
ਥਾਈਲੈਂਡ ਦੇ ਫੂਕੇਟ ਤੋਂ ਦਿੱਲੀ ਆ ਰਹੀ ਉਡਾਣ ਵਿੱਚ ਟਰਬੂਲੈਂਸ (ਹਵਾ ਦੇ ਜ਼ੋਰਦਾਰ ਝਟਕਿਆਂ) ਆਉਣ ਤੋਂ ਬਾਅਦ, ਏਅਰ ਇੰਡੀਆ ਨੇ ਉਡਾਣ ਤੋਂ ਪਹਿਲਾਂ ਆਪਣੇ ਸਾਰੇ ਪਾਇਲਟਾਂ ਦਾ ਡੋਪ ਟੈਸਟ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਏਅਰ ਇੰਡੀਆ ਵੱਲੋਂ ਲਾਗੂ ਕੀਤੀ ਗਈ ਨਵੀਂ ਮਿਆਰੀ ਸੰਚਾਲਨ ਪ੍ਰਕਿਰਿਆ (SOP) ਤਹਿਤ ਕਰਵਾਏ ਗਏ ਸ਼ੁਰੂਆਤੀ ਡੋਪ ਟੈਸਟ ’ਚ ਦੋ ਹੋਰ ਪਾਇਲਟ ਪਾਜ਼ੀਟਿਵ ਪਾਏ ਗਏ ਹਨ।
ਅੰਤਿਮ ਰਿਪੋਰਟ ਆਉਣ ਤੱਕ ਦੋਵਾਂ ਸਬੰਧਤ ਪਾਇਲਟਾਂ ਨੂੰ ਉਡਾਣ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
ਫੂਕੇਟ ਤੋਂ ਆ ਰਹੀ ਫ਼ਲਾਈਟ ਦੇ ਟਰਬੂਲੈਂਸ ’ਚ ਫਸਣ ਤੋਂ ਬਾਅਦ, ਏਅਰ ਇੰਡੀਆ ਨੇ ਆਪਣੇ ਸਾਰੇ ਪਾਇਲਟਾਂ ਨੂੰ ਡਰੱਗ ਟੈਸਟ ਕਰਵਾਉਣ ਦਾ ਹੁਕਮ ਦਿੱਤਾ ਸੀ। ਹੁਣ ਤੱਕ 300 ਤੋਂ ਵੱਧ ਪਾਇਲਟ ਇਹ ਪ੍ਰਕਿਰਿਆ ਪੂਰੀ ਕਰ ਚੁੱਕੇ ਹਨ। ਅੰਤਿਮ ਡਰੱਗ ਟੈਸਟ ਦੇ ਨਤੀਜੇ ਆਮ ਤੌਰ ‘ਤੇ 24-48 ਘੰਟਿਆਂ ਵਿੱਚ ਆ ਜਾਂਦੇ ਹਨ।
ਥਾਈਲੈਂਡ ਦੇ ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫ਼ਲਾਈਟ ਦੇ ਦੋ ਪਾਇਲਟਾਂ ਵਿੱਚੋਂ ਇੱਕ ਦਾ ਡੋਪ ਟੈਸਟ ਫੇਲ੍ਹ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਹ ਫ਼ਲਾਈਟ 4 ਅਗਸਤ ਨੂੰ ਤੇਜ਼ ਟਰਬੂਲੈਂਸ ਵਿੱਚ ਫਸ ਗਈ ਸੀ ਅਤੇ ਅਚਾਨਕ ਕਰੀਬ 300 ਫੁੱਟ ਹੇਠਾਂ ਆ ਗਈ ਸੀ।ਕਰੀਬ 4 ਸਕਿੰਟ ਤੱਕ ਐਲੀਵੇਟਰਸ ਅਤੇ ਐਲੇਰੋਨਸ ਬਿਨਾਂ ਕਿਸੇ ਪਾਇਲਟ ਕਮਾਂਡ ਦੇ ਆਪਣੇ-ਆਪ ਹੀ ਘੁੰਮ ਰਹੇ ਸਨ। ਇਸੇ ਦੌਰਾਨ ਆਟੋਪਾਇਲਟ ਵੀ ਡਿਸਕਨੈਕਟ ਹੋ ਗਿਆ ਅਤੇ ਕਾਕਪਿਟ ਵਿੱਚ ਸਟਾਲ ਵਾਰਨਿੰਗ ਆਉਣ ਦੀ ਗੱਲ ਸਾਹਮਣੇ ਆਈ।
