D5 specialOpinion

28 ਮਈ ਨੂੰ ਬਰਸੀ ‘ਤੇ ਵਿਸ਼ੇਸ਼ : ਵਿਰਾਸਤੀ ਰੰਗ ‘ਚ ਰੰਗਿਆ ਹਰਫ਼ਨ ਮੌਲਾ ਇਨਸਾਨ : ਅਮਰੀਕ ਸਿੰਘ ਛੀਨਾ

ਉਜਾਗਰ ਸਿੰਘ

ਪੰਜਾਬੀਆਂ ਨੂੰ ਆਧੁਨਿਕਤਾ ਦੀ ਪਾਣ ਦੀ ਖ਼ੁਮਾਰੀ ਚੜ੍ਹੀ ਹੋਈ ਹੈ, ਜਿਸ ਕਰਕੇ ਉਹ ਆਪਣੀ ਵਿਰਾਸਤ ਨਾਲੋਂ ਟੁੱਟਦੇ ਜਾ ਰਹੇ ਹਨ। ਖਾਣ ਪੀਣ, ਪਹਿਨਣ ਅਤੇ ਸਮਾਜ ਵਿੱਚ ਵਿਚਰਨ ਲੱਗਿਆਂ ਪੰਜਾਬੀਅਤ ਦੀਆਂ ਕਦਰਾਂ ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਅਜਿਹੇ ਹਾਲਾਤ ਵਿੱਚ ਮਰਹੂਮ ਅਮਰੀਕ ਸਿੰਘ ਛੀਨਾ ਨੂੰ ਮਾਰਗ ਦਰਸ਼ਕ ਬਣਾਉਣਾ ਪਵੇਗਾ ਤਾਂ ਜੋ ਸਾਡੀ ਨਵੀਂ ਪੀੜ੍ਹੀ ਆਪਣੇ ਵਿਰਾਸਤੀ ਖ਼ਜਾਨੇ ਨੂੰ ਪਛਾਣਕੇ ਉਸ ‘ਤੇ ਪਹਿਰਾ ਦੇ ਸਕੇ। ਪੰਜਾਬੀ ਆਪਣੀ ਅਮੀਰ ਸਿੱਖ ਵਿਰਾਸਤ ‘ਤੇ ਪਹਿਰਾ ਦੇਣ ਵਿਚ ਸੰਜੀਦਾ ਨਹੀਂ ਹਨ। ਅਮਰੀਕ ਸਿੰਘ ਛੀਨਾ ਇਕ ਅਜਿਹੇ ਇਨਸਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਵਿਰਾਸਤ ‘ਤੇ ਪਹਿਰਾ ਦੇਣ ਨੂੰ ਅਰਪਨ ਕਰ ਦਿੱਤੀ। ਜ਼ਿੰਦਗੀ ਪਰਮਾਤਮਾ ਦਾ ਇਨਸਾਨ ਨੂੰ ਦਿੱਤਾ ਇਕ ਵਾਰ ਬਿਹਤਰੀਨ ਤੋਹਫਾ ਹੈ। ਇਸ ਤੋਹਫੇ ਨੂੰ ਉਸਨੇ ਕਿਸ ਤਰ੍ਹਾਂ ਵਰਤਣਾ ਹੈ, ਇਹ ਇਨਸਾਨ ਦਾ ਆਪਣਾ ਫੈਸਲਾ ਹੁੰਦਾ ਹੈ। ਆਮ ਤੌਰ ਤੇ ਇਨਸਾਨ ਆਪਣੀ ਸਾਰੀ ਉਮਰ ਹੀ ਝਗੜਿਆਂ ਝੇੜਿਆਂ, ਦੁਸ਼ਮਣੀਆਂ, ਰੰਜਸ਼ਾਂ, ਲਾਲਸਾਵਾਂ, ਘੁਣਤਰਾਂ, ਚੁੰਜ ਪਹੁੰਚਿਆਂ ਅਤੇ ਖਹਿਬਾਜ਼ੀ ਵਿਚ ਹੀ ਗੁਜ਼ਾਰ ਦਿੰਦਾ ਹੈ।

ਉਸਨੂੰ ਕੁਦਰਤ ਦੀ ਇਸ ਅਮੋਲਕ ਦਾਤ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਦੋਸਤੀਆਂ ਬਣਾਈਆਂ ਜਾਣ ਅਤੇ ਭਾਈਚਾਰਕ ਸੰਬੰਧਾਂ ਨੂੰ ਵਧਾਇਆ ਜਾਵੇ। ਜ਼ਿੰਦਗੀ ਨੂੰ ਆਨੰਦਮਈ ਢੰਗ ਨਾਲ ਜੀਵਿਆ ਜਾਵੇ। ਅਮਰੀਕ ਸਿੰਘ ਛੀਨਾ ਇਕ ਅਜਿਹਾ ਇਨਸਾਨ ਸੀ, ਜਿਹੜਾ ਜ਼ਿੰਦਗੀ ਦੀਆਂ ਰਹਿਮਤਾਂ ਨੂੰ ਸਮਝਦਾ ਹੋਇਆ ਹਮੇਸ਼ਾ ਖ਼ੁਸ਼ਮਿਜਾਜ ਰਹਿੰਦਾ ਸੀ। ਦੋਸਤ ਬਣਾਉਣੇ ਅਤੇ ਦੋਸਤੀਆਂ ਨਿਭਾਉਣਾ, ਹਰ ਦੋਸਤ ਦੇ ਦੁੱਖ ਸੁੱਖ ਦਾ ਸਾਥੀ ਬਣਨਾ ਉਸਦਾ ਸ਼ੌਕ ਸੀ। ਹਰ ਵਕਤ ਹਸਦੇ ਰਹਿਣਾ ਅਤੇ ਹਰ ਇਕ ਮਿਲਣ ਵਾਲੇ ਵਿਅਕਤੀ ਨਾਲ ਰਚ ਮਿਚ ਜਾਣਾ, ਇਹੀ ਉਸਦੀ ਜ਼ਿੰਦਗੀ ਦਾ ਨਿਸ਼ਾਨਾ ਸੀ। ਉਸਨੇ ਕਦੇ ਵੀ ਕਿਸੇ ਭੇਦ ਭਾਵ ਨਹੀਂ ਕੀਤਾ। ਅਪਣਤ ਉਸਦਾ ਗਹਿਣਾ ਸੀ। ਉਹ ਇਕੱਲਤਾ ਉਸ ਲਈ ਸਜ਼ਾ ਦੇ ਬਰਾਬਰ ਸੀ। ਹਮੇਸ਼ਾ ਦੋਸਤਾਂ ਮਿਤਰਾਂ ਦੀ ਮਹਿਫਲ ਦਾ ਆਨੰਦ ਮਾਨਣ ਵਿੱਚ ਯਕੀਨ ਰੱਖਦਾ ਸੀ। ਉਸਦੀ ਦੋਸਤੀ ਦਾ ਦਾਇਰਾ ਪਟਿਆਲਾ, ਪੰਜਾਬ ਅਤੇ ਭਾਰਤ ਤੱਕ ਹੀ ਸਮੀਤ ਨਹੀਂ ਸੀ। ਉਸਦੇ ਦੋਸਤ ਸੰਸਾਰ ਦੇ ਬਹੁਤੇ ਦੇਸ਼ਾਂ ਵਿੱਚ ਵਸਦੇ ਸਨ। ਉਸਦੀ ਦੋਸਤੀ ਦੇ ਦਾਇਰੇ ਵਿਚ ਹਰ ਵਰਗ ਦੇ ਮਰਦ ਅਤੇ ਔਰਤ ਸ਼ਾਮਲ ਸਨ।

ਆਮ ਆਦਮੀ ਅਤੇ ਵੱਡੇ ਤੋਂ ਵੱਡੇ ਵਿਅਕਤੀ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ.ਬੇਅੰਤ ਸਿੰਘ ਅਤੇ ਜਸਦੇਵ ਸਿੰਘ ਸੰਧੂ ਨਾਲ ਉਨ੍ਹਾਂ ਦੇ ਨਿੱਜੀ ਸੰਬੰਧ ਸਨ। ਪਟਿਆਲਾ ਸ਼ਹਿਰ ਵਿਰਾਸਤੀ ਹੋਣ ਕਰਕੇ ਇਥੋਂ ਦੇ ਬਸ਼ਿੰਦੇ ਪਟਿਆਲਵੀ ਹਮੇਸ਼ਾ ਸਭਿਅਚਾਰਿਕ ਸਰਗਰਮੀਆਂ ਅਤੇ ਪੁਰਾਤਤਵ ਰੱਖ ਰਖਾਵ ਵਿੱਚ ਦਿਲਚਸਪੀ ਲੈਂਦੇ ਰਹਿੰਦੇ ਹਨ। ਅਮਰੀਕ ਸਿੰਘ ਛੀਨਾ ਪਟਿਆਲਵੀਆਂ ਦੇ ਦੂਤ ਦੇ ਤੌਰ ਤੇ ਵਿਚਰਦੇ ਸਨ। ਅਮਰੀਕ ਸਿੰਘ ਛੀਨਾ ਵਿਰਾਸਤੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਸਨ। ਪੰਜਾਬ ਅਤੇ ਖਾਸ ਤੌਰ ਤੇ ਪੈਪਸੂ ਦੀ ਵਿਰਾਸਤ ਬੜੀ ਅਮੀਰ ਹੈ। ਪੈਪਸੂ ਦੀ ਰਾਜਧਾਨੀ ਪੰਜਾਬੀ ਵਿਰਾਸਤ ਦਾ ਮੁੱਖ ਕੇਂਦਰ ਪਟਿਆਲਾ ਹੈ। ਪਟਿਆਲਵੀਆਂ ਨੇ ਪੰਜਾਬੀ ਅਤੇ ਪੈਪਸੂ ਦੀਆਂ ਪਰੰਪਰਾਵਾਂ, ਪਹਿਰਾਵਾ, ਸੰਗੀਤ, ਰਹਿਤਲ, ਸਭਿਆਚਾਰ, ਸਭਿਅਤਾ, ਇਮਾਰਤਸਾਜੀ ਅਤੇ ਸਮਾਜ ਸੇਵਾ ਦੀ ਵਿਰਾਸਤ ਉਪਰ ਪਹਿਰਾ ਦਿੱਤਾ ਹੈ। ਪੈਪਸੂ ਦੀ ਵਿਰਾਸਤ ਸਮੁੱਚੇ ਦੇਸ ਦੀ ਵਿਰਾਸਤ ਤੋਂ ਵੱਖਰੀ, ਅਮੀਰ ਅਤੇ ਵਿਲੱਖਣ ਹੈ। ਇਸ ਵਿਰਾਸਤ ਨੂੰ ਬਣਾਉਣ ਅਤੇ ਪ੍ਰਫੁਲਤ ਕਰਨ ਵਿਚ ਸ਼ਾਹੀ ਘਰਾਣੇ ਦੇ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਸੰਸਾਰ ਵਿਚ ਪਟਿਆਲਾ ਸ਼ਾਹੀ ਰਵਾਇਤਾਂ ਅਤੇ ਪ੍ਰਾਹੁਣਚਾਰੀ ਦੀ ਵਿਲੱਖਣ ਪਹਿਚਾਣ ਹੈ।

ਪਟਿਆਲਾ ਸ਼ਾਹੀ ਪਰਿਵਾਰ ਦਾ ਨਜ਼ਦੀਕੀ ਰਿਹਾ ਅਮਰੀਕ ਸਿੰਘ ਛੀਨਾ ਇਕ ਅਜਿਹੀ ਵਿਲੱਖਣ ਸ਼ਖ਼ਸ਼ੀਅਤ ਦੇ ਮਾਲਕ ਸਨ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿਚ ਪੁਰਾਤਨ ਵਿਰਾਸਤ ਦੀਆਂ ਪ੍ਰਤੀਕ ਵਸਤਾਂ ਦੀ ਸਾਂਭ ਸੰਭਾਲ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਰਹੇ ਸਨ। ਉਸਦੀ ਵਿਰਾਸਤੀ ਮੁਹੱਬਤ ਦੀ ਰੁਚੀ ਨੇ ਅਮਰੀਕ ਸਿੰਘ ਛੀਨਾ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰਨ ਦਾ ਐਸਾ ਮੌਕਾ ਪ੍ਰਦਾਨ ਕੀਤਾ ਕਿ ਉਹ ਹਰਫਨ ਮੌਲਾ ਬਣ ਗਿਆ ਅਤੇ ਉਨ੍ਹਾਂ ਦੀ ਸ਼ਖ਼ਸ਼ੀਅਤ ਵਿਚ ਕਲਾਤਮਿਕ ਨਿਖ਼ਾਰ ਆ ਗਿਆ। ਉਹ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਬਣਾਈ ਗਈ ਸਿੱਖ ਫੋਰਮ ਦੇ ਉਹ ਜਨਰਲ ਸਕੱਤਰ ਸਨ। ਅਮਰੀਕ ਸਿੰਘ ਛੀਨਾ ਸਾਰੀ ਉਮਰ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਰਹੇ। ਇਸ ਕਰਕੇ ਉਹ ਗਾਂਧੀ ਪਰਿਵਾਰ ਦੇ ਵੀ ਨੇੜੇ ਹੋ ਗਏ ਸਨ। ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੂਥ ਬ੍ਰੀਗੇਡ ਦੇ ਉਹ ਮਹੱਤਵਪੂਰਨ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਰਹੇ ਸਨ।

