ਬਰੈਂਪਟਨ ’ਚ ਟਰੈਕਟਰ-ਟਰੇਲਰ ਚੋਰੀ ਮਾਮਲੇ ਵਿਚ ਪੰਜਾਬੀ ਮੂਲ ਦੇ ਚਾਰ ਜਣੇ ਗ੍ਰਿਫ਼ਤਾਰ; ਦੋ ਫਰਾਰ

ਗਰੇਟਰ ਟੋਰਾਂਟੋ ਇਲਾਕੇ ਵਿੱਚ ਟਰੈਕਟਰਾਂ, ਟਰੇਲਰਾਂ ਅਤੇ ਹੋਰ ਭਾਰੀ ਵਪਾਰਕ ਵਾਹਨਾਂ ਦੀ ਚੋਰੀ ਕਰਨ ਅਤੇ ਉਨ੍ਹਾਂ ਨੂੰ ਗ਼ੈਰਕਨੂੰਨੀ ਢੰਗ ਨਾਲ ਟਰਾਂਸਪੋਰਟ ਕਾਰੋਬਾਰ ਵਿੱਚ ਵਰਤਣ ਵਾਲੇ ਕਥਿਤ ਗਰੋਹ ਦਾ ਯਾਰਕ ਰਿਜਨਲ ਪੁਲੀਸ ਨੇ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਬਰੈਂਪਟਨ ਦੇ ਚਾਰ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਦੋਸ਼ ਆਇਦ ਕੀਤੇ ਹਨ, ਜਦਕਿ ਦੋ ਹੋਰ ਸ਼ੱਕੀਆਂ ਦੀ ਭਾਲ ਜਾਰੀ ਹੈ। ਪੁਲੀਸ ਵੱਲੋਂ ਬਰਾਮਦ ਕੀਤੇ ਗਏ 37 ਵਾਹਨਾਂ ਦੀ ਅੰਦਾਜ਼ਨ ਕੀਮਤ 36 ਲੱਖ ਡਾਲਰ ਹੈ।
ਪੁਲੀਸ ਅਨੁਸਾਰ ਆਟੋ ਕਾਰਗੋ ਥੈਫਟ ਯੂਨਿਟ ਨੇ ਅਗਸਤ 2026 ਵਿੱਚ ‘ਪ੍ਰੋਜੈਕਟ ਨੈਸ਼ਵਿਲ’ ਦੇ ਨਾਂ ਹੇਠ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦਾ ਕੇਂਦਰ ਸੈਮੀ-ਟਰੈਕਟਰਾਂ ਅਤੇ 53 ਫੁੱਟ ਲੰਬੇ ਟਰੇਲਰਾਂ ਦੀ ਚੋਰੀ ਅਤੇ ਉਨ੍ਹਾਂ ਨੂੰ ਵੱਖ-ਵੱਖ ਟਰਾਂਸਪੋਰਟ ਕੰਪਨੀਆਂ ਰਾਹੀਂ ਵਰਤੋਂ ਵਿੱਚ ਲਿਆਉਣ ਵਾਲੇ ਨੈੱਟਵਰਕ ਦੀ ਪਛਾਣ ਕਰਨਾ ਸੀ। ਜਾਂਚ ਅਧਿਕਾਰੀਆਂ ਨੇ ਇਸ ਨੈੱਟਵਰਕ ਨਾਲ ਕਥਿਤ ਤੌਰ ’ਤੇ ਜੁੜੇ ਛੇ ਵਿਅਕਤੀਆਂ ਦੀ ਪਛਾਣ ਕੀਤੀ। ਪੁਲੀਸ ਦਾ ਦਾਅਵਾ ਹੈ ਕਿ ਚੋਰੀ ਕੀਤੇ ਵਾਹਨਾਂ ਨੂੰ ਕਾਨੂੰਨੀ ਦਿਖਾਉਣ ਲਈ ਉਨ੍ਹਾਂ ਦੇ ਵਾਹਨ ਪਛਾਣ ਨੰਬਰਾਂ (ਵੀ ਆਈ ਐੱਨ ) ਨਾਲ ਛੇੜਛਾੜ ਕੀਤੀ ਜਾਂਦੀ ਸੀ, ਤਾਂ ਜੋ ਜਾਂਚ ਏਜੰਸੀਆਂ ਦੀ ਨਜ਼ਰ ਤੋਂ ਬਚਿਆ ਜਾ ਸਕੇ।ਜਾਂਚ ਦੇ ਆਧਾਰ ’ਤੇ ਪੁਲੀਸ ਨੇ 7 ਅਕਤੂਬਰ 2026 ਨੂੰ ਬਰੈਂਪਟਨ ਦੇ ਇੱਕ ਵਪਾਰਕ ਟਰੱਕਿੰਗ ਯਾਰਡ ਵਿੱਚ ਸਰਚ ਵਾਰੰਟ ਤਹਿਤ ਛਾਪਾ ਮਾਰਿਆ। ਇਸ ਦੌਰਾਨ 17 ਟਰੈਕਟਰ ਅਤੇ 20 ਟਰੇਲਰ ਜ਼ਬਤ ਕੀਤੇ ਗਏ। ਪੁਲੀਸ ਮੁਤਾਬਕ ਇਨ੍ਹਾਂ ਵਿੱਚੋਂ ਕਈ ਵਾਹਨਾਂ ਦੇ ਵੀਆਈਐੱਨ ਨੰਬਰ ਚੋਰੀਸ਼ੁਦਾ ਜਾਂ ਬਦਲੇ ਹੋਏ ਸਨ। ਵਾਹਨਾਂ ਦੀ ਅਸਲ ਪਛਾਣ ਲੁਕਾਉਣ ਲਈ ਡੈਕਲ ਅਤੇ ਸਟਿੱਕਰ ਵੀ ਬਦਲੇ ਗਏ ਸਨ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮਧੂਸੁਦਨ ਅਟਵਾਲ (35), ਸ਼ਰਨਦੀਪ ਅਟਵਾਲ (41), ਗੁਰਲਾਲ ਸਿੰਘ (30) ਅਤੇ ਅੰਮ੍ਰਿਤਸ਼ੇਰ ਸਿੰਘ (28) ਸ਼ਾਮਲ ਹਨ। ਮਧੂ ਸੁਦਨ ਅਟਵਾਲ ਖ਼ਿਲਾਫ਼ ਚੋਰੀ ਦੀ ਜਾਇਦਾਦ ਰੱਖਣ ਦੇ ਪੰਜ, 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਚੋਰੀ ਦਾ ਸਾਮਾਨ ਵੇਚਣ ਦੇ ਇਰਾਦੇ ਨਾਲ ਰੱਖਣ ਦੇ ਪੰਜ ਦੋਸ਼ ਲਾਏ ਗਏ ਹਨ।
ਸ਼ਰਨਦੀਪ ਅਟਵਾਲ ਖ਼ਿਲਾਫ਼ ਚੋਰੀ ਦੀ ਜਾਇਦਾਦ ਰੱਖਣ ਦੇ ਨੌਂ, 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਚੋਰੀ ਦਾ ਸਾਮਾਨ ਤਸਕਰੀ ਕਰਨ ਦੇ ਇਰਾਦੇ ਨਾਲ ਰੱਖਣ ਦੇ ਨੌਂ ਦੋਸ਼ ਹਨ।
ਇਸੇ ਤਰ੍ਹਾਂ ਗੁਰਲਾਲ ਸਿੰਘ (30) ਖ਼ਿਲਾਫ਼ ਚੋਰੀ ਦੀ ਜਾਇਦਾਦ ਰੱਖਣ ਦੇ ਪੰਜ, 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਚੋਰੀ ਦਾ ਸਾਮਾਨ ਵੇਚਣ ਦੇ ਇਰਾਦੇ ਨਾਲ ਰੱਖਣ ਦੇ ਪੰਜ ਦੋਸ਼ ਲਾਏ ਗਏ ਹਨ।
ਅੰਮ੍ਰਿਤਸ਼ੇਰ ਸਿੰਘ ਖ਼ਿਲਾਫ਼ ਚੋਰੀ ਦੀ ਜਾਇਦਾਦ ਰੱਖਣ ਦੇ 10 ਅਤੇ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਚੋਰੀ ਦਾ ਸਾਮਾਨ ਤਸਕਰੀ ਕਰਨ ਦੇ ਇਰਾਦੇ ਨਾਲ ਰੱਖਣ ਦੇ ਅੱਠ ਦੋਸ਼ ਹਨ।
ਪੁਲੀਸ ਨੂੰ ਇਸ ਮਾਮਲੇ ਵਿੱਚ ਗੁਰਲਾਲ ਸਿੰਘ (35) ਅਤੇ ਪ੍ਰੀਤਮ ਰਤਨ (32) ਦੀ ਵੀ ਭਾਲ ਹੈ। ਇਨ੍ਹਾਂ ਦੋਵਾਂ ਖ਼ਿਲਾਫ਼ ਚੋਰੀ ਦੀ ਜਾਇਦਾਦ ਰੱਖਣ ਅਤੇ ਧੋਖਾਧੜੀ ਦੇ ਦੋਸ਼ਾਂ ਸਬੰਧੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਸ਼ੱਕੀਆਂ ਜਾਂ ਮਾਮਲੇ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਆਟੋ ਕਾਰਗੋ ਥੈਫਟ ਯੂਨਿਟ ਨਾਲ 1-866-876-5423, ਐਕਸਟੈਂਸ਼ਨ 6651 ’ਤੇ ਸੰਪਰਕ ਕੀਤਾ ਜਾਵੇ। ਮੁਲਜ਼ਮਾਂ ਖ਼ਿਲਾਫ਼ ਲਾਏ ਗਏ ਦੋਸ਼ ਹਾਲੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ। ਕਾਨੂੰਨ ਅਨੁਸਾਰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੱਕ ਸਾਰੇ ਮੁਲਜ਼ਮ ਬੇਗੁਨਾਹ ਮੰਨੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




