D5 specialOpinion

ਪ੍ਰੋ. ਪ੍ਰੀਤਮ ਸਿੰਘ ਜੀ ਦਾ ਪੰਜਾਬੀ ਜ਼ੁਬਾਨ ਪ੍ਰਤੀ ਮੋਹ

ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਤੇ ਸੰਤੋਖ ਸਿੰਘ ਧੀਰ ਜੀ ਇਕ ਵਾਰ ਦੁਪਹਿਰੇ ਪੰਜਾਬੀ ਜ਼ੁਬਾਨ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ। ਮੈਨੂੰ ਉਸ ਸਮੇਂ ਉਨ੍ਹਾਂ ਕੋਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਉਨ੍ਹਾਂ ਦੀਆਂ ਉੱਚ ਪਧਰੀ ਵਿਦਵਤਾ ਭਰਪੂਰ ਗੱਲਾਂ ਵਿੱਚੋਂ ਬਹੁਤ ਕੁੱਝ ਸਮਝਣ ਨੂੰ ਮਿਲਿਆ।ਕਦੇ ਗੱਲ ਸਿ਼ਵ ਕੁਮਾਰ ਬਟਾਲਵੀ ਦੀ ਆ ਜਾਂਦੀੇ ਤੇ ਕਦੇ ਨਾਨਕ ਸਿੰਘ ਜੀ ਬਾਰੇੇ।ਕਦੇ ਮੌਜੂਦਾ ਲੱਚਰ ਗੀਤ ਸੰਗੀਤ ਉੱਤੇ। ਭਾਪਾ ਜੀ ਨੇ ਦੱਸਿਆ ਕਿ ਭਾਵੇਂ ਡੇਢ ਲੱਖ ਸਾਲ ਪਹਿਲਾਂ ਜ਼ਬਾਨ ਦਾ ਜਿ਼ਕਰ ਮਿਲਦਾ ਹੈ ਪਰ ਸਾਨੂੰ ਸਿਰਫ਼ 6000 ਸਾਲ ਪਹਿਲਾਂ ਵਾਲੀਆਂ ਬੋਲੀਆਂ ਬਾਰੇ ਹੀ ਪਤਾ ਹੈ ਜਦੋਂ ਇਨ੍ਹਾਂ ਨੂੰ ਲਿਖਣਾ ਸ਼ੁਰੂ ਕੀਤਾ ਗਿਆ।ਪਹਿਲੇ ਮਨੁੱਖ ਤਾਂ ਵੱਖੋ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਜਾਂ ਚੀਜ਼ਾਂ ਅਤੇ ਸੀਟੀਆਂ ਦੀ ਵਰਤੋਂ ਕਰਦੇ ਰਹੇ।ਬਾਰ੍ਹਵੀਂ ਸਦੀ ਦੀ ਜਰਮਨੀ ਦੀ ਨਨ ਵੱਲੋਂ ਵਰਤੀ ‘ਲਿੰਗੂਆ ਇਗਨੋਤਾ’ ਬੋਲੀ ਦਾ ਸਿਰਫ਼ ਜਿ਼ਕਰ ਹੀ ਬਚਿਆ ਹੈ। ਬਾਕੀ ਸਭ ਇਤਿਹਾਸ ਵਿੱਚੋਂ ਗੁੰਮ ਚੁੱਕਿਆ ਹੋਇਆ ਹੈ। ਤਾਮਿਲ ਅਤੇ ਸੰਸਕ੍ਰਿਤ ਸਭ ਤੋਂ ਪੁਰਾਣੀਆਂ ਜ਼ਬਾਨਾਂ ਮੰਨੀਆਂ ਜਾ ਚੁੱਕੀਆਂ ਹਨ ਪਰ ਹੁਣ ਉਹ ਵੀ ਮਰ ਮੁੱਕ ਚੱਲੀਆਂ ਹਨ।

ਭਾਪਾ ਜੀ ਨੇ ਇਹ ਵੀ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਔਖੀ ਜ਼ਬਾਨ ‘ਮੈਂਡਾਰਿਨ’ ਹੈ ਪਰ ਫਿਰ ਵੀ ਉਸ ਨੂੰ ਬੋਲਣ ਵਾਲੇ 100 ਕਰੋੜ ਲੋਕ ਹਨ।ਉਹ ਵੀ ਹੋਰ ਭਾਸ਼ਾਵਾਂ ਸਿੱਖਣ ਦੀ ਚਾਹ ਰੱਖਦੇ ਹਨ ਪਰ ਆਪਣੀ ਜ਼ਬਾਨ ਮਿੱਧ ਕੇ ਨਹੀਂ।ਕਮਾਲ ਤਾਂ ਇਹ ਵੇਖੋ ਕਿ ਅੰਗਰੇਜ਼ੀ ਜ਼ਬਾਨ ਮਸਾਂ ਹਜ਼ਾਰ ਕੁ ਸਾਲ ਪੁਰਾਣੀ ਹੈ ਪਰ ਫਿਰ ਵੀ ਸਾਰੀ ਦੁਨੀਆਂ ਵਿਚ ਧੁੰਮਾਂ ਪਾ ਰਹੀ ਹੈ।ਕਾਰਨ ਇਹ ਹੈ ਕਿ ਇਸ ਨੂੰ ਬੋਲਣ ਵਾਲੇ ਧੜਾਧੜ ਇਸ ਵਿਚ ਕਿੱਤਾ ਮੁਹੱਈਆ ਕਰਵਾਉਣ ਵਿਚ ਜੁਟੇ ਹਨ ਤੇ ਨਵੀਆਂ ਖੋਜਾਂ ਵੀ ਲਗਾਤਾਰ ਜਾਰੀ ਰੱਖ ਰਹੇ ਹਨ।ਜ਼ਬਾਨ ਨੂੰ ਪ੍ਰੋਤਸਾਹਿਤ ਕਰਨ ਦਾ ਹਰ ਹੀਲਾ ਵਰਤਿਆ ਜਾਂਦਾ ਹੈ।ਸਾਡੇ ਭੋਲੇ ਲੋਕ ਇਨ੍ਹਾਂ ਨੁਕਤਿਆਂ ਵਿਚ ਅੜ ਕੇ ਅਤੇ ਰੁਜ਼ਗਾਰ ਲੱਭਦੇ ਹੌਲੀ ਹੌਲੀ ਅੰਗਰੇਜ਼ੀ ਜ਼ਬਾਨ ਤੋਂ ਵੀ ਪੁਰਾਣੀ ਆਪਣੀ ਪੰਜਾਬੀ ਜ਼ਬਾਨ ਨੂੰ ਅਣਜਾਣੇ ਹੀ ਖ਼ਤਮ ਕਰਨ ਵੱਲ ਤੁਰ ਪਏ ਹਨ। ਮੈਨੂੰ ਚੁਪ ਬੈਠੀ ਨੂੰ ਵੇਖ ਧੀਰ ਅੰਕਲ ਪੁੱਛਣ ਲੱਗੇ, “ਕਿਉਂ ਬਈ ਡਾਕਟਰ ਬੇਟੀ, ਤੇਰਾ ਕੀ ਖਿ਼ਆਲ ਐ? ਨਵੀਂ ਪੀੜ੍ਹੀ ਸਾਨੂੰ ਤਾਂ ਪੁਰਾਣਾ ਮੰਨ ਕੇ ਪੰਜਾਬੀ ਜ਼ਬਾਨ ਉੱਤੇ ਅੰਗਰੇਜ਼ੀ ਦਾ ਗਿਲਾਫ਼ ਚਾੜ੍ਹਨ ਲੱਗ ਪਈ ਐ। ਹੈ ਕੋਈ ਡਾਕਟਰੀ ਇਲਾਜ?”