ਉਹ ਪੰਜਾਬ ਯੂਥ ਕਾਂਗਰਸ ਦੇ ਸੰਯੁਕਤ ਸਕੱਤਰ, ਉਪ ਪ੍ਰਧਾਨ, ਜਿਲ੍ਹਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਨੈਸ਼ਨਲ ਕਾਊਂਸਲ ਆਫ ਯੂਥ ਕਾਂਗਰਸ ਦੇ ਮੈਂਬਰ ਵੀ ਸਨ। ਉਨ੍ਹਾਂ ਦੇ ਘਰ ਹਮੇਸ਼ਾ ਲੰਗਰ ਚਲਦਾ ਰਹਿੰਦਾ ਸੀ। ਗ਼ਰੀਬ ਲੜਕੀਆਂ ਦੀ ਪੜ੍ਹਾਈ ਅਤੇ ਵਿਆਹਾਂ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ। ਕਿਸੇ ਵੀ ਲੋੜਬੰਦ ਨੂੰ ਉਹ ਆਪਣੇ ਘਰੋਂ ਨਿਰਾਸ਼ ਹੋ ਕੇ ਨਹੀਂ ਜਾਣ ਦਿੰਦੇ ਸਨ। ਵਿਦੇਸ਼ਾਂ ਵਿਚੋਂ ਗੋਰਿਆਂ ਦੇ ਡੈਲੀਗੇਸ਼ਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਕੋਲ ਆਉਂਦੇ ਰਹਿੰਦੇ ਸਨ, ਉਨ੍ਹਾਂ ਨੂੰ ਆਪਣੇ ਘਰ ਸਨੌਰ ਵਿਖੇ ‘‘ਸੰਤ ਹਜ਼ਾਰਾ ਸਿੰਘ ਫਾਰਮ’’ ਵਿਚ ਲਿਆਕੇ ਮਹਿਮਾਨ ਨਿਵਾਜੀ ਕਰਦੇ ਸਨ। ਪੰਜਾਬੀ ਸਭਿਆਚਾਰ ਨਾਲ ਵੀ ਉਹ ਪ੍ਰਣਾਇਆ ਹੋਏ ਸਨ। ਹਰ ਡੈਲੀਗੇਸ਼ਨ ਦੀ ਆਮਦ ਮੌਕੇ ਆਪਣੇ ਘਰ ਸਭਿਆਚਾਰਕ ਪ੍ਰੋਗਰਾਮ ਕਰਦੇ ਰਹਿੰਦੇ ਸਨ। ਸੰਗੀਤ ਦੇ ਉਹ ਸ਼ੈਦਾਈ ਸਨ, ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀ ਲਾਇਬਰੇਰੀ ਵਿਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਪੁਸਤਕਾਂ ਅਤੇ ਪੁਰਾਤਨ ਗੀਤ ਅਤੇ ਸੰਗੀਤ ਦੀਆਂ ਕੈਸਟਾਂ ਉਪਲਭਧ ਹੁੰਦੀਆਂ ਸਨ। ਭੰਗੜੇ ਦੇ ਵੀ ਸ਼ੌਕੀਨ ਸਨ। ਉਸ ਵਿਚ ਇਹ ਗੁਣ ਸੀ ਕਿ ਹਰ ਡੈਲੀਗੇਸ਼ਨ ਦੀ ਪ੍ਰਾਹੁਣਚਾਰੀ ਉਹ ਖ਼ੁਦ ਆਪ ਕਰਦੇ ਸਨ। ਉਹ ਖ਼ੂਨ ਦਾਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮੁਫ਼ਤ ਕੈਂਪ ਲਗਾਉਂਦੇ ਸਨ। ਰੋਟੇਰੀਅਨ ਦੇ ਤੌਰ ਤੇ ਅੰਬੈਸਡਰ ਆਫ ਗੁਡਵਿਲ ਦੇ ਤੌਰ ਤੇ ਫਿਨਲੈਂਡ ਅਤੇ ਇੰਗਲੈਂਡ ਵੀ ਗਏ ਸਨ। ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇਟਲੀ, ਫਰਾਂਸ ਅਤੇ ਪੱਛਵੀਂ ਜਰਮਨੀ ਦੀ ਯਾਤਰਾ ਵੀ ਕੀਤੀ ਸੀ।

1984 ਵਿੱਚ ਜਦੋਂ ਇਨਟੈਕ (ਦਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਦਾ ਪੰਜਾਬ ਚੈਪਟਰ ਬਣਾਇਆ ਗਿਆ ਤਾਂ ਪੁਪਲ ਜੈਕਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਨਟੈਕ ਦੇ ਪੰਜਾਬ ਚੈਪਟਰ ਦੇ ਕਨਵੀਨਰ ਬਣਾਇਆ ਅਤੇ ਅਮਰੀਕ ਸਿੰਘ ਛੀਨਾ ਕੋ-ਕਨਵੀਨਰ ਬਣਾਇਆ ਗਿਆ। ਜਿਸ ਕਰਕੇ ਉਨ੍ਹਾਂ ਸਮੁੱਚੇ ਪੰਜਾਬ ਦੀਆਂ ਪੁਰਾਤਨ ਥਾਵਾਂ ਦੀ ਵੇਖ ਭਾਲ ਦਾ ਕੰਮ ਸੰਭਾਲਿਆ ਹੋਇਆ ਸੀ। ਉਹ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇਨਟੈਕ ਦੇ ਪਟਿਆਲਾ ਚੈਪਟਰ ਦਾ ਕਨਵੀਨਰ ਬਣਾ ਦਿੱਤਾ। ਇਸ ਤੋਂ ਇਲਾਵਾ ਉਹ ਲੰਮਾ ਸਮਾਂ ਇਨਟੈਕ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹੇ। ਪਟਿਆਲਾ ਚੈਪਟਰ ਦਾ ਕਨਵੀਨਰ ਹੋਣ ਦੇ ਨਾਤੇ ਉਨ੍ਹਾਂ ਦੀ ਜਿੰਮੇਵਾਰੀ ਸੀ ਕਿ ਉਹ ਪਟਿਆਲਾ ਸਥਿਤ ਪੁਰਾਤਨ ਇਮਾਰਤਾਂ ਜਿਨ੍ਹਾਂ ਵਿਚ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਐਨ ਆਈ ਐਸ, ਮਾਈ ਕੀ ਸਰਾਂ, ਬੱਘੀ ਖਾਨਾ, ਬਹਾਦਰਗੜ੍ਹ ਦਾ ਕਿਲਾ੍ਹ, ਬਾਰਾਂਦਰੀ ਬਾਗ, ਪੋਲੋ ਗਰਾਊਂਡ, ਪਟਿਆਲਾ ਅੰਦਰੂਨ ਦੇ ਆਲੇ ਦੁਆਲੇ ਦਰਵਾਜੇ, ਕਾਲੀ ਦੇਵੀ ਦਾ ਮੰਦਰ, ਸਰਕਟ ਹਾਊਸ, ਰਾਜਿੰਦਰਾ ਕੋਠੀ, ਫਰਨ ਹਾਊਸ, ਜਿੰਮ ਖਾਨਾ ਕਲੱਬ ਅਤੇ ਹੋਰ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਦਾ ਕੰਮ ਕਰਨ।