ਇਸ ਤੋਂ ਬਾਅਦ ਫਸਟ ਆਫ਼ਿਸਰ ਵੱਲੋਂ ਫੁੱਲ ਨੋਜ਼ ਡਾਊਨ ਇਨਪੁੱਟ ਦਿੱਤਾ ਗਿਆ। ਕੁਝ ਸਕਿੰਟਾਂ ਬਾਅਦ ਹਾਈਡ੍ਰੌਲਿਕ ਸਿਸਟਮ ਦੁਬਾਰਾ ਰਿਕਵਰ ਹੋਣ ਲੱਗਾ। ਕੁਝ ਸਕਿੰਟਾਂ ਬਾਅਦ ਯੈਲੋ ਅਤੇ ਗ੍ਰੀਨ ਹਾਈਡ੍ਰੌਲਿਕ ਸਿਸਟਮ ਵੀ ਰਿਕਵਰ ਹੋਗਿਆ ਅਤੇ ਫ਼ਲਾਈਟ ਕੰਟਰੋਲ ਸਰਫ਼ੇਸ ਵੀ ਵਾਪਸ ਕੰਮ ਕਰਨ ਲੱਗਾ ਸੀ।ਏਅਰ ਇੰਡੀਆ ਦੇ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ, 4 ਅਗਸਤ ਨੂੰ ਵਾਪਰੀ ਘਟਨਾ ਤੋਂ ਬਾਅਦ ਤੈਅ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਤਹਿਤ ਦੋਵਾਂ ਪਾਇਲਟਾਂ ਦਾ ਲਾਜ਼ਮੀ ਸਾਈਕੋਐਕਟਿਵ ਸਬਸਟੈਂਸ (ਡੋਪ) ਟੈਸਟ ਕਰਵਾਇਆ ਗਿਆ ਸੀ। ਸ਼ੁਰੂਆਤੀ ਸਕ੍ਰੀਨਿੰਗ ਰਿਪੋਰਟ ’ਚ ਮੁੱਖ ਪਾਇਲਟ ਦਾ ਸੈਂਪਲ ਪਾਜ਼ੀਟਿਵ ਪਾਇਆ ਗਿਆ, ਜਿਸ ਤੋਂ ਬਾਅਦ ਅੰਤਿਮ ਅਤੇ ਵਿਸਤ੍ਰਿਤ ਪੁਸ਼ਟੀ ਲਈ ਉਸ ਦੇ ਸੈਂਪਲ ਨੂੰ ਇੱਕ ਹੋਰ ਲੈਬ ਵਿੱਚ ਭੇਜਿਆ ਗਿਆ ਸੀ।
ਸੂਤਰਾਂ ਨੇ ਪੁਸ਼ਟੀ ਕੀਤੀ ਸੀ ਕਿ ਲੈਬ ਤੋਂ ਆਈ ਦੂਜੀ ਰਿਪੋਰਟ ’ਚ ਵੀ ਪਾਇਲਟ ਵੱਲੋਂ ਮਾਰਿਜੁਆਨਾ (ਗਾਂਜਾ) ਦੀ ਵਰਤੋਂ ਕਰਨ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਗਾਂਜੇ ਦੀ ਵਰਤੋਂ ਦੇ ਖੁਲਾਸੇ ਨੂੰ ਲੈ ਕੇ ਏਅਰ ਇੰਡੀਆ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਉਸ ਸਮੇਂ ਨਹੀਂ ਦਿੱਤਾ ਗਿਆ ਸੀ ਪਰ ਇਸ ਟਰਬੂਲੈਂਸ ਤੋਂ ਬਾਅਦ ਏਅਰ ਇੰਡੀਆ ਨੇ ਉਡਾਣ ਤੋਂ ਪਹਿਲਾਂ ਆਪਣੇ ਸਾਰੇ ਪਾਇਲਟਾਂ ਦਾ ਡੋਪ ਟੈਸਟ ਲਾਜ਼ਮੀ ਕਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




