PunjabTop News

ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ’ਤੇ ਗਿਆਨੀ ਰਘਬੀਰ ਸਿੰਘ, ਪ੍ਰਧਾਨ ਧਾਮੀ ਵਲੋਂ ਦੁੱਖ ਦਾ ਪ੍ਰਗਟਾਵਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 1978 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਲਈ ਸ਼ਹੀਦ ਹੋਏ ਭਾਈ ਫੌਜਾ ਸਿੰਘ ਦੀ ਧਰਮ ਸੁਪਤਨੀ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ‘ਤੇ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ 1978 ਦੇ ਸਾਕੇ ਵਿਚ ਭਾਈ ਫੌਜਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਡੇਢ ਦਹਾਕੇ ਦੇ ਕਰੀਬ ਚੱਲੇ ਸਿੱਖ ਸੰਘਰਸ਼ ਦੌਰਾਨ ਹਕੂਮਤ ਦੇ ਅਸਹਿ ਜਬਰ ਅਤੇ ਸਖ਼ਤੀ ਦੇ ਬਾਵਜੂਦ ਬੀਬੀ ਅਮਰਜੀਤ ਕੌਰ ਨੇ ਬੱਬਰ ਖਾਲਸਾ ਜਥੇਬੰਦੀ ਅਤੇ ਹੋਰ ਸੰਘਰਸ਼ਸ਼ੀਲ ਧਿਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥਕ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਬੀ ਅਮਰਜੀਤ ਕੌਰ ਦੇ ਜੀਵਨ ਵਿਚੋਂ 18ਵੀਂ ਸਦੀ ਦੇ ਸਿੱਖ ਇਤਿਹਾਸ ਦੀਆਂ ਪੁਰਾਤਨ ਸਿੱਦਕਵਾਨ ਸਿੱਖ ਬੀਬੀਆਂ ਦੀ ਝਲਕ ਦਿਖਾਈ ਦਿੰਦੀ ਸੀ। ਉਨ੍ਹਾਂ ਕਿਹਾ ਕਿ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ਨਾਲ ਪੰਥਕ ਸੇਵਾ ਦੇ ਖੇਤਰ ਵਿਚ ਵੱਡਾ ਘਾਟਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਬੀ ਅਮਰਜੀਤ ਕੌਰ ਦਾ ਸੰਘਰਸ਼ੀ ਜੀਵਨ ਤੇ ਸੇਵਾ ਆਉਣ ਵਾਲੀਆਂ ਸਿੱਖ ਪੀੜ੍ਹੀਆਂ, ਖਾਸ ਕਰਕੇ ਸਿੱਖ ਬੀਬੀਆਂ ਲਈ ਪ੍ਰੇਰਨਾ ਸਰੋਤ ਰਹੇਗਾ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦ ਭਾਈ ਫੌਜਾ ਸਿੰਘ ਦੀ ਪਤਨੀ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਥ ਦੋਖੀ ਨਕਲੀ ਨਿਰੰਕਾਰੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਰੋਕਣ ਲਈ 1978 ਦੀ ਵਿਸਾਖੀ ਵਾਲੇ ਦਿਨ ਸ਼ਹੀਦ ਭਾਈ ਭਾਈ ਫੌਜਾ ਸਿੰਘ ਨੇ 13 ਸਿੰਘਾਂ ਸਮੇਤ ਸ਼ਹਾਦਤ ਪ੍ਰਾਪਤ ਕੀਤੀ। ਧਰਮ ਲਈ ਸ਼ਹੀਦ ਹੋਣ ਵਾਲੇ ਭਾਈ ਫੌਜਾ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਸਿੱਖ ਧਰਮ ਅੰਦਰ ਵੱਡਾ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਫੌਜਾ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਨੇ ਵੀ ਸਮਾਜ ਅੰਦਰ ਵੱਡੇ ਕਾਰਜ ਕੀਤੇ ਹਨ। ਬੀਬੀ ਅਮਰਜੀਤ ਕੌਰ ਦਾ ਸੰਸਾਰ ਤੋਂ ਚਲੇ ਜਾਣਾ ਪਰਿਵਾਰ ਅਤੇ ਸਿੱਖ ਸਮਾਜ ਲਈ ਵੱਡਾ ਘਾਟਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button