ਜਦੋਂ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕਿਲ੍ਹੇ ਦੀ ਇਮਾਰਤ ਨੂੰ ਸ਼ਹਿਰੀਆਂ ਲਈ ਖ਼ਤਰਨਾਕ ਐਲਾਨ ਕਰਕੇ ਢਾਹੁਣ ਦਾ ਹੁਕਮ ਕਰ ਦਿੱਤਾ ਤਾਂ ਅਮਰੀਕ ਸਿੰਘ ਛੀਨਾ ਨੇ 1993 ਵਿਚ ਹਾਈ ਕੋਰਟ ਵਿਚ ਇਨਟੈਕ ਵੱਲੋਂ ਰਿਟ ਆਪਣੇ ਖ਼ਰਚੇ ਤੇ ਦਾਖਲ ਕਰਕੇ ਕਿਲ੍ਹੇ ਨੂੰ ਢਾਹੁਣ ਤੋਂ ਰੁਕਵਾਇਆ। ਇਸ ਸੰਬੰਧੀ ਉਹ ਤਤਕਾਲੀ ਪੰਜਾਬ ਦੇ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਨੂੰ ਵੀ ਕਿਲ੍ਹਾ ਵਿਖਾਉਣ ਲਈ ਲੈ ਕੇ ਆਇਆ ਸੀ ਅਤੇ ਕਿਲੇ ਦੀਆਂ ਇਮਾਰਤਾਂ ਨੂੰ ਖਾਹੁਣ ਦਾ ਕੰਮ ਰੁਕਵਾਇਆ। ਪੋਲੋ ਗਰਾਊਂਡ ਵਿਚ ਇਮਾਰਤਾਂ ਬਣਾਉਣ ਤੋਂ ਰੋਕਣ ਲਈ ਵੀ ਉਨ੍ਹਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ। ਇਥੋਂ ਤੱਕ ਕਿ ਜਦੋਂ ਕਾਰ ਸੇਵਾ ਦੇ ਨਾਂ ਤੇ ਪਟਿਆਲਾ ਸ਼ਹਿਰ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੀੜ ਮੋਤੀ ਬਾਗ ਸਾਹਿਬ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਕਰਵਾਉਣੀ ਚਾਹੀ ਤਾਂ ਵੀ ਉਸਨੇ ਇਸਦਾ ਡੱਟਕੇ ਵਿਰੋਧ ਕੀਤਾ। ਫਿਰ 1988 ਵਿਚ ਅੰਦਰੂਨ ਸ਼ਹਿਰ ਦੇ ਆਲੇ ਦੁਆਲੇ ਵਾਲੇ ਦਰਵਾਜਿਆਂ ਨੂੰ ਢਾਹੁਣ ਤੋਂ ਰੋਕਿਆ ਤਾਂ ਜੋ ਸ਼ਹਿਰ ਦੀ ਪੁਰਾਤਨ ਦਿਖ ਬਰਕਰਾਰ ਰਹਿ ਸਕੇ। 1988 ਵਿਚ ਹੀ ਉਨ੍ਹਾਂ ਨੇ ਸ਼ੀਸ਼ ਮਹਿਲ ਮੋਤੀ ਬਾਗ ਵਿਚਲੀ ਨੈਸ਼ਨਲ ਹਿਸਟਰੀ ਗੈਲਰੀ ਉਥੋਂ ਹਟਾਉਣ ਤੋਂ ਰੋਕਣ ਲਈ ਰਿਟ ਕਰਕੇ ਸਟੇਅ ਆਰਡਰ ਲਿਆ।

