਦੇ ਪਿੰਡਾਂ ਵਿੱਚ ਸਾਫ ਵੇਖਣ ਨੂੰ ਮਿਲਦਾ ਸੀ। ਇਕ ਕਿਸਮ ਨਾਲ ਪੰਜਾਬ ਦੇ ਕਿਸਾਨਾ ਤੇ ਮਜ਼ਦੂਰਾਂ ਦਾ ਭਾਰਤੀ ਜਨਤਾ ਪਾਰਟੀ ਨਾਲੋਂ ਮੋਹ ਭੰਗ ਹੋ ਗਿਆ ਸੀ। ਸੁਨੀਲ ਕੁਮਾਰ ਜਾਖੜ ਨੂੰ ਅਬੋਹਰ ਤੋਂ ਹਰਾਉਣ ਵਾਲੇ ਵਿਧਾਇਕ ਅਰੁਨ ਨਾਰੰਗ ਨੂੰ ਉਦੋਂ ਕਿਸਾਨਾ ਨੇ ਕੁੱਟਿਆ ਅਤੇ ਕਪੜੇ ਪਾੜ ਕੇ ਨੰਗਾ ਕਰ ਦਿੱਤਾ ਸੀ। ਉਹੀ ਸੁਨੀਲ ਕੁਮਾਰ ਜਾਖੜ ਕਾਂਗਰਸ ਵਿੱਚੋਂ ਆ ਕੇ ਪੰਜਾਬ ਭਾਜਪਾ ਦਾ ਪ੍ਰਧਾਨ ਬਣ ਗਿਆ ਤੇ ਹੁਣ ਆਪਣੀ ਟੀਮ ਵਿੱਚ ਕਾਂਗਰਸੀਆਂ ਨੂੰ ਮੁੱਖ ਭੂਮਿਕਾ ਅਦਾ ਕਰਨ ਲਈ ਅਹੁਦੇਦਾਰੀਆਂ ਦੇ ਦਿੱਤੀਆਂ ਗਈਆਂ ਹਨ, ਜਿਸ ਕਰਕੇ ਟਕਸਾਲੀ ਭਾਜਪਾਈ ਕਹਿ ਰਹੇ ਹਨ ‘ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ’।  ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਿਆਸੀ ਪਾਰਟੀਆਂ ਪਾਰਟੀ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਵਾਲੇ ਨੇਤਾਵਾਂ ‘ਤੇ ਨਹੀਂ ਸਗੋਂ ਮੌਕਾ ਪ੍ਰਸਤੀ ਵਾਲੇ ਨੇਤਾਵਾਂ ਨੂੰ ਪਹਿਲ ਦੇ ਰਹੀਆਂ ਹਨ।

ਸੁਨੀਲ ਕੁਮਾਰ ਜਾਖੜ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਯੁਕਤ ਹੋਣ ਤੋਂ ਤਿੰਨ ਮਹੀਨੇ ਦੀ ਲਗਾਤਾਰ ਜਦੋਜਹਿਦ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਤੋਂ ਅਹੁਦੇਦਾਰੀਆਂ ਪ੍ਰਵਾਨ ਕਰਾਉਣ ਵਿੱਚ ਸਫਲ ਹੋਇਆ ਹੈ। ਕੇਂਦਰੀ ਲੀਡਰਸ਼ਿਪ ਟਕਸਾਲੀ ਭਾਜਪਾਈਆਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਸੀ, ਜਿਹੜੇ ਔਖੀ ਘੜੀ ਵਿੱਚ ਪਾਰਟੀ ਨਾਲ ਡਟੇ ਰਹੇ ਹਨ। ਜਾਖੜ ਨੇ ਲੋਕ ਸਭਾ ਦੀਆਂ ਚੋਣਾ ਭਾਜਪਾ ਨੂੰ ਜਿੱਤਾਉਣ ਦÇ ਜ਼ਿੰਮੇਵਾਰੀ ਲਈ ਹੈ, ਜਿਸ ਕਰਕੇ ਹਾਈ ਕਮਾਂਡ ਨੇ ਉਸ ਦੀ ਗੱਲ ਮੰਨਕੇ ਅਹੁਦੇਦਾਰੀਆਂ ਉਸ ਅਨੁਸਾਰ ਦਿੱਤੀਆਂ ਹਨ। ਸੁਨੀਲ ਜਾਖੜ ਨੂੰ ਆਪਣੇ ਪੁਰਾਣੇ ਸਾਥੀਆਂ ‘ਤੇ ਜ਼ਿਆਦਾ ਮਾਣ ਹੈ, ਜਿਹੜੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਏ ਹਨ। ਉਸ ਨੇ ਭਾਰਤੀ ਜਨਤਾ ਪਾਰਟੀ ਵਿੱਚ ਨਵੀਂ ਰੂਹ ਫੂਕਣ ਦੇ ਇਰਾਦੇ ਨਾਲ ਇਹ ਨਿਯੁਕਤੀਆਂ ਕੀਤੀਆਂ ਹਨ। ਜਾਖੜ ਨੇ ਪੰਜਾਬ ਦੇ ਨਵੇਂ ਅਤੇ ਪੁਰਾਣੇ ਭਾਜਪਾਈਆਂ ਨੂੰ 67 ਅਹੁਦੇਦਾਰੀਆਂ ਵੰਡੀਆਂ ਹਨ, ਜਿਨ੍ਹਾਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਵਿੱਚੋਂ ਆ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇਤਾਵਾਂ ਨੂੰ 33 ਫ਼ੀ ਸਦੀ ਹਿੱਸਾ ਦਿੱਤਾ ਗਿਆ ਹੈ।

ਇਸ ਸੂਚੀ ਵਿੱਚ ਨਵੇਂ ਤੇ ਪੁਰਾਣੇ ਨੇਤਾਵਾਂ ਨੂੰ ਬਰਾਬਰ ਦੀ ਅਹਿਮੀਅਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰੰਤੂ ਜਾਖੜ ਵੱਲੋਂ ਸਮਤੁਲ ਰੱਖਣ ਦੀ ਕੋਸ਼ਿਸ਼ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੀਆਂ ਅਹੁਦੇਦਾਰੀਆਂ ਮਾਨਣ ਵਾਲੇ ਪੁਰਾਣੇ ਘਾਗ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਸੁਨੀਲ ਜਾਖੜ ਖੁਦ ਪੰਜਾਬ ਕਾਂਗਰਸ ਵਿੱਚੋਂ ਆਏ ਹਨ, ਇਸ ਲਈ ਕੁਦਰਤੀ ਹੈ ਕਿ ਉਸ ਦੀ ਨਵੀਂ ਟੀਮ ਵਿੱਚ ਪੁਰਾਣੇ ਕਾਂਗਰਸੀਆਂ ਨੂੰ ਨਿਵਾਜਣਾ ਬਣਦਾ ਸੀ। ਭਾਰਤੀ ਜਨਤਾ ਪਾਰਟੀ ਦੀ ਟਕਸਾਲੀ ਲੀਡਰਸ਼ਿਪ ਖੁਲ੍ਹੇ ਤੌਰ ‘ਤੇ ਤਾਂ ਸਾਹਮਣੇ ਨਹੀਂ ਆ ਰਹੀ ਪ੍ਰੰਤੂ ਇਸ ਸੂਚੀ ਵਿੱਚ ਟਕਸਾਲੀਆਂ ਨੂੰ ਅਣਡਿਠ ਕਰਨ ਨਾਲ ਘੁਸਰ ਮੁਸਰ ਜ਼ਰੂਰ ਸ਼ੁਰੂ ਹੋ ਗਈ ਹੈ, ਜਿਸ ਦਾ ਬੀ.ਜੇ.ਪੀ.ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਟਕਸਾਲੀ ਭਾਜਪਾਈ ਪੰਜਾਬ ਇਕਾਈ ਵਿੱਚ ਨਵੇਂ ਬਣੇ ਭਾਜਪਾਈਆਂ ਬਾਰੇ ਇਕ ਕਹਾਵਤ ‘ਕਲ੍ਹ ਦੀ ਭੂਤਨੀ ਸਿਵਿਆਂ ਵਿੱਚ ਅੱਧ’ ਦੀ ਉਦਾਹਰਣ ਦਿੰਦੇ ਹੋਏ ਅਸੰਤੁਸ਼ਟੀ ਪ੍ਰਗਟ ਕਰ ਰਹੇ ਹਨ। ਇਸ ਸੂਚੀ ਵਿੱਚ ਦੋ ਸਾਬਕਾ ਆਈ.