InternationalTop News

 ਬਿਸ਼ਨੋਈ ਗੈਂਗ ਦੇ ਸਾਥੀ ਕਰਮਜੀਤ ਦਿਉ ਦੀ ਜਮਾਨਤ ਰੱਦ

ਐੱਫ ਬੀ ਆਈ ਵਲੋਂ ਪਿਛਲੇ ਮਹੀਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਅਪਰਾਧਾਂ ਵਿੱਚ ਨਾਮਜ਼ਦ ਹੋਏ ਅਤੇ ਕੈਨੇਡਾ ਪੁਲੀਸ ਵਲੋਂ ਹਿਰਾਸਤ ਵਿੱਚ ਲਏ ਗਏ ਕਰਮਵੀਰ ਸਿੰਘ ਉਰਫ ਕਰਮਜੀਤ ਦਿਉ ਨੂੰ ਰਫਿਊਜ਼ੀ ਬੋਰਡ ਵਲੋਂ ਦਿੱਤੀ ਜਮਾਨਤ ਅੱਜ ਫੈਡਰਲ ਅਦਾਲਤ ਦੇ ਜਸਟਿਸ ਫੁਆੰਗ ਨਗੋ ਨੇ ਰੱਦ ਕਰ ਦਿੱਤੀ ਹੈ।
ਸੀਬੀਐਸਏ ਨੇ ਉਸ ਦੇ ਵਿਰੁੱਧ ਸੰਗੀਨ ਅਪਰਾਧਾਂ ਦੀਆਂ ਫਾਈਲਾਂ ਸਮੇਤ ਐੱਫਬੀਆਈ ਵਲੋਂ ਨਾਮਜ਼ਦ ਕੀਤੇ ਜਾਣ ਦੇ ਸਬੂਤ ਜੱਜ ਅੱਗੇ ਪੇਸ਼ ਕੀਤੇ, ਜਿਸ ਨਾਲ ਸਹਿਮਤ ਹੁੰਦਿਆਂ ਜੱਜ ਨੇ ਸਖ਼ਤ ਟਿੱਪਣੀਆਂ ਕੀਤੀਆਂ ਅਤੇ ਜਮਾਨਤ ਰੱਦ ਕੀਤੀ। ਕਰਮਜੀਤ ਦੀ ਜਮਾਨਤ ਲਈ ਟਰਾਂਟੋ ਰਹਿੰਦੀ ਉਸ ਦੀ ਭੈਣ ਤੇ ਜੀਜੇ ਵਲੋਂ 1 ਲੱਖ 10 ਹਜਾਰ ਡਾਲਰ ਦੀ ਜਮਾਨਤ ਭਰਨ ਦੀ ਪੇਸ਼ਕਸ਼ ਵੀ ਅਦਾਲਤ ਨੇ ਠੁਕਰਾ ਦਿੱਤੀ।
ਸੀਬੀਐਸਏ ਨੇ ਸਬੂਤ ਪੇਸ਼ ਕੀਤੇ ਕਿ ਉਸਦਾ ਜੀਜਾ ਧਾਲੀਵਾਲ ਆਪਣੀ ਆਮਦਨ ਦੇ ਸਬੂਤ ਪੇਸ਼ ਨਹੀਂ ਕਰ ਸਕਿਆ। ਏਜੰਸੀ ਨੇ ਕਿਹਾ ਕਿ ਉਸ ਦੇ ਜੀਜੇ ਨੇ ਟਰਾਂਟੋ ’ਚ ਜੋ ਸੁਨਿਆਰੇ ਦੀ ਦੁਕਾਨ ਖਰੀਦੀ ਹੈ, ਉਹ ਪੈਸਾ ਕਰਮਜੀਤ ਵਲੋਂ ਆਪਣੀ ਫਿਰੌਤੀਆਂ ਦੇ ਪੈਸੇ ਚੋਂ ਦਿੱਤਾ ਗਿਆ ਹੋ ਸਕਦਾ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਕਰਮਜੀਤ ਨੇ ਸਤੰਬਰ 2024 ਵਿੱਚ ਵਿਕਟੋਰੀਆ ਰਹਿੰਦੇ ਗਾਇਕ ਏ ਪੀ ਢਿਲੋਂ ਦੇ ਘਰ ਉੱਤੇ ਵੀ ਗੋਲੀਆਂ ਚਲਾਈਆਂ ਸੀ। ਉਸ ਦੇ ਵਿਰੁੱਧ ਅਦਾਲਤ ਵਿੱਚ ਕਈ ਹੋਰ ਅਪਰਾਧਾਂ ਦੇ ਸਬੂਤ ਪੇਸ਼ ਕੀਤੇ ਗਏ।
ਉੱਧਰ ਕਰਮਜੀਤ ਵੱਲੋਂ ਫੇਸਬੁੱਕ ਖਾਤੇ ਉੱਤੇ ਭਾਰਤ ਵਿੱਚ ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਨਵਨੀਤ ਸਿੰਘ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਫੋਟੋਆਂ ਵਾਇਰਲ ਹੋਣ ਕਰਕੇ ਸਮਝਿਆ ਜਾ ਰਿਹਾ ਹੈ ਕਿ ਉਸ ਦੀ ਇੰਨਾਂ ਦੋਹਾਂ ਸਿਆਸੀ ਆਗੂਆਂ ਨਾਲ ਕਾਫੀ ਨੇੜਤਾ ਰਹੀ ਹੋ ਸਕਦੀ ਹੈ।
ਐੱਫਬੀਆਈ ਵੱਲੋਂ ਪਿਛਲੇ ਮਹੀਨੇ ਲਾਏ ਦੋਸ਼ਾਂ ਵਿੱਚ ਦੱਸਿਆ ਗਿਆ ਸੀ ਕਿ ਕਰਮਜੀਤ ਲਾਰੈਂਸ ਬਿਸ਼ਨੋਈ ਦੇ ਭਰੋਸੇਯੋਗ ਵਿਅਕਤੀਆਂ ’ਚੋਂ ਹੈ।ਦੋ ਸਾਲ ਪਹਿਲਾਂ ਜਦੋਂ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ਆਇਆ ਤਾਂ ਕਰਮਜੀਤ ਨੇ ਉਸ ਨੂੰ ਕਈ ਮਹੀਨੇ ਕੈਲੀਫੋਰਨੀਆ ਆਪਣੇ ਕੋਲ ਰੱਖਿਆ ਸੀ। ਅਨਮੋਲ ਦੇ ਫੜੇ ਜਾਣ ਤੋਂ ਬਾਅਦ ਕਰਮਜੀਤ ਕੈਨੇਡੀਅਨ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਆ ਗਿਆ ਤੇ ਪੱਕੇ ਹੋਣ ਦੀ ਅਰਜੀ ਲਗਾਈ।
ਪਤਾ ਲੱਗਾ ਹੈ ਕਿ ਬਾਰਡਰ ਏਜੰਸੀ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਕਰਮਜੀਤ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰ ਵੀ ਫਸ ਸਕਦੇ ਹਨ। ਏਜੰਸੀ ਦਾ ਮੰਨਣਾ ਹੈ ਕਿ ਕਰਮਜੀਤ ਫਿਰੌਤੀਆਂ ਅਤੇ ਲੁੱਟਾਂ ਰਾਹੀਂ ਕਮਾਇਆ ਪੈਸਾ ਆਪਣੇ ਰਿਸ਼ਤੇਦਾਰਾਂ ਕੋਲ ਰੱਖਦਾ ਰਿਹਾ। ਉਸ ਦੇ ਜੀਜੇ ਵਲੋਂ ਟਰਾਂਟੋਂ ਵਿੱਚ ਖਰੀਦੀ ਦੁਕਾਨ ਵਾਸਤੇ ਉਸਦੀ ਆਪਣੀ ਆਮਦਨ ਦੇ ਸਾਧਨ ਨਾ ਮਾਤਰ ਸਨ। ਏਜੰਸੀ ਨੇ ਉਸ ਦੇ ਰਿਸ਼ਤੇਦਾਰਾਂ ਵਲੋਂ ਪਿਛਲੇ ਦੋ ਤਿੰਨ ਸਾਲਾਂ ਵਿੱਚ ਬਣਾਈਆਂ ਜਾਇਦਾਦਾਂ ਸੀਜ਼ ਕਰਨ ਦੀ ਤਿਆਰੀ ਆਰੰਭੇ ਜਾਣ ਬਾਰੇ ਵੀ ਪਤਾ ਲੱਗਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button