ਨਸ਼ਾ ਤਸ਼ਕਰੀ ਕਰਨ ਤੋਂ ਰੋਕਣ ’ਤੇ ਬਠਿੰਡਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਵਿਚ ਅੱਠ ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇਸ ਘਟਨਾ ਦਾ ਮੁੱਖ ਮੁਲਜ਼ਮ ਅਤੇ ਉਸਦੇ ਹੋਰ ਸਾਥੀ ਅਜੇ ਵੀ ਫਰਾਰ ਹਨ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
SPDਨਰਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 20 ਸਾਲਾਂ ਰੇਸ਼ਮ ਸਿੰਘ, 25 ਸਾਲਾਂ ਰਣਜੀਤ ਸਿੰਘ ਵਾਸੀ ਪਿੰਡ ਦਾਨ ਸਿੰਘ ਵਾਲਾ ਅਤੇ 19 ਸਾਲਾ ਖੁਸ਼ਪ੍ਰੀਤ ਸਿੰਘ ਵਾਸੀ ਪਿੰਡ ਮਹਿਮਾ ਸਰਜਾ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮਜ਼ਦੂਰ ਹਨ ਜਦੋਂ ਕਿ ਮੁਲਜ਼ਮ ਖੁਸ਼ਪ੍ਰੀਤ ਸਿੰਘ ਖ਼ਿਲਾਫ਼ ਥਾਣਾ ਜੈਤੋ, ਜ਼ਿਲ੍ਹਾ ਫਰੀਦਕੋਟ ਵਿਚ ਅਸਲਾ ਐਕਟ ਅਤੇ ਐੱਨਡੀਪੀਐੱਸ ਐਕਟ ਤਹਿਤ ਇਕ ਕੇਸ ਦਰਜ ਹੈ। SPD ਨਰਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਤਾਂ ਜੋ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ।
ਪਿਛਲੇ ਵੀਰਵਾਰ ਰਾਤ ਨੂੰ ਥਾਣਾ ਨੇਹੀਆਂਵਾਲਾ ਪੁਲਿਸ ਨੇ ਪਿੰਡ ਦਾਨ ਸਿੰਘ ਵਾਲਾ ਵਿਚ ਅੱਠ ਘਰਾਂ ਨੂੰ ਅੱਗ ਲਗਾਉਣ ਅਤੇ ਲੋਕਾਂ ‘ਤੇ ਹਮਲਾ ਕਰਨ ਦੇ ਦੋਸ਼ ਵਿਚ 32 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਵਿਚ ਪੁਲਿਸ ਵੱਲੋਂ 7 ਮੁਲਜ਼ਮਾਂ ਦੀ ਪਛਾਣ ਕੀਤੀ ਗਈ, ਜਦੋਂ ਕਿ 25 ਅਣਪਛਾਤੇ ਸਨ।
ਇਸ ਘਟਨਾ ਵਿਚ ਜ਼ਖਮੀ ਹੋਏ ਪਿੰਡ ਦਾਨ ਸਿੰਘ ਵਾਲਾ ਦੇ ਵਸਨੀਕ ਜਸਪ੍ਰੀਤ ਸਿੰਘ ਦੇ ਬਿਆਨ ‘ਤੇ ਪੁਲਿਸ ਨੇ ਇਸ ਘਟਨਾ ਦੇ ਮੁੱਖ ਦੋਸ਼ੀ ਰਮਿੰਦਰ ਸਿੰਘ ਸਮੇਤ ਉਸਦੇ ਸਾਥੀਆਂ ਧਰਮਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸਤਪਾਲ ਸਿੰਘ, ਜੀਵਨ ਸਿੰਘ, ਹੈਪੀ ਸਿੰਘ, ਰੇਸ਼ਮ ਸਿੰਘ ਵਾਸੀ ਕੋਠਾ ਜੀਵਨ ਸਿੰਘ ਵਾਲਾ ਅਤੇ 25 ਹੋਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ, ਜੋ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਐਸਪੀ ਡੀ ਨਰਿੰਦਰ ਸਿੰਘ ਨੇ ਕਿਹਾ ਕਿ ਉਪਰੋਕਤ ਘਟਨਾ ਦੀ ਰੰਜਿਸ਼ ਦੋਵਾਂ ਧਿਰਾਂ ਵਿਚਕਾਰ ਪੁਰਾਣਾ ਝਗੜਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.