ਇਸ ਤੋਂ ਪਹਿਲਾਂ ਕਿ ਮੈਂ ਕੁੱਝ ਬੋਲਦੀ, ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਕਹਿਣ ਲੱਗੇ, “ਇਸਨੇ ਕੀ ਦੱਸਣੈ, ਇਹ ਤਾਂ ਸਰੀਰ ਦੀਆਂ ਬੀਮਾਰੀਆਂ ਵਿਚ ਉਲਝੀ ਪਈ ਐ।ਸੰਨ 1971 ਤੋਂ ਹੁਣ ਤੱਕ ਸਿਰਫ਼ ਉਹ ਜ਼ਬਾਨਾਂ ਹੀ ਗਿਣੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਬੋਲਣ ਵਾਲੇ 10,000 ਤੋਂ ਵੱਧ ਹਨ।ਇਸਦਾ ਮਤਲਬ ਇਹ ਹੋਇਆ ਕਿ 1652 ਜ਼ਬਾਨਾਂ ਤੋਂ ਘੱਟ ਕੇ ਸਿਰਫ਼ 108 ਜ਼ਬਾਨਾਂ ਹੀ ਜਿ਼ੰਦਾ ਬਚੀਆਂ ਹਨ।”
“ਇਹ ਤਾਂ ਬਹੁਤ ਖ਼ਤਰੇ ਦੀ ਗੱਲ ਹੈ,” ਮੈਂ ਬੋਲੀ।
“ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬੀ ਆਪਣੀ ਮਾਂ ਬੋਲੀ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਚਿੰਤਿਤ ਨਹੀਂ ਹਨ।ਦੁਨੀਆ ਭਰ ਵਿਚ ਝਾਤ ਮਾਰੀਏ ਤਾਂ ਭਾਰਤ ਵਿਚਲੀਆਂ ਜ਼ਬਾਨਾਂ ਉੱਤੇ ਸੱਭ ਤੋਂ ਵੱਧ ਮਾਰ ਪੈ ਰਹੀ ਹੈ, ਜਿੱਥੇ ਅਸਟੇ੍ਰਲੀਆ, ਕਨੇਡਾ, ਚੀਨ, ਰੂਸ, ਅਮਰੀਕਾ ਤੋਂ ਕਿਤੇ ਵੱਧ ਬੋਲੀਆਂ ਖ਼ਾਤਮੇ ਵੱਲ ਜਾ ਰਹੀਆਂ ਹਨ।ਕਬੀਲਿਆਂ ਦੀਆਂ ਜ਼ਬਾਨਾਂ ਜੇ ਹੌਲੀ ਹੌਲੀ ਖ਼ਤਮ ਹੋ ਗਈਆਂ ਤਾਂ ਸਮਝੋ ਸਾਡੇ ਪਿਛੋਕੜ ਵਿੱਚੋਂ ਅੱਧਾ ਇਤਿਹਾਸ ਗ਼ਾਇਬ ਹੋ ਗਿਆ।ਸਾਡਾ ਸਦੀਆਂ ਤੋਂ ਚੱਲਦਾ ਆਉਂਦਾ ਜੜੀਆਂ-ਬੂਟੀਆਂ ਦਾ ਗਿਆਨ ਅਤੇ ਪੁਰਾਣੇ ਰੀਤ ਰਿਵਾਜ਼ ਸਮੇਤ ਬਹੁਤ ਵਡਮੁੱਲੀ ਜਾਣਕਾਰੀ ਹਮੇਸ਼ਾ ਲਈ ਗੁੰਮ ਹੋ ਜਾਏਗੀ,” ਭਾਪਾ ਜੀ ਨੇ ਸਮਝਾਇਆ।