ਏ.ਐਸ.ਅਧਿਕਾਰੀ ਜਗਮੋਹਨ ਸਿੰਘ ਰਾਜੂ ਅਤੇ ਸੁੱਚਾ ਰਾਮ ਲੱਧਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਭਾਵੇਂ ਸੂਚੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੂੰ ਵਧੇਰੇ ਪ੍ਰਤੀਨਿਧਤਾ ਦਿੱਤੀ ਗਈ ਹੈ, ਉਨ੍ਹਾਂ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੂੰ ਰਾਜ ਦੇ ਇਸਤਰੀ ਵਿੰਗ ਦਾ ਮੁੱਖੀ ਬਣਾਇਆ ਗਿਆ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਸੀਨੀਅਰਿਟੀ ਅਨੁਸਾਰ ਉਸ ਨੂੰ ਕੋਰ ਕਮੇਟੀ ਦੀ ਥਾਂ ਕੇਂਦਰੀ ਇਕਾਈ ਵਿੱਚ ਸ਼ਾਮਲ ਕਰਨਾ ਬਣਦਾ ਸੀ। ਹੁਣ ਉਹ ਸੁਨੀਲ ਕੁਮਾਰ ਜਾਖੜ ਦੀ ਅਗਵਾਈ ਥੱਲੇ ਕੰਮ ਕਰੇਗਾ। ਸੁਨੀਲ ਕੁਮਾਰ ਜਾਖੜ ਦੀ ਨਵੀਂ ਟੀਮ ਵਿੱਚ ਉਪ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਪਾਰਟੀ ਦੇ ਵਿੰਗਾਂ ਦੇ ਮੁੱਖੀ ਪਹਿਲੀਆਂ ਇਕਾਈਆਂ ਦੇ ਮੁਕਾਬਲੇ 40-60 ਸਾਲ ਉਮਰ ਵਾਲੇ ਸ਼ਾਮਲ ਕੀਤੇ ਹਨ ਕਿਉਂਕਿ ਇਨ੍ਹਾਂ ਨੇ ਹੀ ਪਾਰਟੀ ਨੂੰ ਸਰਗਰਮ ਕਰਨਾ ਹੁੰਦਾ ਹੈ। ਕੋਰ ਕਮੇਟੀ ਵਿੱਚ ਤਾਂ ਤਜ਼ਰਬੇਕਾਰ ਸੀਨੀਅਰ ਨੇਤਾ ਹੁੰਦੇ ਹਨ, ਜਿਹੜੇ ਤਾਂ ਸਿਰਫ ਨੀਤੀਗਤ ਫ਼ੈਸਲੇ ਕਰਦੇ ਹਨ, ਉਹ ਤਾਂ ਦਰਸ਼ਨੀ ਭਲਵਾਨ ਹੀ ਹੁੰਦੇ ਹਨ। ਪਾਰਟੀ ਨੂੰ ਲਾਮਬੰਦ ਕਰਨ ਵਿੱਚ ਨੌਜਵਾਨ ਸੁਚੱਜਾ ਯੋਗਦਾਨ ਪਾ ਸਕਦੇ ਹਨ। ਵੇਖਣ ਵਾਲੀ ਗੱਲ ਹੈ ਕਿ ਸੁਨੀਲ ਕੁਮਾਰ ਜਾਖੜ ਦੀ ਨਵੀਂ ਟੀਮ ਟਕਸਾਲੀ ਭਾਜਪਾਈਆਂ ਨੂੰ ਆਪਣੇ ਨਾਲ ਤੋਰਨ ਵਿੱਚ ਸਫਲ ਹੁੰਦੀ ਹੈ ਕਿ ਨਹੀਂ। ਮਈ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਸੁਨੀਲ ਕੁਮਾਰ ਜਾਖੜ ਦਾ ਭਵਿਖ ਤਹਿ ਕਰਨਗੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

 ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button