ਸਹੀ ਅਰਥਾਂ ਵਿਚ ਅਮਰੀਕ ਸਿੰਘ ਛੀਨਾ ਇਕੱਲਾ ਇਕੱਹਿਰਾ ਹੀ ਇਕ ਸੰਸਥਾ ਜਿਤਨਾ ਕੰਮ ਕਰ ਰਹੇ ਸਨ। ਅਮਰੀਕ ਸਿੰਘ ਛੀਨਾ ਸਰਬਕਲਾਂ ਸੰਪੂਰਨ ਪੜ੍ਹਿਆ ਲਿਖਿਆ ਅਤੇ ਗੁੜ੍ਹਿਆ ਹੋਇਆ ਵਿਅਕਤੀ ਸੀ, ਜਿਹੜੇ ਹਰ ਖੇਤਰ ਦੀ ਬਾਰੀਕੀ ਨਾਲ ਜਾਣਕਾਰੀ ਰੱਖਦੇ ਸਨ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਸਨ। ਉਨ੍ਹਾਂ ਨਾਲ ਕਿਸੇ ਵਿਸ਼ੇ ਉਪਰ ਵਿਚਾਰ ਚਰਚਾ ਕਰ ਲਵੋ, ਹਮੇਸ਼ਾ ਸਾਰਥਕ ਅਤੇ ਉਸਾਰੂ ਵਿਚਾਰ ਪ੍ਰਗਟ ਕਰਦੇ ਸਨ। ਅਮਰੀਕ ਸਿੰਘ ਛੀਨਾ ਦਾ ਜਨਮ 9 ਦਸੰਬਰ 1949 ਨੂੰ ਸੰਤ ਹਜ਼ਾਰਾ ਸਿੰਘ ਅਤੇ ਮਾਤਾ ਇੰਦਰਜੀਤ ਕੌਰ ਦੇ ਘਰ ਲੁਧਿਆਣਾ ਜਿਲ੍ਹੇ ਦੇ ਦੋਰਾਹਾ ਵਿਖੇ ਹੋਇਆ। ਫਿਰ ਇਹ ਪਰਿਵਾਰ ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਦੇ ਬਾਹਰਵਾਰ ਆਕੇ ਖੇਤਾਂ ਵਿਚ ਵਸ ਗਿਆ ਸੀ। ਬੀ.ਏ.ਤੱਕ ਦੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ, ਜਰਨਿਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਅ ਦੀ ਡਿਗਰੀ ਦੇਹਰਾਦੂਨ ਤੋਂ ਪਾਸ ਕੀਤੀ। ਅਮਰੀਕ ਸਿੰਘ ਛੀਨਾ ਦੀ 28 ਮਈ 1995 ਨੂੰ ਇਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਖਵੰਤ ਕੌਰ ਛੀਨਾ, ਸਪੁੱਤਰ ਕਰਨਬੀਰ ਸਿੰਘ ਛੀਨਾ, ਨੂੰਹ ਖ਼ੁਸ਼ਪਿੰਦਰ ਕੌਰ ਛੀਨਾਂ ਅਤੇ ਸਪੁੱਤਰੀ ਅਨੰਤਬੀਰ ਕੌਰ ਚੀਮਾ ਸੰਤ ਹਜ਼ਾਰਾ ਸਿੰਘ ਅਤੇ ਅਮਰੀਕ ਸਿੰਘ ਛੀਨਾ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ। ਅੱਜ ਛੀਨਾ ਪਰਿਵਾਰ, ਉਨ੍ਹਾਂ ਦੇ ਦੋਸਤਾਂ ਮਿਤਰਾਂ ਅਤੇ ਸਨੇਹੀਆਂ ਵੱਲੋਂ ਉਨ੍ਹਾਂ ਦੀ ਬਰਸੀ ਤੇ ਅਕੀਦਤ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button