ਧੀਰ ਅੰਕਲ ਨੇ ਕਿਹਾ, “ਬਿਲਕੁਲ ਸਹੀ ਪ੍ਰੋਫੈਸਰ ਸਾਹਿਬ।ਜੇ ਸਾਡੇ ਯੂਨੀਵਰਸਿਟੀਆਂ ਵਿਚਲੇ ਪ੍ਰੋਫੈਸਰ ਇਹ ਨੁਕਤਾ ਸਮਝ ਜਾਣ ਤਾਂ ਕੁੱਝ ਹੋ ਸਕਦਾ ਹੈ।ਵੇਖੋ ਨਾ, ਉੜੀਸਾ, ਛੱਤੀਸਗੜ੍ਹ, ਮਿਜ਼ੋਰਮ, ਤ੍ਰਿਪੁਰਾ ਤੇ ਮੇਘਾਲਿਆ ਵਿਚ ਪੜ੍ਹੇ ਲਿਖੇ ਲੋਕਾਂ ਨੇ ਜਿ਼ੰਮਾ ਚੁੱਕ ਕੇ ਆਪੋ ਆਪਣੀ ਮਾਂ ਬੋਲੀ ਦੀ ਮਹੱਤਾ ਬਾਰੇ ਹੋਰਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਹੈ ਤੇ ਬੱਚਿਆਂ ਨਾਲ ਸਿਰਫ ਮਾਂ ਬੋਲੀ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਹੋਇਆ ਹੈ।”

“ਬਿਲਕੁਲ,” ਭਾਪਾ ਜੀ ਨੇ ਅੱਗੋਂ ਗੱਲ ਤੋਰੀ, “ਆਪਣੀ ਮਾਂ ਬੋਲੀ ਵਿਚ ਵਧੀਆ ਬਾਲ ਕਹਾਣੀਆਂ, ਕਵਿਤਾਵਾਂ, ਲੇਖ, ਨਾਵਲ, ਫਿ਼ਲਮਾਂ ਆਦਿ ਬਣਾ ਕੇ ਜ਼ਬਾਨ ਵਿਚ ਰੂਹ ਫੂਕੀ ਜਾ ਸਕਦੀ ਹੈ।ਸੱਭ ਤੋਂ ਵੱਡਾ ਉੱਦਮ ਤਾਂ ਤਕਨੀਕੀ ਮਾਹਿਰਾਂ ਵੱਲੋਂ ਕਰਨਾ ਪੈਣਾ ਹੈ।ਜੇ ਤਕਨੀਕੀ ਵਿਦਿਆ ਆਪਣੀ ਜ਼ਬਾਨ ਵਿਚ ਸਿਖਾਈ ਜਾਏ ਤਾਂ ਜ਼ਬਾਨ ਕਦੇ ਨਹੀਂ ਮਰ ਸਕਦੀ।ਬਿਲਕੁਲ ਇੰਜ ਹੀ ਹਰ ਦਾਦੇ ਨਾਨੇ ਨੂੰ ਵੀ ਆਪਣੇ ਪੋਤਰੇ-ਦੋਹਤਰਿਆਂ ਨੂੰ ਮਾਂ ਬੋਲੀ ਦੀਆਂ ਕਹਾਣੀਆਂ ਸੁਣਾ ਕੇ ਮਾਂ ਬੋਲੀ ਦੀ ਨੀਂਹ ਪੱਕੀ ਕਰਨੀ ਚਾਹੀਦੀ ਹੈ।”
ਮੈਂ ਉਤਸੁਕਤਾ ਨਾਲ ਪੁੱਛਿਆ, “ਭਲਾ ਕਬਾਇਲੀਆਂ ਦੀ ਭਾਸ਼ਾ ਮੁੱਕ ਜਾਣ ਨਾਲ ਹੋਰ ਭਾਸ਼ਾਵਾਂ ਉੱਤੇ ਕੀ ਫ਼ਰਕ ਪਵੇਗਾ?” ਭਾਪਾ ਜੀ ਨੇ ਸਮਝਾਇਆ, “ਜ਼ਬਾਨ ਨਾਲ ਲੋਕਾਂ ਦੀ ਪਛਾਣ ਜੁੜੀ ਹੁੰਦੀ ਹੈ।ਉਸੇ ਪਛਾਣ ਸਦਕਾ ਹੀ ਉਹ ਆਪਣੀ ਧਰਤੀ ਨਾਲ ਜੁੜਦੇ ਹਨ।ਉਹੀ ਜ਼ਬਾਨ ਉਨ੍ਹਾਂ ਦੀ ਆਪਣੇ ਪੁਰਖਿਆਂ ਨਾਲ ਸਾਂਝ ਗੰਢਦੀ ਹੈ।ਜਦੋਂ ਜ਼ਬਾਨਾਂ ਮਰਨ ਲੱਗ ਜਾਣ ਤਾਂ ਉਨ੍ਹਾਂ ਨਾਲ ਜੁੜੀ ਸੱਭਿਅਤਾ ਤਾਂ ਮਰਨੀ ਹੀ ਹੋਈ ਪਰ ਉਨ੍ਹਾਂ ਦੀ “ਆਪਣੀ ਧਰਤੀ” ਵੀ ਮਰ ਮੁੱਕ ਜਾਂਦੀ ਹੈ।ਜੇ ਅਜਿਹਾ ਵੱਡੀ ਪੱਧਰ ਉੱਤੇ ਹੋਣ ਲੱਗ ਪਏ ਤਾਂ ਸਭ ਇੱਕੋ ਜਿਹੀ ਦੌੜ ਵਿਚ ਲੱਗ ਜਾਣਗੇ ਤੇ ਆਪੋ ਵਿਚ ਹੀ ਲੜ ਮਰ ਕੇ ਖ਼ਤਮ ਹੋ ਜਾਣਗੇ।ਕਿਸੇ ਨੂੰ ਦੂਜੇ ਬਾਰੇ ਜਾਣਨ ਦੀ ਚਾਹ ਹੀ ਨਹੀਂ ਹੋਵੇਗੀ ਕਿਉਂਕਿ ਸਭ ਇੱਕੋ ਜ਼ਬਾਨ ਰਾਹੀਂ ਇੱਕੋ ਸੱਭਿਅਤਾ ਬਾਰੇ ਰਟਦੇ ਇੱਕ ਦੂਜੇ ਨੂੰ ਕਾਟ ਕਰਨ ਲੱਗ ਪੈਣਗੇ।ਜੇ ਦੋ ਵੱਖੋ ਵੱਖ ਜਣੇ ਮਿਲਣ ਤਾਂ ਇੱਕ ਦੂਜੇ ਨੂੰ ਸਮਝਣ ਦੀ ਕੋਸਿ਼ਸ਼ ਕਰਨਗੇ ਤੇ ਦੂਜੇ ਨਾਲ ਜੁੜੇ ਇਤਿਹਾਸ ਵੱਲ ਵੀ ਝਾਤ ਮਾਰਨਗੇ।ਬੇਅੰਤ ਕੁਦਰਤੀ ਇਲਾਜ ਅਤੇ ਦਵਾਈਆਂ ਦੀ ਜਾਣਕਾਰੀ, ਜੋ ਪੁਰਾਤਨ ਸਮੇਂ ਵਿਚ ਸੀ, ਬਹੁਤ ਵਡਮੁੱਲੀ ਪੁਰਾਣੀ ਤਕਨੀਕੀ ਜਾਣਕਾਰੀ ਅਤੇ ਹੋਰ ਵੀ ਬਹੁਤ ਕੀਮਤੀ ਪੁਰਾਣਾ ਸਾਹਿਤ, ਸਭ ਕੁੱਝ ਖ਼ਤਮ ਹੋ ਜਾਵੇਗਾ।ਇਸੇ ਲਈ ਜ਼ਰੂਰੀ ਹੈ ਨਵੀਂ ਪਨੀਰੀ ਨੂੰ ਆਪਣੀ ਜ਼ਬਾਨ ਨਾਲ ਜੋੜਨਾ।ਉਹ ਭਾਵੇਂ ਦਸ ਹੋਰ ਜ਼ਬਾਨਾਂ ਸਿੱਖਣ ਪਰ ਆਪਣੀ ਮਾਂ ਬੋਲੀ ਮਿੱਧ ਕੇ ਨਹੀਂ।”

ਧੀਰ ਅੰਕਲ ਕਹਿਣ ਲੱਗੇ, “ਚੱਲ ਬੀਬਾ ਸਿਰਫ਼ ਏਨਾ ਹੀ ਸੋਚ ਕੇ ਵੇਖ ਕਿ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਭਾਸ਼ਾ ਨੂੰ ਸਮਝਣ ਵਾਲਾ ਕੋਈ ਬਚਿਆ ਹੀ ਨਾ ਤਾਂ ਜਿਹੜਾ ਮਰਜ਼ੀ ਆ ਕੇ ਕਹਿ ਦੇਵੇਗਾ ਕਿ ਇਸ ਵਿਚ ਈਸਾ ਮਸੀਹ ਦੀ ਉਸਤਤ ਲਿਖੀ ਹੈ* ਫੇਰ ਸੋਚ ਕੇ ਵੇਖ ਕੀ ਬਣੇਗਾ*”
ਗੱਲ ਤਾਂ ਮੇਰੇ ਪੱਲੇ ਚੰਗੀ ਤਰ੍ਹਾਂ ਪੈ ਗਈ ਸੀ।ਉਸ ਸਮੇਂ ਜੋ ਮੇਰੇ ਜਿ਼ੰਮੇ ਉਨ੍ਹਾਂ ਦੋਵਾਂ ਨੇ ਕੰਮ ਲਾਇਆ ਸੀ, ਉਹ ਮੈਂ ਹਾਲੇ ਤੱਕ ਨਿਭਾ ਰਹੀ ਹਾਂ।ਭਾਪਾ ਜੀ 25 ਅਕਤੂਬਰ, 2008 ਨੂੰ ਅਲਵਿਦਾ ਕਹਿ ਗਏ ਸਨ ਪਰ ਨਿੱਕੇ ਬਾਲਾਂ ਨੂੰ ਤਕਨੀਕੀ ਜਾਣਕਾਰੀ ਪੰਜਾਬੀ ਜ਼ਬਾਨ ਵਿਚ ਦੇਣ ਦੀ ਜਿ਼ੰਮੇਵਾਰੀ ਮੈਂ ਲਗਾਤਾਰ ਨਿਭਾ ਰਹੀ ਹਾਂ ਅਤੇ ਪੁਰਾਣੇ ਪੰਜਾਬੀ ਸਾਹਿਤਕਾਰਾਂ ਦੀ ਯਾਦ ਵੀ ਤਾਜ਼ਾ ਕਰਦੀ ਰਹਿੰਦੀ ਹਾਂ।ਡਾਕਟਰੀ ਵਿਗਿਆਨ ਨੂੰ ਆਪਣੀ ਮਾਂ ਬੋਲੀ ਵਿਚ ਸੌਖੇ ਸ਼ਬਦਾਂ ਵਿਚ ਲਿਖਣ ਦਾ ਕੰਮ ਵੀ ਭਾਪਾ ਜੀ ਦੀ ਹੱਲਾਸ਼ੇਰੀ ਸਦਕਾ ਹੀ ਸੰਭਵ ਹੋ ਰਿਹਾ ਹੈ।

-ਡਾ: ਹਰਸਿ਼ੰਦਰ ਕੌਰ
ਬੱਚਿਆਂ ਦੇ ਰੋਗਾਂ ਦੇ ਮਾਹਰ
ਪਟਿਆਲਾ
ਫ਼ੋਨ : 0175-2216783

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button